ਤਦ ਚਤੁਰ ਰਾਜ ਕੁਮਾਰੀ ਨੇ ਇਹ ਚਰਿਤ੍ਰ ਵਿਚਾਰਿਆ
ਅਤੇ ਰਾਜੇ ਨੂੰ ਸਾਫ ਸਾਫ ਕਿਹਾ ॥੫॥
(ਹੇ ਪਿਤਾ ਜੀ!) ਮੈਨੂੰ ਸਦਾ ਸ਼ਿਵ ਨੇ ਸ੍ਰਾਪ ਦਿੱਤਾ ਹੈ,
ਇਸੇ ਕਰ ਕੇ ਤੁਹਾਡੇ ਘਰ ਜਨਮ ਲਿਆ ਹੈ।
ਜਦ ਸ੍ਰਾਪ ਦਾ ਸਮਾਂ ਪੂਰਾ ਹੋ ਜਾਏਗਾ
ਤਦ ਮੈਂ ਫਿਰ ਸਵਰਗ ਲੋਕ ਵਿਚ ਚਲੀ ਜਾਵਾਂਗੀ ॥੬॥
ਇਕ ਦਿਨ ਉਹ ਆਪਣੇ ਹੱਥ ਨਾਲ ਚਿੱਠੀ ਲਿਖ ਕੇ
(ਆਪਣੇ) ਮਿਤਰ ਨਾਲ ਨਿਕਲ ਗਈ।
(ਉਸ ਚਿੱਠੀ ਵਿਚ ਉਸ ਨੇ ਲਿਖਿਆ ਕਿ) ਹੁਣ ਸ੍ਰਾਪ ਦਾ ਸਮਾਂ ਪੂਰਾ ਹੋ ਗਿਆ ਹੈ,
(ਇਸ ਲਈ) ਤੁਹਾਡੀ ਪੁੱਤਰੀ ਸਵਰਗ ਨੂੰ ਚਲੀ ਗਈ ਹੈ ॥੭॥
ਹੁਣ ਜੋ ਮੇਰੇ ਘਰ ਧਨ ਹੈ,
ਉਹ ਤੁਰਤ ਬ੍ਰਾਹਮਣਾਂ ਨੂੰ ਦੇ ਦਿਓ।
(ਉਸ ਨੇ) ਆਪਣੇ ਯਾਰ ਨੂੰ ਹੀ ਬ੍ਰਾਹਮਣ ਬਣਾ ਦਿੱਤਾ
ਅਤੇ ਇਸ ਚਰਿਤ੍ਰ ਨਾਲ ਸਾਰਾ ਧਨ ਉਸ ਨੂੰ ਦਿਵਾ ਦਿੱਤਾ ॥੮॥
ਇਸ ਚਰਿਤ੍ਰ ਨਾਲ ਉਹ ਮਿਤਰ ਦੇ ਨਾਲ ਚਲੀ ਗਈ।
ਧਨ ਦੇ ਕੇ ਗ਼ਰੀਬ (ਯਾਰ) ਨੂੰ ਧਨਵਾਨ ਬਣਾ ਦਿੱਤਾ।
ਮਾਤਾ ਪਿਤਾ ਨੇ ਇਹ ਸਮਝ ਲਿਆ।
ਸ੍ਰਾਪ ਦੇ ਖ਼ਤਮ ਹੋਣ ਤੇ ਸਵਰਗ ਨੂੰ ਚਲੀ ਗਈ ਹੈ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੨॥੬੩੭੧॥ ਚਲਦਾ॥
ਚੌਪਈ:
ਜਿਥੇ ਸੋਰਠ ਨਾਂ ਦਾ ਦੇਸ਼ ਵਸਦਾ ਹੈ,
ਉਥੇ ਦਿਜਬਰ ਸੈਨ ਨਾਂ ਦਾ ਰਾਜਾ ਸੀ।
ਸੁਮੇਰ ਮਤੀ ਉਸ ਦੀ ਰਾਣੀ ਸੀ।
ਉਸ ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ ਨਹੀਂ ਸੀ ॥੧॥
ਸੋਰਠ ਦੇਈ ਨਾਂ ਦੀ ਉਸ ਦੀ ਇਕ ਪੁੱਤਰੀ ਸੀ
ਜਿਸ ਦੇ ਬਰਾਬਰ ਹੋਰ ਕੋਈ ਇਸਤਰੀ ਨਹੀਂ ਸੀ।
ਪਰਜ ਦੇ (ਦੇਈ) ਨਾਂ ਦੀ ਦੂਜੀ ਕੁਮਾਰੀ ਸੀ,
ਜਿਸ ਵਰਗੀ ਬ੍ਰਹਮਾ ਨੇ ਕੋਈ ਹੋਰ ਨਹੀਂ ਬਣਾਈ ਸੀ ॥੨॥
ਜਦ ਦੋਵੇਂ ਪੁੱਤਰੀਆਂ ਜਵਾਨ ਹੋ ਗਈਆਂ।
(ਤਾਂ ਇੰਜ ਲਗਦੀਆਂ ਸਨ) ਮਾਨੋ ਸੂਰਜ ਅਤੇ ਚੰਦ੍ਰਮਾ ਦੀਆਂ ਕਿਰਨਾਂ ਹੋਣ।
ਉਨ੍ਹਾਂ ਦੀ ਅਜਿਹੀ ਸੁੰਦਰਤਾ ਸੀ
ਕਿ ਜਿਨ੍ਹਾਂ ਨੂੰ (ਪ੍ਰਾਪਤ ਕਰਨ ਦੀ) ਇੱਛਾ ਬ੍ਰਹਮਾ ਵੀ ਕਰਦਾ ਸੀ ॥੩॥
ਓਜ ਸੈਨ ਨਾਂ ਦਾ ਇਕ ਹੋਰ ਸ੍ਰੇਸ਼ਠ ਰਾਜਾ ਸੀ,
ਮਾਨੋ ਕਾਮ ਦੇਵ ਹੀ ਸ਼ਰੀਰ ਧਾਰਨ ਕਰ ਕੇ ਪ੍ਰਗਟਿਆ ਹੋਵੇ।
ਉਹ ਰਾਜਾ ਸ਼ਿਕਾਰ ਖੇਡਣ ਲਈ ਚੜ੍ਹਿਆ।
(ਉਸ ਨੇ) ਰੋਜ਼, ਰਿਛ ਅਤੇ ਬਾਰਾਸਿੰਗੇ ਮਾਰੇ ॥੪॥
ਉਥੇ ਇਕ ਬਾਰਾਸਿੰਗਾ ਨਿਕਲਿਆ
ਜਿਸ ਦੇ ਬਾਰ੍ਹਾਂ ਲੰਬੇ ਸਿੰਗ ਸਨ।
ਉਸ ਨੂੰ ਵੇਖ ਕੇ ਰਾਜੇ ਨੇ ਘੋੜਾ ਭਜਾਇਆ।
ਉਸ ਦੇ ਪਿਛੇ ਕਈ ਕੋਹ ਚਲ ਕੇ ਆ ਗਿਆ ॥੫॥
ਬਹੁਤ ਕੋਹਾਂ ਤਕ ਉਹ ਮਿਰਗ ਦਿਖਦਾ ਰਿਹਾ।
ਉਸ ਤਕ ਕੋਈ ਸੇਵਕ ਨਾ ਪਹੁੰਚ ਸਕਿਆ।
ਉਹ ਸੋਰਠੀ ਦੇਸ਼ ਵਿਚ (ਉਥੇ) ਆ ਪਹੁੰਚਿਆ
ਜਿਥੇ ਰਾਜੇ ਦੀਆਂ ਪੁੱਤਰੀਆਂ ਇਸ਼ਨਾਨ ਕਰ ਰਹੀਆਂ ਸਨ ॥੬॥
ਬਾਰਾਸਿੰਗਾ ਉਥੇ ਆ ਨਿਕਲਿਆ।
ਉਨ੍ਹਾਂ ਦੋਹਾਂ ਰਾਜ ਕੁਮਾਰੀਆਂ ਦੇ ਵੇਖਦੇ ਹੋਇਆਂ (ਬਾਰਾਸਿੰਗੇ ਨੂੰ) ਮਾਰ ਦਿੱਤਾ।
ਉਸ ਨੂੰ ਅਜਿਹਾ ਤੀਰ ਵਜਿਆ
ਕਿ ਉਹ ਥਾਂ ਹੀ ਰਿਹਾ, ਦੋ ਕਦਮ ਵੀ ਨਾ ਭਜ ਸਕਿਆ ॥੭॥