ਸ਼੍ਰੀ ਦਸਮ ਗ੍ਰੰਥ

ਅੰਗ - 403


ਮਨੋ ਇੰਦ੍ਰ ਕੇ ਬਜ੍ਰ ਲਗੇ ਟੁਟ ਕੈ ਧਰਨੀ ਗਿਰ ਸ੍ਰਿੰਗ ਸੁਮੇਰ ਪਰੇ ॥੧੦੫੧॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਬਜ੍ਰ ਦੇ ਲਗਣ ਨਾਲ ਸੁਮੇਰ ਪਰਬਤ ਦੀਆਂ ਚੋਟੀਆਂ ਟੁਟ ਕੇ ਧਰਤੀ ਉਤੇ ਡਿਗ ਰਹੀਆਂ ਹੋਣ ॥੧੦੫੧॥

ਸ੍ਰੀ ਜਦੁਬੀਰ ਸਰਾਸਨ ਤੇ ਬਹੁ ਤੀਰ ਛੁਟੇ ਛੁਟ ਕੈ ਭਟ ਘਾਏ ॥

ਸ੍ਰੀ ਕ੍ਰਿਸ਼ਨ ਦੇ ਧਨੁਸ਼ ਤੋਂ ਬਹੁਤ ਤੀਰ ਛੁਟੇ ਹਨ ਅਤੇ ਛੁਟ ਕੇ ਯੋਧਿਆਂ ਨੂੰ ਮਾਰਦੇ ਹਨ।

ਪੈਦਲ ਮਾਰਿ ਰਥੀ ਬਿਰਥੀ ਕਰਿ ਸਤ੍ਰ ਘਨੇ ਜਮਲੋਕਿ ਪਠਾਏ ॥

ਪੈਦਲਾਂ ਨੂੰ ਮਾਰਦੇ ਹਨ, ਰਥਾਂ ਵਾਲਿਆਂ ਨੂੰ ਰਥਾਂ ਤੋਂ ਬਿਨਾ ਕਰਦੇ ਹਨ ਅਤੇ ਬਹੁਤ ਸਾਰੇ ਵੈਰੀਆਂ ਨੂੰ ਯਮਲੋਕ ਵਿਚ ਭੇਜਦੇ ਹਨ।

ਭਾਜਿ ਅਨੇਕ ਗਏ ਰਨ ਤੇ ਜੋਊ ਲਾਜ ਭਰੇ ਹਰਿ ਪੈ ਪੁਨਿ ਆਏ ॥

ਅਨੇਕਾਂ ਹੀ ਰਣ-ਭੂਮੀ ਵਿਚੋਂ ਭਜ ਗਏ ਹਨ ਅਤੇ ਜੋ ਲਾਜ (ਮਰਯਾਦਾ) ਵਾਲੇ ਹਨ, ਉਹ (ਲੜਨ ਲਈ) ਕ੍ਰਿਸ਼ਨ ਕੋਲ ਫਿਰ ਪਰਤ ਆਏ ਹਨ।

ਤੇ ਬ੍ਰਿਜਨਾਥ ਕੇ ਹਾਥ ਲਗੇ ਗ੍ਰਿਹ ਕਉ ਫਿਰਿ ਜੀਵਤ ਜਾਨ ਨ ਪਾਏ ॥੧੦੫੨॥

ਉਨ੍ਹਾਂ ਨੂੰ ਸ੍ਰੀ ਕ੍ਰਿਸ਼ਨ ਦੇ (ਅਜਿਹੇ) ਹੱਥ ਲਗੇ ਹਨ ਕਿ ਫਿਰ ਘਰਾਂ ਨੂੰ ਜੀਉਂਦੇ ਨਹੀਂ ਪਰਤੇ ਹਨ ॥੧੦੫੨॥

ਕੋਪ ਭਰੇ ਰਨ ਮੈ ਭਟ ਯੌ ਚਹੂੰ ਓਰਨ ਤੇ ਲਲਕਾਰ ਪਰੇ ॥

ਯੁੱਧਵੀਰ ਰਣ-ਭੂਮੀ ਵਿਚ ਕ੍ਰੋਧ ਨਾਲ ਇਸ ਤਰ੍ਹਾਂ ਭਰੇ ਹੋਏ ਹਨ ਕਿ ਚੌਹਾਂ ਪਾਸਿਆਂ ਤੋਂ ਲਲਕਾਰੇ ਪੈ ਰਹੇ ਹਨ।

ਕਰਿ ਚਉਪ ਭਿਰੇ ਅਪਨੇ ਮਨ ਮੈ ਨੰਦ ਨੰਦਨ ਤੇ ਨ ਰਤੀ ਕੁ ਡਰੇ ॥

ਆਪਣੇ ਮਨ ਵਿਚ ਉਤਸਾਹਿਤ ਹੋ ਕੇ ਲੜਦੇ ਹਨ ਅਤੇ ਸ੍ਰੀ ਕ੍ਰਿਸ਼ਨ ਪਾਸੋਂ ਜ਼ਰਾ ਜਿੰਨੇ ਵੀ ਡਰਦੇ ਨਹੀਂ ਹਨ।

ਤਬ ਹੀ ਬ੍ਰਿਜਨਾਥ ਸਰਾਸਨ ਲੈ ਛਿਨ ਮੈ ਉਨ ਕੇ ਅਭਿਮਾਨ ਹਰੇ ॥

ਤਦ ਹੀ ਸ੍ਰੀ ਕ੍ਰਿਸ਼ਨ ਨੇ ਧਨੁਸ਼ ਲੈ ਕੇ ਛਿਣ ਭਰ ਵਿਚ ਉਨ੍ਹਾਂ ਦੇ ਅਭਿਮਾਨ ਨੂੰ ਦੂਰ ਕਰ ਦਿੱਤਾ।

ਜੋਊ ਆਵਤ ਭੇ ਧਨ ਬਾਨ ਧਰੇ ਹਰਿ ਜੂ ਸਿਗਰੇ ਬਿਨੁ ਪ੍ਰਾਣ ਕਰੇ ॥੧੦੫੩॥

ਜਿਹੜੇ ਧਨੁਸ਼ ਬਾਣ ਲੈ ਕੇ ਆਉਂਦੇ ਹਨ, (ਉਨ੍ਹਾਂ) ਸਾਰਿਆਂ ਨੂੰ ਕ੍ਰਿਸ਼ਨ ਜੀ ਨੇ ਪ੍ਰਾਣ ਤੋਂ ਸਖਣਾ ਕਰ ਦਿੱਤਾ ਹੈ ॥੧੦੫੩॥

ਕਬਿਤੁ ॥

ਕਬਿੱਤ:

ਸ੍ਰਉਨਤ ਤਰੰਗਨੀ ਉਠਤ ਕੋਪਿ ਬਲ ਬੀਰ ਮਾਰਿ ਮਾਰਿ ਤੀਰ ਰਿਪੁ ਖੰਡ ਕੀਏ ਰਨ ਮੈ ॥

ਬਲਰਾਮ ਨੇ ਲਹੂ ਦੀ ਨਦੀ ਪੈਦਾ ਕਰ ਦਿੱਤੀ ਹੈ ਅਤੇ ਤੀਰ ਮਾਰ ਮਾਰ ਕੇ ਵੈਰੀਆਂ ਦੇ ਰਣ ਵਿਚ ਟੁਕੜੇ ਕਰ ਦਿੱਤੇ ਹਨ।

ਬਾਜ ਗਜ ਮਾਰੇ ਰਥੀ ਬ੍ਰਿਥੀ ਕਰਿ ਡਾਰੇ ਕੇਤੇ ਪੈਦਲ ਬਿਦਾਰੇ ਸਿੰਘ ਜੈਸੇ ਮ੍ਰਿਗ ਬਨ ਮੈ ॥

ਘੋੜੇ ਅਤੇ ਹਾਥੀ ਮਾਰੇ ਹਨ ਅਤੇ ਰਥਾਂ ਵਾਲਿਆਂ ਨੂੰ ਰਥਾਂ ਤੋਂ ਬਿਨਾ ਕਰ ਦਿੱਤਾ ਹੈ, ਕਿਤਨੇ ਹੀ ਪੈਦਲ ਸੈਨਿਕ ਮਾਰੇ ਹਨ ਜਿਵੇਂ ਸ਼ੇਰ ਜੰਗਲ ਵਿਚ ਹਿਰਨਾਂ (ਨੂੰ ਮਾਰਦਾ ਹੈ)।

ਜੈਸੇ ਸਿਵ ਕੋਪ ਕੈ ਜਗਤ ਜੀਵ ਮਾਰਿ ਪ੍ਰਲੈ ਤੈਸੇ ਹਰਿ ਅਰਿ ਯੌ ਸੰਘਾਰੇ ਆਈ ਮਨ ਮੈ ॥

ਜਿਵੇਂ ਪਰਲੋ (ਵਾਲੇ ਦਿਨ) ਸ਼ਿਵ ਕ੍ਰੋਧ ਕਰ ਕੇ ਜਗਤ ਦੇ ਜੀਵ ਮਾਰਦਾ ਹੈ, ਤਿਵੇਂ ਸ੍ਰੀ ਕ੍ਰਿਸ਼ਨ ਨੇ ਵੈਰੀਆਂ ਨੂੰ ਸੰਘਾਰਿਆ ਹੈ, ਇਸ ਤਰ੍ਹਾਂ (ਮੇਰੇ) ਮਨ ਵਿਚ (ਭਾਵ) ਪੈਦਾ ਹੋਇਆ ਹੈ।

ਏਕ ਮਾਰਿ ਡਾਰੇ ਏਕ ਘਾਇ ਛਿਤਿ ਪਾਰੇ ਏਕ ਤ੍ਰਸੇ ਏਕ ਹਾਰੇ ਜਾ ਕੇ ਤਾਕਤ ਨ ਤਨ ਮੈ ॥੧੦੫੪॥

ਇਕ ਮਾਰ ਦਿੱਤੇ ਹਨ, ਇਕ ਘਾਇਲ ਹੋ ਕੇ ਧਰਤੀ ਉਤੇ ਪਏ ਹਨ, ਇਕ ਡਰ ਕੇ (ਘਬਰਾਏ ਹੋਏ ਹਨ) ਅਤੇ ਇਕ ਹਾਰ ਗਏ ਹਨ ਜਿਨ੍ਹਾਂ ਦੇ ਤਨ ਵਿਚ ਤਾਕਤ ਨਹੀਂ ਰਹੀ ਹੈ ॥੧੦੫੪॥

ਸਵੈਯਾ ॥

ਸਵੈਯਾ:

ਬਹੁਰੋ ਘਨਿ ਸ੍ਯਾਮ ਘਨ ਸੁਰ ਕੈ ਬਰਖਿਯੋ ਸਰ ਬੂੰਦਨ ਜਿਉ ਮਗਵਾ ॥

ਫਿਰ ਸ੍ਰੀ ਕ੍ਰਿਸ਼ਨ ਬਦਲ ਵਾਂਗ ਗਜੇ ਅਤੇ ਬਾਣਾਂ ਦੀ (ਇਸ ਤਰ੍ਹਾਂ) ਬਰਖਾ ਕੀਤੀ ਜਿਵੇਂ ਇੰਦਰ (ਬੂੰਦਾਂ ਦੀ ਬਰਖਾ ਕਰਦਾ ਹੈ)।

ਚਤੁਰੰਗ ਚਮੂੰ ਹਨਿ ਸ੍ਰਉਨ ਬਹਿਯੋ ਸੁ ਭਇਓ ਰਨ ਈਗਰ ਕੇ ਰੰਗਵਾ ॥

ਚਤੁਰੰਗਨੀ ਸੈਨਾ ਮਾਰ ਦਿੱਤੀ, ਲਹੂ ਵਹਿਣ ਲਗ ਗਿਆ ਅਤੇ ਰਣ-ਭੂਮੀ ਸ਼ਿੰਗਰਫ਼ (ਲਾਲ) ਰੰਗ ਦੀ ਹੋ ਗਈ।

ਕਹੂੰ ਮੁੰਡ ਝਰੇ ਰਥ ਪੁੰਜ ਢਰੇ ਗਜ ਸੁੰਡ ਪਰੇ ਕਹੂੰ ਹੈ ਤੰਗਵਾ ॥

ਕਿਤੇ ਸਿਰ ਡਿਗੇ ਹੋਏ ਹਨ, (ਕਿਤੇ ਟੁਟੇ ਹੋਏ) ਰਥਾਂ ਦੇ ਢੇਰ ਲਗੇ ਪਏ ਹਨ, ਕਿਤੇ ਹਾਥੀਆਂ ਦੇ ਸੁੰਡ ਪਏ ਹਨ ਅਤੇ ਕਿਤੇ ਘੋੜਿਆਂ ਦੇ ਤੰਗ ਡਿਗੇ ਹੋਏ ਹਨ।

ਜਦੁਬੀਰ ਜੁ ਕੋਪ ਕੈ ਤੀਰ ਹਨੇ ਕਹੂੰ ਬੀਰ ਗਿਰੇ ਸੁ ਕਹੂੰ ਅੰਗਵਾ ॥੧੦੫੫॥

ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ ਜੋ ਤੀਰ ਮਾਰੇ ਹਨ, (ਉਨ੍ਹਾਂ ਦੇ ਲਗਣ ਨਾਲ) ਕਿਧਰੇ ਸੂਰਵੀਰ ਡਿਗੇ ਪਏ ਹਨ ਅਤੇ (ਉਨ੍ਹਾਂ ਦੇ ਕਟੇ ਹੋਏ) ਅੰਗ ਪਏ ਹਨ ॥੧੦੫੫॥

ਬਹੁ ਜੂਝਿ ਪਰੇ ਛਿਤ ਪੈ ਭਟ ਯੌ ਅਰਿ ਕੈ ਬਰ ਕੈ ਹਰਿ ਸਿਉ ਲਰਿ ਕੈ ॥

ਵੈਰੀ ਦੇ ਬਹੁਤ ਸਾਰੇ ਸੂਰਮੇ ਸ੍ਰੀ ਕ੍ਰਿਸ਼ਨ ਨਾਲ ਲੜ ਕੇ ਬਹੁਤੇ ਮਰ ਗਏ ਹਨ ਅਤੇ (ਕਈ ਇਕ) ਧਰਤੀ ਉਤੇ (ਡਿਗੇ ਪਏ ਹਨ)।

ਧਨੁ ਬਾਨ ਕ੍ਰਿਪਾਨ ਗਦਾ ਗਹਿ ਪਾਨਿ ਗਿਰੇ ਰਨ ਬੀਚ ਇਤੀ ਕਰਿ ਕੈ ॥

ਧਨੁਸ਼, ਬਾਣ, ਕ੍ਰਿਪਾਨ, ਗਦਾ (ਆਦਿ ਹਥਿਆਰ) ਹੱਥ ਵਿਚ ਪਕੜ ਕੇ ਅਤੇ ਰਣ-ਭੂਮੀ ਵਿਚ ਓੜਕ ਦੀ ਲੜਾਈ ਕਰ ਕੇ ਡਿਗੇ ਪਏ ਹਨ।

ਤਿਹ ਮਾਸ ਗਿਰਾਸ ਮਵਾਸ ਉਦਾਸ ਹੁਇ ਗੀਧ ਸੁ ਮੋਨ ਰਹੀ ਧਰਿ ਕੈ ॥

ਉਨ੍ਹਾਂ ਦੇ ਮਾਸ ਨੂੰ ਖਾ ਕੇ ਗਿਰਝਾਂ ਉਦਾਸ ਹੋ ਕੇ ਚੁਪ ਕਰ ਕੇ ਬੈਠ ਗਈਆਂ ਹਨ। (ਇੰਜ ਪ੍ਰਤੀਤ ਹੁੰਦਾ ਹੈ)

ਸੁ ਮਨੋ ਬੁਟੀਆ ਬਰ ਬੀਰਨ ਕੀ ਨ ਪਚੀ ਉਰ ਮੈ ਬਰਿ ਕੈ ਫਰਿਕੈ ॥੧੦੫੬॥

ਮਾਨੋ ਸੂਰਮਿਆਂ ਦੀਆਂ ਬੋਟੀਆਂ ਪਚਾ ਨਹੀਂ ਸਕੀਆਂ ਹਨ ਅਤੇ ਉਹ (ਉਨ੍ਹਾਂ ਦੀ) ਛਾਤੀ ਵਿਚ ਜ਼ੋਰ ਨਾਲ ਫੜਕ ਰਹੀਆਂ ਹਨ ॥੧੦੫੬॥

ਅਸਿ ਕੋਪਿ ਹਲਾਯੁਧ ਪਾਨਿ ਲੀਯੋ ਸੁ ਧਸਿਯੋ ਦਲ ਮੈ ਅਤਿ ਰੋਸ ਭਰਿਯੋ ॥

ਬਲਰਾਮ ਨੇ ਕ੍ਰੋਧਵਾਨ ਹੋ ਕੇ ਰੱਥ ਵਿਚੋਂ ਤਲਵਾਰ ਪਕੜ ਲਈ ਅਤੇ ਰੋਸ ਨਾਲ ਭਰਿਆ ਹੋਇਆ (ਵੈਰੀ) ਦਲ ਵਿਚ ਧਸ ਗਿਆ।

ਬਹੁ ਬੀਰ ਹਨੇ ਰਨ ਭੂਮਿ ਬਿਖੈ ਪ੍ਰਤਨਾਪਤਿ ਤੇ ਨ ਰਤੀ ਕੁ ਡਰਿਯੋ ॥

ਰਣ-ਭੂਮੀ ਵਿਚ (ਉਸ ਨੇ) ਬਹੁਤ ਸਾਰੇ ਸੂਰਮੇ ਮਾਰ ਦਿੱਤੇ ਅਤੇ (ਵੈਰੀ) ਦੀ ਸੈਨਾ ਦੇ ਨਾਇਕਾਂ ਕੋਲੋਂ ਜ਼ਰਾ ਜਿੰਨਾ ਵੀ ਨਹੀਂ ਡਰਿਆ।

ਗਜ ਬਾਜ ਰਥੀ ਅਰੁ ਪਤਿ ਚਮੂੰ ਹਨਿ ਕੈ ਉਨ ਬੀਰਨ ਤੇਜ ਹਰਿਯੋ ॥

ਹਾਥੀ, ਘੋੜੇ, ਰਥਾਂ ਵਾਲੇ ਅਤੇ ਸੈਨਾ ਪਤੀਆਂ ਨੂੰ ਮਾਰ ਕੇ ਉਨ੍ਹਾਂ ਸੂਰਮਿਆਂ ਦਾ ਤੇਜ ਹਰ ਲਿਆ ਹੈ।

ਜਿਮ ਤਾਤ ਧਰਾ ਸੁਰਪਤਿ ਲਰਿਯੋ ਹਰਿ ਭ੍ਰਾਤ ਬਲੀ ਇਮ ਜੁਧ ਕਰਿਯੋ ॥੧੦੫੭॥

ਜਿਵੇਂ ਭੂਮਾਸੁਰ ('ਤਾਤ ਧਰਾ') ਇੰਦਰ ਨਾਲ ਲੜਿਆ ਸੀ, ਉਵੇਂ ਸ੍ਰੀ ਕ੍ਰਿਸ਼ਨ ਦੇ ਬਲਵਾਨ ਭਰਾ (ਬਲਰਾਮ) ਨੇ ਯੁੱਧ ਕੀਤਾ ਹੈ ॥੧੦੫੭॥

ਜੁਧ ਜੁਰੇ ਜਦੁਰਾਇ ਸਖਾ ਕਿਧੋ ਕ੍ਰੋਧ ਭਰੇ ਦੁਰਜੋਧਨ ਸੋਹੈ ॥

ਯੁੱਧ ਕਰਨ ਵਿਚ ਕ੍ਰਿਸ਼ਨ ਦਾ ਸਖਾ (ਬਲਰਾਮ) ਜੁਟਿਆ ਹੋਇਆ ਹੈ, (ਉਹ) ਕਿਧਰੇ ਕ੍ਰੋਧ ਨਾਲ ਭਰਿਆ ਹੋਇਆ ਦੁਰਯੋਧਨ ਲਗਦਾ ਹੈ।

ਭੀਰ ਪਰੇ ਰਨਿ ਰਾਵਨ ਸੋ ਸੁਤ ਰਾਵਨ ਕੋ ਤਿਹ ਕੀ ਸਮ ਕੋ ਹੈ ॥

ਜਾਂ ਰਾਵਣ ਉਤੇ ਭੀੜ ਬਣਨ ਤੇ ਰਾਵਣ ਦੇ ਪੁੱਤਰ (ਮੇਘਨਾਦ) ਜਿਹਾ ਕੋਈ ਲਗਦਾ ਹੈ।

ਭੀਖਮ ਸੋ ਮਰਬੇ ਕਹੁ ਹੈ ਲਰਿਬੇ ਕਹੁ ਰਾਮ ਬਲੀ ਬਰਿ ਜੋ ਹੈ ॥

ਜਾਂ ਭੀਸ਼ਮ ਪਿਤਾਮਾ ਵਾਂਗ ਮਰਨ (ਦੇ ਸਮੇਂ) ਨੂੰ ਲਭਦਾ ਹੈ ਅਤੇ ਲੜਨ ਵਿਚ ਬਲਵਾਨ ਰਾਮ ਜਿਹਾ ਹੈ।

ਅੰਗਦ ਹੈ ਕਿ ਹਨੂ ਜਮੁ ਹੈ ਕਿ ਭਰਿਯੋ ਬਲਿਭਦ੍ਰ ਭਯਾਨਕ ਰੋਹੈ ॥੧੦੫੮॥

ਜਾਂ ਅੰਗਦ ਹੈ ਅਥਵਾ ਹਨੂਮਾਨ ਹੈ, ਜਾਂ ਯਮਰਾਜ ਹੈ। (ਇੰਜ) ਕ੍ਰੋਧ ਨਾਲ ਭਰਿਆ ਹੋਇਆ ਬਲਰਾਮ ਲੜ ਰਿਹਾ ਹੈ ॥੧੦੫੮॥

ਦ੍ਰਿੜ ਕੈ ਬਲਿ ਕੋਪਿ ਹਲਾਯੁਧ ਲੈ ਅਰਿ ਕੇ ਦਲ ਭੀਤਰ ਧਾਇ ਗਯੋ ॥

ਬਲ ਅਤੇ ਕ੍ਰੋਧ ਨੂੰ ਦ੍ਰਿੜ੍ਹ ਕਰ ਕੇ ਅਤੇ 'ਹਲ' ਨੂੰ ਲੈ ਕੇ (ਬਲਰਾਮ) ਵੈਰੀ ਦੇ ਦਲ ਵਿਚ ਧਸ ਗਿਆ ਹੈ।

ਗਜ ਬਾਜ ਰਥੀ ਬਿਰਥੀ ਕਰਿ ਕੈ ਬਹੁ ਪੈਦਲ ਕੋ ਦਲੁ ਕੋਪਿ ਛਯੋ ॥

ਹਾਥੀ, ਘੋੜੇ (ਮਾਰ ਦਿੱਤੇ ਹਨ) ਰਥਾਂ ਵਾਲਿਆਂ ਨੂੰ ਰਥਾਂ ਤੋਂ ਬਿਨਾ ਕਰ ਦਿੱਤਾ ਹੈ ਅਤੇ ਕ੍ਰੋਧ ਕਰ ਕੇ ਪੈਦਲ ਸੈਨਾ ਨੂੰ ਨਸ਼ਟ ਕਰ ਦਿੱਤਾ ਹੈ।

ਕਲਿ ਨਾਰਦ ਭੂਤ ਪਿਸਾਚ ਘਨੇ ਸਿਵ ਰੀਝ ਰਹਿਯੋ ਰਨ ਦੇਖਿ ਨਯੋ ॥

ਕਲਿ, ਨਾਰਦ ਅਤੇ ਬਹੁਤ ਸਾਰੇ ਭੂਤ ਪਿਸ਼ਾਚ ਅਤੇ ਸ਼ਿਵ (ਇਸ) ਨਵੇਂ ਯੁੱਧ ਨੂੰ ਵੇਖ ਕੇ ਪ੍ਰਸੰਨ ਹੋ ਰਹੇ ਹਨ।

ਅਰਿ ਯੌ ਸਟਕੇ ਮ੍ਰਿਗ ਕੇ ਗਨ ਜ੍ਯੋ ਮੁਸਲੀਧਰਿ ਮਾਨਹੁ ਸਿੰਘ ਭਯੋ ॥੧੦੫੯॥

ਵੈਰੀ ਇਸ ਤਰ੍ਹਾਂ ਦੁਬਕ ਗਏ ਹਨ ਜਿਵੇਂ (ਸ਼ੇਰ ਨੂੰ ਵੇਖ ਕੇ) ਹਿਰਨ (ਸਹਿਮ ਜਾਂਦੇ ਹਨ)। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਲਰਾਮ ਹੀ ਸ਼ੇਰ ਹੋਵੇ ॥੧੦੫੯॥

ਇਕ ਓਰਿ ਹਲਾਯੁਧ ਜੁਧ ਕਰੈ ਇਕ ਓਰਿ ਗੋਬਿੰਦਹ ਖਗ ਸੰਭਾਰਿਯੋ ॥

ਇਕ ਪਾਸੇ ਬਲਰਾਮ ਯੁੱਧ ਕਰ ਰਿਹਾ ਹੈ ਅਤੇ ਇਕ ਪਾਸੇ ਸ੍ਰੀ ਕ੍ਰਿਸ਼ਨ ਨੇ ਤਲਵਾਰ ਸੰਭਾਲ ਲਈ ਹੈ।

ਬਾਜ ਰਥੀ ਗਜਪਤਿ ਹਨੇ ਅਤਿ ਰੋਸ ਭਰੇ ਦਲ ਕੋ ਲਲਕਾਰਿਯੋ ॥

ਘੋੜ ਸਵਾਰਾਂ, ਰੱਥਾਂ ਵਾਲਿਆਂ ਅਤੇ ਹਾਥੀਆਂ ਦੇ ਸੁਆਮੀਆਂ ਨੂੰ ਮਾਰ ਦਿੱਤਾ ਹੈ ਅਤੇ ਬਹੁਤ ਰੋਸ ਨਾਲ ਭਰ ਕੇ (ਵੈਰੀ) ਦਲ ਨੂੰ ਲਲਕਾਰ ਰਹੇ ਹਨ।

ਬਾਨ ਕਮਾਨ ਗਦਾ ਗਹਿ ਸ੍ਰੀ ਹਰਿ ਸੈਥਨ ਸਿਉ ਅਰਿ ਪੁੰਜ ਬਿਡਾਰਿਯੋ ॥

ਬਾਣ, ਧਨੁਸ਼, ਗਦਾ (ਆਦਿ ਹਥਿਆਰ) ਪਕੜ ਕੇ ਅਤੇ ਬਰਛੀਆਂ ਨਾਲ ਸ੍ਰੀ ਕ੍ਰਿਸ਼ਨ ਨੇ ਵੈਰੀ ਦੇ ਝੁੰਡ ਖਪਾ ਦਿੱਤੇ ਹਨ।

ਮਾਰੁਤ ਹ੍ਵੈ ਘਨ ਸ੍ਯਾਮ ਕਿਧੋ ਉਮਡਿਯੋ ਦਲ ਪਾਵਸ ਮੇਘ ਨਿਵਾਰਿਯੋ ॥੧੦੬੦॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਕ੍ਰਿਸ਼ਨ ਨੇ ਹਵਾ ਬਣ ਕੇ ਬਰਖਾ ਰੁਤ ਦੇ ਬਦਲ ਰੂਪ (ਵੈਰੀ) ਦਲ ਨੂੰ ਖਿੰਡਾ ਦਿੱਤਾ ਹੈ ॥੧੦੬੦॥

ਸ੍ਰੀ ਨੰਦ ਲਾਲ ਸਦਾ ਰਿਪੁ ਘਾਲ ਕਰਾਲ ਬਿਸਾਲ ਸਬੈ ਧਨੁ ਲੀਨੋ ॥

ਵੈਰੀ ਨੂੰ ਸਦਾ ਮਾਰਨ ਵਾਲੇ ਸ੍ਰੀ ਕ੍ਰਿਸ਼ਨ ਨੇ ਜਿਸ ਵੇਲੇ (ਹੱਥ ਵਿਚ) ਭਿਆਨਕ ਵੱਡਾ ਧਨੁਸ਼ ਪਕੜ ਲਿਆ ਹੈ,

ਇਉ ਸਰ ਜਾਲ ਚਲੇ ਤਿਹ ਕਾਲ ਤਬੈ ਅਰਿ ਸਾਲ ਰਿਸੈ ਇਹ ਕੀਨੋ ॥

ਉਸ ਵੇਲੇ ਤੀਰਾਂ ਦੀ ਇੰਜ ਝੜੀ ਲਗੀ ਹੈ, ਜਿਸ ਨਾਲ ਵੈਰੀ ਦੁਖੀ ਅਤੇ ਕ੍ਰੋਧਵਾਨ ਹੋ ਗਿਆ ਹੈ।

ਘਾਇਨ ਸੰਗਿ ਗਿਰੀ ਚਤੁਰੰਗ ਚਮੂੰ ਸਭ ਕੋ ਤਨ ਸ੍ਰਉਨਤ ਭੀਨੋ ॥

ਚਤੁਰੰਗਨੀ ਸੈਨਾ ਜ਼ਖ਼ਮਾਂ ਨਾਲ (ਧਰਤੀ ਉਤੇ) ਡਿਗ ਪਈ ਹੈ ਅਤੇ ਸਾਰਿਆਂ ਦੇ ਸ਼ਰੀਰ ਲਹੂ ਲੁਹਾਨ ਹੋ ਗਏ ਹਨ।

ਮਾਨਹੁ ਪੰਦ੍ਰਸਵੋ ਬਿਧ ਨੇ ਸੁ ਰਚਿਯੋ ਰੰਗ ਆਰੁਨ ਲੋਕ ਨਵੀਨੋ ॥੧੦੬੧॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬ੍ਰਹਮਾ ਨੇ ਲਾਲ ਰੰਗ ਵਾਲਾ ਪੰਦ੍ਰਵਾਂ ਲੋਕ ਰਚ ਦਿੱਤਾ ਹੋਵੇ ॥੧੦੬੧॥

ਬ੍ਰਿਜਭੂਖਨ ਦੂਖਨ ਦੈਤਨ ਕੇ ਰਿਪੁ ਸਾਥ ਰਿਸੈ ਅਤਿ ਮਾਨ ਭਰਿਯੋ ॥

ਸ੍ਰੀ ਕ੍ਰਿਸ਼ਨ ਦੈਂਤਾਂ ਨੂੰ ਦੁਖ ਦੇਣ ਵਾਲੇ ਹਨ, ਉਨ੍ਹਾਂ ਨੇ ਕ੍ਰੋਧ ਨਾਲ ਭਰ ਕੇ ਵੈਰੀ ਦਾ ਮਾਣ ਰਖਿਆ ਹੈ (ਅਰਥਾਤ ਯੁੱਧ ਕੀਤਾ ਹੈ)।

ਸੁ ਧਵਾਇ ਤਹਾ ਰਥ ਜਾਇ ਪਰਿਯੋ ਲਖਿ ਦਾਨਵ ਸੈਨ ਨ ਨੈਕੁ ਡਰਿਯੋ ॥

ਉਹ ਰਥ ਨੂੰ ਭਜਾ ਕੇ ਉਥੇ ਜਾ ਪਹੁੰਚਿਆ ਹੈ ਅਤੇ ਵੈਰੀਆਂ ਦੀ ਸੈਨਾ ਵੇਖ ਕੇ ਉਸ ਨੂੰ ਬਿਲਕੁਲ ਡਰ ਨਹੀਂ ਲਗਾ ਹੈ।

ਧਨੁ ਬਾਨ ਸੰਭਾਰਿ ਅਯੋਧਨ ਮੈ ਹਰਿ ਕੇਹਰਿ ਕੀ ਬਿਧਿ ਜਿਉ ਬਿਚਰਿਯੋ ॥

ਧਨੁਸ਼ ਬਾਣ ਸੰਭਾਲ ਕੇ ਰਣ-ਭੂਮੀ ਵਿਚ ਸ੍ਰੀ ਕ੍ਰਿਸ਼ਨ ਸ਼ੇਰ ਵਾਂਗ ਫਿਰਦਾ ਹੈ।

ਭੁਜ ਦੰਡ ਅਦੰਡਨ ਖੰਡਨ ਕੈ ਰਿਸ ਕੈ ਦਲ ਖੰਡਨਿ ਖੰਡ ਕਰਿਯੋ ॥੧੦੬੨॥

ਦੰਡ ਨਾ ਭਰਨ ਵਾਲਿਆਂ ਨੂੰ (ਕ੍ਰਿਸ਼ਨ ਦੇ) ਭੁਜ-ਦੰਡਾਂ (ਬਾਂਹਵਾਂ) ਨੇ ਖੰਡ ਖੰਡ ਕਰ ਦਿੱਤਾ ਹੈ ਅਤੇ ਕ੍ਰੋਧ ਕਰ ਕੇ (ਵੈਰੀ ਦੇ) ਦਲ ਨੂੰ ਟੋਟੇ ਟੋਟੇ ਕਰ ਦਿੱਤਾ ਹੈ ॥੧੦੬੨॥

ਮਧੁਸੂਦਨ ਬੀਚ ਅਯੋਧਨ ਕੇ ਬਹੁਰੋ ਕਰ ਮੈ ਧਨੁ ਬਾਨ ਲਯੋ ॥

ਸ੍ਰੀ ਕ੍ਰਿਸ਼ਨ ('ਮਧ ਸੂਦਨ') ਨੇ ਰਣ-ਭੂਮੀ ਵਿਚ ਫਿਰ ਧਨੁਸ਼ ਅਤੇ ਬਾਣ ਫੜ ਲਿਆ।


Flag Counter