ਸ਼੍ਰੀ ਦਸਮ ਗ੍ਰੰਥ

ਅੰਗ - 1102


ਦੇਵ ਦਿਵਾਨੇ ਲਖਿ ਭਏ ਦਾਨਵ ਗਏ ਬਿਕਾਇ ॥੩॥

ਜਿਸ ਨੂੰ ਵੇਖ ਕੇ ਦੇਵਤੇ ਦੀਵਾਨੇ ਹੋ ਗਏ ਸਨ ਅਤੇ ਦੈਂਤ ਤਾਂ (ਸਮਝੋ) ਵਿਕ ਹੀ ਗਏ ਸਨ ॥੩॥

ਔਰ ਪਿੰਗੁਲਾ ਮਤੀ ਕੀ ਸੋਭਾ ਲਖੀ ਅਪਾਰ ॥

ਅਤੇ ਪਿੰਗੁਲ ਮਤੀ ਦੀ ਸ਼ੋਭਾ ਵੀ ਅਪਰ ਅਪਾਰ ਦਿਸਦੀ ਸੀ।

ਗੜਿ ਚਤੁਰਾਨਨ ਤਵਨ ਸਮ ਔਰ ਨ ਸਕਿਯੋ ਸੁਧਾਰ ॥੪॥

(ਉਸ ਨੂੰ) ਬ੍ਰਹਮਾ ਨੇ ਬਣਾ ਕੇ ਫਿਰ ਉਸ ਵਰਗੀ ਹੋਰ ਕੋਈ ਨਾ ਬਣਾ ਸਕਿਆ ॥੪॥

ਚੌਪਈ ॥

ਚੌਪਈ:

ਏਕ ਦਿਵਸ ਨ੍ਰਿਪ ਗਯੋ ਸਿਕਾਰਾ ॥

ਇਕ ਦਿਨ ਰਾਜਾ ਸ਼ਿਕਾਰ ਲਈ ਗਿਆ

ਚਿਤ ਭੀਤਰ ਇਹ ਭਾਤਿ ਬਿਚਾਰਾ ॥

ਅਤੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ।

ਬਸਤ੍ਰ ਬੋਰਿ ਸ੍ਰੋਨਤਹਿ ਪਠਾਏ ॥

(ਉਸ ਨੇ ਆਪਣੇ) ਬਸਤ੍ਰ ਲਹੂ ਵਿਚ ਡਬੋ ਕੇ (ਘਰ) ਭੇਜ ਦਿੱਤੇ

ਕਹਿਯੋ ਸਿੰਘ ਭਰਥਰ ਹਰਿ ਘਾਏ ॥੫॥

ਅਤੇ ਕਹਿਲਵਾ ਭੇਜਿਆ ਕਿ ਸ਼ੇਰ ਭਰਥਰ ਹਰਿ ਨੂੰ ਖਾ ਗਿਆ ਹੈ ॥੫॥

ਬਸਤ੍ਰ ਭ੍ਰਿਤ ਲੈ ਸਦਨ ਸਿਧਾਰਿਯੋ ॥

ਬਸਤ੍ਰ ਲੈ ਕੇ ਸੇਵਕ ਮਹੱਲ ਵਿਚ ਗਿਆ

ਉਚਰਿਯੋ ਆਜੁ ਸਿੰਘ ਨ੍ਰਿਪ ਮਾਰਿਯੋ ॥

ਅਤੇ (ਜਾ ਕੇ) ਕਹਿਣ ਲਗਾ ਕਿ ਅਜ ਸ਼ੇਰ ਨੇ ਰਾਜੇ ਨੂੰ ਮਾਰ ਦਿੱਤਾ ਹੈ।

ਰਾਨੀ ਉਦਿਤ ਜਰਨ ਕੌ ਭਈ ॥

ਰਾਣੀ (ਭਾਨ ਮਤੀ) ਸੜ ਮਰਨ ਲਈ ਤਤਪਰ ਹੋ ਗਈ

ਹਾਇ ਉਚਰਿ ਪਿੰਗਲ ਮਰਿ ਗਈ ॥੬॥

ਅਤੇ ਪਿੰਗੁਲਮਤੀ (ਕੇਵਲ) ਹਾਇ ਕਹਿ ਕੇ ਮਰ ਗਈ ॥੬॥

ਦੋਹਰਾ ॥

ਦੋਹਰਾ:

ਤ੍ਰਿਯਾ ਨ ਤਵਨ ਸਰਾਹੀਯਹਿ ਕਰਤ ਅਗਨਿ ਮੈ ਪਯਾਨ ॥

ਉਸ ਇਸਤਰੀ ਦੀ ਸ਼ਲਾਘਾ ਨਹੀਂ ਕਰਨੀ ਚਾਹੀਦੀ ਜੋ ਅਗਨੀ ਵਿਚ ਪ੍ਰਵੇਸ਼ ਕਰਦੀ ਹੈ।

ਧੰਨ੍ਯ ਧੰਨ੍ਯ ਅਬਲਾ ਤੇਈ ਬਧਤ ਬਿਰਹ ਕੇ ਬਾਨ ॥੭॥

ਧੰਨ ਧੰਨ ਤਾਂ ਉਹ ਇਸਤਰੀ ਹੈ ਜੋ ਬਿਰਹੋਂ ਦੇ ਬਾਣ ਨਾਲ ਹੀ ਵਿੰਨ੍ਹੀ ਜਾਂਦੀ ਹੈ ॥੭॥

ਅੜਿਲ ॥

ਅੜਿਲ:

ਖੇਲਿ ਅਖੇਟਕ ਜਬ ਭਰਥਰਿ ਘਰਿ ਆਇਯੋ ॥

ਸ਼ਿਕਾਰ ਖੇਡ ਕੇ ਜਦ ਭਰਥਰੀ ਘਰ ਪਰਤਿਆ

ਹਾਇ ਕਰਤ ਪਿੰਗੁਲਾ ਮਰੀ ਸੁਨਿ ਪਾਇਯੋ ॥

(ਤਾਂ ਉਸ ਨੇ) ਸੁਣਿਆ ਕਿ ਪਿੰਗੁਲਾਮਤੀ 'ਹਾਇ' ਕਹਿੰਦੀ ਹੋਈ ਮਰ ਗਈ ਹੈ।

ਡਾਰਿ ਡਾਰਿ ਸਿਰ ਧੂਰਿ ਹਾਇ ਰਾਜਾ ਕਹੈ ॥

ਸਿਰ ਵਿਚ ਖੇਹ ਪਾ ਪਾ ਕੇ ਰਾਜਾ ਹਾਇ ਹਾਇ ਕਹਿਣ ਲਗਾ

ਹੋ ਪਠੈ ਬਸਤ੍ਰ ਜਿਹ ਸਮੈ ਸਮੋ ਸੌ ਨ ਲਹੈ ॥੮॥

ਕਿ ਉਹ ਸਮਾਂ ਹੁਣ ਹੱਥ ਨਹੀਂ ਆਉਂਦਾ ਜਿਸ ਸਮੇਂ ਮੈਂ ਬਸਤ੍ਰ ਘਰ ਭੇਜੇ ਸਨ ॥੮॥

ਚੌਪਈ ॥

ਚੌਪਈ:

ਕੈ ਮੈ ਆਜੁ ਕਟਾਰੀ ਮਾਰੌ ॥

ਜਾਂ ਤਾਂ ਮੈਂ ਕਟਾਰੀ ਮਾਰ ਕੇ ਮਰ ਜਾਵਾਂਗਾ,

ਹ੍ਵੈ ਜੋਗੀ ਸਭ ਹੀ ਘਰ ਜਾਰੌ ॥

ਜਾਂ ਜੋਗੀ ਬਣ ਕੇ ਸਾਰਾ ਘਰ ਸਾੜ ਦਿਆਂਗਾ।

ਧ੍ਰਿਗ ਮੇਰੋ ਜਿਯਬੋ ਜਗ ਮਾਹੀ ॥

ਜਗਤ ਵਿਚ ਮੇਰੇ ਜੀਣੇ ਨੂੰ ਧਿੱਕਾਰ ਹੈ

ਜਾ ਕੇ ਨਾਰਿ ਪਿੰਗੁਲਾ ਨਾਹੀ ॥੯॥

ਜਿਸ ਦੇ (ਘਰ) ਪਿੰਗੁਲਾ ਰਾਣੀ ਨਹੀਂ ਹੈ ॥੯॥

ਦੋਹਰਾ ॥

ਦੋਹਰਾ:

ਜੋ ਭੂਖਨ ਬਹੁ ਮੋਲ ਕੇ ਅੰਗਨ ਅਧਿਕ ਸੁਹਾਹਿ ॥

ਜੋ ਵਡ-ਮੁਲੇ ਗਹਿਣੇ ਅੰਗਾਂ ਨੂੰ ਬਹੁਤ ਸੁਸਜਿਤ ਕਰਦੇ ਸਨ,

ਤੇ ਅਬ ਨਾਗਨਿ ਸੇ ਭਏ ਕਾਟਿ ਕਾਟਿ ਤਨ ਖਾਹਿ ॥੧੦॥

ਉਹ ਹੁਣ ਨਾਗਾਂ ਵਰਗੇ ਹੋ ਗਏ ਹਨ ਅਤੇ ਸ਼ਰੀਰ ਨੂੰ ਕਟ ਕਟ ਕੇ ਖਾਂਦੇ ਹਨ ॥੧੦॥

ਸਵੈਯਾ ॥

ਸਵੈਯਾ:

ਬਾਕ ਸੀ ਬੀਨ ਸਿੰਗਾਰ ਅੰਗਾਰ ਸੇ ਤਾਲ ਮ੍ਰਿਦੰਗ ਕ੍ਰਿਪਾਨ ਕਟਾਰੇ ॥

ਬੀਨ 'ਬਾਂਕ' (ਤਲਵਾਰ) ਵਰਗੀ, ਸ਼ਿੰਗਾਰ ਅੰਗਾਰਿਆਂ ਜਿਹੇ ਅਤੇ ਤਾਲ ਤੇ ਮ੍ਰਿਦੰਗ ਕ੍ਰਿਪਾਨ ਅਤੇ ਕਟਾਰ ਦੇ ਸਮਾਨ ਲਗਦੇ ਸਨ।

ਜ੍ਵਾਲ ਸੀ ਜੌਨਿ ਜੁਡਾਈ ਸੀ ਜੇਬ ਸਖੀ ਘਨਸਾਰ ਕਿਸਾਰ ਕੇ ਆਰੇ ॥

ਹੇ ਸਖੀ! ਚਾਂਦਨੀ ਅੱਗ ਵਰਗੀ, ਸੁੰਦਰਤਾ ('ਜੇਬ') ਕੁਹਰੇ ('ਜੁਡਾਈ') ਜਿਹੀ ਅਤੇ ਮੁਸ਼ਕ ਕਪੂਰ ਆਰੇ ਦੇ ਤਿਖੇ ਦੰਦਿਆਂ (ਨੋਕਾਂ) ਦੇ ਸਮਾਨ ਹਨ।

ਰੋਗ ਸੋ ਰਾਗ ਬਿਰਾਗ ਸੋ ਬੋਲ ਬਬਾਰਿਦ ਬੂੰਦਨ ਬਾਨ ਬਿਸਾਰੇ ॥

ਰਾਗ ਰੋਗ ਵਰਗਾ, ਬੋਲ ਬੈਰਾਗ ਜਿਹੇ, ਬਦਲ ਦੀਆਂ ਕਣੀਆਂ ਵਿਸ਼-ਬੁਝੇ ਤੀਰਾਂ ਦੇ ਸਮਾਨ ਹਨ।

ਬਾਨ ਸੇ ਬੈਨ ਭਾਲਾ ਜੈਸੇ ਭੂਖਨ ਹਾਰਨ ਹੋਹਿ ਭੁਜੰਗਨ ਕਾਰੇ ॥੧੧॥

ਬੋਲ ਤੀਰਾਂ ਵਰਗੇ, ਗਹਿਣੇ ਭਾਲਿਆਂ ਜਿਹੇ ਅਤੇ ਹਾਰ ਕਾਲੇ ਸੱਪਾਂ ਦੇ ਸਮਾਨ ਹੋ ਗਏ ਹਨ ॥੧੧॥

ਬਾਕ ਸੇ ਬੈਨ ਬ੍ਰਿਲਾਪ ਸੇ ਬਾਰਨ ਬ੍ਰਯਾਧ ਸੀ ਬਾਸ ਬਿਯਾਰ ਬਹੀ ਰੀ ॥

ਬੋਲ ਤਲਵਾਰ ਵਰਗੇ, ਵਾਜਿਆਂ ਦੀ ਧੁਨ ('ਬਾਰਨ') ਵਿਰਲਾਪ ਦੇ ਸਮਾਨ ਅਤੇ ਵਗਦੀ ਹੋਈ ਹਵਾ ਦੀ ਬਾਸ ਵੱਡੇ ਰੋਗ ਜਿਹੀ ਲਗਦੀ ਹੈ।

ਕਾਕ ਸੀ ਕੋਕਿਲ ਕੂਕ ਕਰਾਲ ਮ੍ਰਿਨਾਲ ਕਿ ਬ੍ਰਯਾਲ ਘਰੀ ਕਿ ਛੁਰੀ ਰੀ ॥

ਕੋਇਲ ਦੀ ਕੂਕ ਕਰਕਸ਼ ਕਾਂ ਕਾਂ ਵਰਗੀ, ਕਮਲ ਦੀ ਡੰਡੀ ਸੱਪ ਜਿਹੀ ਅਤੇ ਇਕ ਘੜੀ ਛੁਰੀ ਦੇ ਸਮਾਨ ਹੈ।

ਭਾਰ ਸੀ ਭੌਨ ਭਯਾਨਕ ਭੂਖਨ ਜੌਨ ਕੀ ਜ੍ਵਾਲ ਸੌ ਜਾਤ ਜਰੀ ਰੀ ॥

ਭੌਆਂ ('ਭੌਨ') ਭਠੀ ਵਰਗੀਆਂ (ਲਗਦੀਆਂ ਹਨ) ਗਹਿਣੇ ਭਿਆਨਕ (ਪ੍ਰਤੀਤ ਹੁੰਦੇ ਹਨ) ਅਤੇ ਚੰਨ ਦੀ ਚਾਨਣੀ ਨਾਲ ਸੜਦੀ ਜਾ ਰਹੀ ਹਾਂ।

ਬਾਨ ਸੀ ਬੀਨ ਬਿਨਾ ਉਹਿ ਬਾਲ ਬਸੰਤ ਕੋ ਅੰਤਕਿ ਅੰਤ ਸਖੀ ਰੀ ॥੧੨॥

ਹੇ ਸਖੀ! ਬੀਨ ਤੀਰ ਵਰਗੀ ਲਗਦੀ ਹੈ ਅਤੇ ਉਸ ਇਸਤਰੀ ਤੋਂ ਬਿਨਾ ਬਸੰਤ ਤਾਂ ਮਾਨੋ ਅੰਤ ਹੀ ਹੋ ਗਿਆ ਹੋਵੇ ॥੧੨॥

ਬੈਰੀ ਸੀ ਬ੍ਰਯਾਰ ਬ੍ਰਿਲਾਪ ਸੌ ਬੋਲ ਬਬਾਨ ਸੀ ਬੀਨ ਬਜੰਤ ਬਿਥਾਰੇ ॥

ਪੌਣ ਵੈਰੀ ਵਰਗੀ, ਬੋਲ ਵਿਰਲਾਪ ਵਰਗੇ, ਬੀਨ ਬਾਣ ਦੇ ਸਮਾਨ ਵਿਅਰਥ ਵਿਚ ਵਜਦੀ ਹੈ।

ਜੰਗ ਸੇ ਜੰਗ ਮੁਚੰਗ ਦੁਖੰਗ ਅਨੰਗ ਕਿ ਅੰਕਸੁ ਆਕ ਕਿਆਰੇ ॥

ਸੰਖ ਯੁੱਧ ਵਰਗੇ, ਮੁਚੰਗ ਸ਼ਰੀਰ ਨੂੰ ਦੁਖ ਦੇਣ ਵਾਲਾ ('ਦੁਖੰਗ') ਹੈ ਅਤੇ ਕਾਮ ਦੇਵ ਦਾ ਦਬਾਓ ਅੱਕ ਵਰਗਾ ਦੁਖਦਾਈ ਜਾਂ ਕੌੜਾ ('ਕਿਆਰੇ') ਹੈ।

ਚਾਦਨੀ ਚੰਦ ਚਿਤਾ ਚਹੂੰ ਓਰ ਸੁ ਕੋਕਿਲਾ ਕੂਕ ਕਿ ਹੂਕ ਸੀ ਮਾਰੇ ॥

ਚੌਹਾਂ ਪਾਸਿਆਂ ਵਿਚ ਪਸਰੀ ਹੋਈ ਚਾਂਦਨੀ ਚਿਤਾ ਵਰਗੀ ਲਗਦੀ ਹੈ ਅਤੇ ਕੋਇਲ ਦਾ ਕੂਕ ਮਾਰਨਾ ਪੀੜ ਦੀ ਕਸਕ ਦੇ ਸਮਾਨ ਹੈ।

ਭਾਰ ਸੇ ਭੌਨ ਭਯਾਨਕ ਭੂਖਨ ਫੂਲੇ ਨ ਫੂਲ ਫਨੀ ਫਨਿਯਾਰੇ ॥੧੩॥

ਭਵਨ ਭਠੀ ਵਰਗੇ, ਗਹਿਣੇ ਭਿਆਨਕ ਹਨ ਖਿੜੇ ਹੋਏ ਫੁਲ ਫੁਲ ਨਹੀਂ, ਸਗੋਂ ਸੱਪਾਂ ਦੇ ਫਨ ਦੇ ਸਮਾਨ ਹਨ ॥੧੩॥

ਚੌਪਈ ॥

ਚੌਪਈ:

ਹੋ ਹਠਿ ਹਾਥ ਸਿੰਧੌਰਾ ਧਰਿ ਹੌ ॥

ਮੈਂ ਹਠ ਪੂਰਵਕ ਹੱਥ ਵਿਚ ਸਿੰਧੌਰਾ ਧਾਰਨ ਕਰ ਕੇ

ਪਿੰਗੁਲ ਹੇਤ ਅਗਨਿ ਮਹਿ ਜਰਿ ਹੌ ॥

ਪਿੰਗੁਲਮਤੀ ਲਈ ਅਗਨੀ ਵਿਚ ਸੜਾਂਗਾ।

ਜੌ ਇਹ ਆਜੁ ਚੰਚਲਾ ਜੀਯੈ ॥

ਜੇ ਇਹ ਇਸਤਰੀ ਅਜ ਜੀ ਪਏ,

ਤਬ ਭਰਥਰੀ ਪਾਨਿ ਕੌ ਪੀਯੈ ॥੧੪॥

ਤਦ ਭਰਥਰੀ ਪਾਣੀ ਗ੍ਰਹਿਣ ਕਰੇਗਾ ॥੧੪॥

ਅੜਿਲ ॥

ਅੜਿਲ:

ਤਬ ਤਹ ਗੋਰਖਨਾਥ ਪਹੂੰਚ੍ਯੋ ਆਇ ਕੈ ॥

ਤਦ ਉਥੇ ਗੋਰਖਨਾਥ ਆ ਪਹੁੰਚਿਆ।