ਤੂੰ ਦੁਸ਼ਟਾਂ ਦਾ ਸੰਘਾਰਕ ਹੈਂ ॥੧੮੦॥
(ਹੇ ਪ੍ਰਭੂ!) ਤੂੰ ਸ੍ਰਿਸ਼ਟੀ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ,
ਤੂੰ ਕ੍ਰਿਪਾ (ਕਰੁਣਾ) ਦਾ ਘਰ ਹੈਂ,
ਤੂੰ ਰਾਜਿਆਂ ਦਾ ਸੁਆਮੀ ਹੈਂ,
ਤੂੰ ਸਭ ਨੂੰ ਪਾਲਣ ਵਾਲਾ (ਰਖਿਅਕ) ਹੈਂ ॥੧੮੧॥
(ਹੇ ਪ੍ਰਭੂ!) ਤੂੰ ਜਨਮ-ਮਰਨ ਦੇ ਚੱਕਰ ਨੂੰ ਨਸ਼ਟ ਕਰਨ ਵਾਲਾ ਹੈਂ,
ਤੂੰ ਵੈਰੀਆਂ ਨੂੰ ਮਾਰਨ ਵਾਲਾ ਹੈਂ,
ਤੂੰ ਦੁਸ਼ਮਣਾਂ ਨੂੰ ਦੁਖ ਦੇਣ ਵਾਲਾ ਹੈ,
ਤੂੰ ਖੁਦ ਆਪਣਾ ਜਪ ਜਪਾਉਣ ਵਾਲਾ ਵੀ ਹੈਂ ॥੧੮੨॥
(ਹੇ ਪ੍ਰਭੂ!) ਤੂੰ ਕਲੰਕ-ਰਹਿਤ ਹੈਂ,
ਤੂੰ ਸਭ ਦਾ ਕਰਤਾ ਹੈ,
ਤੂੰ ਕਰਤਿਆਂ ਦਾ ਵੀ ਕਰਤਾ ਹੈਂ,
ਤੂੰ ਮਾਰਨ ਵਾਲਿਆਂ ਦਾ ਵੀ ਮਾਰਨ ਵਾਲਾ ਹੈਂ ॥੧੮੩॥
(ਹੇ ਪ੍ਰਭੂ!) ਤੂੰ ਪਾਰਬ੍ਰਹਮ ਹੈਂ,
ਤੂੰ ਸਭ ਦੀ ਆਤਮਾ (ਜਾਂ ਸਭ ਵਿਚ ਵਿਆਪਤ) ਹੈਂ,
ਤੂੰ ਆਪਣੇ ਹੀ ਵਸ ਵਿਚ ਹੈਂ,
ਤੂੰ ਯਸ਼ਾਂ ਦਾ ਵੀ ਯਸ਼ ਹੈਂ ॥੧੮੪॥
ਭੁਜੰਗ ਪ੍ਰਯਾਤ ਛੰਦ:
ਹੇ ਸੂਰਜਾਂ ਦੇ ਸੂਰਜ! (ਤੈਨੂੰ) ਨਮਸਕਾਰ ਹੈ; ਹੇ ਚੰਦ੍ਰਮਿਆਂ ਦੇ ਚੰਦ੍ਰਮਾ! (ਤੈਨੂੰ) ਨਮਸਕਾਰ ਹੈ;
ਹੇ ਰਾਜਿਆਂ ਦੇ ਰਾਜੇ! (ਤੈਨੂੰ) ਨਮਸਕਾਰ ਹੈ; ਹੇ ਇੰਦਰਾਂ ਦੇ ਇੰਦਰ! (ਤੈਨੂੰ) ਨਮਸਕਾਰ ਹੈ;
ਹੇ ਅੰਧਕਾਰ ਸਰੂਪ! (ਤੈਨੂੰ) ਨਮਸਕਾਰ ਹੈ; ਹੇ ਤੇਜਾਂ ਦੇ ਤੇਜ! (ਤੈਨੂੰ) ਨਮਸਕਾਰ ਹੈ;
ਹੇ ਸਮੂਹਾਂ ਦੇ ਸਮੂਹ! (ਤੈਨੂੰ) ਨਮਸਕਾਰ ਹੈ; ਹੇ (ਸੂਖਮ) ਬੀਜਾਂ ਦੇ ਬੀਜ! (ਤੈਨੂੰ) ਨਮਸਕਾਰ ਹੈ ॥੧੮੫॥
ਹੇ ਰਜੋ, ਤਮੋ ਅਤੇ ਸਤੋ ਰੂਪ! (ਤੈਨੂੰ) ਨਮਸਕਾਰ ਹੈ;
ਹੇ ਪਰਮ ਤੱਤ੍ਵ ਅਤੇ ਪੰਜ ਤੱਤ੍ਵਾਂ ਤੋਂ ਰਹਿਤ ਸਰੂਪ ਵਾਲੇ! (ਤੈਨੂੰ) ਨਮਸਕਾਰ ਹੈ;
ਹੇ ਜੋਗਾਂ ਦੇ ਵੀ ਜੋਗ! (ਤੈਨੂੰ) ਨਮਸਕਾਰ ਹੈ; ਹੇ ਗਿਆਨਾਂ ਦੇ ਵੀ ਗਿਆਨ! (ਤੈਨੂੰ) ਨਮਸਕਾਰ ਹੈ,
ਹੇ ਮੰਤ੍ਰਾਂ ਦੇ ਵੀ ਮੰਤ੍ਰ! (ਤੈਨੂੰ) ਨਮਸਕਾਰ ਹੈ; ਹੇ ਧਿਆਨਾਂ ਦੇ ਵੀ ਧਿਆਨ! (ਤੈਨੂੰ) ਨਮਸਕਾਰ ਹੈ ॥੧੮੬॥
ਹੇ ਯੁੱਧਾਂ ਦੇ ਯੁੱਧ! (ਤੈਨੂੰ) ਨਮਸਕਾਰ ਹੈ; ਹੇ ਗਿਆਨਾਂ ਦੇ ਵੀ ਗਿਆਨ! (ਤੈਨੂੰ) ਨਮਸਕਾਰ ਹੈ;
ਹੇ ਭੋਜਾਂ ਦੇ ਵੀ ਭੋਜ! (ਤੈਨੂੰ) ਨਮਸਕਾਰ ਹੈ; ਤੇ ਪੇਯਾਂ (ਪੀਣਯੋਗ ਪਦਾਰਥ) ਦੇ ਪੇਯ! (ਤੈਨੂੰ) ਨਮਸਕਾਰ ਹੈ;
ਹੇ ਕਲਹ ਦੇ ਕਾਰਨ ਸਰੂਪ! (ਤੈਨੂੰ) ਨਮਸਕਾਰ ਹੈ; ਹੇ ਸ਼ਾਂਤੀ-ਸਰੂਪ! (ਤੈਨੂੰ) ਨਮਸਕਾਰ ਹੈ;
ਹੇ ਇੰਦਰਾਂ ਦੇ ਵੀ ਇੰਦਰ, (ਤੈਨੂੰ) ਨਮਸਕਾਰ ਹੈ; ਹੇ ਆਦਿ-ਰਹਿਤ ਸੰਪੱਤੀ ਵਾਲੇ! (ਤੈਨੂੰ ਨਮਸਕਾਰ ਹੈ) ॥੧੮੭॥
ਹੇ ਦੋਸ਼ਾਂ ਤੋਂ ਮੁਕਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ) ਹੇ ਸ਼ਿੰਗਾਰਾਂ ਦੇ ਵੀ ਸ਼ਿੰਗਾਰ! (ਤੈਨੂੰ ਨਮਸਕਾਰ ਹੈ);
ਹੇ ਮੁਖਾਂ ਦੇ ਵੀ ਮੁਖ (ਜਾਂ ਆਸ਼ਾਵਾਂ ਦੇ ਵੀ ਆਸ਼ਯ); (ਤੈਨੂੰ) ਨਮਸਕਾਰ ਹੈ; ਹੇ ਬਾਣੀ ('ਬਾਕ') ਦੇ ਵੀ ਸ਼ਿੰਗਾਰ! (ਤੈਨੂੰ) ਨਮਸਕਾਰ ਹੈ।
ਹੇ ਨਾਸ਼-ਰਹਿਤ ਰੂਪ ਵਾਲੇ! ਹੇ ਨਿਰਾਕਾਰ ਅਤੇ ਨਾਮ-ਰਹਿਤ ਰੂਪ ਵਾਲੇ! (ਤੈਨੂੰ ਨਮਸਕਾਰ ਹੈ);
ਹੇ ਤਿੰਨਾਂ ਲੋਕਾਂ ਨੂੰ ਤਿੰਨਾਂ ਕਾਲਾਂ ਵਿਚ ਨਸ਼ਟ ਕਰਨ ਵਾਲੇ! ਹੇ ਦੇਹ-ਰਹਿਤ! ਹੇ ਕਾਮਨਾਵਾਂ ਤੋਂ ਮੁਕਤ! (ਤੈਨੂੰ ਨਮਸਕਾਰ ਹੈ) ॥੧੮੮॥
ਏਕ ਅਛਰੀ ਛੰਦ:
(ਹੇ ਪ੍ਰਭੂ! ਤੂੰ) ਅਜਿਤ,
ਅਵਿਨਾਸ਼ੀ,
ਨਿਰਭੈ
ਅਤੇ ਕਾਲ ਦੇ ਪ੍ਰਭਾਵ ਤੋਂ ਪਰੇ ਹੈਂ ॥੧੮੯॥
(ਹੇ ਪ੍ਰਭੂ! ਤੂੰ) ਅਜਨਮਾ,
ਅਜੂਨੀ,
ਨਾਸ਼-ਰਹਿਤ,
ਸੋਗ ('ਕਾਸ') ਰਹਿਤ ਹੈਂ ॥੧੯੦॥
(ਹੇ ਪ੍ਰਭੂ! ਤੂੰ) ਨਾ ਨਸ਼ਟ ਹੋਣ ਵਾਲਾ,
ਨਾ ਟੁੱਟਣ ਵਾਲਾ,
ਨਾ ਜਾਣਿਆ ਜਾ ਸਕਣ ਵਾਲਾ
ਅਤੇ ਖਾਣ ਦੀ ਲੋੜ ਤੋਂ ਮੁਕਤ ਹੈਂ ॥੧੯੧॥
(ਹੇ ਪ੍ਰਭੂ! ਤੂੰ) ਕਾਲ-ਰਹਿਤ,
ਦਿਆਲੂ,
ਲੇਖੇ ਤੋਂ ਰਹਿਤ
ਅਤੇ ਭੇਖ ਤੋਂ ਰਹਿਤ ਹੈਂ ॥੧੯੨॥
(ਹੇ ਪ੍ਰਭੂ! ਤੂੰ) ਨਾਮ-ਰਹਿਤ,
ਕਾਮਨਾ-ਰਹਿਤ,
ਥਾਹ-ਰਹਿਤ
ਅਤੇ ਅਪਰ ਅਪਾਰ ਹੈਂ ॥੧੯੩॥
(ਹੇ ਪ੍ਰਭੂ! ਤੂੰ) ਸੁਆਮੀ-ਰਹਿਤ,
ਨਾਸ਼ਕ-ਰਹਿਤ,
ਜੂਨ-ਰਹਿਤ
ਅਤੇ ਮੋਨ-ਰਹਿਤ ਹੈਂ ॥੧੯੪॥
(ਹੇ ਪ੍ਰਭੂ! ਤੂੰ) ਮੋਹ-ਰਹਿਤ,
ਰੰਗ-
ਰੂਪ-
ਰੇਖ ਤੋਂ ਪਰੇ ਹੈਂ ॥੧੯੫॥
(ਹੇ ਪ੍ਰਭੂ! ਤੂੰ) ਕਰਮਾਂ
ਅਤੇ ਭਰਮਾਂ ਤੋਂ ਰਹਿਤ ਹੈਂ,
ਨਾਸ਼
ਅਤੇ ਲੇਖੇ ਤੋਂ ਪਰੇ ਹੈਂ ॥੧੯੬॥
ਭੁਜੰਗ ਪ੍ਰਯਾਤ ਛੰਦ:
ਸਭਨਾਂ ਦੁਆਰਾ ਨਮਸਕਾਰੇ ਜਾਣ ਵਾਲੇ (ਉਸ ਪ੍ਰਭੂ ਨੂੰ) ਮੇਰਾ ਪ੍ਰਨਾਮ ਹੈ, ਜੋ ਸਭ ਦਾ ਸੰਘਾਰਕ ਹੈ, ਨਾਸ਼ ਤੋਂ ਪਰੇ ਹੈ,
ਨਾਮ ਤੋਂ ਰਹਿਤ ਹੈ ਅਤੇ ਸਭ ਵਿਚ ਵਸਦਾ ਹੈ।
ਕਾਮਨਾਵਾਂ ਤੋਂ ਰਹਿਤ ਸੰਪੱਤੀ ਵਾਲੇ ਅਤੇ ਸਾਰਿਆਂ ਦੇ ਸਰੂਪ ਵਾਲੇ (ਪ੍ਰਭੂ ਨੂੰ ਮੇਰਾ ਪ੍ਰਨਾਮ ਹੈ)।
ਉਹ ਕੁਕਰਮਾਂ ਨੂੰ ਨਸ਼ਟ ਕਰਨ ਵਾਲਾ ਅਤੇ ਸ਼ੁਭ ਧਰਮ ਨੂੰ ਸੁਸਜਿਤ ਕਰਨ ਵਾਲਾ ਹੈ ॥੧੯੭॥
(ਹੇ ਪ੍ਰਭੂ! ਤੂੰ) ਸਦਾ ਚੇਤਨ ਅਤੇ ਆਨੰਦ-ਸਰੂਪ ਹੈਂ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਂ।
(ਤੂੰ) ਮਿਹਰ ਕਰਨ ਵਾਲਾ, ਕਰਨਹਾਰ ਅਤੇ ਸਭ ਵਿਚ ਨਿਵਾਸ ਕਰਨ ਵਾਲਾ ਹੈਂ।
(ਤੂੰ) ਅਦਭੁਤ ਸੰਪੱਤੀ ਵਾਲਾ, ਦੁਸ਼ਮਣਾਂ ਉਤੇ ਕਹਿਰ ਢਾਉਣ ਵਾਲਾ,
ਨਾਸ਼ ਕਰਨ ਵਾਲਾ, ਸਿਰਜਨ ਵਾਲਾ, ਕ੍ਰਿਪਾ ਕਰਨ ਵਾਲਾ ਅਤੇ ਦਇਆ ਕਰਨ ਵਾਲਾ ਹੈਂ ॥੧੯੮॥
ਚੌਹਾਂ ਚੱਕਾਂ ਵਿਚ ਵਿਚਰਨ ਵਾਲਾ, ਚੌਹਾਂ ਚੱਕਾਂ ਨੂੰ ਭੋਗਣ ਵਾਲਾ,
ਆਪਣੇ ਆਪ ਸ਼ੋਭਾਇਮਾਨ ਹੋਣ ਵਾਲਾ, ਸਦਾ ਹੀ ਸਭ ਨਾਲ ਸੰਯੁਕਤ ਰਹਿਣ ਵਾਲਾ ਹੈਂ;
ਬੁਰੇ ਸਮੇਂ ਨੂੰ ਨਸ਼ਟ ਕਰਨ ਵਾਲਾ ਅਤੇ ਦਿਆਲੂ ਸਰੂਪ ਵਾਲਾ ਹੈਂ;
(ਤੂੰ) ਸਦਾ ਅੰਗ-ਸੰਗ ਰਹਿੰਦਾ ਹੈਂ ਅਤੇ ਨਾ ਨਸ਼ਟ ਹੋਣ ਵਾਲੀ ਸੰਪੱਤੀ ਬਖ਼ਸ਼ਦਾ ਹੈਂ ॥੧੯੯॥