ਅਤੇ ਚਿਤ ਦਾ ਸਾਰਾ ਭਰਮ ਖ਼ਤਮ ਕਰ ਦਿੱਤਾ।
(ਜਦ) ਕਾਮ ਪੀੜਿਤ ਹੋ ਕੇ ਉਸ ਨੇ ਹੱਥ ਵਧਾਇਆ,
ਤਦ ਇਸਤਰੀ ਨੇ ਕ੍ਰਿਪਾਨ ਕਢ ਕੇ ਉਸ ਨੂੰ ਮਾਰ ਦਿੱਤਾ ॥੯॥
ਰਾਜੇ ਨੂੰ ਮਾਰ ਕੇ ਉਸੇ ਤਰ੍ਹਾਂ ਸੁਟ ਦਿੱਤਾ
ਅਤੇ ਉਸ ਉਤੇ ਉਸੇ ਤਰ੍ਹਾਂ ਬਸਤ੍ਰ ਸੰਵਾਰ ਕੇ ਪਾ ਦਿੱਤੇ।
ਫਿਰ ਆਪ ਜਾ ਕੇ ਆਪਣੇ ਪਤੀ ਨਾਲ ਸੜ ਗਈ।
ਵੇਖੋ, ਉਸ ਚਤੁਰ ਇਸਤਰੀ ਨੇ ਚੰਗਾ ਕੰਮ ਕੀਤਾ ॥੧੦॥
ਦੋਹਰਾ:
ਆਪਣੇ ਪਤੀ ਦਾ ਬਦਲਾ ਲਿਆ ਅਤੇ ਰਾਜੇ ਨੂੰ ਮਾਰ ਦਿੱਤਾ।
ਫਿਰ ਆਪਣੇ ਪਤੀ ਨਾਲ ਸੜ ਗਈ ਅਤੇ ਲੋਕਾਂ ਨੂੰ ਆਪਣਾ ਚਰਿਤ੍ਰ ਵਿਖਾ ਦਿੱਤਾ ॥੧੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੩॥੬੫੦੩॥ ਚਲਦਾ॥
ਚੌਪਈ:
ਹੇ ਰਾਜਨ! ਇਕ ਨਵੀਂ ਕਥਾ ਸੁਣੋ।
ਇਹ ਕਿਸੇ ਨੇ ਨਾ (ਪਹਿਲਾਂ) ਵੇਖੀ ਹੈ ਅਤੇ ਨਾ ਹੀ ਅਗੇ ਸੋਚੀ ਹੈ।
ਜਿਥੇ ਪੂਰਬ ਵਿਚ ਰਾਧਾ ਨਗਰ ਹੈ,
ਉਥੇ ਰੁਕਮ ਸੈਨ ਨਾਂ ਦਾ ਇਕ ਰਾਜਾ ਸੀ ॥੧॥
ਉਸ ਦੀ ਪਤਨੀ ਦਾ ਨਾਂ ਦਲਗਾਹ ਮਤੀ ਸੀ
ਜਿਸ ਦੇ ਬਰਾਬਰ ਨਰੀ ਅਤੇ ਨਾਗਨੀ (ਕੋਈ ਵੀ) ਨਹੀਂ ਸੀ।
ਉਸ ਦੀ ਸਿੰਧੁਲਾ ਦੇਈ ਨਾਂ ਦੀ ਪੁੱਤਰੀ ਦਸੀ ਜਾਂਦੀ ਸੀ
ਜੋ ਪਰੀ ਜਾਂ ਪਦਮਨੀ ਦੇ ਸਭਾ ਵਾਲੀ ਮੰਨੀ ਜਾਂਦੀ ਸੀ ॥੨॥
ਉਥੇ ਇਕ ਭਵਾਨੀ ਦਾ ਭਵਨ (ਮੰਦਿਰ) ਦਸਿਆ ਜਾਂਦਾ ਸੀ।
ਉਸ ਦੀ ਕਿਸੇ ਹੋਰ ਨਾਲ ਕੀਹ ਤੁਲਨਾ ਕੀਤੀ ਜਾਏ।
ਉਥੇ ਦੇਸ ਦੇਸ ਦੇ ਰਾਜੇ ਆਉਂਦੇ ਸਨ
ਅਤੇ ਆ ਕੇ ਗੌਰੀ ਨੂੰ ਸਿਰ ਨਿਵਾਉਂਦੇ ਸਨ ॥੩॥
ਉਥੇ ਭੁਜਬਲ ਸਿੰਘ ਨਾਂ ਦਾ ਇਕ ਰਾਜਾ ਆਇਆ
ਜੋ ਮਾਨੋ ਭੋਜ ਰਾਜ ਤੋਂ ਵੀ ਸਵਾਈ ਪ੍ਰਭੁਤਾ ਵਾਲਾ ਹੋਵੇ।
ਉਸ ਦੀ ਸੁੰਦਰਤਾ ਨੂੰ ਵੇਖ ਕੇ ਸਿੰਧੁਲਾ ਦੇਈ
ਉਸ ਦੀ ਮਨ, ਬਚਨ ਅਤੇ ਕਰਮ ਕਰ ਕੇ ਦਾਸੀ ਹੋ ਗਈ ॥੪॥
ਉਹ ਪਹਿਲਾਂ ਕਿਸੇ ਹੋਰ ਨਾਲ ਵਿਆਹੀ ਹੋਈ ਸੀ।
ਹੁਣ ਇਸ (ਰਾਜੇ) ਨਾਲ ਵਿਆਹੀ ਨਹੀਂ ਜਾ ਸਕਦੀ ਸੀ।
(ਉਸ ਨੇ) ਚਿਤ ਵਿਚ ਅਧਿਕ ਵਿਚਾਰ ਕਰ ਕੇ
ਅਤੇ ਬਹੁਤ ਦੁਖੀ ਹੋ ਕੇ ਇਕ ਸਖੀ ਉਸ ਪਾਸ ਭੇਜੀ ॥੫॥
(ਅਤੇ ਕਿਹਾ) ਹੇ ਰਾਜਨ! ਸੁਣੋ, ਮੈਂ ਤੁਹਾਡੇ ਉਤੇ ਮੋਹਿਤ ਹੋ ਗਈ ਹਾਂ
ਅਤੇ ਮੈਨੂੰ ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ਹੈ।
ਜੇ ਤੁਸੀਂ ਮੈਨੂੰ ਆਪਣਾ ਦੀਦਾਰ ਕਰਾਓ (ਤਾਂ ਇੰਜ ਪ੍ਰਤੀਤ ਹੋਵੇਗਾ)
ਮਾਨੋ ਅੰਮ੍ਰਿਤ ਛਿੜਕ ਕੇ ਮੁਰਦੇ ਨੂੰ ਜਿਵਾਇਆ ਹੋਵੇ ॥੬॥
ਕੁਮਾਰੀ ਦੇ ਦੁਖ ਭਰੇ ਬੋਲ ਸੁਣ ਕੇ ਸਖੀ
ਜਲਦੀ ('ਸਾਤਿਰ') ਨਾਲ ਰਾਜੇ ਕੋਲ ਚਲੀ ਗਈ।
ਜੋ ਕੁਝ (ਕੁਮਾਰੀ ਨੇ) ਕਿਹਾ ਸੀ, (ਉਹ) ਉਸ ਨੂੰ ਕਹਿ ਸੁਣਾਇਆ।
(ਉਸ ਸਖੀ ਦੇ) ਬਚਨ ਸੁਣ ਕੇ ਰਾਜਾ ਬਹੁਤ ਲਲਚਾਇਆ ॥੭॥
(ਉਸ ਨੇ ਮਨ ਵਿਚ) ਸੋਚਿਆ ਕਿ ਉਥੇ ਕਿਸ ਤਰ੍ਹਾਂ ਜਾਇਆ ਜਾਵੇ
ਅਤੇ ਕਿਸ ਛਲ ਨਾਲ ਉਸ ਨੂੰ ਕਢ ਕੇ ਲਿਆਂਦਾ ਜਾਏ।
(ਸਖੀ ਦੇ) ਬੋਲ ਸੁਣ ਕੇ ਰਾਜੇ ਦੀ ਭੁਖ ਚਲੀ ਗਈ
ਅਤੇ ਤਦ ਤੋਂ ਬਹੁਤ ਕਾਹਲ ਹੋਣ ਲਗ ਗਈ ॥੮॥
ਤਦ ਰਾਜੇ ਨੇ ਸਖੀ ਨੂੰ ਉਥੇ (ਭੇਜਿਆ)
ਜਿਥੇ ਉਹ ਸੁਖ ਦੇਣ ਵਾਲੀ ਪ੍ਰਿਯਾ ਬੈਠੀ ਸੀ।
ਕਹਿ ਭੇਜਿਆ ਕਿ ਕੋਈ ਚਰਿਤ੍ਰ ਖੇਡ
ਜਿਸ ਛਲ ਨਾਲ (ਤੂੰ) ਮੇਰੇ ਘਰ ਆ ਜਾਏਂ ॥੯॥
(ਇਹ ਸੁਣ ਕੇ) ਇਸਤਰੀ ਨੇ ਇਕ ਅਣਲੱਗ ('ਕੋਰ') ਢੋਲ ਮੰਗਵਾਇਆ।
ਉਸ ਵਿਚ ਬੈਠ ਕੇ ਚਮੜੇ ਨਾਲ ਮੜ੍ਹਵਾਇਆ।
ਉਸ ਵਿਚ ਆਪ ਸਥਿਤ ਹੋ ਗਈ।
ਇਸ ਛਲ ਨਾਲ ਮਿਤਰ ਦੇ ਘਰ ਪਹੁੰਚ ਗਈ ॥੧੦॥
ਇਸ ਛਲ ਨਾਲ ਢੋਲ ਵਜਾਉਂਦੀ ਹੋਈ ਉਹ ਚਲੀ ਗਈ।
ਮਾਤਾ ਪਿਤਾ ਅਤੇ ਸਖੀਆਂ ਵੇਖਦੀਆਂ ਰਹਿ ਗਈਆਂ।
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
ਸਾਰੇ ਹੀ ਇਸ ਤਰ੍ਹਾਂ ਠਗੇ ਗਏ ॥੧੧॥
ਦੋਹਰਾ:
ਇਸ ਚਰਿਤ੍ਰ ਨਾਲ ਉਹ ਇਸਤਰੀ ਮਿਤਰ ਦੇ ਘਰ ਚਲੀ ਗਈ।
ਢੋਲ ਨੂੰ ਡਗੇ ਮਾਰ ਕੇ ਚਲੀ ਗਈ, ਕੋਈ ਵੀ (ਉਸ) ਇਸਤਰੀ ਨੂੰ ਵੇਖ ਨਾ ਸਕਿਆ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੪॥੬੫੧੫॥ ਚਲਦਾ॥
ਚੌਪਈ:
ਹੇ ਰਾਜਨ! ਇਕ ਅਦੁੱਤੀ ਕਥਾ ਸੁਣੋ
ਜੋ ਛਲ ਪਹਿਲਾਂ ਕਦੇ ਰਾਜੇ ਦੀ ਪੁੱਤਰੀ ਨੇ ਕੀਤਾ ਸੀ।
ਇਹ ਰਾਜਾ ਭੁਜੰਗ ਧੁਜਾ ਨਾਂ ਨਾਲ ਜਾਣਿਆ ਜਾਂਦਾ ਸੀ।
ਉਹ ਬ੍ਰਾਹਮਣਾਂ ਨੂੰ ਬਹੁਤ ਧਨ ਦਾਨ ਦਿੰਦਾ ਸੀ ॥੧॥
ਉਹ ਅਜਿਤਾਵਤੀ ਨਗਰੀ ਵਿਚ ਰਹਿੰਦਾ ਸੀ
ਜਿਸ ਨੂੰ ਵੇਖ ਕੇ ਇੰਦਰਪੁਰੀ ਵੀ ਸ਼ਰਮਾਉਂਦੀ ਸੀ।
ਉਸ ਦੇ ਘਰ ਬਿਮਲ ਮਤੀ ਨਾਂ ਦੀ ਰਾਣੀ ਸੀ।
ਉਸ ਦੀ ਪੁੱਤਰੀ ਬਿਲਾਸ ਦੇਈ ਸੀ ॥੨॥
ਉਸ ਨੇ ਮੰਤ੍ਰ ਜੰਤ੍ਰ ਬਹੁਤ ਅਧਿਕ ਪੜ੍ਹੇ ਹੋਏ ਸਨ।
ਉਸ ਵਰਗੇ ਕਿਸੇ ਹੋਰ ਇਸਤਰੀ ਨੇ ਨਹੀਂ ਪੜ੍ਹੇ ਸਨ।
ਜਿਥੇ ਗੰਗਾ ਜਾ ਕੇ ਸਮੁੰਦਰ ਵਿਚ ਮਿਲਦੀ ਹੈ,