ਚੌਪਈ:
(ਉਸ) ਵੇਸਵਾ ਨੇ ਬਹੁਤ ਚਰਿਤ੍ਰ ਬਣਾਏ।
ਬਹੁਤ ਤਰ੍ਹਾਂ ਦੇ ਹਾਵ-ਭਾਵ ਵਿਖਾਏ।
ਬਹੁਤ ਤਰ੍ਹਾਂ ਦੇ ਜੰਤ੍ਰ ਮੰਤ੍ਰ ਤੰਤ੍ਰ ਕੀਤੇ।
(ਪਰ) ਕਿਸੇ ਤਰ੍ਹਾਂ ਵੀ ਰਾਜੇ ਨੂੰ (ਆਪਣੇ) ਹੱਥ ਵਿਚ ਨਾ ਕਰ ਸਕੀ ॥੩੦॥
ਅੜਿਲ:
ਉਹ ਵੇਹੜੇ ਵਿਚ ਜਾ ਕੇ 'ਚੋਰ ਚੋਰ' ਕਹਿਣ ਲਗ ਪਈ।
ਉਹ ਰਾਜੇ ਨੂੰ ਮਿਲਣ ਲਈ ਡਰਾਉਣ ਲਗੀ।
(ਉਸ) ਇਸਤਰੀ ਨੇ ਆ ਕੇ ਫਿਰ ਕਿਹਾ (ਕਿ ਮੇਰੀ) ਗੱਲ ਸੁਣ ਲਵੋ।
(ਮੈਂ) ਹੁਣੇ ਤੈਨੂੰ ਬੰਨ੍ਹਵਾ ਦਿਆਂਗੀ ਜਾਂ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੩੧॥
'ਚੋਰ ਚੋਰ' ਦੇ ਬੋਲ ਸੁਣ ਲੋਕੀਂ ਆ ਪਹੁੰਚੇ।
ਉਨ੍ਹਾਂ ਪ੍ਰਤਿ (ਇਸਤਰੀ ਨੇ) ਕਿਹਾ ਕਿ (ਮੈਂ) ਸੁਤੀ ਹੋਈ ਉਠ ਕੇ ਬਰੜਾਉਣ ਲਗ ਪਈ ਸਾਂ।
ਉਨ੍ਹਾਂ ਦੇ ਘਰੀਂ ਜਾਣ ਤੇ, (ਇਸਤਰੀ ਨੇ) ਮਿਤਰ ਦਾ ਹੱਥ ਪਕੜ ਕੇ ਕਿਹਾ,
ਜਾਂ ਤਾਂ (ਮੈਂ) ਤੈਨੂੰ ਹੁਣੇ ਬੰਨ੍ਹਵਾਉਂਦੀ ਹਾਂ, ਜਾਂ ਮੇਰੇ ਨਾਲ ਕਾਮ-ਕ੍ਰੀੜਾ ਕਰੋ ॥੩੨॥
ਦੋਹਰਾ:
ਤਦ ਰਾਜੇ ਨੇ ਚਿਤ ਵਿਚ ਇਸ ਤਰ੍ਹਾਂ ਵਿਚਾਰ ਕੀਤਾ
ਕਿ ਮੰਤ੍ਰ ਦਾ ਸਾਰ ਇਹ ਹੈ ਕਿ (ਇਸ ਨਾਲ ਕੋਈ) ਚਰਿਤ੍ਰ ਖੇਡ ਕੇ ਨਿਕਲਿਆ ਜਾਏ ॥੩੩॥
(ਜੇ ਮੈਂ) ਭਜਦਾ ਹਾਂ ਤਾਂ ਇਜ਼ਤ ਜਾਂਦੀ ਹੈ। (ਅਤੇ) ਕ੍ਰਾਮ-ਕ੍ਰੀੜਾ ਕਰਨ ਨਾਲ ਧਰਮ ਜਾਂਦਾ ਹੈ।
ਦੋਵੇਂ ਗੱਲਾਂ ਕਰ ਕੇ ਕਠਿਨ ਸਥਿਤੀ ਬਣ ਗਈ ਹੈ, ਹੁਣ ਪਰਮਾਤਮਾ ਹੀ ਮੱਦਦ ਕਰੇ ॥੩੪॥
(ਰਾਜਾ ਸੋਚਣ ਲਗਾ ਕਿ) ਜੇ ਇਸ ਤੋਂ ਪੁੱਤਰ ਹੋਵੇਗਾ ਤਾਂ ਉਹ ਭੰਡ ਬਣੇਗਾ (ਅਤੇ ਜੇ) ਪੁੱਤਰੀ ਹੋਏਗੀ ਤਾਂ ਵੇਸਵਾ ਬਣੇਗੀ।
ਕਾਮ-ਕ੍ਰੀੜਾ ਕਰਨ ਤੇ ਧਰਮ ਜਾਂਦਾ ਹੈ ਅਤੇ ਦੌੜਨ ਨਾਲ ਉਹ ਬੰਨ੍ਹਵਾ ਦੇਵੇਗੀ ॥੩੫॥
ਚੌਪਈ:
(ਰਾਜੇ ਨੇ) ਕਿਹਾ, ਹੇ ਪ੍ਰਿਯਾ! ਮੇਰੀ ਗੱਲ ਸੁਣ।
ਮੈਂ ਤਾਂ ਤੇਰੀ ਪ੍ਰੀਤ ਵੇਖ ਰਿਹਾ ਸਾਂ।
(ਜੇ) ਤੇਰੇ ਵਰਗੀ ਸੁੰਦਰ ਇਸਤਰੀ ਹੱਥ ਲਗੇ,
(ਤਾਂ) ਜੋ ਛਡ ਦੇਵੇ, ਉਹ ਵੱਡਾ ਮੂਰਖ ਹੈ ॥੩੬॥
ਦੋਹਰਾ:
ਤੇਰੇ ਵਰਗੀ ਰੂਪਵਾਨ ਇਸਤਰੀ ਜੇ ਹੱਥ ਵਿਚ ਆ ਜਾਏ,
ਉਸ ਨੂੰ ਤਿਆਗਣ ਦਾ (ਜੋ) ਮਨ ਵਿਚ (ਵਿਚਾਰ ਕਰੇ) ਤਾਂ ਉਸ ਦਾ ਜਨਮ ਲੈਣਾ ਹੀ ਲੱਜਾ ਦੀ ਗੱਲ ਹੈ ॥੩੭॥
(ਤੂੰ) ਬਹੁਤ ਸਾਰੀ ਪੋਸਤ, ਭੰਗ, ਅਫ਼ੀਮ ਤੁਰਤ ਮੰਗਵਾ ਲੈ।
ਹਿਰਦੇ ਵਿਚ ਪ੍ਰਸੰਨ ਹੋ ਕੇ ਮੈਨੂੰ ਆਪਣੇ ਹੱਥ ਨਾਲ (ਭੰਗ ਆਦਿ) ਪਿਲਾ ਦੇ ॥੩੮॥
ਤੂੰ ਬਹੁਤ ਅਧਿਕ ਸ਼ਰਾਬ ਪੀ ਅਤੇ ਮੈਨੂੰ ਭੰਗ ਪਿਵਾ।
(ਤਾਂ ਜੋ ਮੈਂ) ਤੇਰੇ ਨਾਲ ਚਾਰ ਪਹਿਰ ਤਕ ਕਾਮ-ਕ੍ਰੀੜਾ ਕਰ ਸਕਾਂ ॥੩੯॥
ਚੌਪਈ:
(ਉਹ) ਅਨਜਾਣ (ਇਸਤਰੀ) ਇਹ ਗੱਲ ਸੁਣ ਕੇ ਫੁਲ ਗਈ।
(ਉਸ ਨੇ) ਭੇਦ ਅਤੇ ਅਭੇਦ ਦੀ ਗੱਲ ਨਾ ਸਮਝੀ।
ਉਸ ਨੇ ਮਨ ਵਿਚ ਅਧਿਕ ਪ੍ਰਸੰਨ ਹੋ ਕੇ
ਉਹ ਨਸ਼ੇ (ਜੋ ਰਾਜੇ ਨੇ) ਕਹੇ ਸਨ, ਤੁਰਤ ਮੰਗਵਾ ਲਏ ॥੪੦॥
ਦੋਹਰਾ:
ਪੋਸਤ, ਭੰਗ, ਅਫ਼ੀਮ ਅਤੇ ਬਹੁਤ ਸੰਘਣੀ ਭੰਗ ਘੁਟਵਾ ਕੇ
ਅਤੇ ਸੱਤ ਵਾਰ ਕੱਢੀ ਹੋਈ ਸ਼ਰਾਬ ਤੁਰਤ (ਉਸ) ਇਸਤਰੀ ਨੇ ਲਿਆ ਦਿੱਤੀ ॥੪੧॥
ਅੜਿਲ:
ਰਾਜੇ ਨੇ ਤਦ ਚਿਤ ਵਿਚ ਵਿਚਾਰ ਕੀਤਾ।
ਇਸ ਨਾਲ ਅਜ ਕਾਮ-ਕ੍ਰੀੜਾ ਨਹੀਂ ਕਰਾਂਗਾ, ਇਹੀ ਮੰਤ੍ਰ ਦਾ ਸਾਰ ਹੈ।
ਇਸ ਨੂੰ ਬਹੁਤ ਅਧਿਕ ਮਸਤ ਕਰ ਕੇ ਅਤੇ ਮੰਜੀ ਉਤੇ ਪਾ ਕੇ
(ਆਪਣਾ) ਧਰਮ ਸੰਭਾਲ ਕੇ ਭਜਾਂਗਾ ਅਤੇ ਇਸ ਨੂੰ ਸੱਠ ਮੋਹਰਾਂ (ਦੇ ਜਾਵਾਂਗਾ) ॥੪੨॥
ਦੋਹਰਾ:
(ਇਹ) ਪ੍ਰੇਮ ਦੀ ਰੀਤ ਨੂੰ ਨਹੀਂ ਸਮਝਦੀ, (ਇਸ ਨੂੰ) ਪੈਸਿਆਂ ਵਿਚ ਹੀ ਵਿਸ਼ਵਾਸ ਹੈ।
ਬਿਛੂ, ਸੱਪ ਅਤੇ ਵੇਸਵਾ ਦਸੋ, ਭਲਾ ਕਿਸ ਦੇ ਮਿਤਰ ਹਨ ॥੪੩॥
(ਰਾਜੇ ਨੇ) ਬਹੁਤ ਆਨੰਦ ਵਧਾ ਕੇ ਉਸ ਨੂੰ ਬਹੁਤ ਸ਼ਰਾਬ ਪਿਲਾ ਦਿੱਤੀ
ਅਤੇ ਆਪ ਭਜਣ ਲਈ ਉਸ ਨੂੰ ਮਦ-ਮਸਤ ਕਰ ਕੇ ਮੰਜੇ ਉਤੇ ਸੁਆ ਦਿੱਤਾ ॥੪੪॥
(ਰਾਜੇ ਨੇ) ਆਪਣੇ ਹੱਥ ਨਾਲ ਪਿਆਲੇ ਵਿਚ ਪਾ ਕੇ ਸ਼ਰਾਬ ਪਿਲਾਈ
ਅਤੇ ਇਸ ਛਲ ਨਾਲ ਉਸ ਨੂੰ ਮਸਤ ਕਰ ਕੇ ਮੰਜੇ ਉਤੇ ਸੁਆ ਦਿੱਤਾ ॥੪੫॥
ਅੜਿਲ:
ਉਸ ਨੂੰ (ਰਾਜੇ ਨੇ) ਆਪਣੇ ਹੱਥ ਨਾਲ ਭਰ ਭਰ ਕੇ ਪਿਆਲੇ ਪਿਲਾਏ।
(ਉਸ) ਵੇਸਵਾ ਨਾਲ ਬਹੁਤ ਪ੍ਰੇਮ ਜਤਾਇਆ।
(ਜਦੋਂ ਉਹ) ਮਸਤ ਹੋ ਕੇ ਸੌਂ ਗਈ, ਤਦ (ਰਾਜੇ ਨੇ) ਇੰਜ ਕੀਤਾ
ਕਿ ਉਸ ਨੂੰ ਸਠ ਮੋਹਰਾਂ ਦੇ ਕੇ ਆਪ ਭਜਣ ਦਾ ਰਸਤਾ ਪਕੜਿਆ ॥੪੬॥
ਜੇ ਕੋਈ (ਇਸਤਰੀ) ਤੁਹਾਡੇ ਨਾਲ ਹਿਤ ਕਰੇ, (ਤਾਂ) ਤੁਸੀਂ ਉਸ ਨਾਲ ਨਾ ਕਰੋ।
ਜੇ (ਉਹ) ਤੁਹਾਡੇ ਰਸ ਵਿਚ ਮਗਨ ਹੋ ਜਾਏ (ਤਾਂ) ਤੁਸੀਂ ਉਸ ਦੇ ਰਸ ਵਿਚ ਗ਼ਰਕ ਨਾ ਹੋਵੋ।
ਜਿਸ (ਇਸਤਰੀ) ਦੇ ਚਿਤ ਦੀ ਗੱਲ ਤੁਸੀਂ ਨਹੀਂ ਸਮਝ ਸਕਦੇ,
(ਤਾਂ) ਉਸ ਨੂੰ ਆਪਣੇ ਚਿਤ ਦਾ ਭੇਦ ਬਿਲਕੁਲ ਨਾ ਦਸੋ ॥੪੭॥
ਦੋਹਰਾ:
ਉਸ ਇਸਤਰੀ ਨੂੰ ਬੇਹੋਸ਼ ਕਰ ਕੇ ਅਤੇ ਸੱਠ ਮੋਹਰਾਂ ਦੇ ਕੇ ਰਾਜਾ ਭਜ ਗਿਆ
ਅਤੇ ਆਪਣੇ ਘਰ ਵਿਚ ਆ ਗਿਆ, ਉਸ ਨੂੰ ਕਿਸੇ ਨੇ ਵੀ ਨਾ ਵੇਖਿਆ ॥੪੮॥
ਅੜਿਲ:
ਤਦ ਰਾਜੇ ਨੇ ਘਰ ਪਹੁੰਚ ਕੇ ਇਸ ਤਰ੍ਹਾਂ ਪ੍ਰਣ ਕੀਤਾ
ਕਿ ਮੈਂ ਹੁਣ ਚੰਗੇ ਯਤਨ ਨਾਲ ਆਪਣਾ ਧਰਮ ਬਚਾ ਲਿਆ ਹੈ।
(ਹੁਣ ਮੈਂ) ਦੇਸ ਦੇਸਾਂਤਰਾਂ ਵਿਚ ਆਪਣੇ ਪ੍ਰਭੂ ਦੀ ਪ੍ਰਭੁਤਾ ਨੂੰ ਪ੍ਰਸਾਰਾਂਗਾ
ਅਤੇ ਪਰਾਈ ਇਸਤਰੀ ਨੂੰ ਫਿਰ ਕਦੇ ਵੀ ਨਹੀਂ ਵੇਖਾਂਗਾ ॥੪੯॥
ਦੋਹਰਾ:
ਉਸ ਦਿਨ ਦੀ ਉਹ ਪ੍ਰਤਿਗਿਆ ਮੇਰੇ ਮਨ ਵਿਚ ਵਿਆਪਤ ਹੈ।