ਸ਼੍ਰੀ ਦਸਮ ਗ੍ਰੰਥ

ਅੰਗ - 1141


ਯੌ ਕਹਿ ਬੇਸ੍ਵਾ ਬਚਨ ਨ੍ਰਿਪਹਿ ਤਹ ਕੋ ਗਈ ॥

ਇਹ ਗੱਲ ਰਾਜੇ ਨੂੰ ਕਹਿ ਕੇ ਵੇਸਵਾ ਉਧਰ ਨੂੰ ਗਈ

ਸਿਰੀ ਨਗਰ ਕੇ ਸਹਰ ਬਿਖੈ ਆਵਤ ਭਈ ॥

ਅਤੇ ਸ੍ਰੀ ਨਗਰ ਸ਼ਹਿਰ ਵਿਚ ਆ ਪਹੁੰਚੀ।

ਹਾਵ ਭਾਵ ਬਹੁ ਭਾਤਿ ਦਿਖਾਏ ਆਨਿ ਕੈ ॥

(ਉਸ ਨੇ) ਆ ਕੇ ਬਹੁਤ ਹਾਵ ਭਾਵ ਵਿਖਾਏ

ਹੋ ਭਜ੍ਯੋ ਮੇਦਨੀ ਸਾਹ ਅਧਿਕ ਰੁਚਿ ਮਾਨਿ ਕੈ ॥੫॥

ਅਤੇ (ਫਿਰ) ਰਾਜਾ ਮੇਦਨੀ ਸ਼ਾਹ ਨੇ ਉਸ ਨਾਲ ਪ੍ਰਸੰਨਤਾ ਪੂਰਵਕ ਸੰਯੋਗ ਕੀਤਾ ॥੫॥

ਨ੍ਰਿਪਤਿ ਮੇਦਨੀ ਸਾਹ ਆਪਨੇ ਬਸਿ ਕਿਯੌ ॥

(ਉਸ ਵੇਸਵਾ ਨੇ) ਮੇਦਨੀ ਸ਼ਾਹ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ

ਤਾ ਕੋ ਲੈ ਕਰ ਸਾਥ ਦੌਨ ਕੋ ਮਗੁ ਲਿਯੋ ॥

ਅਤੇ ਉਸ ਨੂੰ ਨਾਲ ਲੈ ਕੇ ਦੂਨ ਦਾ ਮਾਰਗ ਪਕੜਿਆ।

ਬਾਜ ਬਹਾਦੁਰ ਜੋਰਿ ਕਟਕ ਆਵਤ ਭਯੋ ॥

(ਉਧਰੋਂ ਰਾਜਾ) ਬਾਜ ਬਹਾਦੁਰ ਸੈਨਾ ਜੋੜ ਕੇ ਆ ਗਿਆ

ਹੋ ਲੂਟਿ ਕੂਟਿ ਕਰਿ ਨਗਰ ਸਿਰੀ ਕੋ ਲੈ ਗਯੋ ॥੬॥

ਅਤੇ ਸ੍ਰੀ ਨਗਰ ਨੂੰ ਲੁਟ ਪੁਟ ਕੇ ਲੈ ਗਿਆ ॥੬॥

ਮਤ ਪਰਿਯੋ ਨ੍ਰਿਪ ਰਹਿਯੋ ਨ ਕਛੁ ਜਾਨਤ ਭਯੋ ॥

ਰਾਜਾ ਮਦ ਮਸਤ ਪਿਆ ਰਿਹਾ ਅਤੇ (ਉਸ ਨੂੰ) ਕੁਝ ਵੀ ਪਤਾ ਨਾ ਲਗਾ

ਸਿਰੀ ਨਗਰ ਕੌ ਲੂਟਿ ਕੂਟਿ ਕੈ ਕੌ ਗਯੋ ॥

ਕਿ ਸ੍ਰੀ ਨਗਰ ਨੂੰ ਕੌਣ ਲੁਟ ਪੁਟ ਕੇ ਲੈ ਗਿਆ ਹੈ।

ਉਤਰਿ ਗਯੋ ਮਦ ਜਬ ਕਛੁ ਸੁਧਿ ਆਵਤ ਭਈ ॥

ਜਦ ਨਸ਼ਾ ਉਤਰ ਗਿਆ ਤਾਂ ਕੁਝ ਹੋਸ਼ ਆ ਗਈ।

ਹੋ ਪੀਸ ਦਾਤਿ ਚੁਪ ਰਹਿਯੋ ਬਾਤ ਕਰ ਤੇ ਗਈ ॥੭॥

(ਤਦ ਉਹ) ਦੰਦ ਪੀਹ ਕੇ ਰਹਿ ਗਿਆ ਕਿਉਂਕਿ ਗੱਲ ਹੱਥੋਂ ਨਿਕਲ ਚੁਕੀ ਸੀ ॥੭॥

ਦੋਹਰਾ ॥

ਦੋਹਰਾ:

ਇਹ ਛਲ ਸੇ ਰਾਜਾ ਛਲ੍ਯੋ ਕਰੀ ਮਿਤ੍ਰ ਕੀ ਜੀਤ ॥

(ਇਸਤਰੀ ਨੇ) ਇਸ ਛਲ ਨਾਲ ਰਾਜੇ ਨੂੰ ਛਲ ਲਿਆ ਅਤੇ ਆਪਣੇ ਮਿਤਰ (ਰਾਜੇ) ਦੀ ਜਿਤ ਕਰਾ ਦਿੱਤੀ।

ਦੇਵ ਅਦੇਵ ਨ ਲਹਿ ਸਕਤਿ ਯਹ ਇਸਤ੍ਰਿਯਨ ਕੀ ਰੀਤ ॥੮॥

ਇਸਤਰੀਆਂ ਦੀ ਇਸ ਚਾਲ ਨੂੰ ਦੇਵਤੇ ਅਤੇ ਦੈਂਤ (ਕੋਈ ਵੀ) ਸਮਝ ਨਹੀਂ ਸਕਦਾ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੭॥੪੪੩੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੩੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੭॥੪੪੩੯॥ ਚਲਦਾ॥

ਚੌਪਈ ॥

ਚੌਪਈ:

ਬੀਰਜ ਕੇਤੁ ਰਾਜਾ ਇਕ ਨਾਗਰ ॥

ਬੀਰਜ ਕੇਤੁ ਨਾਂ ਦਾ ਇਕ ਸਮਝਦਾਰ ਰਾਜਾ ਸੀ

ਸਗਲ ਜਗਤ ਕੇ ਬਿਖੈ ਉਜਾਗਰ ॥

(ਜੋ) ਸਾਰੇ ਸੰਸਾਰ ਵਿਚ ਪ੍ਰਸਿੱਧ ਸੀ।

ਸ੍ਰੀ ਛਟ ਛੈਲ ਕੁਅਰਿ ਤਾ ਕੀ ਤ੍ਰਿਯ ॥

ਉਸ ਦੀ ਛਟ ਛੈਲ ਕੁਵਰਿ ਨਾਂ ਦੀ ਇਸਤਰੀ ਸੀ।

ਮਨ ਬਚ ਕ੍ਰਮ ਬਸਿ ਕਰਿ ਰਾਖ੍ਯੋ ਪਿਯ ॥੧॥

(ਉਸ ਨੇ) ਮਨ, ਬਚ ਅਤੇ ਕਰਮ ਕਰ ਕੇ ਪ੍ਰੀਤਮ ਨੂੰ ਵਸ ਵਿਚ ਕੀਤਾ ਹੋਇਆ ਸੀ ॥੧॥

ਏਕ ਦਿਵਸ ਨ੍ਰਿਪ ਚੜਿਯੋ ਅਖਿਟ ਬਰ ॥

ਇਕ ਦਿਨ ਰਾਜਾ ਸ਼ਿਕਾਰ ਖੇਡਣ ਚੜ੍ਹਿਆ

ਸੰਗ ਲਈ ਸਹਚਰੀ ਅਮਿਤ ਕਰਿ ॥

ਅਤੇ ਆਪਣੇ ਨਾਲ (ਰਾਣੀ ਅਤੇ) ਬਹੁਤ ਸਾਰੀਆਂ ਦਾਸੀਆਂ ਲੈ ਲਈਆਂ।

ਜਬ ਬਨ ਗਹਿਰ ਬਿਖੈ ਪ੍ਰਭ ਆਯੋ ॥

ਜਦ ਰਾਜਾ ਸੰਘਣੇ ਬਨ ਵਿਚ ਆ ਗਿਆ

ਸ੍ਵਾਨਨ ਤੇ ਬਹੁ ਮ੍ਰਿਗਨ ਗਹਾਯੋ ॥੨॥

ਤਾਂ ਕੁੱਤਿਆਂ ਤੋਂ ਬਹੁਤ ਸਾਰੇ ਹਿਰਨਾਂ ਨੂੰ ਪਕੜਵਾਇਆ ॥੨॥

ਕਹਿਯੋ ਕਿ ਜਿਹ ਆਗੈ ਮ੍ਰਿਗ ਆਵੈ ॥

(ਰਾਜੇ ਨੇ) ਕਿਹਾ ਕਿ ਜਿਸ ਦੇ ਸਾਹਮਣੇ ਹਿਰਨ ਆ ਨਿਕਲੇ,

ਵਹੈ ਆਪਨੋ ਤੁਰੈ ਧਵਾਵੈ ॥

ਉਹੀ ਆਪਣਾ ਘੋੜਾ ਦੌੜਾਏ।

ਪਹੁਚਿ ਸੁ ਤਨ ਤਿਹ ਕੇ ਬ੍ਰਿਣ ਕਰਹੀ ॥

(ਉਹੀ) ਪਹੁੰਚ ਕੇ ਉਸ ਦੇ ਸ਼ਰੀਰ ਉਤੇ ਜ਼ਖ਼ਮ ਲਗਾਏ

ਗਿਰਨ ਪਰਨ ਤੇ ਕਛੂ ਨ ਡਰਹੀ ॥੩॥

ਅਤੇ (ਘੋੜੇ ਤੋਂ) ਡਿਗ ਪੈਣ ਤੋਂ ਬਿਲਕੁਲ ਨਾ ਡਰੇ ॥੩॥

ਅੜਿਲ ॥

ਅੜਿਲ:

ਨ੍ਰਿਪ ਤ੍ਰਿਯ ਆਗੇ ਮ੍ਰਿਗਿਕ ਨਿਕਸਿਯੋ ਆਇ ਕੈ ॥

ਰਾਜੇ ਦੀ ਇਸਤਰੀ ਦੇ ਸਾਹਮਣਿਓਂ ਇਕ ਹਿਰਨ ਆ ਨਿਕਲਿਆ।

ਰਾਨੀ ਪਾਛੇ ਪਰੀ ਤੁਰੰਗ ਧਵਾਇ ਕੈ ॥

ਰਾਣੀ ਘੋੜਾ ਭਜਾ ਕੇ (ਉਸ ਦੇ) ਪਿਛੇ ਪੈ ਗਈ।

ਭਜਤ ਭਜਤ ਹਰਿਨੀ ਪਤਿ ਬਹੁ ਕੋਸਨ ਗਯੋ ॥

ਹਿਰਨ ਭਜਦਾ ਹੋਇਆ ਕਈ ਕੋਹ ਨਿਕਲ ਗਿਆ।

ਹੋ ਏਕ ਨ੍ਰਿਪਤਿ ਸੁਤ ਲਹਿ ਤਾ ਕੌ ਧਾਵਤ ਭਯੋ ॥੪॥

ਇਕ (ਕਿਸੇ ਹੋਰ) ਰਾਜੇ ਦਾ ਪੁੱਤਰ (ਹਿਰਨ ਨੂੰ ਭਜਦਿਆਂ) ਵੇਖ ਕੇ ਦੌੜ ਪਿਆ ॥੪॥

ਤਾਜਿਹਿ ਤਾਜਨ ਮਾਰਿ ਪਹੂੰਚ੍ਯਾ ਜਾਇ ਕੈ ॥

ਘੋੜੇ ਨੂੰ ਚਾਬਕਾਂ ਮਾਰਦਾ ਹੋਇਆ (ਉਥੇ) ਜਾ ਪਹੁੰਚਿਆ

ਏਕ ਬਿਸਿਖ ਹੀ ਮਾਰਿਯੋ ਮ੍ਰਿਗਹਿ ਬਨਾਇ ਕੈ ॥

ਅਤੇ ਹਿਰਨ ਨੂੰ (ਨਿਸ਼ਾਣਾ ਬੰਨ੍ਹ ਕੇ) ਇਕ ਹੀ ਤੀਰ ਮਾਰ ਦਿੱਤਾ।

ਨਿਰਖਿ ਤਰੁਨਿ ਇਹ ਚਰਿਤ ਰਹੀ ਉਰਝਾਇ ਕਰਿ ॥

ਇਸ ਚਰਿਤ੍ਰ ਨੂੰ ਵੇਖ ਕੇ ਰਾਣੀ (ਉਸ ਨਾਲ) ਅਟਕ ਗਈ।

ਹੋ ਬਿਰਹ ਬਾਨ ਤਨ ਬਿਧੀ ਗਿਰਤ ਭਈ ਭੂਮਿ ਪਰ ॥੫॥

(ਉਸ ਦੇ ਪ੍ਰੇਮ ਦੇ) ਵਿਯੋਗ ਦੇ ਬਾਣ ਨਾਲ ਵਿੰਨ੍ਹੀ ਹੋਈ ਧਰਤੀ ਉਤੇ ਡਿਗ ਪਈ ॥੫॥

ਬਹੁਰਿ ਸੁਭਟ ਜਿਮਿ ਚੇਤਿ ਤਰੁਨਿ ਉਠ ਠਾਢਿ ਭਈ ॥

ਫਿਰ ਉਹ ਇਸਤਰੀ ਸੂਰਮੇ ਵਾਂਗ ਹੋਸ਼ ਵਿਚ ਆ ਕੇ ਉਠ ਕੇ ਖੜੀ ਹੋ ਗਈ

ਘੂਮਤ ਘਾਇਲ ਨ੍ਯਾਇ ਸਜਨ ਤਟ ਚਲਿ ਗਈ ॥

ਅਤੇ ਘਾਇਲ ਵਾਂਗ ਡੋਲਦੀ ਹੋਈ ਸੱਜਣ ਕੋਲ ਚਲੀ ਗਈ।

ਉਤਰਿ ਹਯਨ ਤੇ ਤਹ ਦੋਊ ਰਮੇ ਬਨਾਇ ਕੈ ॥

ਘੋੜਿਆਂ ਤੋਂ ਉਤਰ ਕੇ ਉਥੇ ਦੋਹਾਂ ਨੇ ਰਮਣ ਕੀਤਾ।

ਹੋ ਤਬ ਲੌ ਤਿਹ ਠਾ ਸਿੰਘ ਨਿਕਸਿਯੋ ਆਇ ਕੈ ॥੬॥

ਉਦੋਂ ਤਕ ਉਸ ਥਾਂ ਤੇ (ਇਕ) ਸ਼ੇਰ ਆ ਨਿਕਲਿਆ ॥੬॥

ਨਿਰਖਿ ਸਿੰਘ ਕੌ ਰੂਪ ਤਰੁਨਿ ਤ੍ਰਾਸਿਤ ਭਈ ॥

ਸ਼ੇਰ ਦੇ ਰੂਪ ਨੂੰ ਵੇਖ ਕੇ ਇਸਤਰੀ ਭੈਭੀਤ ਹੋ ਗਈ

ਲਪਟਿ ਲਲਾ ਕੇ ਕੰਠ ਭਏ ਅਬਲਾ ਗਈ ॥

ਅਤੇ ਆਪਣੇ ਪ੍ਰੀਤਮ ਦੇ ਗਲ ਨਾਲ ਲਿਪਟ ਗਈ।

ਢੀਠ ਕੁਅਰ ਧਨੁ ਤਨ੍ਰਯੋ ਨ ਤਨਿਕ ਆਸਨ ਡਿਗ੍ਯੋ ॥

ਦ੍ਰਿੜ੍ਹ ਹੋ ਕੇ ਕੁੰਵਰ ਨੇ ਧਨੁਸ਼ ਨੂੰ ਖਿਚਿਆ ਅਤੇ ਜ਼ਰਾ ਜਿੰਨਾ ਵੀ ਸਥਿਤੀ ਤੋਂ ਨਾ ਡੋਲਿਆ

ਹੋ ਹਨ੍ਯੋ ਸਿੰਘ ਤਿਹ ਠੌਰ ਬਿਸਿਖ ਬਾਕੋ ਲਗ੍ਯੋ ॥੭॥

ਅਤੇ ਬਾਂਕੇ (ਕੁੰਵਰ) ਨੇ ਤੀਰ ਨਾਲ ਸ਼ੇਰ ਨੂੰ ਉਸੇ ਥਾਂ ਉਤੇ ਮਾਰ ਦਿੱਤਾ ॥੭॥

ਮਾਰਿ ਸਿੰਘ ਰਾਖਿਯੋ ਤਿਹ ਭਜ੍ਯੋ ਬਨਾਇ ਕੈ ॥

ਸ਼ੇਰ ਨੂੰ ਮਾਰ ਕੇ ਉਥੇ ਰਖਿਆ ਅਤੇ ਚੰਗੀ ਤਰ੍ਹਾਂ ਰਤੀ-ਕ੍ਰੀੜਾ ਕੀਤੀ।

ਆਸਨ ਚੁੰਬਨ ਕਰੇ ਤ੍ਰਿਯਹਿ ਲਪਟਾਇ ਕੈ ॥

ਇਸਤਰੀ ਨਾਲ ਲਿਪਟ ਕੇ ਆਸਣ ਅਤੇ ਚੁੰਬਨ ਲਏ।


Flag Counter