ਸ਼੍ਰੀ ਦਸਮ ਗ੍ਰੰਥ

ਅੰਗ - 354


ਜੋ ਸਿਰ ਸਤ੍ਰਨ ਕੇ ਹਰਿਤਾ ਜੋਊ ਸਾਧਨ ਕੋ ਵਰੁ ਦਾਨ ਦਿਵਉਨਾ ॥

ਜੋ ਵੈਰੀਆਂ ਦੇ ਸਿਰ ਨੂੰ ਕਟਣ ਵਾਲਾ ਹੈ ਅਤੇ ਸਾਧਕਾਂ ਨੂੰ ਵਰ ਦੇਣ ਵਾਲਾ ਹੈ।

ਬੀਚ ਰਹਿਯੋ ਜਗ ਕੇ ਰਵਿ ਕੈ ਕਬਿ ਸ੍ਯਾਮ ਕਹੈ ਜਿਹ ਕੋ ਪੁਨਿ ਖਉਨਾ ॥

ਕਵੀ ਸ਼ਿਆਮ ਕਹਿੰਦੇ ਹਨ, ਜੋ ਜਗਤ ਵਿਚ ਵਿਆਪਤ ਹੋ ਰਿਹਾ ਹੈ ਅਤੇ ਜਿਸ ਦਾ (ਕਦੇ ਵੀ) ਨਾਸ਼ ਨਹੀਂ ਹੈ।

ਰਾਜਤ ਯੌ ਅਲਕੈ ਤਿਨ ਕੀ ਮਨੋ ਚੰਦਨ ਲਾਗ ਰਹੇ ਅਹਿ ਛਉਨਾ ॥੬੦੦॥

ਉਸ ਦੀਆਂ ਜ਼ੁਲਫ਼ਾਂ ਇੰਜ ਸ਼ੋਭ ਰਹੀਆਂ ਹਨ, ਮਾਨੋ ਚੰਦਨ ਬ੍ਰਿਛ ਨਾਲ ਸੱਪਾਂ ਦੇ ਬੱਚੇ ਲਗੇ ਹੋਏ ਹੋਣ ॥੬੦੦॥

ਕੀਰ ਸੇ ਨਾਕ ਕੁਰੰਗ ਸੇ ਨੈਨਨ ਡੋਲਤ ਹੈ ਸੋਊ ਬੀਚ ਤ੍ਰੀਯਾ ਮੈ ॥

(ਜਿਸ ਦਾ) ਨਕ ਤੋਤੇ ਵਰਗਾ ਹੈ, ਹਿਰਨ ਜਿਹੀਆਂ ਅੱਖੀਆਂ ਹਨ, ਉਹ ਇਸਤਰੀਆਂ (ਗੋਪੀਆਂ) ਵਿਚ ਡੋਲਦਾ ਫਿਰ ਰਿਹਾ ਹੈ।

ਜੋ ਮਨ ਸਤ੍ਰਨ ਬੀਚ ਰਵਿਯੋ ਜੋ ਰਹਿਯੋ ਰਵਿ ਸਾਧਨ ਬੀਚ ਹੀਯਾ ਮੈ ॥

ਜੋ ਵੈਰੀਆਂ ਦੇ ਮਨ ਵਿਚ ਛਾਇਆ ਹੋਇਆ ਹੈ ਅਤੇ ਸਾਧਕਾਂ ਦੇ ਹਿਰਦੇ ਵਿਚ ਸਮਾਇਆ ਹੋਇਆ ਹੈ।

ਤਾ ਛਬਿ ਕੋ ਜਸੁ ਉਚ ਮਹਾ ਇਹ ਭਾਤਿਨ ਸੋ ਫੁਨਿ ਉਚਰੀਯਾ ਮੈ ॥

ਉਸ ਦੀ ਛਬੀ ਦੇ ਉੱਚੇ ਅਤੇ ਮਹਾਨ ਯਸ਼ ਨੂੰ (ਕਵੀ ਨੇ) ਫਿਰ ਇਸ ਤਰ੍ਹਾਂ ਉੱਚਾਰਨ ਕੀਤਾ ਹੈ।

ਤਾ ਰਸ ਕੀ ਹਮ ਬਾਤ ਕਹੀ ਜੋਊ ਰਾਵਨ ਸੁ ਬਸਿਯੋ ਹੈ ਜੀਆ ਮੈ ॥੬੦੧॥

ਉਸ ਦੇ (ਪ੍ਰੇਮ) ਰਸ ਦੀ ਗੱਲ ਅਸੀਂ ਕੀਤੀ ਹੈ ਜੋ ਰਾਵਣ ਦੇ ਹਿਰਦੇ ਵਿਚ ਵੀ ਵਸ ਰਿਹਾ ਹੈ ॥੬੦੧॥

ਖੇਲਤ ਸੰਗ ਗ੍ਵਾਰਿਨ ਕੇ ਕਬਿ ਸ੍ਯਾਮ ਕਹੈ ਜੋਊ ਕਾਨਰ ਕਾਲਾ ॥

ਕਵੀ ਸ਼ਿਆਮ ਕਹਿੰਦੇ ਹਨ, ਜੋ ਕਾਲੇ ਰੰਗ ਦਾ ਕਾਨ੍ਹ ਹੈ, ਉਹ ਗੋਪੀਆਂ ਨਾਲ ਖੇਡ ਰਿਹਾ ਹੈ।

ਰਾਜਤ ਹੈ ਸੋਈ ਬੀਚ ਖਰੋ ਸੋ ਬਿਰਾਜਤ ਹੈ ਗਿਰਦੇ ਤਿਹ ਬਾਲਾ ॥

ਉਹ ਵਿਚ ਖੜੋਤਾ ਸ਼ੋਭਾ ਪਾ ਰਿਹਾ ਹੈ ਅਤੇ ਉਸ ਦੇ ਇਰਦ ਗਿਰਦ ਗੋਪੀਆਂ ਬਿਰਾਜਮਾਨ ਹਨ।

ਫੂਲ ਰਹੇ ਜਹ ਫੂਲ ਭਲੀ ਬਿਧਿ ਹੈ ਅਤਿ ਹੀ ਜਹ ਚੰਦ ਉਜਾਲਾ ॥

ਜਿਥੇ ਚੰਗੀ ਤਰ੍ਹਾਂ ਨਾਲ ਫੁਲ ਖਿੜ ਰਹੇ ਹਨ ਅਤੇ ਜਿਥੇ ਚੰਦ੍ਰਮਾ ਦੀ ਬਹੁਤ ਰੌਸ਼ਨੀ ਹੈ।

ਗੋਪਿਨ ਨੈਨਨ ਕੀ ਸੁ ਮਨੋ ਪਹਰੀ ਭਗਵਾਨ ਸੁ ਕੰਜਨ ਮਾਲਾ ॥੬੦੨॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਦੇ ਨੈਣਾਂ ਰੂਪ ਕਮਲਾਂ ਦੀ ਮਾਲਾ ਪਾਈ ਹੋਈ ਹੋਵੇ ॥੬੦੨॥

ਦੋਹਰਾ ॥

ਦੋਹਰਾ:

ਬਰਨਨ ਚੰਦ੍ਰਭਗਾ ਕਹਿਯੋ ਅਤਿ ਨਿਰਮਲ ਕੈ ਬੁਧਿ ॥

ਅਤਿ ਨਿਰਮਲ ਬੁੱਧੀ ਵਾਲੇ (ਕਵੀਆਂ) ਨੇ 'ਚੰਦ੍ਰਭਗਾ' (ਦੀ ਸੁੰਦਰਤਾ ਦੀ) ਉਪਮਾ ਦਾ ਵਰਣਨ ਕੀਤਾ ਹੈ

ਉਪਮਾ ਤਾਹਿ ਤਨਉਰ ਕੀ ਸੂਰਜ ਸੀ ਹੈ ਸੁਧਿ ॥੬੦੩॥

ਕਿ ਉਸ ਦੇ ਕਰਨ ਫੂਲ ('ਤਨਉਰ') ਨਿਰੋਲ ਸੂਰਜ ਵਾਂਗ ਚਮਕ ਰਹੇ ਸਨ ॥੬੦੩॥

ਸਵੈਯਾ ॥

ਸਵੈਯਾ:

ਸ੍ਯਾਮ ਕੇ ਜਾ ਪਿਖਿ ਸ੍ਯਾਮ ਕਹੈ ਅਤਿ ਲਾਜਹਿ ਕੇ ਫੁਨਿ ਜਾਲ ਅਟੇ ਹੈ ॥

(ਕਵੀ) ਸ਼ਿਆਮ ਕਹਿੰਦੇ ਹਨ, ਕ੍ਰਿਸ਼ਨ ਦੇ (ਮੁਖ ਨੂੰ) ਵੇਖ ਕੇ (ਸਾਰੇ) ਅਤਿ ਅਧਿਕ ਲਾਜ ਦੇ ਜਾਲ ਵਿਚ ਫਸ ਗਏ ਹਨ।

ਜਾ ਕੀ ਪ੍ਰਭਾ ਅਤਿ ਸੁੰਦਰ ਪੈ ਸੁਤ ਭਾਵਨ ਭਾਵ ਸੁ ਵਾਰਿ ਸੁਟੇ ਹੈ ॥

ਜਿਸ ਦੀ ਚਮਕ ਬਹੁਤ ਸੋਹਣੀ ਹੈ ਅਤੇ (ਜਿਸ ਦੇ) ਸ਼ੁਭ ਭਾਵਾਂ ਤੋਂ ਭਾਵ ਨੂੰ ਵਾਰ ਸੁਟਿਆ ਹੈ।

ਜਿਹ ਕੋ ਪਿਖਿ ਕੈ ਜਨ ਰੀਝ ਰਹੈ ਸੁ ਮੁਨੀਨ ਕੇ ਪੇਖਿ ਧਿਆਨ ਛੁਟੇ ਹੈ ॥

ਜਿਸ ਨੂੰ ਵੇਖ ਕੇ ਲੋਕੀਂ ਰੀਝ ਰਹੇ ਹਨ ਅਤੇ (ਜਿਸ ਨੂੰ) ਵੇਖਣ ਵਾਲੇ ਮੁਨੀਆਂ ਦਾ ਧਿਆਨ ਛੁਟ ਗਿਆ ਹੈ।

ਰਾਜਤ ਰਾਧੇ ਅਹੀਰਿ ਤਨਉਰ ਕੇ ਮਾਨਹੁ ਸੂਰਜ ਸੇ ਪ੍ਰਗਟੇ ਹੈ ॥੬੦੪॥

ਰਾਧਾ ਗੂਜਰੀ ਦੇ ਕਰਨਫੂਲ ('ਤਨਉਰ') (ਇਸ ਤਰ੍ਹਾਂ) ਸ਼ੋਭਾ ਪਾ ਰਹੇ ਹਨ, ਮਾਨੋ ਕਾਲੇ ਬਦਲ ਵਿਚ ਸੂਰਜ ਪ੍ਰਗਟ ਹੋਇਆ ਹੋਵੇ ॥੬੦੪॥

ਖੇਲਤ ਹੈ ਸੋਊ ਗ੍ਵਾਰਿਨ ਮੈ ਜਿਹ ਕੋ ਬ੍ਰਿਜ ਹੈ ਅਤਿ ਸੁੰਦਰ ਡੇਰਾ ॥

ਜਿਸ ਦਾ ਬ੍ਰਜ ਵਿਚ ਬਹੁਤ ਸੁੰਦਰ ਠਿਕਾਣਾ ਹੈ, ਉਹ (ਕ੍ਰਿਸ਼ਨ) ਗੋਪੀਆਂ ਵਿਚ ਖੇਡਦਾ ਹੈ।

ਜਾਹੀ ਕੇ ਨੈਨ ਕੁਰੰਗ ਸੇ ਹੈ ਜਸੁਧਾ ਜੂ ਕੋ ਬਾਲਕ ਨੰਦਹਿ ਕੇਰਾ ॥

ਜਿਸ ਦੀਆਂ ਅੱਖੀਆਂ ਹਿਰਨ ਵਰਗੀਆਂ ਹਨ ਅਤੇ ਜੋ ਨੰਦ ਅਤੇ ਜਸੋਧਾ ਜੀ ਦਾ ਬਾਲਕ ਹੈ।

ਗ੍ਵਾਰਿਨ ਸੋ ਤਹਿ ਘੇਰ ਲਯੋ ਕਹਿਬੇ ਜਸੁ ਕੋ ਉਮਗਿਯੋ ਮਨ ਮੇਰਾ ॥

ਉਥੇ ਉਹ ਗੋਪੀਆਂ ਨਾਲ ਘਿਰਿਆ ਹੋਇਆ ਹੈ, (ਉਸ ਦਾ) ਯਸ਼ ਕਹਿਣ ਲਈ ਮੇਰੇ ਮਨ ਵਿਚ ਉਮੰਗ ਪੈਦਾ ਹੋਈ ਹੈ।

ਮਾਨਹੁ ਮੈਨ ਸੋ ਖੇਲਨ ਕਾਜ ਕਰਿਯੋ ਮਿਲ ਕੈ ਮਨੋ ਚਾਦਨ ਘੇਰਾ ॥੬੦੫॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮਦੇਵ ਨਾਲ ਖੇਡਣ ਲਈ (ਰਤੀ ਨੇ) ਚੰਦ੍ਰਮਾ ਨਾਲ ਮਿਲ ਕੇ ਘੇਰਾ ਪਾਇਆ ਹੋਵੇ ॥੬੦੫॥

ਗ੍ਵਾਰਿਨ ਰੀਝ ਰਹੀ ਹਰਿ ਪੇਖਿ ਸਭੈ ਤਜਿ ਲਾਜਿ ਸੁ ਅਉ ਡਰ ਸਾਸੋ ॥

ਸਾਰੀਆਂ ਗੋਪੀਆਂ ਕ੍ਰਿਸ਼ਨ ਨੂੰ ਵੇਖ ਕੇ ਪ੍ਰਸੰਨ ਹੋ ਰਹੀਆਂ ਹਨ ਅਤੇ (ਉਨ੍ਹਾਂ ਨੇ) ਲਾਜ ਅਤੇ ਸੱਸ ਦੇ ਡਰ ਨੂੰ ਤਿਆਗ ਦਿੱਤਾ ਹੈ।

ਆਈ ਹੈ ਤਿਆਗਿ ਸੋਊ ਗ੍ਰਿਹ ਪੈ ਭਰਤਾਰ ਕਹੈ ਨ ਕਛੂ ਕਹਿ ਮਾ ਸੋ ॥

ਉਹ ਘਰ ਵਿਚ ਪਤੀਆਂ ਨੂੰ ਛਡ ਆਈਆਂ ਹਨ, ਨਾ (ਪਤੀ ਨੂੰ) ਕੁਝ ਕਿਹਾ ਹੈ ਅਤੇ ਨਾ ਹੀ ਮਾਂ ਨੂੰ।

ਡੋਲਤ ਹੈ ਸੋਊ ਤਾਲ ਬਜਾਇ ਕੈ ਗਾਵਤ ਹੈ ਕਰਿ ਕੈ ਉਪਹਾਸੋ ॥

ਉਹ ਤਾੜੀਆਂ ਵਜਾ ਕੇ (ਕ੍ਰਿਸ਼ਨ ਨਾਲ) ਘੁੰਮ ਫਿਰ ਰਹੀਆਂ ਹਨ ਅਤੇ ਹਾਸਾ-ਮਖ਼ੌਲ ਕਰਦੀਆਂ ਹੋਈਆਂ ਗਾ ਰਹੀਆਂ ਹਨ।

ਮੋਹਿ ਗਿਰੈ ਧਰ ਪੈ ਸੁ ਤ੍ਰੀਯਾ ਕਬਿ ਸ੍ਯਾਮ ਕਹੈ ਚਿਤਵੈ ਹਰਿ ਜਾ ਸੋ ॥੬੦੬॥

ਕਵੀ ਸ਼ਿਆਮ ਕਹਿੰਦੇ ਹਨ, ਜਿਸ ਵਲ ਸ੍ਰੀ ਕ੍ਰਿਸ਼ਨ (ਪ੍ਰੇਮ ਭਰੀ) ਨਜ਼ਰ ਨਾਲ ਵੇਖਦਾ ਹੈ, ਉਹੀ ਗੋਪੀ ਮੋਹਿਤ ਹੋ ਕੇ ਧਰਤੀ ਉਤੇ ਡਿਗ ਜਾਂਦੀ ਹੈ ॥੬੦੬॥

ਜੋ ਜੁਗ ਤੀਸਰ ਹੈ ਕਰਤਾ ਜੋਊ ਹੈ ਤਨ ਪੈ ਧਰਿਯਾ ਪਟ ਪੀਲੇ ॥

ਜੋ ਤ੍ਰੇਤਾ ਯੁਗ ਵਿਚ ਕਰਤਾ ਰੂਪ ਹੋਇਆ ਸੀ, ਉਸੇ ਨੇ ਸ਼ਰੀਰ ਉਤੇ ਪੀਲੇ ਬਸਤ੍ਰ ਧਾਰਨ ਕੀਤੇ ਹੋਏ ਹਨ।

ਜਾਹਿ ਛਲਿਯੋ ਬਲਿਰਾਜ ਬਲੀ ਜਿਨਿ ਸਤ੍ਰ ਹਨੇ ਕਰਿ ਕੋਪ ਹਠੀਲੇ ॥

ਜਿਸ ਨੇ (ਬਾਵਨ ਹੋ ਕੇ) ਬਲਵਾਨ ਬਲਿ ਰਾਜਾ ਨੂੰ ਛਲਿਆ ਸੀ ਅਤੇ ਜਿਸ ਨੇ ਕ੍ਰੋਧ ਕਰ ਕੇ ਹਠੀਲੇ ਵੈਰੀਆਂ ਨੂੰ ਮਾਰ ਦਿੱਤਾ ਸੀ।

ਗ੍ਵਾਰਿਨ ਰੀਝ ਰਹੀ ਧਰਨੀ ਜੁ ਧਰੇ ਪਟ ਪੀਤਨ ਪੈ ਸੁ ਰੰਗੀਲੇ ॥

ਜਿਸ ਨੇ ਸ਼ਰੀਰ ਉਤੇ ਸੁੰਦਰ ਪੀਲੇ ਬਸਤ੍ਰ ਧਾਰਨ ਕੀਤੇ ਹੋਏ ਹਨ, (ਉਸ ਉਤੇ) ਮੋਹਿਤ ਹੋ ਕੇ ਗੋਪੀਆਂ ਧਰਤੀ ਉਤੇ (ਡਿਗ ਰਹੀਆਂ ਹਨ)।

ਜਿਉ ਮ੍ਰਿਗਨੀ ਸਰ ਲਾਗਿ ਗਿਰੈ ਇਹ ਤਿਉ ਹਰਿ ਦੇਖਤ ਨੈਨ ਰਸੀਲੇ ॥੬੦੭॥

ਜਿਵੇਂ ਤੀਰ ਦੇ ਲਗਣ ਨਾਲ ਹਿਰਨੀ ਡਿਗ ਪੈਂਦੀ ਹੈ, ਤਿਵੇਂ ਹੀ ਕ੍ਰਿਸ਼ਨ ਦੇ (ਪ੍ਰੇਮ) ਰਸ ਨਾਲ ਭਰੇ ਨੈਣਾਂ ਨੂੰ ਵੇਖਦਿਆਂ ਹੀ (ਡਿਗ ਪਈਆਂ ਹਨ) ॥੬੦੭॥

ਕਾਨਰ ਕੇ ਸੰਗ ਖੇਲਤ ਸੋ ਅਤਿ ਹੀ ਸੁਖ ਕੋ ਕਰ ਕੈ ਤਨ ਮੈ ॥

ਸ਼ਰੀਰ ਵਿਚ ਅਤਿ ਅਧਿਕ ਸੁਖ ਮਾਣ ਕੇ ਉਹ ਸ੍ਰੀ ਕ੍ਰਿਸ਼ਨ ਨਾਲ ਖੇਡਦੀਆਂ ਹਨ।

ਸ੍ਯਾਮ ਹੀ ਸੋ ਅਤਿ ਹੀ ਹਿਤ ਕੈ ਚਿਤ ਕੈ ਨਹਿ ਬੰਧਨ ਅਉ ਧਨ ਮੈ ॥

(ਉਨ੍ਹਾਂ ਦਾ) ਸ੍ਰੀ ਕ੍ਰਿਸ਼ਨ ਨਾਲ ਹੀ ਬਹੁਤ ਪ੍ਰੇਮ ਹੈ, ਧਨ ਅਤੇ (ਇਸ ਪ੍ਰਕਾਰ ਦੇ) ਹੋਰ ਬੰਧਨਾਂ ਵਿਚ ਚਿਤ ਨਹੀਂ ਹੈ (ਅਰਥਾਤ ਉਧਰੋਂ ਦੀ ਕੋਈ ਚਿੰਤਾ ਨਹੀਂ ਹੈ)।

ਧਰਿ ਰੰਗਨਿ ਬਸਤ੍ਰ ਸਭੈ ਤਹਿ ਡੋਲਤ ਯੌ ਉਪਮਾ ਉਪਜੀ ਮਨ ਮੈ ॥

ਸਾਰੀਆਂ (ਗੋਪੀਆਂ) ਰੰਗ ਬਰੰਗੇ ਬਸਤ੍ਰ ਧਾਰਨ ਕਰ ਕੇ ਉਥੇ ਡੋਲਦੀਆਂ ਫਿਰਦੀਆਂ ਹਨ। (ਉਨ੍ਹਾਂ ਦੀ) ਉਪਮਾ (ਮੇਰੇ) ਮਨ ਵਿਚ ਇਸ ਤਰ੍ਹਾਂ ਪੈਦਾ ਹੋਈ ਹੈ

ਜੋਊ ਫੂਲ ਮੁਖੀ ਤਹ ਫੂਲ ਕੈ ਖੇਲਤ ਫੂਲ ਸੀ ਹੋਇ ਗਈ ਬਨ ਮੈ ॥੬੦੮॥

ਜਿਵੇਂ ਫੂਲ-ਮੁਖੀ (ਅਰਥਾਤ ਤਿਤਲੀ) (ਫੁਲ ਨੂੰ ਵੇਖਦਿਆਂ ਹੀ) ਖਿੜ ਜਾਂਦੀ ਹੈ, ਤਿਵੇਂ (ਗੋਪੀਆਂ) ਬਨ ਵਿਚ (ਕ੍ਰਿਸ਼ਨ ਵਰਗੇ) ਫੁਲ ਨਾਲ ਖੇਡਦਿਆਂ ਉਸੇ ਵਰਗੀਆਂ ਹੋ ਗਈਆਂ ਹਨ ॥੬੦੮॥

ਸਭ ਖੇਲਤ ਹੈ ਮਨਿ ਆਨੰਦ ਕੈ ਭਗਵਾਨ ਕੋ ਧਾਰਿ ਸਬੈ ਮਨ ਮੈ ॥

ਭਗਵਾਨ (ਸ੍ਰੀ ਕ੍ਰਿਸ਼ਨ) ਨੂੰ ਮਨ ਵਿਚ ਧਾਰ ਕੇ ਸਾਰੀਆਂ (ਗੋਪੀਆਂ) ਦਿਲ ਵਿਚ ਪ੍ਰਸੰਨ ਹੋ ਕੇ ਖੇਡ ਖੇਡਦੀਆਂ ਹਨ।

ਹਰਿ ਕੇ ਚਿਤਬੇ ਕੀ ਰਹੀ ਸੁਧਿ ਏਕਨ ਅਉਰ ਰਹੀ ਨ ਕਛੂ ਤਨ ਮੈ ॥

ਇਕਨਾਂ ਨੂੰ (ਕੇਵਲ) ਸ੍ਰੀ ਕ੍ਰਿਸ਼ਨ ਨੂੰ ਵੇਖਣ ਦੀ ਸੁਧ ਰਹਿ ਗਈ ਹੈ, ਹੋਰ (ਕੋਈ ਸੁਧ) ਤਨ ਵਿਚ ਨਹੀਂ ਰਹੀ ਹੈ।

ਨਹੀ ਭੂਤਲ ਮੈ ਅਰੁ ਮਾਤਲੁ ਮੈ ਇਨਿ ਸੋ ਨਹਿ ਦੇਵਨ ਕੇ ਗਨ ਮੈ ॥

ਨਾ ਪਾਤਾਲ ਵਿਚ, ਨਾ ਆਕਾਸ਼ ਵਿਚ ਅਤੇ ਨਾ ਹੀ ਦੇਵਤਿਆਂ ਦੇ ਸਮੂਹ ਵਿਚ ਇਸ ਵਰਗਾ (ਕੋਈ ਵੀ) ਹੈ।

ਸੋਊ ਰੀਝ ਸੋ ਸ੍ਯਾਮ ਕਹੈ ਅਤਿ ਹੀ ਫੁਨਿ ਡੋਲਤ ਗ੍ਵਾਰਿਨ ਕੇ ਗਨ ਮੈ ॥੬੦੯॥

(ਕਵੀ) ਸ਼ਿਆਮ ਕਹਿੰਦੇ ਹਨ, ਉਹ (ਕ੍ਰਿਸ਼ਨ ਖ਼ੁਦ) ਗੋਪੀਆਂ ਦੀ ਟੋਲੀ ਵਿਚ ਪ੍ਰਸੰਨ ਹੋ ਕੇ ਡੋਲਦਾ ਫਿਰਦਾ ਹੈ ॥੬੦੯॥

ਹਸਿ ਕੈ ਭਗਵਾਨ ਕਹੀ ਬਤੀਯਾ ਬ੍ਰਿਖਭਾਨੁ ਸੁਤਾ ਪਿਖਿ ਰੂਪ ਨਵੀਨੋ ॥

ਰਾਧਾ ਦੀ ਨਵੀਂ ਸਜ-ਧਜ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਨੇ ਹਸ ਕੇ ਗੱਲ ਕਹੀ।

ਅੰਜਨ ਆਡ ਧਰੇ ਪੁਨਿ ਬੇਸਰ ਭਾਵ ਸਭੈ ਜਿਨਿ ਭਾਵਨ ਕੀਨੋ ॥

ਜਿਸ (ਰਾਧਾ) ਨੇ ਅੱਖਾਂ ਵਿਚ ਸੁਰਮਾ ਧਾਰਨ ਕੀਤਾ ਹੋਇਆ ਹੈ ਅਤੇ ਫਿਰ (ਨੱਕ ਵਿਚ) ਬੁਲਾਕ ਪਾਇਆ ਹੋਇਆ ਹੈ ਅਤੇ ਸਾਰਿਆਂ ਹਾਵਾਂ-ਭਾਵਾਂ ਦਾ ਭਾਵ ਧਾਰਨ ਕੀਤਾ ਹੋਇਆ ਹੈ।

ਸੁੰਦਰ ਸੇਾਂਧਰ ਕੋ ਜਿਨ ਲੈ ਕਰਿ ਭਾਲ ਬਿਖੈ ਬਿੰਦੂਆ ਇਕ ਦੀਨੋ ॥

ਜਿਸ ਨੇ ਸੁੰਦਰ ਸੰਧੂਰ ਲੈ ਕੇ ਮੱਥੇ ਉਤੇ ਬਿੰਦੀ ਲਗਾਈ ਹੋਈ ਹੈ।

ਨੈਨ ਨਚਾਇ ਮਨੈ ਸੁਖ ਪਾਇ ਚਿਤੈ ਜਦੁਰਾਇ ਤਬੈ ਹਸਿ ਦੀਨੋ ॥੬੧੦॥

(ਉਹ ਰਾਧਾ) ਅੱਖੀਆਂ ਨੂੰ ਮਟਕਾ ਕੇ ਮਨ ਵਿਚ ਸੁਖ ਪ੍ਰਾਪਤ ਕਰਦੀ ਹੈ, (ਉਸ ਨੂੰ ਜਦੋਂ) ਸ੍ਰੀ ਕ੍ਰਿਸ਼ਨ ਵੇਖਦੇ ਹਨ, ਤਦੋਂ (ਉਹ) ਹਸ ਪੈਂਦੀ ਹੈ ॥੬੧੦॥

ਬੀਨ ਸੀ ਗ੍ਵਾਰਿਨ ਗਾਵਤ ਹੈ ਸੁਨਬੇ ਕਹੁ ਸੁੰਦਰ ਕਾਨਰ ਕਾਰੇ ॥

ਸੁੰਦਰ ਕਾਲੇ ਕਾਨ੍ਹ ਨੂੰ ਸੁਣਾਉਣ ਲਈ ਗੋਪੀਆਂ ਬੀਨ ਵਰਗੀ (ਸੁਰ) ਵਿਚ ਗਾਉਂਦੀਆਂ ਹਨ।

ਆਨਨ ਹੈ ਜਿਨ ਕੋ ਸਸਿ ਸੋ ਸੁ ਬਿਰਾਜਤ ਕੰਜਨ ਸੇ ਦ੍ਰਿਗ ਭਾਰੇ ॥

ਜਿਨ੍ਹਾਂ ਦੇ ਮੁਖੜੇ ਚੰਦ੍ਰਮਾ ਦੇ ਸਮਾਨ ਹਨ ਅਤੇ ਕਮਲ ਵਰਗੇ ਵੱਡੇ ਨੈਣ ਸ਼ੋਭਾ ਪਾ ਰਹੇ ਹਨ।

ਝਾਝਨ ਤਾ ਕੀ ਉਠੀ ਧਰ ਪੈ ਧੁਨਿ ਤਾ ਛਬਿ ਕੋ ਕਬਿ ਸ੍ਯਾਮ ਉਚਾਰੇ ॥

ਉਨ੍ਹਾਂ ਦੇ ਪੈਰਾਂ ਦੇ ਧਰਤੀ ਉਤੇ ਰਖਣ ਨਾਲ ਝਾਂਝਰ ਦੀ ਜੋ ਧੁਨ ਉਠਦੀ ਹੈ, ਉਸ ਦੀ ਛਬੀ ਨੂੰ ਕਵੀ ਸ਼ਿਆਮ ਇਸ ਤਰ੍ਹਾਂ ਕਹਿੰਦੇ ਹਨ।

ਢੋਲਕ ਸੰਗਿ ਤੰਬੂਰਨ ਹੋਇ ਉਠੇ ਤਹ ਬਾਜਿ ਮ੍ਰਿਦੰਗ ਨਗਾਰੇ ॥੬੧੧॥

ਜਿਵੇਂ ਢੋਲਕ ਨਾਲ ਤੰਬੂਰਾ ਵਜਦਾ ਹੈ ਅਤੇ ਨਗਾਰੇ ਦੇ ਨਾਲ ਮ੍ਰਿਦੰਗ ਵਜਦਾ ਹੈ ॥੬੧੧॥

ਖੇਲਤ ਗ੍ਵਾਰਿਨ ਪ੍ਰੇਮ ਛਕੀ ਕਬਿ ਸ੍ਯਾਮ ਕਹੈ ਸੰਗ ਕਾਨਰ ਕਾਰੇ ॥

ਕਵੀ ਸ਼ਿਆਮ ਕਹਿੰਦੇ ਹਨ, ਗੋਪੀਆਂ ਪ੍ਰੇਮ ਵਿਚ ਮਸਤ ਹੋ ਕੇ ਕਾਲੇ ਕਾਨ੍ਹ ਨਾਲ ਖੇਡਦੀਆਂ ਹਨ।


Flag Counter