ਸ਼੍ਰੀ ਦਸਮ ਗ੍ਰੰਥ

ਅੰਗ - 327


ਕਿਉ ਮਘਵਾ ਤੁਮ ਪੂਜਨ ਜਾਤ ਕਰੋ ਤੁਮ ਸੇਵ ਹਿਤੰ ਚਿਤ ਕੈ ਰੇ ॥

ਤੁਸੀਂ ਇੰਦਰ ਦੀ ਪੂਜਾ ਲਈ ਕਿਉਂ ਜਾਂਦੇ ਹੋ? ਤੁਸੀਂ ਉਸ (ਭਗਵਾਨ) ਦੀ ਦਿਲੋਂ ਹਿਤ ਨਾਲ ਪੂਜਾ ਕਰੋ

ਧ੍ਰਯਾਨ ਧਰੋ ਸਭ ਹੀ ਮਿਲ ਕੈ ਸਭ ਬਾਤਨ ਕੋ ਤੁਮ ਕੋ ਫਲ ਦੈ ਰੇ ॥੩੩੮॥

ਅਤੇ ਸਾਰੇ ਮਿਲ ਕੇ (ਉਸੇ ਦਾ) ਧਿਆਨ ਧਰੋ, ਉਹੀ ਤੁਹਾਨੂੰ ਸਾਰੀਆਂ ਗੱਲਾਂ ਦਾ ਫਲ ਦੇਵੇਗਾ ॥੩੩੮॥

ਬਾਸਵ ਜਗ੍ਰਯਨ ਕੈ ਬਸਿ ਮੇਘ ਕਿਧੋ ਬ੍ਰਹਮਾ ਇਹ ਬਾਤ ਉਚਾਰੈ ॥

'ਇੰਦਰ ਯੱਗਾਂ ਦੇ ਵਸ ਹੋ ਕੇ ਬਦਲ (ਭੇਜਦਾ ਹੈ) ', ਕਿਤੇ ਇਹ ਗੱਲ ਬ੍ਰਹਮਾ ਨੇ ਕਹੀ ਹੈ।

ਲੋਗਨ ਕੇ ਪ੍ਰਤਿਪਾਰਨ ਕੋ ਹਰਿ ਸੂਰਜ ਮੈ ਹੁਇ ਕੈ ਜਲ ਡਾਰੈ ॥

ਲੋਕਾਂ ਨੂੰ ਪਾਲਣ ਲਈ ਭਗਵਾਨ ਸੂਰਜ ਦੇ ਵਿਚੋਂ ਹੋ ਕੇ ਮੀਂਹ ਵਸਾਉਂਦਾ ਹੈ (ਅਰਥਾਤ ਸੂਰਜ ਦੀ ਖਿਚ ਨਾਲ ਪਾਣੀ ਬੁਖਾਰਾਤ ਬਣ ਕੇ ਵਰ੍ਹਦਾ ਹੈ)

ਕਉਤੁਕ ਦੇਖਤ ਜੀਵਨ ਕੋ ਪਿਖਿ ਕਉਤੁਕ ਹ੍ਵੈ ਸਿਵ ਤਾਹਿ ਸੰਘਾਰੈ ॥

ਉਹੀ ਜੀਵਾਂ ਦੇ ਕੌਤਕ ਵੇਖਦਾ ਹੈ ਅਤੇ ਫਿਰ ਕੌਤਕ ਵੇਖਦਾ ਹੋਇਆ ਸ਼ਿਵ ਰੂਪ ਵਿਚ ਉਨ੍ਹਾਂ ਦਾ ਸੰਘਾਰ ਕਰਦਾ ਹੈ।

ਹੈ ਵਹ ਏਕ ਕਿਧੋ ਸਰਤਾ ਸਮ ਬਾਹਨ ਕੇ ਜਮ ਬਾਹੇ ਬਿਥਾਰੈ ॥੩੩੯॥

ਉਹ ਇਕ ਹੀ ਹੈ, ਪਰ ਨਦੀ ਦੇ ਵਹਿਣ ਵਾਂਗ (ਉਸ ਨੇ) ਅਨੇਕਾਂ ਪ੍ਰਵਾਹ ਖਿਲਾਰੇ ਹੋਏ ਹਨ ॥੩੩੯॥

ਪਾਥਰ ਪੈ ਜਲ ਪੈ ਨਗ ਪੈ ਤਰ ਪੈ ਧਰ ਪੈ ਅਰੁ ਅਉਰ ਨਰੀ ਹੈ ॥

ਪੱਥਰਾਂ ਵਿਚ, ਜਲ ਵਿਚ, ਪਰਬਤਾਂ ਉਤੇ, ਬ੍ਰਿਛਾਂ ਉਤੇ, ਧਰਤੀ ਉਤੇ ਅਤੇ ਹੋਰ (ਕਈ ਪ੍ਰਕਾਰ ਦੇ) ਘਾਹਾਂ ('ਨਰੀ') ਉਤੇ,

ਦੇਵਨ ਪੈ ਅਰੁ ਦੈਤਨ ਪੈ ਕਬਿ ਸ੍ਯਾਮ ਕਹੈ ਅਉ ਮੁਰਾਰਿ ਹਰੀ ਹੈ ॥

ਦੇਵਤਿਆਂ ਉਤੇ, ਦੈਂਤਾਂ ਉਤੇ ਕਵੀ ਸ਼ਿਆਮ ਕਹਿੰਦੇ ਹਨ, ਕੇਵਲ ਉਹ ਭਗਵਾਨ ਹੀ ਹੈ।

ਪਛਨ ਪੈ ਮ੍ਰਿਗਰਾਜਨ ਪੈ ਮ੍ਰਿਗ ਕੇ ਗਨ ਪੈ ਫੁਨਿ ਹੋਤ ਖਰੀ ਹੈ ॥

ਪੰਛੀਆਂ ਉਤੇ, ਸ਼ੇਰਾਂ ਉਤੇ, ਫਿਰ ਹਿਰਨਾਂ ਦੇ ਝੁੰਡਾਂ ਉਤੇ ਚੰਗੀ ਬਰਖਾ ਹੁੰਦੀ ਹੈ।

ਭੇਦ ਕਹਿਯੋ ਇਹ ਬਾਤ ਸਭੈ ਇਨਹੂੰ ਇਹ ਕੀ ਕਹਾ ਪੂਜ ਕਰੀ ਹੈ ॥੩੪੦॥

ਸਾਰੇ ਇਸ ਗੱਲ ਦਾ ਭੇਦ ਦਸੋ ਕਿ ਕੀ ਇਨ੍ਹਾਂ ਸਾਰਿਆਂ ਨੇ ਕਦੇ (ਇੰਦਰ ਦੀ) ਪੂਜਾ ਕੀਤੀ ਹੈ ॥੩੪੦॥

ਤਬ ਹੀ ਹਸਿ ਕੈ ਹਰਿ ਬਾਤ ਕਹੀ ਨੰਦ ਪੈ ਹਮਰੀ ਬਿਨਤੀ ਸੁਨਿ ਲਈਯੈ ॥

ਕ੍ਰਿਸ਼ਨ ਨੇ ਹਸ ਕੇ ਨੰਦ ਹੋਰਾਂ ਨੂੰ ਇਹ ਗੱਲ ਕਹੀ, (ਹੇ ਪਿਤਾ ਜੀ!) ਮੇਰੀ ਬੇਨਤੀ ਸੁਣ ਲਵੋ।

ਪੂਜਹੁ ਬਿਪਨ ਕੋ ਮੁਖ ਗਊਅਨ ਪੂਜਨ ਜਾ ਗਿਰਿ ਹੈ ਤਹ ਜਈਯੈ ॥

ਬ੍ਰਾਹਮਣਾਂ ਦੇ ਮੁਖ ਅਤੇ ਗਊਆਂ ਦੀ ਪੂਜਾ ਕਰੋ ਅਤੇ ਪੂਜਾ ਲਈ ਜਿਥੇ ਗਵਰਧਨ ਪਰਬਤ ਹੈ,

ਗਊਅਨ ਕੋ ਪਯ ਪੀਜਤ ਹੈ ਗਿਰਿ ਕੇ ਚੜ੍ਰਹਿਐ ਮਨਿ ਆਨੰਦ ਪਈਯੈ ॥

ਉਥੇ ਜਾਓ ਕਿਉਂਕਿ ਗਊਆਂ ਦਾ ਦੁੱਧ ਪੀਈਦਾ ਹੈ, ਪਹਾੜ ਉਤੇ ਚੜ੍ਹੀਏ ਤਾਂ ਆਨੰਦ ਪ੍ਰਾਪਤ ਹੁੰਦਾ ਹੈ

ਦਾਨ ਦਏ ਤਿਨ ਕੇ ਜਸੁ ਹ੍ਯਾਂ ਪਰਲੋਕ ਗਏ ਜੁ ਦਯੋ ਸੋਊ ਖਈਯੈ ॥੩੪੧॥

ਅਤੇ ਉਨ੍ਹਾਂ (ਬ੍ਰਾਹਮਣਾਂ) ਨੂੰ ਦਾਨ ਦੇਣ ਨਾਲ ਇਸ ਲੋਕ ਵਿਚ ਯਸ਼ ਹੋਵੇਗਾ ਅਤੇ ਪਰਲੋਕ ਵਿਚ ਜਾਣ ਤੇ ਇਥੇ ਦਿੱਤੇ ਹੋਏ ਦਾ ਫਲ ਖਾਵਾਂਗੇ ॥੩੪੧॥

ਤਬ ਹੀ ਭਗਵਾਨ ਕਹੀ ਪਿਤ ਸੋ ਇਕ ਬਾਤ ਸੁਨੋ ਤੁ ਕਹੋ ਮਮ ਤੋ ਸੋ ॥

ਤਦੋਂ ਸ੍ਰੀ ਕ੍ਰਿਸ਼ਨ ਨੇ ਪਿਤਾ ਨੂੰ ਕਿਹਾ, (ਹੇ ਪਿਤਾ ਜੀ! ਜੇ) ਸੁਣੋ, ਤਾਂ ਮੈਂ ਤੁਹਾਨੂੰ ਇਕ ਗੱਲ ਕਹਾਂ।

ਪੂਜਹੁ ਜਾਇ ਸਬੈ ਗਿਰਿ ਕੌ ਤੁਮ ਇੰਦ੍ਰ ਕਰੈ ਕੁਪਿ ਕਿਆ ਫੁਨਿ ਤੋ ਸੋ ॥

ਤੁਸੀਂ ਸਾਰੇ ਜਾ ਕੇ ਗਵਰਧਨ ਪਰਬਤ ਦੀ ਪੂਜਾ ਕਰੋ। ਫਿਰ ਇੰਦਰ ਕ੍ਰੋਧ ਕਰਕੇ ਤੁਹਾਡਾ ਕੀ ਵਿਗਾੜੇਗਾ, (ਮੈਂ ਵੇਖ ਲਵਾਂਗਾ)।

ਮੋ ਸੋ ਸੁਪੂਤ ਭਯੋ ਤੁਮਰੇ ਗ੍ਰਿਹਿ ਮਾਰਿ ਡਰੋ ਮਘਵਾ ਸੰਗਿ ਝੋਸੋ ॥

ਮੇਰੇ ਵਰਗਾ ਸੁਪੁੱਤਰ ਤੁਹਾਡੇ ਘਰ ਹੋਇਆ ਹੈ, (ਤੁਸੀਂ ਫਿਰ ਇੰਦਰ ਤੋਂ ਡਰਦੇ ਹੋ) ਮੈਂ ਉਸ ਨੂੰ ਇਕੋ ਝਟਕੇ ਨਾਲ ਮਾਰ ਦਿਆਂਗਾ।

ਰਹਸਿ ਕਹੀ ਪਿਤ ਪਾਰਥ ਕੀ ਤਜਿ ਹੈ ਇਹ ਜਾ ਹਮਰੀ ਅਨ ਮੋ ਸੋ ॥੩੪੨॥

ਹੇ ਪਿਤਾ ਜੀ! (ਮੈਂ ਤੁਹਾਨੂੰ) ਇੰਦਰ ਦੀ ਭੇਦ-ਭਰੀ ਗੱਲ ਦਸੀ ਹੈ। ਉਹ ਮੇਰੀ ਆਨ ਮੰਨ ਕੇ ਸਾਡੀ ਥਾਂ ਨੂੰ ਹੀ ਛਡ ਜਾਏਗਾ ॥੩੪੨॥

ਤਾਤ ਕੀ ਬਾਤ ਜੁ ਨੰਦ ਸੁਨੀ ਸਭ ਬਾਤ ਭਲੀ ਸਿਰ ਊਪਰ ਬਾਧੀ ॥

ਨੰਦ ਨੇ ਆਪਣੇ ਪੁੱਤਰ (ਸ੍ਰੀ ਕ੍ਰਿਸ਼ਨ) ਦੀ ਜੋ ਗੱਲ ਸੁਣੀ, ਉਸ ਨੂੰ ਸਿਰ ਮੱਥੇ ਮੰਨ ਲਿਆ।

ਬਾਕੋ ਕੀ ਕੈ ਮੁਰਵੀ ਤਨ ਕੈ ਧਨੁ ਤੀਛਨ ਮਤ ਮਹਾ ਸਰ ਸਾਧੀ ॥

(ਕਾਨ੍ਹ ਨੇ) ਬੋਲਾਂ ਦੀ ਡੋਰੀ ਨਾਲ ਤਿਖੀ ਬੁੱਧੀ ਰੂਪੀ ਧਨੁਸ਼ ਖਿਚ ਕੇ (ਭਾਵਾਂ ਦੇ) ਤਿਖੇ ਤੀਰ ਸਾਧੇ ਹਨ।

ਸ੍ਰਉਨਨ ਮੈ ਸੁਨਤਿਯੋ ਇਹ ਬਾਤ ਕਬੁਧਿ ਗੀ ਛੂਟਿ ਚਿਰੀ ਜਿਹ ਫਾਧੀ ॥

ਇਸ ਗੱਲ ਨੂੰ ਕੰਨਾਂ ਨਾਲ ਸੁਣਦਿਆਂ ਹੀ (ਨੰਦ ਦੀ) ਭਰਮਮਈ ਬੁੱਧੀ ਨਸ਼ਟ ਹੋ ਗਈ ਹੈ ਜਿਵੇਂ ਫਸੀ ਹੋਈ ਚਿੜੀ ਛੁਟ ਜਾਂਦੀ ਹੈ।

ਮੋਹਿ ਕੀ ਬਾਰਿਦ ਹ੍ਵੈ ਕਰਿ ਗਿਆਨ ਨਿਵਾਰ ਦਈ ਉਮਡੀ ਜਨੁ ਆਂਧੀ ॥੩੪੩॥

(ਕ੍ਰਿਸ਼ਨ ਦੀ ਗੱਲ ਨੇ) ਗਿਆਨ ਦਾ ਬਦਲ ਹੋ ਕੇ ਮੋਹ ਦੀ ਹਨੇਰੀ ਨੂੰ ਉਡਾ ਦਿੱਤਾ ਹੈ ਜੋ (ਨੰਦ ਦੇ ਹਿਰਦੇ ਵਿਚ) ਉਮਡੀ ਸੀ ॥੩੪੩॥

ਨੰਦ ਬੁਲਾਇ ਕੈ ਗੋਪ ਲਏ ਹਰਿ ਆਇਸੁ ਮਾਨਿ ਸਿਰ ਊਪਰ ਲੀਆ ॥

ਸ੍ਰੀ ਕ੍ਰਿਸ਼ਨ ਦੀ ਆਗਿਆ ਨੂੰ ਸਿਰ ਮੱਥੇ ਮੰਨ ਕੇ ਨੰਦ ਨੇ ਗਵਾਲਿਆਂ ਨੂੰ ਬੁਲਾ ਲਿਆ।

ਪੂਜਹੁ ਗਊਅਨ ਅਉ ਮੁਖ ਬਿਪਨ ਭਈਅਨ ਸੋ ਇਹ ਆਇਸੁ ਕੀਆ ॥

(ਫਿਰ ਸਾਰਿਆਂ) ਭਰਾਵਾਂ ਨੂੰ ਇਹ ਆਗਿਆ ਕੀਤੀ ਕਿ ਗਊਆਂ ਅਤੇ ਬ੍ਰਾਹਮਣਾਂ ਦੇ ਮੁਖ (ਦੀ ਭੋਜਨ ਦੁਆਰਾ) ਪੂਜਾ ਕਰੋ।

ਫੇਰਿ ਕਹਿਯੋ ਹਮ ਤਉ ਕਹਿਯੋ ਤੋ ਸੋ ਗ੍ਯਾਨ ਭਲੋ ਮਨ ਮੈ ਸਮਝੀਆ ॥

ਫਿਰ ਕਿਹਾ, ਮੈਂ ਤੁਹਾਨੂੰ ਤਦ ਕਿਹਾ ਹੈ ਕਿਉਂਕਿ (ਪਹਿਲਾਂ) ਇਸ ਗਿਆਨ ਨੂੰ ਚੰਗੀ ਤਰ੍ਹਾਂ ਮਨ ਵਿਚ ਸਮਝ ਲਿਆ ਹੈ

ਚਿਤ ਦਯੋ ਸਭਨੋ ਹਮ ਸੋ ਤਿਹੁ ਲੋਗਨ ਕੋ ਪਤਿ ਚਿਤਨ ਕੀਆ ॥੩੪੪॥

(ਕਿ ਜਿਸ) ਨੇ ਸਾਨੂੰ ਸਾਰਿਆਂ ਨੂੰ ਚਿਤ (ਭਾਵ ਜੀਵਨ) ਦਿੱਤਾ ਹੈ, ਉਸ ਤਿੰਨ ਲੋਕਾਂ ਦੇ ਸੁਆਮੀ ਨੂੰ ਆਪਣੇ ਚਿਤ ਵਿਚ ਵਸਾਇਆ ਹੈ ॥੩੪੪॥

ਗੋਪ ਚਲੇ ਉਠ ਕੈ ਗ੍ਰਿਹ ਕੋ ਬ੍ਰਿਜ ਕੇ ਪਤਿ ਕੋ ਫੁਨਿ ਆਇਸੁ ਪਾਈ ॥

ਫਿਰ ਬ੍ਰਜ ਦੇ ਸੁਆਮੀ (ਨੰਦ) ਦੀ ਆਗਿਆ ਪ੍ਰਾਪਤ ਕਰ ਕੇ ਗਵਾਲੇ ਉਠ ਕੇ ਘਰਾਂ ਨੂੰ ਚਲੇ ਗਏ।

ਅਛਤ ਧੂਪ ਪੰਚਾਮ੍ਰਿਤ ਦੀਪਕ ਪੂਜਨ ਕੀ ਸਭ ਭਾਤਿ ਬਨਾਈ ॥

ਚਾਵਲ, ਧੂਪ, ਕੜਾਹ ਅਤੇ ਦੀਪਕ ਆਦਿ ਪੂਜਾ ਦੀ ਸਭ ਢੰਗ ਨਾਲ ਤਿਆਰੀ ਕੀਤੀ।

ਲੈ ਕੁਰਬੇ ਅਪਨੈ ਸਭ ਸੰਗਿ ਚਲੇ ਗਿਰਿ ਕੌ ਸਭ ਢੋਲ ਬਜਾਈ ॥

ਸਾਰੇ ਆਪਣਿਆਂ ਪਰਿਵਾਰਾਂ ਨੂੰ ਨਾਲ ਲੈ ਕੇ ਅਤੇ ਢੋਲ ਵਜਾਉਂਦੇ ਹੋਏ ਪਰਬਤ ਵਲ ਚਲ ਪਏ।

ਨੰਦ ਚਲਿਯੋ ਜਸੁਧਾਊ ਚਲੀ ਭਗਵਾਨ ਚਲੇ ਮੁਸਲੀ ਸੰਗਿ ਭਾਈ ॥੩੪੫॥

ਨੰਦ ਚਲਿਆ, ਜਸੋਧਾ ਚਲੀ ਅਤੇ ਸ੍ਰੀ ਕ੍ਰਿਸ਼ਨ ਵੀ ਆਪਣੇ ਭਰਾ ਬਲਰਾਮ ਨੂੰ ਨਾਲ ਲੈ ਕੇ ਚਲ ਪਏ ॥੩੪੫॥

ਨੰਦ ਚਲਿਯੋ ਕੁਰਬੇ ਸੰਗਿ ਲੈ ਕਰਿ ਤੀਰ ਜਬੈ ਗਿਰਿ ਕੇ ਚਲਿ ਆਯੋ ॥

ਪਰਿਵਾਰ ਨੂੰ ਨਾਲ ਲੈ ਕੇ ਨੰਦ ਜਦੋਂ ਚਲ ਕੇ ਪਰਬਤ ਦੇ ਕੋਲ ਆ ਗਿਆ।

ਗਊਅਨ ਘਾਸ ਚਰਾਇਤ ਸੋ ਬਹੁ ਬਿਪਨ ਖੀਰ ਆਹਾਰ ਖਵਾਯੋ ॥

(ਉਥੇ) ਗਊਆਂ ਨੂੰ ਘਾਹ ਚਰਾਇਆ ਅਤੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਖੀਰ ਦਾ ਆਹਾਰ ਕਰਵਾਇਆ।

ਆਪ ਪਰੋਸਨ ਲਾਗ ਜਦੁਪਤਿ ਗੋਪ ਸਭੈ ਮਨ ਮੈ ਸੁਖ ਪਾਯੋ ॥

ਸ੍ਰੀ ਕ੍ਰਿਸ਼ਨ ਆਪ (ਭੋਜਨ) ਪਰੋਸ ਕੇ ਦੇਣ ਲਗੇ ਜਿਸ ਕਰ ਕੇ ਸਾਰੇ ਗਵਾਲਿਆਂ ਨੇ ਮਨ ਵਿਚ ਸੁਖ ਪ੍ਰਾਪਤ ਕੀਤਾ।

ਬਾਰ ਚੜਾਇ ਲਏ ਰਥ ਪੈ ਚਲ ਕੈ ਇਹ ਕਉਤਕ ਅਉਰ ਬਨਾਯੋ ॥੩੪੬॥

ਛੋਟੇ ਬਾਲਕਾਂ ਨੂੰ ਰਥ ਉਤੇ ਚੜ੍ਹਾ ਲਿਆ ਅਤੇ ਚਲਦੇ ਹੋਇਆਂ ਇਕ ਹੋਰ ਕੌਤਕ ਬਣਾ ਦਿੱਤਾ ॥੩੪੬॥

ਕਉਤਕ ਏਕ ਬਿਚਾਰ ਜਦੁਪਤਿ ਸੂਰਤਿ ਏਕ ਧਰੀ ਗਿਰ ਬਾਕੀ ॥

ਸ੍ਰੀ ਕ੍ਰਿਸ਼ਨ ਨੇ ਇਕ ਕੌਤਕ ਕਰਨ ਦਾ ਵਿਚਾਰ ਕਰ ਕੇ ਇਕ (ਬਾਲਕ) ਦੀ ਸ਼ਕਲ ਸੁੰਦਰ ਪਹਾੜ ਵਰਗੀ ਬਣਾ ਦਿੱਤੀ।

ਸ੍ਰਿੰਗ ਬਨਾਇ ਧਰੀ ਨਗ ਕੈ ਕਬਿ ਸ੍ਯਾਮ ਕਹੈ ਜਹ ਗਮ੍ਰਯ ਨ ਕਾ ਕੀ ॥

ਸ਼ਿਆਮ ਕਵੀ ਕਹਿੰਦੇ ਹਨ, (ਉਹ ਸੂਰਤ) ਬਣਾ ਕੇ ਪਰਬਤ ਦੀ ਚੋਟੀ ਉਤੇ ਧਰ ਦਿੱਤੀ ਜਿਥੇ ਕਿਸੇ ਦੀ ਪਹੁੰਚ ਨਹੀਂ ਸੀ।

ਭੋਜਨ ਪਾਤ ਪ੍ਰਤਛਿ ਕਿਧੋ ਵਹ ਬਾਤ ਲਖੀ ਨ ਪਰੈ ਕਛੁ ਵਾ ਕੀ ॥

ਉਹ (ਸੂਰਤ) ਪ੍ਰਤੱਖ ਭੋਜਨ ਖਾਣ ਲਗੀ, ਪਰ ਉਸ ਦੀ ਇਹ ਗੱਲ ਕਿਸੇ ਨੂੰ ਪਤਾ ਨਾ ਲਗੀ।

ਕਉਤਕ ਏਕ ਲਖੈ ਭਗਵਾਨ ਅਉ ਜੋ ਪਿਖਵੈ ਅਟਕੈ ਮਤਿ ਤਾ ਕੀ ॥੩੪੭॥

ਇਸ ਕੌਤਕ ਨੂੰ ਕੇਵਲ ਭਗਵਾਨ ਕ੍ਰਿਸ਼ਨ ਜਾਣਦੇ ਸਨ, ਹੋਰ ਜੋ (ਕੋਈ ਵੀ) ਵੇਖਦਾ ਸੀ, ਉਸ ਦੀ ਬੁੱਧੀ ਰੁਕ ਜਾਂਦੀ ਸੀ (ਅਰਥਾਤ ਅਕਲ ਕੰਮ ਨਹੀਂ ਕਰਦੀ ਸੀ) ॥੩੪੭॥

ਤੌ ਭਗਵਾਨ ਤਬੈ ਹਸਿ ਕੈ ਸਮ ਅੰਮ੍ਰਿਤ ਬਾਤ ਤਿਨੈ ਸੰਗਿ ਭਾਖੀ ॥

ਤਦ ਫਿਰ ਸ੍ਰੀ ਕ੍ਰਿਸ਼ਨ ਨੇ ਹਸ ਕੇ ਉਨ੍ਹਾਂ (ਗਵਾਲਿਆਂ) ਕੋਲ ਅੰਮ੍ਰਿਤ ਜਿੰਨੇ ਮਿਠੇ ਬੋਲ ਕਹੇ

ਭੋਜਨ ਖਾਤ ਦਯੋ ਹਮਰੋ ਗਿਰਿ ਲੋਕ ਸਭੈ ਪਿਖਵੋ ਤੁਮ ਆਖੀ ॥

ਕਿ ਸਾਡਾ ਦਿੱਤਾ ਭੋਜਨ ਪਰਬਤ ਖਾ ਰਿਹਾ ਹੈ, ਸਾਰੇ ਲੋਕੋ! ਤੁਸੀਂ (ਆਪਣੀਆਂ) ਅੱਖਾਂ ਨਾਲ ਵੇਖ ਲਵੋ।

ਹੋਇ ਰਹੇ ਬਿਸਮੈ ਸਭ ਗੋਪ ਸੁਨੀ ਹਰਿ ਕੇ ਮੁਖ ਤੇ ਜਬ ਸਾਖੀ ॥

ਜਦੋਂ ਸ੍ਰੀ ਕ੍ਰਿਸ਼ਨ ਦੇ ਮੁਖ ਤੋਂ ਇਹ ਸਾਖੀ ਸੁਣੀ ਤਾਂ ਸਾਰੇ ਗਵਾਲੇ ਹੈਰਾਨ ਹੋ ਰਹੇ।

ਗਿਆਨ ਜਨਾਵਰ ਕੀ ਲਈ ਬਾਜ ਹ੍ਵੈ ਗਵਾਰਨ ਕਾਨ੍ਰਹ ਦਈ ਜਬ ਚਾਖੀ ॥੩੪੮॥

ਜਦੋਂ ਕਾਨ੍ਹ ਨੇ (ਉਨ੍ਹਾਂ ਨੂੰ ਦੈਵੀ) ਦ੍ਰਿਸ਼ਟੀ ਪ੍ਰਦਾਨ ਕਰ ਦਿੱਤੀ ਤਾਂ ਉਨ੍ਹਾਂ ਗਵਾਲਿਆਂ ਨੇ ਬਾਜ਼ ਬਣ ਕੇ ਗਿਆਨ ਦੇ ਜਾਨਵਰ ਨੂੰ (ਦਬੋਚ) ਲਿਆ ॥੩੪੮॥

ਅੰਜੁਲ ਜੋਰਿ ਸਭੈ ਬ੍ਰਿਜ ਕੇ ਜਨ ਕੋਟਿ ਪ੍ਰਨਾਮ ਕਰੈ ਹਰਿ ਆਗੇ ॥

ਬ੍ਰਜ-ਭੂਮੀ ਦੇ ਸਾਰੇ ਲੋਕ ਹੱਥ ਜੋੜ ਕੇ ਸ੍ਰੀ ਕ੍ਰਿਸ਼ਨ ਅਗੇ ਕਰੋੜਾਂ ਵਾਰ ਪ੍ਰਣਾਮ ਕਰਨ ਲਗੇ।

ਭੂਲ ਗਈ ਸਭ ਕੋ ਮਘਵਾ ਸੁਧਿ ਕਾਨ੍ਰਹ ਹੀ ਕੇ ਰਸ ਭੀਤਰ ਪਾਗੇ ॥

ਸਾਰਿਆਂ ਨੂੰ ਇੰਦਰ ਦੀ ਸੁਧ ਭੁਲ ਗਈ ਅਤੇ ਕ੍ਰਿਸ਼ਨ ਦੇ ਰਸ ਵਿਚ ਹੀ ਭਿਜ ਗਏ।

ਸੋਵਤ ਥੇ ਜੁ ਪਰੇ ਬਿਖ ਮੈ ਸਭ ਧ੍ਯਾਨ ਲਗੇ ਹਰਿ ਕੇ ਜਨ ਜਾਗੇ ॥

ਜੋ ਮਾਇਆ ਰੂਪੀ ਵਿਸ਼ ਦੀ ਨੀਂਦਰ ਵਿਚ ਸੁਤੇ ਹੋਏ ਸਨ, ਮਾਨੋ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਲਗਣ ਨਾਲ ਜਾਗ ਪਏ ਹੋਣ।

ਅਉਰ ਗਈ ਸੁਧ ਭੂਲ ਸਭੋ ਇਕ ਕਾਨ੍ਰਹ ਹੀ ਕੇ ਰਸ ਮੈ ਅਨੁਰਾਗੇ ॥੩੪੯॥

ਹੋਰ ਸਾਰੀ ਸੁਧ ਭੁਲ ਗਈ, ਬਸ ਇਕ ਕਾਨ੍ਹ ਦੇ ਪ੍ਰੇਮ-ਰਸ ਵਿਚ ਮਗਨ ਹੋ ਗਏ ॥੩੪੯॥

ਕਾਨ੍ਰਹ ਕਹੀ ਸਭ ਕੋ ਹਸਿ ਕੇ ਮਿਲਿ ਧਾਮਿ ਚਲੋ ਜੋਊ ਹੈ ਹਰਤਾ ਅਘ ॥

ਉਸ, ਪਾਪਾਂ ਨੂੰ ਦੂਰ ਕਰਨ ਵਾਲੇ, ਸ੍ਰੀ ਕ੍ਰਿਸ਼ਨ ਨੇ ਸਭ ਨੂੰ ਹਸ ਕੇ ਕਿਹਾ ਕਿ (ਸਭ) ਮਿਲ ਕੇ ਘਰਾਂ ਨੂੰ ਚਲੋ।

ਨੰਦ ਚਲਿਯੋ ਬਲਭਦ੍ਰ ਚਲਿਯੋ ਜਸੁਧਾ ਊ ਚਲੀ ਨੰਦ ਲਾਲ ਬਿਨਾਨਘ ॥

ਨੰਦ ਚਲ ਪਿਆ, ਬਲਰਾਮ ਚਲ ਪਿਆ ਅਤੇ ਜਸੋਧਾ ਵੀ ਚਲ ਪਈ ਅਤੇ ਪਾਪਾਂ ਤੋਂ ਮੁਕਤ ਸ੍ਰੀ ਕ੍ਰਿਸ਼ਨ ਵੀ ਚਲ ਪਿਆ।


Flag Counter