ਸ਼੍ਰੀ ਦਸਮ ਗ੍ਰੰਥ

ਅੰਗ - 825


ਬਹੁ ਯਾ ਕੌ ਧਨ ਦੀਜਿਯੈ ਜਿਨਿ ਇਹ ਜਾਇ ਨਿਰਾਸ ॥੭॥

ਇਸ ਨੂੰ ਬਹੁਤ ਧਨ ਦਿਉ, ਤਾਂ ਜੋ ਇਹ ਨਿਰਾਸ ਨਾ ਜਾਏ ॥੭॥

ਸੁਨਤ ਬਚਨ ਤ੍ਰਿਯ ਕੋ ਤਰੁਨਿ ਬਹੁ ਧਨ ਦਿਯ ਤਿਹ ਹਾਥ ॥

ਉਸ ਇਸਤਰੀ ਦੇ ਬਚਨ ਸੁਣ ਕੇ ਯਾਰ ਨੇ ਉਸ (ਮਾਲੀ) ਦੇ ਹੱਥ ਵਿਚ ਬਹੁਤ ਧਨ ਦਿੱਤਾ।

ਮਾਲੀ ਕਰਿ ਕਾਢ੍ਯੋ ਹਿਤੁ ਇਹ ਚਰਿਤ੍ਰ ਕੇ ਸਾਥ ॥੮॥

(ਇਸਤਰੀ ਨੇ) ਇਸ ਚਰਿਤ੍ਰ ਨਾਲ ਮਾਲੀ ਬਣਾ ਕੇ ਮਿਤਰ ਨੂੰ ਕਢ ਲਿਆ ॥੮॥

ਪੁਹਪ ਮਤੀ ਇਹ ਛਲ ਭਏ ਮਿਤ੍ਰਹਿ ਦਿਯੋ ਟਰਾਇ ॥

ਪੁਹਪ ਮਤੀ ਨੇ ਇਹ ਛਲ ਕਰ ਕੇ ਮਿਤਰ ਨੂੰ ਭੇਜ ਦਿੱਤਾ

ਮਾਲੀ ਕਰਿ ਕਾਢ੍ਯੋ ਤਿਸੈ ਰੂਪ ਨਗਰ ਕੇ ਰਾਇ ॥੯॥

ਅਤੇ ਹੇ ਰੂਪ ਨਗਰ ਦੇ ਰਾਜੇ! ਉਸ ਨੂੰ ਮਾਲੀ ਕਰ ਕੇ ਕਢ ਦਿੱਤਾ ॥੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚਤ੍ਰਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪॥੨੫੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਦਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪॥੨੫੩॥ ਚਲਦਾ॥

ਦੋਹਰਾ ॥

ਦੋਹਰਾ:

ਕਥਾ ਚਤੁਰਦਸ ਮੰਤ੍ਰ ਬਰ ਨ੍ਰਿਪ ਸੌ ਕਹੀ ਬਖਾਨਿ ॥

ਉੱਤਮ ਮੰਤ੍ਰੀ ਨੇ ਰਾਜੇ ਨੂੰ ਚੌਦਵੀਂ ਕਥਾ ਸੁਣਾਈ।

ਸੁਨਤ ਰੀਝਿ ਕੇ ਨ੍ਰਿਪ ਰਹੇ ਦਿਯੋ ਅਧਿਕ ਤਿਹ ਦਾਨ ॥੧॥

ਸੁਣ ਕੇ ਰਾਜਾ ਪ੍ਰਸੰਨ ਹੋਇਆ ਅਤੇ ਉਸ ਨੂੰ ਬਹੁਤ ਦਾਨ ਦਿੱਤਾ ॥੧॥

ਏਕ ਬਿਮਾਤ੍ਰਾ ਭਾਨ ਕੀ ਰਾਮਦਾਸ ਪੁਰ ਬੀਚ ॥

ਭਾਨ ਨਾਂ ਦੇ ਵਿਅਕਤੀ ਦੀ ਮਤਰੇਈ ਮਾਂ ਰਾਮਦਾਸ ਪੁਰ ਵਿਚ ਰਹਿੰਦੀ ਸੀ।

ਬਹੁ ਪੁਰਖਨ ਸੌ ਰਤਿ ਕਰੈ ਊਚ ਨ ਜਾਨੈ ਨੀਚ ॥੨॥

ਜੋ ਬਿਨਾ ਊਚ ਨੀਚ ਜਾਣੇ ਬਹੁਤ ਮਰਦਾਂ ਨਾਲ ਪ੍ਰੇਮ-ਕ੍ਰੀੜਾ ਕਰਦੀ ਸੀ ॥੨॥

ਤਾ ਕੋ ਪਤਿ ਮਰਿ ਗਯੋ ਜਬੈ ਤਾਹਿ ਰਹਿਯੋ ਅਵਧਾਨ ॥

ਜਦੋਂ ਉਸ ਦਾ ਪਤੀ ਮਰ ਗਿਆ ਤਾਂ ਉਸ ਨੂੰ ਗਰਭ ਰਹਿ ਗਿਆ।

ਅਧਿਕ ਹ੍ਰਿਦੈ ਭੀਤਰ ਡਰੀ ਲੋਕ ਲਾਜ ਜਿਯ ਜਾਨਿ ॥੩॥

ਮਨ ਵਿਚ ਲੋਕ ਲਾਜ ਨੂੰ ਜਾਣ ਕੇ ਹਿਰਦੇ ਵਿਚ ਬਹੁਤ ਡਰੀ ॥੩॥

ਚੌਪਈ ॥

ਚੌਪਈ:

ਭਾਨਮਤੀ ਤਿਹਾ ਨਾਮ ਬਖਨਿਯਤ ॥

ਉਸ ਦਾ ਭਾਨ ਮਤੀ ਨਾਂ ਕਥਨ ਕੀਤਾ ਜਾਂਦਾ ਸੀ।

ਬਡੀ ਛਿਨਾਰਿ ਜਗਤ ਮੈ ਜਨਿਯਤ ॥

ਜਗਤ ਵਿਚ ਉਹ ਵੱਡੀ ਵਿਭਚਾਰਨ ਵਜੋਂ ਜਾਣੀ ਜਾਂਦੀ ਸੀ।

ਜਬ ਤਾ ਕੌ ਰਹਿ ਗਯੋ ਅਧਾਨਾ ॥

ਜਦ ਉਸ ਨੂੰ ਗਰਭ ਰਹਿ ਗਿਆ

ਤਬ ਅਬਲਾ ਕੋ ਹ੍ਰਿਦੈ ਡਰਾਨਾ ॥੪॥

ਤਾਂ ਉਸ ਇਸਤਰੀ ਦਾ ਹਿਰਦਾ ਬਹੁਤ ਡਰਿਆ ॥੪॥

ਅੜਿਲ ॥

ਅੜਿਲ:

ਤਿਨ ਪ੍ਰਸਾਦ ਹੂ ਕਿਯ ਬਹੁ ਪੁਰਖ ਬੁਲਾਇ ਕੈ ॥

ਉਸ ਨੇ ਬਹੁਤ ਪੁਰਸ਼ਾਂ ਨੂੰ ਭੋਜਨ ਕਰਨ ਲਈ ਬੁਲਾਇਆ।

ਤਿਨ ਦੇਖਤ ਰਹੀ ਸੋਇ ਸੁ ਖਾਟ ਡਸਾਇ ਕੈ ॥

ਉਨ੍ਹਾਂ ਨੂੰ (ਆਇਆ) ਵੇਖ ਕੇ ਮੰਜੀ ਵਿਛਾ ਕੇ ਸੌਂ ਗਈ।

ਚਮਕਿ ਠਾਢ ਉਠਿ ਭਈ ਚਰਿਤ੍ਰ ਮਨ ਆਨਿ ਕੈ ॥

(ਫਿਰ ਕੁਝ ਚਿਰ ਬਾਦ) ਮਨ ਵਿਚ ਚਰਿਤ੍ਰ ਧਾਰ ਕੇ ਅਭੜਵਾਹੀ ਉਠ ਖੜੋਤੀ।

ਹੋ ਪਤਿ ਕੋ ਨਾਮ ਬਿਚਾਰ ਉਚਾਰਿਯੋ ਜਾਨਿ ਕੈ ॥੫॥

ਅਤੇ ਜਾਣ ਬੁਝ ਕੇ ਪਤੀ ਦਾ ਨਾਂ ਵਿਚਾਰ ਪੂਰਵਕ ਪੁਕਾਰਿਆ ॥੫॥

ਦੋਹਰਾ ॥

ਦੋਹਰਾ:

ਜਾ ਦਿਨ ਮੋਰੇ ਪਤਿ ਮਰੇ ਮੋ ਸੌ ਕਹਿਯੋ ਬੁਲਾਇ ॥

(ਕਹਿਣ ਲਗੀ) ਜਿਸ ਦਿਨ ਮੇਰਾ ਪਤੀ ਮਰਿਆ ਸੀ, (ਉਸ ਦਿਨ) ਉਸ ਨੇ ਮੈਨੂੰ ਸਦ ਕੇ ਕਿਹਾ ਸੀ

ਜੇ ਅਬ ਤੂੰ ਮੋ ਸੌ ਜਰੈ ਪਰੈ ਨਰਕ ਮੋ ਜਾਇ ॥੬॥

ਕਿ ਜੇ ਹੁਣ ਤੂੰ ਮੇਰੇ ਨਾਲ ਸੜੇਂਗੀ, ਤਾਂ ਨਰਕ ਵਿਚ ਜਾਵੇਂਗੀ ॥੬॥

ਅੜਿਲ ॥

ਅੜਿਲ:

ਭਾਨ ਲਰਿਕਵਾ ਰਹੈ ਸੇਵ ਤਿਹ ਕੀਜਿਯੈ ॥

ਭਾਨ (ਅਜੇ) ਲੜਕਾ ਹੈ, ਉਸ ਦੀ ਸੇਵਾ ਕਰ।

ਪਾਲਿ ਪੋਸਿ ਕਰਿ ਤਾਹਿ ਬਡੋ ਕਰਿ ਲੀਜਿਯੈ ॥

ਉਸ ਨੂੰ ਪਾਲ ਪੋਸ ਕੇ ਵੱਡਾ ਕਰ ਲੈ

ਆਪੁ ਜਦਿਨ ਵਹ ਖੈ ਹੈ ਖਾਟਿ ਕਮਾਇ ਕੈ ॥

ਜਿਸ ਦਿਨ ਉਹ ਆਪ ਖਟ ਕਮਾ ਕੇ ਖਾਣ ਲਗੇਗਾ,

ਹੋ ਤਦਿਨ ਸੁਪਨਿ ਤੁਹਿ ਦੈਹੋ ਹੌ ਹੂੰ ਆਇ ਕੈ ॥੭॥

ਉਸ ਦਿਨ ਸੁਪਨੇ ਵਿਚ ਆ ਕੇ ਮੈਂ (ਤੈਨੂੰ) ਵਿਖਾਈ ਦੇਵਾਂਗਾ ॥੭॥

ਦੋਹਰਾ ॥

ਦੋਹਰਾ:

ਭਾਨ ਕਰੋ ਕਰਤੇ ਬਡੋ ਸੁਪਨ ਦਿਯੋ ਪਤਿ ਆਇ ॥

ਪਰਮਾਤਮਾ ਨੇ ਭਾਨ ਹੁਣ ਵੱਡਾ ਕਰ ਦਿੱਤਾ ਹੈ ਅਤੇ ਸੁਪਨੇ ਵਿਚ ਪਤੀ ਨੇ ਮੈਨੂੰ ਵਿਖਾਈ ਦਿੱਤੀ ਹੈ।

ਤਾ ਤੇ ਹੌ ਹਰਿ ਰਾਇ ਕੇ ਜਰਤ ਕੀਰਤਿ ਪੁਰ ਜਾਇ ॥੮॥

ਇਸ ਲਈ ਮੈਂ (ਗੁਰੂ) ਹਰਿ ਰਾਇ ਦੇ ਕੀਰਤਪੁਰ ਵਿਚ ਜਾ ਕੇ ਸੜ ਮਰਾਂਗੀ ॥੮॥

ਅੜਿਲ ॥

ਅੜਿਲ:

ਲੋਗ ਅਟਕਿ ਬਹੁ ਰਹੇ ਨ ਤਿਨ ਬਚ ਮਾਨਿਯੋ ॥

(ਅਜਿਹਾ ਕਰਨ ਤੋਂ) ਲੋਕੀਂ ਬਹੁਤ ਰੋਕ ਹਟੇ, (ਪਰ ਉਸ ਨੇ ਕਿਸੇ ਦਾ) ਬਚਨ ਨਾ ਮੰਨਿਆ।

ਧਨੁ ਲੁਟਾਇ ਉਠਿ ਚਲੀ ਘਨੋ ਹਠ ਠਾਨਿਯੋ ॥

ਉਹ ਧਨ ਆਦਿ ਲੁਟਾ ਕੇ ਅਤੇ ਬਹੁਤ ਹਠ ਕਰ ਕੇ ਚਲ ਪਈ।

ਰਾਮ ਦਾਸ ਪੁਰ ਛਾਡਿ ਕੀਰਤਿ ਪੁਰ ਆਇ ਕੈ ॥

ਰਾਮ ਦਾਸ ਪੁਰ ਨੂੰ ਛਡ ਕੇ ਕੀਰਤਪੁਰ ਆ ਗਈ

ਹੋ ਇਕ ਪਗ ਠਾਢੇ ਜਰੀ ਮ੍ਰਿਦੰਗ ਬਜਾਇ ਕੈ ॥੯॥

ਅਤੇ ਇਕ ਪੈਰ ਉਤੇ ਖੜੋ ਕੇ ਅਤੇ ਢੋਲ ਵਜਾ ਕੇ ਸੜ ਮੋਈ ॥੯॥

ਦੋਹਰਾ ॥

ਦੋਹਰਾ:

ਬਹੁ ਲੋਗਨੁ ਦੇਖਤ ਜਰੀ ਇਕ ਪਗ ਠਾਢੀ ਸੋਇ ॥

ਬਹੁਤ ਲੋਕਾਂ ਨੇ ਉਸ ਨੂੰ ਇਕ ਪੈਰ ਉਤੇ ਖੜੋਤੀ ਸੜਦਿਆਂ ਵੇਖਿਆ।

ਹੇਰਿ ਰੀਝਿ ਰੀਝਿਕ ਰਹੇ ਭੇਦ ਨ ਜਾਨਤ ਕੋਇ ॥੧੦॥

ਤਮਾਸ਼ਾ ਵੇਖਣ ਵਾਲੇ ਵੇਖ ਕੇ ਪ੍ਰਸੰਨ ਹੋਏ, (ਪਰ ਉਸ ਦੇ) ਭੇਦ ਨੂੰ ਕੋਈ ਵੀ ਨਹੀਂ ਪਾ ਸਕਿਆ ॥੧੦॥

ਸਕਲ ਜਗਤ ਮੈ ਜੇ ਪੁਰਖੁ ਤ੍ਰਿਯ ਕੋ ਕਰਤ ਬਿਸ੍ਵਾਸ ॥

ਸਾਰੇ ਸੰਸਾਰ ਵਿਚ ਜੋ ਪੁਰਸ਼ ਇਸਤਰੀ ਉਤੇ ਵਿਸ਼ਵਾਸ ਕਰਦਾ ਹੈ,

ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ ॥੧੧॥

ਉਸ ਦਾ ਸੱਤਾਂ ਦਿਨਾਂ ਦੇ ਅੰਦਰ ਤੁਰਤ ਨਾਸ ਹੋ ਜਾਂਦਾ ਹੈ ॥੧੧॥

ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿਤ ॥

ਜੋ ਕੋਈ ਪੁਰਸ਼ ਆਪਣੇ ਚਿਤ ਦੀ (ਗੱਲ) ਇਸਤਰੀ ਨੂੰ ਦਸ ਦਿੰਦਾ ਹੈ,


Flag Counter