ਸ੍ਰੀ ਕ੍ਰਿਸ਼ਨ ਦੇ ਰੂਪ ਨੂੰ ਮਨ ਵਿਚ ਵੇਖ ਕੇ (ਅਕਰੂਰ ਨੇ) ਸੁਖ ਪਾਇਆ ਅਤੇ ਸ੍ਰੀ ਕ੍ਰਿਸ਼ਨ ਦੀ ਸੇਵਾ ਕੀਤੀ।
ਉਸ ਦੇ ਪੈਰੀਂ ਪਿਆ ਅਤੇ ਫਿਰ ਉਠ ਕੇ ਦੇਵਕੀ ਦੇ ਪੁੱਤਰ ਦੀ ਪ੍ਰਕਰਮਾ ਕੀਤੀ।
ਘਰ ਵਿਚ ਜਿਤਨਾ ਭੋਜਨ ਅਤੇ ਅੰਨ ਸੀ, ਉਹ ਸਾਰਾ ਕੁਝ, ਪ੍ਰੀਤ ਦੀ ਰੀਤ ਨੂੰ ਵਿਚਾਰ ਕੇ, ਅਗੇ ਆ ਰਖਿਆ।
ਉਸ ਦੇ ਮਨ ਵਿਚ ਜੋ ਚਾਹਨਾ ਸੀ, ਉਹ ਇੱਛਾ ਕ੍ਰਿਸ਼ਨ ਨੇ ਪੂਰੀ ਕਰ ਦਿੱਤੀ ॥੯੯੭॥
ਉਸ ਦੀ ਮਨਸਾ ਪੂਰੀ ਕਰ ਕੇ ਅਤੇ ਊਧਵ ਨੂੰ ਸੰਗ ਲੈ ਕੇ ਫਿਰ ਘਰ ਆ ਗਏ।
ਘਰ ਆ ਕੇ ਮੰਗ ਕੇ ਖਾਣ ਵਾਲੇ ਗਵੈਇਆਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਤੋਂ ਰਾਗ ਅਤੇ ਗੀਤ ਗਵਾਉਣ ਲਗਾ।
ਕਵੀ ਸ਼ਿਆਮ ਕਹਿੰਦੇ ਹਨ, ਉਨ੍ਹਾਂ ਉਤੇ ਰੀਝ ਕੇ, ਘਰ ਵਿਚੋਂ ਕਢ ਕੇ ਬਹੁਤ ਦਾਨ ਦਿੱਤਾ।
(ਇੰਜ ਲਗਦਾ ਹੈ) ਮਾਨੋ ਉਸ (ਦਿਨ ਗਾਏ ਗਏ) ਯਸ਼ ਤੋਂ ਮਾਤ ਲੋਕ ਵਿਚ ਹੁਣ ਤਕ ਦਿਨ ਸਫ਼ੈਦ ਹੋ ਰਿਹਾ ਹੈ ॥੯੯੮॥
ਅਕਰੂਰ ਸ੍ਰੀ ਕ੍ਰਿਸ਼ਨ ਦੇ ਘਰ ਆ ਕੇ ਸ੍ਰੀ ਜਦੁਬੀਰ ਦੇ ਪੈਰੀਂ ਪਿਆ।
(ਫਿਰ) ਕੰਸ ਨੂੰ ਨਸ਼ਟ ਕਰਨ ਅਤੇ ਬਕੀ ਦੀ ਛਾਤੀ ਨੂੰ ਪਾੜਨ ਅਤੇ ਜਗਤ ਦਾ ਕਰਤਾ ਹੋਣ ਦੀ (ਗੱਲ) ਕਹਿ ਕੇ ਸਿਫ਼ਤ ਕਰਨ ਲਗਿਆ।
(ਉਸ ਨੂੰ) ਹੋਰ ਸਾਰੀ ਹੋਸ਼ ਭੁਲ ਗਈ, (ਬਸ) ਸ੍ਰੀ ਕ੍ਰਿਸ਼ਨ ਦੀ ਉਪਮਾ ਦੇ ਰਸ ਵਿਚ ਹੀ ਮਗਨ ਹੋ ਗਿਆ।
(ਇਸ ਨਾਲ ਉਸ ਦੇ) ਮਨ ਵਿਚ ਆਨੰਦ ਦਾ ਵਾਧਾ ਹੋ ਗਿਆ ਅਤੇ ਮਨ ਵਿਚ ਜਿਤਨਾ ਦੁਖ ਸੀ, ਉਹ ਖ਼ਤਮ ਹੋ ਗਿਆ ॥੯੯੯॥
ਹੇ ਦੇਵਕੀ ਲਾਲ! ਹੇ ਗੋਪਾਲ! ਹੇ ਦਿਆਲ! ਇਸ ਤਰ੍ਹਾਂ ਦੀ (ਉਪਮਾ ਕਰਨੀ) ਮਨ ਵਿਚ ਧਾਰ ਲਈ।
(ਕ੍ਰਿਸ਼ਨ ਨੂੰ) ਕੰਸ ਨੂੰ ਮਾਰਨ ਵਾਲਾ, ਬਕੀ ਦੀ ਛਾਤੀ ਪਾੜਨ ਵਾਲਾ ਅਤੇ ਕਰਤਾ ਕਹਿ ਕੇ ਉਚਾਰਿਆ।
ਹੇ ਅਘ ਦੇ ਵੈਰੀ! ਹੇ ਕੇਸੀ ਦੇ ਵੈਰੀ, ਹੇ ਕ੍ਰੋਧ ਕਰ ਕੇ ਤ੍ਰਿਣਾਵਰਤ ਦੈਂਤ ਨੂੰ ਮਾਰਨ ਵਾਲੇ!
ਤੁਸੀਂ ਹੁਣ ਸਾਨੂੰ (ਆਪਣਾ) ਰੂਪ ਵਿਖਾ ਕੇ, ਸਾਡੇ ਸਾਰਿਆਂ ਪਾਪਾਂ ਨੂੰ ਨਸ਼ਟ ਕਰ ਦਿੱਤਾ ਹੈ ॥੧੦੦੦॥
ਹੇ ਸ਼ਿਆਮ! ਤੂੰ ਚੋਰ ਹੈਂ (ਪਰ) ਸਾਧਾਂ ਦੇ ਦੁੱਖਾਂ (ਨੂੰ ਚੁਰਾਉਂਦਾ ਹੈਂ) ਅਤੇ ਸੁਖ ਦਾ ਵਰ ਦੇਣ ਵਾਲਾ ਕਿਹਾ ਜਾਂਦਾ ਹੈਂ।
ਤੂੰ ਠਗ ਹੈਂ, ਗੋਪੀਆਂ ਦੇ ਬਸਤ੍ਰਾਂ (ਨੂੰ ਠਗਦਾ ਹੈਂ) (ਤੂੰ) ਸੂਰਮਾ ਹੈਂ ਜਿਸ ਨੇ ਕੰਸ ਵਰਗੇ ਸ਼ੂਰਵੀਰ ਨੂੰ ਪਛਾੜ ਦਿੱਤਾ ਸੀ।
(ਤੂੰ) ਕਾਇਰ ਹੈਂ, (ਕਿਉਂਕਿ) ਪਾਪਾਂ ਤੋਂ ਬਹੁਤ (ਡਰਦਾ ਹੈਂ) ਅਤੇ (ਤੂੰ) ਵੈਦ ਵੀ ਹੈਂ ਜਿਸ ਨੇ ਸਾਰਿਆਂ ਲੋਕਾਂ ਨੂੰ ਜੀਵਿਤ ਰਖਿਆ ਹੋਇਆ ਹੈ।
ਕਵੀ ਸ਼ਿਆਮ ਕਹਿੰਦੇ ਹਨ, (ਤੂੰ ਹੀ) ਪੰਡਿਤ ਹੈਂ, ਜਿਸ ਨੇ ਚੌਹਾਂ ਹੀ ਵੇਦਾਂ ਦਾ ਭੇਦ ਸਮਝਿਆ ਹੋਇਆ ਹੈ ॥੧੦੦੧॥
ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਕਹਿ ਕੇ ਅਤੇ ਉਠ ਕੇ ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਗਿਆ।
ਸ੍ਰੀ ਕ੍ਰਿਸ਼ਨ ਦੀ ਬਹੁਤ ਵਾਰ ਸਿਫ਼ਤ ਕੀਤੀ ਜਿਤਨਾ ਵੀ ਦੁਖ ਸੀ, ਛਿਣ ਭਰ ਵਿਚ ਦੂਰ ਹੋ ਗਿਆ।
(ਅਤੇ) ਉਸ ਦ੍ਰਿਸ਼ ਦੇ ਉੱਚੇ ਅਤੇ ਮਹਾਨ ਯਸ਼ ਨੂੰ ਕਵੀ ਨੇ ਇਸ ਤਰ੍ਹਾਂ ਆਪਣੇ ਮੂੰਹ ਤੋਂ ਉਚਾਰਿਆ ਹੈ।
(ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਮਾਨੋ) ਹਰਿ ਨਾਮ ਦੇ ਕਵਚ ਨੂੰ ਸ਼ਰੀਰ ਉਤੇ ਪਹਿਨ ਕੇ ਸੈਂਕੜੇ ਪਾਪਾਂ ਨਾਲ ਲੜਿਆ, ਪਰ ਪਿਛੇ ਨੂੰ ਨਾ ਹਟਿਆ ॥੧੦੦੨॥
ਫਿਰ ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਉਪਮਾ ਕੀਤੀ, ਹੇ ਹਰਿ ਜੀ! ਤੁਸੀਂ ਹੀ 'ਮੁਰ' (ਨਾਂ ਦੇ) ਵੈਰੀ ਨੂੰ ਪਛਾੜਿਆ ਸੀ।
ਤੁਸੀਂ ਹੀ 'ਤ੍ਰਿਪੁਰਾਰ' ਅਤੇ 'ਕਮੱਧ' ਨੂੰ ਮਾਰਿਆ ਸੀ ਅਤੇ ਰਾਵਣ ਨੂੰ ਮਾਰਨ ਲਈ ਘਮਸਾਨ ਯੁੱਧ ਰਚਿਆ ਸੀ।
ਲੰਕਾ (ਦਾ ਰਾਜ) ਵੈਰੀ ਦੇ ਭਰਾ ਨੂੰ ਦੇ ਦਿੱਤਾ ਸੀ ਅਤੇ ਸੀਤਾ ਨੂੰ ਨਾਲ ਲੈ ਕੇ ਫਿਰ ਅਯੋਧਿਆ ਨੂੰ ਚਲੇ ਗਏ ਸੀ।
ਤੂੰ ਹੀ (ਇਹ) ਸਾਰੇ ਚਰਿਤ੍ਰ ਕੀਤੇ ਹਨ, ਇਹ ਮੈਂ ਜਾਣਦਾ ਹਾਂ (ਤਦੇ ਹੀ) ਇਸ ਤਰ੍ਹਾਂ ਕਿਹਾ ਹੈ ॥੧੦੦੩॥
ਹੇ ਲੱਛਮੀ ਦੇ ਪਤੀ! ਹੇ ਗਰੁੜ ਧੁਜਾ ਵਾਲੇ! ਹੇ ਜਗਤ ਦੇ ਸੁਆਮੀ! (ਤੂੰ ਹੀ) ਕਾਨ੍ਹ (ਨਾਂ ਨਾਲ) ਕਿਹਾ ਜਾਂਦਾ ਹੈਂ।
ਹੇ ਸ੍ਰੀ ਕ੍ਰਿਸ਼ਨ! (ਮੈਂ ਇਕ) ਗੱਲ ਕਹਿੰਦਾ ਹਾਂ ਕਿ ਸਾਰੇ ਹੀ ਲੋਕ ਤੇਰੇ ਦਾਸ ਬਣੇ ਹੋਏ ਹਨ।
ਹੇ ਹਰਿ ਜੀ! ਮੇਰੀ ਮਮਤਾ ਨੂੰ ਹਰ ਲਵੋ। ਇਸ ਤਰ੍ਹਾਂ ਦਾ ਕਿਹਾ ਹੋਇਆ ਕ੍ਰਿਸ਼ਨ ਨੇ ਭਾਂਪ ਲਿਆ।
(ਅਤੇ ਫਿਰ) ਉਸ ਉਤੇ ਮਮਤਾ ਪਾ ਦਿੱਤੀ ਅਤੇ ਉਹ ਮੌਨ ਧਾਰ ਕੇ ਬੈਠ ਰਿਹਾ ਹੈ ॥੧੦੦੪॥
ਕਾਨ੍ਹ ਜੀ ਨੇ ਅਕਰੂਰ ਪ੍ਰਤਿ ਕਿਹਾ:
ਸਵੈਯਾ:
ਸ੍ਰੀ ਕ੍ਰਿਸ਼ਨ ਕਹਿਣ ਲਗੇ, ਹੇ ਚਾਚਾ! ਮੈਨੂੰ ਸਮਝੇ ਬਿਨਾ ਹੀ ਤੁਸੀਂ 'ਹਰਿ' ਸਮਝ ਲਿਆ ਹੈ।
ਤਾਂ ਤੇ (ਤੁਸੀ) ਮੇਰੇ ਨਾਲ ਲਾਡ (ਦੀ ਗੱਲ) ਕਰੋ ਅਤੇ (ਉਹੀ) ਕਹੋ ਜਿਸ ਨਾਲ ਮੇਰੇ ਮਨ ਵਿਚ ਬਹੁਤ ਸੁਖ ਹੋਵੇ।
ਮੈਨੂੰ ਬਸੁਦੇਵ ਦੀ ਆਗਿਆ ਹੈ ਕਿ ਅਕਰੂਰ ਨੂੰ ਵੱਡਾ ਕਰ ਕੇ ਜਾਣਨਾ (ਅਤੇ ਉਸੇ ਲਈ ਅਜਿਹਾ ਕਰ ਦਿੱਤਾ)
ਤਾਂ ਜੋ ਮੈਨੂੰ ਘਨਸ਼ਿਆਮ ਨਾ ਸਮਝੋ। ਇਸ ਤਰ੍ਹਾਂ ਕਹਿ ਕੇ ਸ੍ਰੀ ਕ੍ਰਿਸ਼ਨ ਹਸ ਪਏ ॥੧੦੦੫॥
ਇਹ ਸੁਣ ਕੇ ਸੂਰਵੀਰ (ਅਕਰੂਰ) ਪ੍ਰਸੰਨ ਹੋ ਗਿਆ ਅਤੇ ਬਲਰਾਮ ਅਤੇ ਕ੍ਰਿਸ਼ਨ ਨੂੰ ਗਲ ਨਾਲ ਲਗਾ ਲਿਆ।
ਮਨ ਵਿਚ ਜਿਤਨੇ ਦੁਖ ਸਨ, ਕ੍ਰਿਸ਼ਨ ਦੇ ਸ਼ਰੀਰ ਨੂੰ ਛੁਹ ਕੇ ਸਾਰੇ ਭੁਲ ਗਏ।
(ਉਨ੍ਹਾਂ ਨੂੰ) ਛੋਟੇ ਭਤੀਜੇ ਕਰ ਕੇ ਜਾਣਿਆ ਅਤੇ ਜਗਤ ਦੇ ਕਰਤਾ ਕਰ ਕੇ ਨਹੀਂ ਸਮਝਿਆ।
ਇਸ ਤਰ੍ਹਾਂ ਦੀ ਕਥਾ ਉਸ ਸਥਾਨ ਉਤੇ ਹੋਈ, ਉਸ ਦੇ (ਯਸ਼ ਦੇ) ਕਵੀ ਸ਼ਿਆਮ ਨੇ ਮੰਗਲ ਗਾਏ ਹਨ ॥੧੦੦੬॥
ਇਥੇ ਸ੍ਰੀ ਦਸਮ ਸਿਕੰਧ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਅਕਰੂਰ ਦੇ ਘਰ ਜਾਣ ਦਾ ਪ੍ਰਸੰਗ ਸੰਪੂਰਨ ਹੋਇਆ।
ਹੁਣ ਅਕਰੂਰ ਨੂੰ ਭੂਆ ਪਾਸ ਭੇਜਣ ਦਾ ਕਥਨ:
ਸਵੈਯਾ:
ਸ੍ਰੀ ਕ੍ਰਿਸ਼ਨ ਨੇ ਹਸ ਕੇ ਕਿਹਾ, ਹੇ ਸ੍ਰੇਸ਼ਠ ਸੂਰਵੀਰ (ਅਕਰੂਰ)! ਹਸਤਨਾਪੁਰ ('ਗਜਾਪੁਰ') ਵਿਚ ਚਲੇ ਜਾਓ।
ਉਥੇ ਮੇਰੇ ਪਿਤਾ ਦੀ ਭੈਣ ਅਤੇ (ਉਸ ਦੇ) ਪੁੱਤਰ ਰਹਿੰਦੇ ਹਨ, ਹੁਣ ਜਾ ਕੇ ਉਨ੍ਹਾਂ ਦੀ ਖ਼ਬਰ ਸਾਰ ਲਿਆਓ।
ਉਥੋਂ ਦਾ ਰਾਜਾ (ਅੱਖਾਂ ਤੋਂ) ਅੰਨ੍ਹਾ ਹੈ, (ਪਰ ਉਹ) ਮਨ ਤੋਂ ਵੀ ਅੰਨ੍ਹਾ ਹੈ (ਕਿਉਂਕਿ ਉਹ) ਦੁਰਯੋਧਨ ਦੇ ਵਸ ਵਿਚ ਹੋਇਆ ਜਾਣਿਆ ਜਾਂਦਾ ਹੈ।