ਮਾਨੋ ਖੰਭਾਂ ਵਾਲੇ ਦੋ ਪਹਾੜ ਯੁੱਧ ਵਿਚ ਜੁਟੇ ਹੋਏ ਹੋਣ।
(ਸੰਖਾਸੁਰ ਦੇ) ਮਾਸ ਦੇ ਟੁਕੜੇ ਡਿਗ ਰਹੇ ਸਨ ਅਤੇ ਵੱਡੀਆਂ ਵੱਡੀਆਂ ਗਿੱਧਾਂ ਖਾ ਰਹੀਆਂ ਸਨ।
ਚੌਸਠ ਜੋਗਣਾਂ ਵੀਰਾਂ ਦੇ ਯੁੱਧ (ਨੂੰ ਵੇਖ ਕੇ) ਹਸ ਰਹੀਆਂ ਸਨ ॥੫੨॥
ਸੰਖਾਸੁਰ ਨੂੰ ਮਾਰ ਕੇ (ਮੱਛ) ਨੇ ਵੇਦਾਂ ਦਾ ਉੱਧਾਰ ਕੀਤਾ।
ਮੱਛ ਦਾ ਰੂਪ ਤਿਆਗ ਦਿੱਤਾ ਅਤੇ ਸੁੰਦਰ ਬਸਤ੍ਰ ਸਜਾ ਲਏ।
ਸਾਰਿਆਂ ਦੇਵਤਿਆਂ ਨੂੰ (ਆਪਣੇ ਆਪਣੇ ਸਥਾਨ ਉਤੇ) ਸਥਾਪਿਤ ਕੀਤਾ ਅਤੇ ਦੁਸ਼ਟਾਂ ਦਾ ਨਾਸ਼ ਕੀਤਾ।
ਜੀਵਾਂ ਨੂੰ ਡਰਾਉਣ ਵਾਲੇ ਸਾਰੇ ਦੈਂਤ ਮਿਟ ਗਏ ॥੫੩॥
ਤ੍ਰਿਭੰਗੀ ਛੰਦ:
ਸੰਖਾਸੁਰ ਨੂੰ ਮਾਰਿਆ, ਵੇਦਾਂ ਨੂੰ ਉਧਾਰਿਆ, ਵੈਰੀਆਂ ਨੂੰ ਸੰਘਾਰਿਆ ਅਤੇ ਯਸ਼ ਖਟਿਆ।
ਦੇਵਤਿਆਂ ਨੂੰ ਬੁਲਾਇਆ, ਰਾਜ ਉਤੇ ਬਿਠਾਇਆ, (ਸਿਰ ਉਤੇ) ਛੱਤਰ ਫਿਰਾਇਆ ਅਤੇ ਸੁਖ ਦਿੱਤਾ।
ਕਰੋੜਾਂ ਤਰ੍ਹਾਂ ਦੇ ਵਾਜੇ ਵਜੇ, ਇੰਦਰ ('ਅਮਰੇਸੁਰ') ਗਜਿਆ, ਘਰ ਵਿਚ ਸ਼ੁਭ ਸਜਾਵਟ ਹੋਈ ਅਤੇ ਸੋਗ ਮਿਟ ਗਿਆ।
(ਸਾਰਿਆਂ ਦੇਵਤਿਆਂ ਨੇ) ਕਰੋੜਾਂ ਦੱਛਣਾਂ ਦਿੱਤੀਆਂ, ਕਰੋੜਾਂ ਪ੍ਰਦਖਣਾਂ ਕੀਤੀਆਂ ਅਤੇ ਆ ਕੇ ਮੱਛ ਦੇ ਪੈਰੀਂ ਪਏ ॥੫੪॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਪਹਿਲੇ ਮੱਛ ਅਵਤਾਰ ਵਿਚ ਸੰਖਾਸੁਰ ਦੇ ਬੱਧ ਦੀ ਸਮਾਪਤੀ ਹੋਈ, ਸਭ ਸ਼ੁਭ ਹੈ ॥੧॥
ਹੁਣ ਕੱਛ ਅਵਤਾਰ ਦਾ ਕਥਨ:
ਭੁਜੰਗ ਪ੍ਰਯਾਤ ਛੰਦ:
ਦੇਵਤਿਆਂ ਨੂੰ ਰਾਜ ਕਰਦਿਆਂ ਕੁਝ ਸਮਾਂ ਬਤੀਤ ਹੋ ਗਿਆ।
ਸਭ ਪ੍ਰਕਾਰ ਦੇ ਸ਼ੁਭ ਸਾਮਾਨ ਨਾਲ ਰਾਜ-ਮਹੱਲ ਭਰ ਗਿਆ।
(ਪਰ ਅਜੇ) ਹਾਥੀ, ਘੋੜੇ, ਬੀਨ ਆਦਿ ਰਤਨਾਂ ਤੋਂ (ਦੇਵਤੇ) ਵਾਂਝੇ ਹਨ,
ਇਹ ਸੁੰਦਰ ਵਿਚਾਰ ਵਿਸ਼ਣੂ ਨੇ ਆਪਣੇ ਮਨ ਵਿਚ ਕੀਤਾ ॥੧॥
ਵਿਸ਼ਣੂ (ਪੁਰਿੰਦਰ) ਨੇ ਸਾਰੇ ਦੇਵਤੇ ਇਕੱਠੇ ਕੀਤੇ
ਸੂਰਜ, ਚੰਦ੍ਰਮਾ, ਉਪੇਂਦਰ ਆਦਿ।
ਸੰਸਾਰ ਵਿਚ ਜੋ ਹੰਕਾਰੀ ਦੈਂਤ ਸਨ,
(ਉਹ ਵੀ) ਭਰਾਪਣੇ ਦੇ ਭਾਵ ਨੂੰ ਵਿਚਾਰ ਕੇ ਇਕੱਠੇ ਹੋ ਗਏ ॥੨॥
(ਸਮੁੰਦਰ ਮੱਥਣ ਤੋਂ ਪਹਿਲਾਂ) ਨੀਅਤ ਕਰ ਲਿਆ (ਕਿ ਸਮੁੰਦਰ ਰਿੜਕਣ ਤੇ ਜੋ ਨਿਕਲਿਆ, ਉਹ) ਦੋਵੇਂ (ਦੇਵਤੇ ਅਤੇ ਦੈਂਤ) ਅੱਧਾ ਅੱਧਾ ਵੰਡ ਲੈਣਗੇ।
ਸਭ ਨੇ (ਇਹ) ਗੱਲ ਮੰਨ ਲਈ ਅਤੇ ਇਸੇ ਅਨੁਸਾਰ ਕੰਮ ਕੀਤਾ।
ਮੰਦਰਾਚਲ ਪਰਬਤ ਨੂੰ ਮਧਾਣੀ ਬਣਾ ਲਿਆ
ਅਤੇ ਦੇਵਤੇ ਅਤੇ ਦੈਂਤ ਛੀਰ ਸਮੁੰਦਰ ਉਤੇ ਜਾ ਪਹੁੰਚੇ ॥੩॥
ਛੀਰ ਸਮੁੰਦਰ ਵਿਚ (ਮੰਦਰਾਚਲ ਪਰਬਤ ਦੀ ਮਧਾਣੀ ਨੂੰ ਹਿਲਾਉਣ ਲਈ) ਬਾਸਕ ਨਾਗ ਨੂੰ ਨੇਤਰਾ ਬਣਾਇਆ।
ਅੱਧਾ ਅੱਧਾ ਵੰਡ ਕੇ ਦੋਵੇਂ (ਸਮੁੰਦਰ ਨੂੰ) ਰਿੜਕਣ ਲਗੇ।
ਸਿਰ ਵਾਲੇ ਪਾਸਿਓਂ ਦੈਂਤ ਲਗੇ ਅਤੇ ਦੇਵਤਿਆਂ ਨੇ ਪੂਛਲ ਪਕੜੀ।
ਛੀਰ ਸਮੁੰਦਰ (ਨੂੰ ਇਉਂ) ਰਿੜਕਿਆ, ਮਾਨੋ ਮਟਕੀ ਨੂੰ (ਰਿੜਕਿਆ ਜਾ ਰਿਹਾ ਹੋਵੇ) ॥੪॥
ਅਜਿਹਾ ਦੂਜਾ ਕੌਣ ਹੈ ਜੋ ਪਰਬਤ ਦਾ ਭਾਰ ਸਹਾਰੇ?
ਸਾਰੇ ਦੈਂਤ ਅਤੇ ਦੇਵਤੇ (ਭਾਰ ਨਾਲ) ਕੰਬਣ ਲਗ ਗਏ।
ਤਦੋਂ ਵਿਸ਼ਣੂ ਨੇ ਆਪ ਹੀ ਵਿਚਾਰ ਕੀਤਾ (ਕਿ ਕਿਤੇ ਪਰਬਤ ਡੁਬ ਨਾ ਜਾਏ)
ਕੱਛਪ (ਕਛੂ) ਦਾ ਰੂਪ ਧਾਰ ਕੇ ਪਰਬਤ ਦੇ ਹੇਠਾਂ ਹੋ ਗਿਆ ॥੫॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਦੂਜੇ ਕੱਛ ਅਵਤਾਰ ਦਾ ਵਰਣਨ ਸਮਾਪਤ ਹੋਇਆ, ਸਭ ਸ਼ੁਭ ਹੈ ॥੨॥
ਹੁਣ ਛੀਰ ਸਮੁੰਦਰ ਦਾ ਮੰਥਨ ਅਤੇ ਚੌਦਾਂ ਰਤਨਾਂ ਦਾ ਕਥਨ:
ਸ੍ਰੀ ਭਗਉਤੀ ਜੀ ਸਹਾਇ:
ਤੋਟਕ ਛੰਦ:
ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ।
(ਉਸ ਬ੍ਰਿੱਤਾਂਤ ਨੂੰ) ਸ਼ਿਆਮ ਕਵੀ ਨੇ ਕਵਿਤਾ ਵਿਚ ਕਥਨ ਕੀਤਾ।
ਤਦੋਂ ਚੌਦਾਂ ਰਤਨ ਇਸ ਪ੍ਰਕਾਰ ਨਿਕਲੇ,
ਜਿਵੇਂ ਕਾਲੀ ਰਾਤ ਵਿਚ ਚੰਦ੍ਰਮਾ ਪ੍ਰਕਾਸ਼ਮਾਨ ਹੁੰਦਾ ਹੈ ॥੧॥
ਦੈਂਤ (ਅਮਰਾਂਤਕ) (ਬਾਸਕ ਨਾਗ ਦੇ) ਸਿਰ ਵਾਲੇ ਪਾਸੇ ਹੋਏ।
ਦੂਜੇ ਪਾਸੇ ਦੇਵਤਿਆਂ ਨੇ ਮਿਲ ਕੇ ਪੂਛ ਪਕੜੀ।
(ਜੋ) ਰਤਨ ਨਿਕਲੇ (ਉਹ) ਚੰਦ੍ਰਮਾ ਵਾਂਗ ਪ੍ਰਕਾਸ਼ਮਾਨ ਹੋਏ
(ਅਤੇ ਸਾਰੇ ਖੁਸ਼ ਹੋਏ) ਮਾਨੋ ਅੰਮ੍ਰਿਤ ਰਸ ਦੇ ਘੁਟ ਪੀਤੇ ਹੋਣ ॥੨॥
(ਸਭ ਤੋਂ ਪਹਿਲਾਂ) ਸੁੱਧ ਚਿੱਟੇ ਰੰਗ ਦਾ ਧਨੁਸ਼ ਬਾਣ ਨਿਕਲਿਆ।