ਸ਼੍ਰੀ ਦਸਮ ਗ੍ਰੰਥ

ਅੰਗ - 367


ਸ੍ਯਾਮ ਸੋ ਮਾਈ ਕਹਾ ਕਹੀਯੈ ਇਹ ਸਾਥ ਕਰੇ ਹਿਤਵਾ ਬਰ ਜੋਰੀ ॥

ਹੇ ਮਾਂ! ਕ੍ਰਿਸ਼ਨ ਨੂੰ ਕੀ ਕਹੀਏ, (ਜੋ) ਇਸ ਨਾਲ ਬਦੋਬਦੀ ਪ੍ਰੇਮ ਕਰੀ ਜਾਂਦਾ ਹੈ।

ਭੇਜਤ ਹੈ ਹਮ ਕੋ ਇਹ ਪੈ ਇਹ ਸੀ ਤਿਹ ਕੇ ਪਹਿ ਗ੍ਵਾਰਨਿ ਥੋਰੀ ॥੭੨੧॥

ਇਸ ਕੋਲ (ਮਨਾਉਣ ਲਈ) ਸਾਨੂੰ ਭੇਜਦਾ ਹੈ; ਇਸ ਵਰਗੀਆਂ ਗੋਪੀਆਂ ਉਸ ਪਾਸ ਥੋੜੀਆਂ ਹਨ ॥੭੨੧॥

ਭੇਜਤ ਹੈ ਇਹ ਪੈ ਹਮ ਕੋ ਇਹ ਗ੍ਵਾਰਨਿ ਰੂਪ ਕੋ ਮਾਨ ਕਰੈ ॥

ਇਸ ਪਾਸ ਸਾਨੂੰ ਭੇਜਦਾ ਹੈ ਅਤੇ ਇਹ ਗੋਪੀ (ਰਾਧਾ) ਰੂਪ ਦਾ ਮਾਣ ਕਰ ਰਹੀ ਹੈ।

ਇਹ ਜਾਨਤ ਵੈ ਘਟ ਹੈ ਹਮ ਤੇ ਤਿਹ ਤੇ ਹਠ ਬਾਧਿ ਰਹੀ ਨ ਟਰੈ ॥

ਇਹ ਜਾਣਦੀ ਹੈ ਕਿ ਉਹ (ਗੋਪੀਆਂ ਸੁੰਦਰਤਾ ਵਿਚ) ਮੇਰੇ ਨਾਲੋਂ ਘਟ ਹਨ, ਇਸ ਲਈ ਹਠ ਬੰਨ੍ਹੀ ਬੈਠੀ ਅਤੇ ਟਲਦੀ ਨਹੀਂ ਹੈ।

ਕਬਿ ਸ੍ਯਾਮ ਪਿਖੋ ਇਹ ਗ੍ਵਾਰਨਿ ਕੀ ਮਤਿ ਸ੍ਯਾਮ ਕੇ ਕੋਪ ਤੇ ਪੈ ਨ ਡਰੈ ॥

ਕਵੀ ਸ਼ਿਆਮ (ਕਹਿੰਦੇ ਹਨ) ਇਸ ਗੋਪੀ ਦੀ ਅਕਲ ਵੇਖੋ ਜੋ ਕ੍ਰਿਸ਼ਨ ਦੇ ਕ੍ਰੋਧ ਤੋਂ ਬਿਲਕੁਲ ਨਹੀਂ ਡਰਦੀ।

ਤਿਹ ਸੋ ਬਲਿ ਜਾਉ ਕਹਾ ਕਹੀਯੈ ਤਿਹ ਲ੍ਯਾਵਹੁ ਯੋ ਮੁਖ ਤੇ ਉਚਰੈ ॥੭੨੨॥

ਉਸ (ਕ੍ਰਿਸ਼ਨ ਤੋਂ) ਕੁਰਬਾਨ ਜਾਈਏ, ਉਸ ਨੂੰ ਕੀ ਆਖੀਏ (ਜੋ) ਇਹੀ ਕਹਿੰਦਾ ਹੈ, 'ਉਸ ਨੂੰ ਲਿਆਓ' ॥੭੨੨॥

ਸ੍ਯਾਮ ਕਰੈ ਸਖੀ ਅਉਰ ਸੋ ਪ੍ਰੀਤਿ ਤਬੈ ਇਹ ਗ੍ਵਾਰਨਿ ਭੂਲ ਪਛਾਨੈ ॥

(ਜੇ) ਕ੍ਰਿਸ਼ਨ ਕਿਸੇ ਹੋਰ ਸਖੀ ਨਾਲ ਪ੍ਰੇਮ ਕਰ ਲਵੇ ਤਦ ਹੀ ਇਹ ਗੋਪੀ (ਰਾਧਾ) ਆਪਣੀ ਭੁਲ ਪਛਾਣੇਗੀ।

ਵਾ ਕੇ ਕੀਏ ਬਿਨੁ ਰੀ ਸਜਨੀ ਸੁ ਰਹੀ ਕਹਿ ਕੈ ਸੁ ਕਹਿਯੋ ਨਹੀ ਮਾਨੈ ॥

ਹੇ ਸਜਨੀ! ਉਸ ਦੇ (ਦੂਜੀ ਨਾਲ ਪ੍ਰੇਮ) ਕੀਤੇ ਬਿਨਾ ਹੀ (ਇਹ ਐਵੇਂ) ਕਹਿ ਰਹੀ ਹੈ ਅਤੇ ਕਹੇ ਨੂੰ ਨਹੀਂ ਮੰਨਦੀ।

ਯਾ ਕੋ ਬਿਸਾਰ ਡਰੈ ਮਨ ਤੇ ਤਬ ਹੀ ਇਹ ਮਾਨਹਿ ਕੋ ਫਲੁ ਜਾਨੈ ॥

(ਜੇ ਸ੍ਰੀ ਕ੍ਰਿਸ਼ਨ) ਇਸ ਨੂੰ ਮਨ ਤੋਂ ਵਿਸਾਰ ਦੇਵੇ, ਤਦ ਹੀ 'ਮਾਣ' ਦੇ ਫਲ ਨੂੰ ਜਾਣੇਗੀ।

ਅੰਤ ਖਿਸਾਇ ਘਨੀ ਅਕੁਲਾਇ ਕਹਿਯੋ ਤਬ ਹੀ ਇਹ ਮਾਨੈ ਤੁ ਮਾਨੈ ॥੭੨੩॥

ਅੰਤ ਵਿਚ ਖਿਝ ਕੇ ਅਤੇ ਬਹੁਤ ਵਿਆਕੁਲ ਹੋ ਕੇ (ਕਿਹਾ ਕਿ) ਇਹ ਕਿਹਾ ਮੰਨੇ, ਤਾਂ ਮੰਨੇ (ਨਹੀਂ ਤਾਂ ਹੋਰ ਕੋਈ ਉਪਾ ਨਹੀਂ ਹੈ) ॥੭੨੩॥

ਯੋ ਸੁਨ ਕੈ ਬ੍ਰਿਖਭਾਨ ਸੁਤਾ ਤਿਹ ਗ੍ਵਾਰਨਿ ਕੋ ਇਮ ਉਤਰ ਦੀਨੋ ॥

ਇਸ ਤਰ੍ਹਾਂ ਰਾਧਾ ਨੇ ਸੁਣ ਕੇ, ਉਸ ਗੋਪੀ (ਦੂਤੀ) ਨੂੰ ਇਸ ਤਰ੍ਹਾਂ ਉੱਤਰ ਦਿੱਤਾ

ਪ੍ਰੀਤ ਕਰੀ ਹਰਿ ਚੰਦ੍ਰਭਗਾ ਸੰਗ ਤਉ ਹਮ ਹੂੰ ਅਸ ਮਾਨ ਸੁ ਕੀਨੋ ॥

ਕ੍ਰਿਸ਼ਨ ਨੇ ਚੰਦ੍ਰਭਗਾ ਨਾਲ ਪ੍ਰੇਮ ਕਰ ਲਿਆ ਹੈ, ਤਦ ਹੀ ਮੈਂ ਇਸ ਤਰ੍ਹਾਂ ਦਾ ਰੋਸਾ ਕੀਤਾ ਹੈ।

ਤਉ ਸਜਨੀ ਕਹਿਯੋ ਰੂਠ ਰਹੀ ਅਤਿ ਕ੍ਰੋਧ ਬਢਿਯੋ ਹਮਰੇ ਜਬ ਜੀ ਨੋ ॥

ਹੇ ਸਜਨੀ! (ਮੈਂ) ਕਹਿੰਦੀ ਹਾਂ, ਜਦ ਮੇਰੇ ਮਨ ਵਿਚ ਕ੍ਰੋਧ ਵਧ ਗਿਆ, ਤਦ ਹੀ ਰੁਸ ਰਹੀ ਹਾਂ।

ਤੇਰੇ ਕਹੇ ਬਿਨੁ ਰੀ ਹਰਿ ਆਗੇ ਹੂੰ ਮੋ ਹੂ ਸੋ ਨੇਹੁ ਬਿਦਾ ਕਰ ਦੀਨੋ ॥੭੨੪॥

ਹੇ ਸਖੀ! ਤੇਰੇ ਕਹੇ ਤੋਂ ਬਿਨਾ ਹੀ ਸ੍ਰੀ ਕ੍ਰਿਸ਼ਨ ਨੇ ਪਹਿਲਾਂ ਹੀ ਮੇਰੇ ਨਾਲੋਂ ਪ੍ਰੇਮ ਨੂੰ ਵਿਦਾ ਕਰ ਦਿੱਤਾ ਹੈ ॥੭੨੪॥

ਯੋ ਕਹਿ ਗ੍ਵਾਰਨਿ ਸੋ ਬਤੀਯਾ ਕਬਿ ਸ੍ਯਾਮ ਕਹੈ ਫਿਰਿ ਐਸੇ ਕਹਿਯੋ ਹੈ ॥

ਕਵੀ ਸ਼ਿਆਮ ਕਹਿੰਦੇ ਹਨ, ਗੋਪੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ, ਫਿਰ ਇੰਜ ਕਿਹਾ,

ਜਾਹਿ ਰੀ ਕਾਹੇ ਕੋ ਬੈਠੀ ਹੈ ਗ੍ਵਾਰਨਿ ਤੇਰੋ ਕਹਿਯੋ ਅਤਿ ਹੀ ਮੈ ਸਹਿਯੋ ਹੈ ॥

ਹੇ ਗੋਪੀ! ਜਾ ਨੀ, ਕਿਸ ਲਈ ਬੈਠੀ ਹੈਂ, ਤੇਰੀਆਂ ਕਹੀਆਂ (ਹੋਈਆਂ ਗੱਲਾਂ ਨੂੰ) ਮੈਂ ਬਹੁਤ ਸਿਹਾ ਹੈ।

ਬਾਤ ਕਹੀ ਅਤਿ ਹੀ ਰਸ ਕੀ ਤੁਹਿ ਤਾ ਕੋ ਨ ਸੋ ਸਖੀ ਚਿਤ ਚਹਿਯੋ ਹੈ ॥

(ਅਗੋਂ ਦੂਤੀ ਨੇ ਜਵਾਬ ਦਿੱਤਾ) ਹੇ ਸਖੀ! (ਮੈਂ ਤਾਂ) ਤੇਰੇ ਨਾਲ ਬਹੁਤ ਹੀ (ਪ੍ਰੇਮ) ਰਸ ਦੀ ਗੱਲ ਕੀਤੀ ਹੈ, ਪਰ ਤੇਰੇ ਚਿਤ ਨੂੰ ਚੰਗੀ ਨਹੀਂ ਲਗੀ।

ਤਾਹੀ ਤੇ ਹਉ ਨ ਚਲੋ ਸਜਨੀ ਹਮ ਸੋ ਹਰਿ ਸੋ ਰਸ ਕਉਨ ਰਹਿਯੋ ਹੈ ॥੭੨੫॥

(ਫਿਰ ਰਾਧਾ ਨੇ ਕਿਹਾ) ਹੇ ਸਜਨੀ! ਇਸੇ ਕਰ ਕੇ ਮੈਂ ਨਹੀਂ ਜਾਂਦੀ, (ਕਿਉਂਕਿ) ਮੇਰੇ ਨਾਲ ਕ੍ਰਿਸ਼ਨ ਦਾ ਅਤੇ ਕ੍ਰਿਸ਼ਨ ਨਾਲ ਮੇਰਾ ਕਿਹੜਾ ਪ੍ਰੇਮ (ਰਸ) ਰਹਿ ਗਿਆ ਹੈ ॥੭੨੫॥

ਯੌ ਸੁਨਿ ਉਤਰ ਦੇਤ ਭਈ ਕਬਿ ਸ੍ਯਾਮ ਕਹੈ ਹਰਿ ਕੇ ਹਿਤ ਕੇਰੋ ॥

ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ (ਦੀ ਗੱਲ) ਸੁਣ ਕੇ ਸ੍ਰੀ ਕ੍ਰਿਸ਼ਨ ਦੇ ਹਿਤ ਵਾਸਤੇ ਉੱਤਰ ਦਿੱਤਾ।

ਕਾਨ੍ਰਹ ਕੇ ਭੇਜੇ ਤੇ ਯਾ ਪਹਿ ਆਇ ਕੈ ਕੈ ਕੈ ਮਨਾਵਨ ਕੋ ਅਤਿ ਝੇਰੋ ॥

(ਉਸ ਨੇ ਮਨ ਵਿਚ ਸੋਚਿਆ ਕਿ) ਕਾਨ੍ਹ ਦੇ ਭੇਜਣ ਤੇ ਹੀ ਇਥੇ ਆਈ ਹਾਂ ਅਤੇ ਇਸ ਨੂੰ ਮੰਨਾਉਣ ਦਾ ਬਹੁਤ ਝਮੇਲਾ ਕੀਤਾ ਹੈ।

ਸ੍ਯਾਮ ਚਕੋਰ ਮਨੋ ਤ੍ਰਨ ਜੋ ਸੁਨ ਰੀ ਇਹ ਭਾਤਿ ਕਹੈ ਮਨ ਮੇਰੋ ॥

ਇਸ ਲਈ ਕਹਿਣ ਲਗੀ, ਹੇ ਸਖੀ! ਸੁਣ, ਮੇਰਾ ਮਨ ਇਸ ਤਰ੍ਹਾਂ ਕਹਿੰਦਾ ਹੈ ਕਿ ਸ਼ਿਆਮ ਰੂਪ ਚਕੋਰ ਤਾਂ

ਤਾਹੀ ਨਿਹਾਰਿ ਨਿਹਾਰਿ ਸੁਨੋ ਸਸਿ ਸੋ ਮੁਖ ਦੇਖਤ ਹ੍ਵੈ ਹੈ ਰੀ ਤੇਰੋ ॥੭੨੬॥

ਮਾਨੋ ਤੇਰੇ ਚੰਦ੍ਰਮਾ ਵਰਗੇ ਮੁਖ ਨੂੰ ਵੇਖ ਵੇਖ ਕੇ ਤੇਰਾ ਹੀ ਹੋ ਰਿਹਾ ਹੋਵੇ ॥੭੨੬॥

ਰਾਧੇ ਬਾਚ ॥

ਰਾਧਾ ਨੇ ਕਿਹਾ:

ਸਵੈਯਾ ॥

ਸਵੈਯਾ:

ਦੇਖਤ ਹੈ ਤੁ ਕਹਾ ਭਯੋ ਗ੍ਵਾਰਨਿ ਮੈ ਨ ਕਹਿਯੋ ਤਿਹ ਕੇ ਪਹਿ ਜੈਹੋ ॥

ਹੇ ਗੋਪੀ! (ਜੇ) ਵੇਖਦਾ ਹੈ, ਤਾਂ ਕੀ ਹੋਇਆ। ਮੈਂ (ਤਾਂ) ਕਹਿ ਦਿੱਤਾ ਹੈ ਕਿ ਉਸ ਕੋਲ ਨਹੀਂ ਜਾਵਾਂਗੀ।

ਕਾਹੇ ਕੇ ਕਾਜ ਉਰਾਹਨ ਰੀ ਸਹਿ ਹੋ ਅਪਨੋ ਪਤਿ ਦੇਖਿ ਅਘੈ ਹੋ ॥

ਨੀ! ਮੈਂ ਕਿਸ ਲਈ ਉਲਾਂਭੇ ਸਹਾਰਾਂ, (ਮੈਂ) ਆਪਣੇ ਪਤੀ ਨੂੰ ਹੀ ਵੇਖ ਕੇ ਸੰਤੁਸ਼ਟ ਰਹਾਂਗੀ।

ਸ੍ਯਾਮ ਰਚੇ ਸੰਗਿ ਅਉਰ ਤ੍ਰੀਯਾ ਤਿਹ ਕੇ ਪਹਿ ਜਾਇ ਕਹਾ ਜਸ ਪੈਹੋ ॥

ਸ੍ਰੀ ਕ੍ਰਿਸ਼ਨ ਹੋਰਨਾਂ ਇਸਤਰੀਆਂ ਨਾਲ ਰਚਮਿਚ ਰਿਹਾ ਹੈ; ਉਸ ਕੋਲ ਜਾ ਕੇ ਕੀ ਯਸ਼ ਖਟਾਂਗੀ।

ਤਾ ਤੇ ਪਧਾਰਹੁ ਰੀ ਸਜਨੀ ਹਰਿ ਕੌ ਨਹਿ ਜੀਵਤ ਰੂਪ ਦਿਖੈ ਹੋ ॥੭੨੭॥

ਇਸ ਵਾਸਤੇ ਹੇ ਸਜਨੀ! (ਤੂੰ) ਜਾ, (ਮੈਂ ਹੁਣ) ਜੀਉਂਦੇ ਜੀ ਸ੍ਰੀ ਕ੍ਰਿਸ਼ਨ ਨੂੰ (ਆਪਣਾ) ਰੂਪ ਨਹੀਂ ਦਿਖਾਵਾਂਗੀ ॥੭੨੭॥

ਅਥ ਮੈਨਪ੍ਰਭਾ ਕ੍ਰਿਸਨ ਜੀ ਪਾਸ ਫਿਰ ਆਈ ॥

ਹੁਣ ਮੈਨ ਪ੍ਰਭਾ ਕ੍ਰਿਸ਼ਨ ਕੋਲ ਪਰਤ ਆਈ

ਦੂਤੀ ਬਾਚ ਕਾਨ੍ਰਹ ਜੂ ਸੋ ॥

ਦੂਤੀ ਨੇ ਕ੍ਰਿਸ਼ਨ ਨੂੰ ਕਿਹਾ:

ਸਵੈਯਾ ॥

ਸਵੈਯਾ:

ਯੌ ਜਬ ਤਾਹਿ ਸੁਨੀ ਬਤੀਯਾ ਉਠ ਕੈ ਸੋਊ ਨੰਦ ਲਲਾ ਪਹਿ ਆਈ ॥

ਜਦ ਇਸ ਤਰ੍ਹਾਂ ਦੀਆਂ ਗੱਲਾਂ (ਰਾਧਾ ਕੋਲੋਂ) ਸੁਣੀਆਂ, (ਤਾਂ) ਉਹ ਉਠ ਕੇ ਕ੍ਰਿਸ਼ਨ ਕੋਲ ਆ ਗਈ।

ਆਇ ਕੈ ਐਸੇ ਕਹਿਯੋ ਹਰਿ ਪੈ ਹਰਿ ਜੂ ਨਹਿ ਮਾਨਤ ਮੂੜ ਮਨਾਈ ॥

ਆ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ, ਹੇ ਕ੍ਰਿਸ਼ਨ ਜੀ! ਉਹ ਮੂਰਖ ਮਨਾਇਆਂ ਨਹੀਂ ਮੰਨਦੀ।

ਕੈ ਤਜਿ ਵਾਹਿ ਰਚੌ ਇਨ ਸੋ ਨਹੀ ਆਪ ਹੂੰ ਜਾਇ ਕੈ ਲਿਆਉ ਮਨਾਈ ॥

ਜਾਂ ਤਾਂ ਉਸ ਦਾ (ਧਿਆਨ) ਛਡ ਕੇ ਇਨ੍ਹਾਂ (ਗੋਪੀਆਂ) ਵਿਚ ਮਗਨ ਹੋ ਜਾਓ, ਜਾਂ (ਫਿਰ) ਆਪ ਜਾ ਕੇ ਮਨਾ ਲਿਆਓ।

ਯੌ ਸੁਨਿ ਬਾਤ ਚਲਿਯੋ ਤਹ ਕੋ ਕਬਿ ਸ੍ਯਾਮ ਕਹੈ ਹਰਿ ਆਪ ਹੀ ਧਾਈ ॥੭੨੮॥

ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਦੀ ਗੱਲ ਸੁਣ ਕੇ ਸ੍ਰੀ ਕ੍ਰਿਸ਼ਨ ਉਸ ਨੂੰ (ਮਨਾਉਣ ਲਈ) ਆਪ ਹੀ ਭਜ ਤੁਰਿਆ ॥੭੨੮॥

ਅਉਰ ਨ ਗ੍ਵਾਰਿਨਿ ਕੋਊ ਪਠੀ ਚਲਿ ਕੈ ਹਰਿ ਜੂ ਤਬ ਆਪ ਹੀ ਆਯੋ ॥

ਹੋਰ ਕਿਸੇ ਗੋਪੀ ਨੂੰ ਨਾ ਭੇਜ ਕੇ ਸ੍ਰੀ ਕ੍ਰਿਸ਼ਨ ਆਪ ਹੀ ਚਲ ਕੇ ਆ ਗਿਆ।

ਤਾਹੀ ਕੋ ਰੂਪ ਨਿਹਾਰਤ ਹੀ ਬ੍ਰਿਖਭਾਨ ਸੁਤਾ ਮਨ ਮੈ ਸੁਖ ਪਾਯੋ ॥

ਉਸ ਦਾ ਰੂਪ ਵੇਖਦਿਆਂ ਹੀ ਰਾਧਾ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਪਾਇ ਘਨੋ ਸੁਖ ਪੈ ਮਨ ਮੈ ਅਤਿ ਊਪਰਿ ਮਾਨ ਸੋ ਬੋਲ ਸੁਨਾਯੋ ॥

ਮਨ ਵਿਚ ਤਾਂ ਬਹੁਤ ਹੀ ਅਧਿਕ ਸੁਖ ਪਾਇਆ, (ਪਰ) ਉਪਰੋਂ ਰੋਸੇ ਦਾ ਬੋਲ ਸੁਣਾ ਦਿੱਤਾ।

ਚੰਦ੍ਰਭਗਾ ਹੂੰ ਸੋ ਕੇਲ ਕਰੋ ਇਹ ਠਉਰ ਕਹਾ ਤਜਿ ਲਾਜਹਿ ਆਯੋ ॥੭੨੯॥

ਚੰਦ੍ਰਭਗਾ ਨਾਲ ਹੀ ਕੇਲ ਕਰੋ, ਇਸ ਥਾਂ ਲਾਜ ਨੂੰ ਛਡ ਕੇ ਕਿਉਂ ਆਏ ਹੋ ॥੭੨੯॥

ਰਾਧੇ ਬਾਚ ਕਾਨ੍ਰਹ ਜੂ ਸੋ ॥

ਰਾਧਾ ਨੇ ਕ੍ਰਿਸ਼ਨ ਜੀ ਨੂੰ ਕਿਹਾ:

ਸਵੈਯਾ ॥

ਸਵੈਯਾ:

ਰਾਸਹਿ ਕਿਉ ਤਜਿ ਚੰਦ੍ਰਭਗਾ ਚਲਿ ਕੈ ਹਮਰੇ ਪਹਿ ਕਿਉ ਕਹਿਯੋ ਆਯੋ ॥

ਰਾਸ ਵਿਚ ਚੰਦ੍ਰਭਗਾ ਨੂੰ ਛਡ ਕੇ, ਦਸੋ, ਮੇਰੇ ਪਾਸ ਚਲ ਕੇ ਕਿਉਂ ਆਏ ਹੋ।

ਕਿਉ ਇਹ ਗ੍ਵਾਰਨਿ ਕੀ ਸਿਖ ਮਾਨ ਕੈ ਆਪਨ ਹੀ ਉਠ ਕੈ ਸਖੀ ਧਾਯੋ ॥

ਹੇ ਸਖੀ! ਕੀ (ਇਨ੍ਹਾਂ ਨੇ) ਇਹ ਗੋਪੀਆਂ ਦੀ ਸਿੱਖ ਲਈ ਹੈ ਜਾਂ ਆਪ ਹੀ ਉਠ ਕੇ ਭਜ ਆਏ ਹਨ।

ਜਾਨਤ ਥੀ ਕਿ ਬਡੋ ਠਗੁ ਹੈ ਇਹ ਬਾਤਨ ਤੇ ਅਬ ਹੀ ਲਖਿ ਪਾਯੋ ॥

(ਮੈਂ) ਜਾਣਦੀ ਸਾਂ ਕਿ ਸ੍ਰੀ ਕ੍ਰਿਸ਼ਨ ਬਹੁਤ ਵੱਡਾ ਠਗ ਹੈ, (ਪਰ) ਇਨ੍ਹਾਂ ਗੱਲਾਂ ਤੋਂ ਹੁਣ ਸਮਝ ਲਿਆ ਹੈ।

ਕਿਉ ਹਮਰੇ ਪਹਿ ਆਏ ਕਹਿਯੋ ਹਮ ਤੋ ਤੁਮ ਕੋ ਨਹੀ ਬੋਲਿ ਪਠਾਯੋ ॥੭੩੦॥

(ਫਿਰ ਕ੍ਰਿਸ਼ਨ ਨੂੰ ਸੰਬੋਧਨ ਕੀਤਾ) ਦਸੋ, ਮੇਰੇ ਕੋਲ ਕਿਉਂ ਆਏ ਹੋ, ਮੈਂ ਤਾਂ ਤੁਹਾਨੂੰ ਨਹੀਂ ਸਦ ਬੁਲਾਇਆ ॥੭੩੦॥

ਕਾਨ੍ਰਹ ਜੂ ਬਾਚ ਰਾਧੇ ਸੋ ॥

ਕਾਨ੍ਹ ਜੀ ਨੇ ਰਾਧਾ ਨੂੰ ਕਿਹਾ:

ਸਵੈਯਾ ॥

ਸਵੈਯਾ:

ਯੌ ਸੁਨਿ ਉਤਰ ਦੇਤ ਭਯੋ ਨਹਿ ਰੀ ਤੁਹਿ ਗ੍ਵਾਰਨਿ ਬੋਲ ਪਠਾਯੋ ॥

ਇਹ ਸੁਣ ਕੇ (ਸ੍ਰੀ ਕ੍ਰਿਸ਼ਨ ਨੇ) ਉੱਤਰ ਦਿੱਤਾ, ਹੇ ਗੋਪੀ (ਰਾਧਾ!) ਤੂੰ (ਮੈਨੂੰ) ਸਦ ਕੇ ਨਹੀਂ ਬੁਲਾਇਆ।


Flag Counter