ਸ਼੍ਰੀ ਦਸਮ ਗ੍ਰੰਥ

ਅੰਗ - 486


ਭੂਖਨ ਅਉਰ ਜਿਤੋ ਧਨੁ ਹੈ ਪਟ ਸ੍ਰੀ ਜਦੁਬੀਰ ਕੇ ਊਪਰ ਵਾਰੈ ॥

(ਉਨ੍ਹਾਂ ਕੋਲ) ਜਿਤਨੇ ਗਹਿਣੇ, ਕਪੜੇ ਅਤੇ ਧਨ ਹੈ, (ਉਹ) ਸ੍ਰੀ ਕ੍ਰਿਸ਼ਨ ਉਤੋਂ ਵਾਰਦੀਆਂ ਹਨ।

ਬੀਰ ਬਡੋ ਅਰਿ ਜੀਤ ਲਯੋ ਰਨਿ ਯੌ ਹਸਿ ਕੈ ਸਬ ਬੈਨ ਉਚਾਰੈ ॥

ਅਤੇ ਸਾਰੀਆਂ ਹਸ ਹਸ ਕੇ ਇਹ ਬੋਲ ਉਚਾਰਦੀਆਂ ਹਨ ਕਿ ਰਣ ਵਿਚ ਬਹੁਤ ਵੱਡਾ ਵੈਰੀ ਜਿਤ ਲਿਆ ਹੈ।

ਸੁੰਦਰ ਤੈਸੋ ਈ ਪਉਰਖ ਮੈ ਕਹਿ ਇਉ ਸਬ ਸੋਕ ਬਿਦਾ ਕਰ ਡਾਰੈ ॥੧੮੮੮॥

(ਜਿਹੋ ਜਿਹੇ) ਤੁਸੀਂ ਸੁੰਦਰ ਹੋ, ਉਸੇ ਤਰ੍ਹਾਂ ਬਹਾਦਰ ਵੀ ਹੋ। ਇਸ ਤਰ੍ਹਾਂ ਕਹਿ ਕੇ ਸਭ ਨੇ ਗ਼ਮ ਨੂੰ ਖ਼ਤਮ ਕਰ ਦਿੱਤਾ ਹੈ ॥੧੮੮੮॥

ਹਸਿ ਕੈ ਪੁਰਿ ਨਾਰਿ ਮੁਰਾਰਿ ਨਿਹਾਰਿ ਸੁ ਬਾਤ ਕਹੈ ਕਛੁ ਨੈਨ ਨਚੈ ਕੈ ॥

ਨਗਰ ਦੀਆਂ ਇਸਤਰੀਆਂ ਨੇ ਸ੍ਰੀ ਕ੍ਰਿਸ਼ਨ ਵਲ ਵੇਖ ਕੇ, ਹਸ ਕੇ ਅਤੇ ਕੁਝ ਅੱਖਾਂ ਮਟਕਾ ਕੇ ਇਹ ਗੱਲਾਂ ਕਹੀਆਂ।

ਜੀਤਿ ਫਿਰੇ ਰਨ ਧਾਮਹਿ ਕੋ ਸੰਗਿ ਬੈਰਨ ਕੇ ਬਹੁ ਜੂਝ ਮਚੈ ਕੈ ॥

ਵੈਰੀਆਂ ਨਾਲ ਤਕੜਾ ਯੁੱਧ ਮਚਾ ਕੇ ਅਤੇ ਯੁੱਧ ਵਿਚ ਜਿਤ ਕੇ ਘਰ ਨੂੰ ਮੁੜ ਆਏ ਹੋ।

ਏ ਈ ਸੁ ਬੈਨ ਕਹੈ ਹਰਿ ਸੋ ਤਬ ਸ੍ਯਾਮ ਭਨੈ ਕਛੁ ਸੰਕ ਨ ਕੈ ਕੈ ॥

ਇਹੋ ਜਿਹੇ ਬੋਲ (ਜਦੋਂ ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਪ੍ਰਤਿ ਕਹੇ, ਤਾਂ ਨਿਸੰਗ ਹੋ ਕੇ ਕਹਿਣ ਲਗੀਆਂ,

ਰਾਧਿਕਾ ਸਾਥ ਹਸੋ ਪ੍ਰਭ ਜੈਸੇ ਸੁ ਤੈਸੇ ਹਸੈ ਹਮ ਓਰਿ ਚਿਤੈ ਕੈ ॥੧੮੮੯॥

ਹੇ ਪ੍ਰਭੂ! ਜਿਸ ਤਰ੍ਹਾਂ ਤੁਸੀਂ ਰਾਧਕਾ ਨਾਲ ਹਸਦੇ ਹੋ, ਉਸ ਤਰ੍ਹਾਂ ਅਸਾਂ ਵਲ ਵੇਖ ਕੇ ਹਸੋ ॥੧੮੮੯॥

ਇਉ ਜਬ ਬੈਨ ਕਹੈ ਪੁਰ ਬਾਸਨਿ ਤਉ ਹਸਿ ਕੈ ਬ੍ਰਿਜਨਾਥ ਨਿਹਾਰੇ ॥

ਜਦੋਂ ਨਗਰ ਵਿਚ ਵਸਣ ਵਾਲੀਆਂ ਨੇ ਇਸ ਤਰ੍ਹਾਂ ਬੋਲ ਕਹੇ ਤਾਂ ਸ੍ਰੀ ਕ੍ਰਿਸ਼ਨ ਨੇ ਹਸ ਕੇ (ਉਨ੍ਹਾਂ ਵਲ) ਵੇਖਿਆ।

ਚਾਰੁ ਚਿਤੌਨ ਕਉ ਹੇਰਿ ਤਿਨੋ ਮਨ ਕੇ ਸਬ ਸੋਕ ਸੰਤਾਪ ਬਿਡਾਰੇ ॥

ਉਨ੍ਹਾਂ ਨੂੰ ਸੁੰਦਰ ਜਾਂ ਪਿਆਰ ਭਰੀ ਦ੍ਰਿਸ਼ਟੀ ਨਾਲ ਵੇਖ ਕੇ, (ਉਨ੍ਹਾਂ ਦੇ) ਮਨ ਦੇ ਸਾਰੇ ਕਲੇਸ਼ ਅਤੇ ਸੋਗ ਦੂਰ ਕਰ ਦਿੱਤੇ।

ਪ੍ਰੇਮ ਛਕੀ ਤ੍ਰੀਯ ਭੂਮਿ ਕੇ ਊਪਰ ਝੂਮਿ ਗਿਰੀ ਕਬਿ ਸ੍ਯਾਮ ਉਚਾਰੇ ॥

ਕਵੀ ਸ਼ਿਆਮ ਕਹਿੰਦੇ ਹਨ, ਪ੍ਰੇਮ ਵਿਚ ਮਤਵਾਲੀਆਂ ਹੋਈਆਂ ਇਸਤਰੀਆਂ ਘੁੰਮੇਰੀ ਖਾ ਕੇ ਧਰਤੀ ਉਤੇ ਡਿਗ ਪਈਆਂ ਹਨ।

ਭਉਹ ਕਮਾਨ ਸਮਾਨ ਮਨੋ ਦ੍ਰਿਗ ਸਾਇਕ ਯੌ ਬ੍ਰਿਜ ਨਾਇਕ ਮਾਰੇ ॥੧੮੯੦॥

ਮਾਨੋ (ਸ੍ਰੀ ਕ੍ਰਿਸ਼ਨ ਦੀਆਂ) ਭੌਆਂ ਕਮਾਨ ਵਰਗੀਆਂ ਹੋਣ ਅਤੇ ਕ੍ਰਿਸ਼ਨ ਨੇ ਨੈਣਾਂ ਦੇ ਤੀਰ ਮਾਰੇ ਹੋਣ ॥੧੮੯੦॥

ਉਤ ਸੰਕਿਤ ਹੁਇ ਤ੍ਰੀਯਾ ਧਾਮਿ ਗਈ ਇਤ ਬੀਰ ਸਭਾ ਮਹਿ ਸ੍ਯਾਮ ਜੂ ਆਯੋ ॥

ਉਧਰ ਸੰਗਦੀਆਂ ਹੋਈਆਂ ਇਸਤਰੀਆਂ ਘਰਾਂ ਨੂੰ ਚਲੀਆਂ ਗਈਆਂ ਅਤੇ ਇਧਰ ਸ੍ਰੀ ਕ੍ਰਿਸ਼ਨ ਯੋਧਿਆਂ ਦੀ ਸਭਾ ਵਿਚ ਆ ਗਏ।

ਹੇਰਿ ਕੈ ਸ੍ਰੀ ਬ੍ਰਿਜਨਾਥਹਿ ਭੂਪਤਿ ਦਉਰ ਕੈ ਪਾਇਨ ਸੀਸ ਲੁਡਾਯੋ ॥

ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਰਾਜਾ (ਉਗ੍ਰਸੈਨ) ਨੇ ਦੌੜ ਕੇ ਪੈਰਾਂ ਉਤੇ ਸਿਰ ਝੁਕਾਇਆ।

ਆਦਰ ਸੋ ਕਬਿ ਸ੍ਯਾਮ ਭਨੈ ਨ੍ਰਿਪ ਲੈ ਸੁ ਸਿੰਘਾਸਨ ਤੀਰ ਬੈਠਾਯੋ ॥

ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੇ ਆਦਰ ਨਾਲ (ਸ੍ਰੀ ਕ੍ਰਿਸ਼ਨ ਨੂੰ) (ਆਪਣੇ) ਕੋਲ ਸਿੰਘਾਸਨ ਉਤੇ ਬਿਠਾਇਆ।

ਬਾਰਨੀ ਲੈ ਰਸੁ ਆਗੇ ਧਰਿਯੋ ਤਿਹ ਪੇਖਿ ਕੈ ਸ੍ਯਾਮ ਮਹਾ ਸੁਖ ਪਾਯੋ ॥੧੮੯੧॥

(ਫਿਰ) ਸ਼ਰਾਬ ਅਤੇ ਜਲ ਲੈ ਕੇ ਅਗੇ ਰਖੇ ਜਿਸ ਨੂੰ ਵੇਖ ਕੇ ਸ੍ਰੀ ਕ੍ਰਿਸ਼ਨ ਬਹੁਤ ਪ੍ਰਸੰਨ ਹੋਏ ॥੧੮੯੧॥

ਬਾਰੁਨੀ ਕੇ ਰਸ ਸੌ ਜਬ ਸੂਰ ਛਕੇ ਸਬ ਹੀ ਬਲਿਭਦ੍ਰ ਚਿਤਾਰਿਯੋ ॥

ਜਦ ਸ਼ਰਾਬ ਦੇ ਰਸ ਨਾਲ ਸਾਰੇ ਸੂਰਮੇ ਮਸਤ ਹੋ ਗਏ (ਤਾਂ) ਬਲਰਾਮ ਨੇ ਦਸਿਆ

ਸ੍ਰੀ ਬ੍ਰਿਜਰਾਜ ਸਮਾਜ ਮੈ ਬਾਜ ਹਨੇ ਗਜ ਰਾਜ ਨ ਕੋਊ ਬਿਚਾਰਿਯੋ ॥

ਕਿ ਸ੍ਰੀ ਕ੍ਰਿਸ਼ਨ ਨੇ (ਜਰਾਸੰਧ ਦੀ) ਸੈਨਾ ('ਸਮਾਜ') ਦੇ ਘੋੜੇ ਮਾਰ ਦਿੱਤੇ ਹਨ ਅਤੇ ਕਿਸੇ ਵੱਡੇ ਹਾਥੀ ਨੂੰ ਵਿਚਾਰਿਆ ਤਕ ਨਹੀਂ ਹੈ (ਅਰਥਾਤ ਮਾਰਨੋ ਸੰਕੋਚ ਨਹੀਂ ਕੀਤਾ ਹੈ)।

ਸੋ ਬਿਨੁ ਪ੍ਰਾਨ ਕੀਯੋ ਛਿਨ ਮੈ ਰਿਸ ਕੈ ਜਿਹ ਬਾਨ ਸੁ ਏਕ ਪ੍ਰਹਾਰਿਯੋ ॥

ਜਿਸ ਨੂੰ ਕ੍ਰੋਧਵਾਨ ਹੋ ਕੇ ਇਕ ਬਾਣ ਵੀ ਮਾਰਿਆ ਹੈ, ਉਸ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ।

ਬੀਰਨ ਬੀਚ ਸਰਾਹਤ ਭਯੋ ਸੁ ਹਲੀ ਯੁਧ ਸ੍ਯਾਮ ਇਤੋ ਰਨ ਪਾਰਿਯੋ ॥੧੮੯੨॥

ਸਾਰਿਆਂ ਸੂਰਮਿਆਂ ਵਿਚ ਸਲਾਹੁੰਦਿਆਂ ਹੋਇਆਂ, ਬਲਰਾਮ ਨੇ (ਦਸਿਆ) ਕਿ ਕ੍ਰਿਸ਼ਨ ਨੇ ਇਸ ਤਰ੍ਹਾਂ ਦਾ ਯੁੱਧ ਮਚਾਇਆ ਹੈ ॥੧੮੯੨॥

ਦੋਹਰਾ ॥

ਦੋਹਰਾ:

ਸਭਾ ਬੀਚ ਸ੍ਰੀ ਕ੍ਰਿਸਨ ਸੋ ਹਲੀ ਕਹੈ ਪੁਨਿ ਬੈਨ ॥

ਸਾਰੀ ਸਭਾ ਵਿਚ ਬਲਰਾਮ ਨੇ ਸ੍ਰੀ ਕ੍ਰਿਸ਼ਨ ਨੂੰ ਫਿਰ ਬਚਨ ਕਹੇ,

ਅਤਿ ਹੀ ਮਦਰਾ ਸੋ ਛਕੇ ਅਰੁਨ ਭਏ ਜੁਗ ਨੈਨ ॥੧੮੯੩॥

ਜਿਸ ਦੀਆਂ ਦੋਵੇਂ ਅੱਖਾਂ ਸ਼ਰਾਬ ਦੀ ਬਹੁਤੀ ਮਸਤੀ ਕਰ ਕੇ ਲਾਲ ਹੋ ਰਹੀਆਂ ਸਨ ॥੧੮੯੩॥

ਸਵੈਯਾ ॥

ਸਵੈਯਾ:

ਦੀਬੋ ਕਛੁ ਮਯ ਪੀਯੋ ਘਨੋ ਕਹਿ ਸੂਰਨ ਸੋ ਇਹ ਬੈਨ ਸੁਨਾਯੋ ॥

(ਮੈਨੂੰ) ਥੋੜੀ ਸ਼ਰਾਬ ਦਿੱਤੀ ਹੈ (ਅਤੇ ਖ਼ੁਦ) ਬਹੁਤ ਪੀਤੀ ਹੈ, ਇਹ ਕਹਿ ਕੇ ਸਾਰਿਆਂ ਸੂਰਮਿਆਂ ਨੂੰ (ਬਲਰਾਮ ਨੇ) ਬਚਨ ਸੁਣਾਏ।

ਜੂਝਬੋ ਜੂਝ ਕੈ ਪ੍ਰਾਨ ਤਜੈਬੋ ਜੁਝਾਇਬੋ ਛਤ੍ਰਿਨ ਕੋ ਬਨਿ ਆਯੋ ॥

ਯੁੱਧ ਕਰਨਾ, ਯੁੱਧ ਕਰ ਕੇ ਪ੍ਰਾਣਾਂ ਨੂੰ ਤਿਆਗਣਾ ਅਤੇ ਯੁੱਧ ਕਰਾਉਣਾ ਛਤ੍ਰੀਆਂ ਨੂੰ ਸ਼ੋਭਦਾ ਹੈ।

ਬਾਰੁਨੁ ਕਉ ਕਬਿ ਸ੍ਯਾਮ ਭਨੈ ਕਚੁ ਕੇ ਹਿਤ ਤੋ ਭ੍ਰਿਗੁ ਨਿੰਦ ਕਰਾਯੋ ॥

ਕਵੀ ਸ਼ਿਆਮ ਜੀ ਕਹਿੰਦੇ ਹਨ, (ਬ੍ਰਹਸਪਤਿ ਦੇ ਪੁੱਤਰ) 'ਕਚ' (ਦੀ ਘਟਨਾ ਕਰ ਕੇ) ਭ੍ਰਿਗੂ ਨੇ ਸ਼ਰਾਬ ਦੀ ਨਿੰਦਿਆ ਕੀਤੀ ਹੈ।

ਰਾਮ ਕਹੈ ਚਤੁਰਾਨਿਨ ਸੋ ਇਹੀ ਰਸ ਕਉ ਰਸ ਦੇਵਨ ਪਾਯੋ ॥੧੮੯੪॥

(ਕਵੀ) ਰਾਮ ਕਹਿੰਦੇ ਹਨ, ਦੇਵਤਿਆਂ ਨੇ ਇਸ ਰਸ ਦਾ ਰਸ ਬ੍ਰਹਮਾ ਪਾਸੋਂ ਪ੍ਰਾਪਤ ਕੀਤਾ ਸੀ ॥੧੮੯੪॥

ਦੋਹਰਾ ॥

ਦੋਹਰਾ:

ਜੈਸੇ ਸੁਖ ਹਰਿ ਜੂ ਕੀਏ ਤੈਸੇ ਕਰੇ ਨ ਅਉਰ ॥

ਜਿਸ ਪ੍ਰਕਾਰ ਦੇ ਸੁਖ ਸ੍ਰੀ ਕ੍ਰਿਸ਼ਨ ਨੇ ਦਿੱਤੇ ਹਨ, ਉਹੋ ਜਿਹੇ ਹੋਰ ਕੋਈ ਨਹੀਂ ਦੇ ਸਕਦਾ।

ਐਸੋ ਅਰਿ ਜਿਤ ਇੰਦਰ ਸੇ ਰਹਤ ਸੂਰ ਨਿਤ ਪਉਰਿ ॥੧੮੯੫॥

(ਉਨ੍ਹਾਂ ਨੇ) ਇਸ ਤਰ੍ਹਾਂ ਦੇ ਵੈਰੀ ਜਿਤੇ ਹਨ ਜਿਨ੍ਹਾਂ ਦੇ ਦੁਆਰੇ ਤੇ ਇੰਦਰ ਸਦਾ ਪਹਿਰਾ ਦਿੰਦਾ ਹੈ ॥੧੮੯੫॥

ਸਵੈਯਾ ॥

ਸਵੈਯਾ:

ਰੀਝ ਕੈ ਦਾਨ ਦੀਓ ਜਿਨ ਕਉ ਤਿਨ ਮਾਗਨਿ ਕੋ ਨ ਕਹੂੰ ਮਨੁ ਕੀਨੋ ॥

(ਕ੍ਰਿਸ਼ਨ ਨੇ) ਰੀਝ ਕੇ ਜਿਨ੍ਹਾਂ ਨੂੰ ਦਾਨ ਦਿੱਤਾ ਹੈ, ਉਨ੍ਹਾਂ ਦਾ ਮਨ ਕਿਸੇ ਹੋਰ ਪਾਸੇ ਮੰਗਣ ਲਈ ਨਹੀਂ ਕੀਤਾ ਹੈ।

ਕੋਪਿ ਨ ਕਾਹੂ ਸਿਉ ਬੈਨ ਕਹਿਯੋ ਜੁ ਪੈ ਭੂਲ ਪਰੀ ਚਿਤ ਕੈ ਹਸਿ ਦੀਨੋ ॥

(ਕ੍ਰਿਸ਼ਨ ਨੇ) ਕਿਸੇ ਨਾਲ ਕ੍ਰੋਧਿਤ ਹੋ ਕੇ ਬਚਨ ਨਹੀਂ ਕੀਤੇ ਅਤੇ ਜੇ ਕਿਸੇ ਤੋਂ ਭੁਲ ਹੋ ਗਈ ਹੈ ਤਾਂ (ਉਸ ਨੂੰ) ਵੇਖ ਕੇ ਹਸ ਛਡਿਆ ਹੈ।

ਦੰਡ ਨ ਕਾਹੂੰ ਲਯੋ ਜਨ ਤੇ ਖਲ ਮਾਰਿ ਨ ਤਾ ਕੋ ਕਛੂ ਧਨੁ ਛੀਨੋ ॥

ਕਿਸੇ ਵਿਅਕਤੀ ਤੋਂ ਕੋਈ ਦੰਡ (ਜੁਰਮਾਨਾ) ਵਸੂਲ ਨਹੀਂ ਕੀਤਾ ਹੈ ਅਤੇ ਦੁਸ਼ਟ ਨੂੰ ਮਾਰ ਕੇ ਉਸ ਦਾ ਕੁਝ ਧਨ ਨਹੀਂ ਖੋਹਿਆ ਹੈ।

ਜੀਤਿ ਨ ਜਾਨ ਦਯੋ ਗ੍ਰਿਹ ਕੋ ਅਰਿ ਸ੍ਰੀ ਬ੍ਰਿਜਰਾਜ ਇਹੈ ਬ੍ਰਤ ਲੀਨੋ ॥੧੮੯੬॥

(ਯੁੱਧ-ਭੂਮੀ ਵਿਚੋਂ ਕਿਸੇ) ਵੈਰੀ ਨੂੰ ਜੀਉਂਦਾ ਘਰ ਜਾਣ ਨਹੀਂ ਦਿੱਤਾ; ਸ੍ਰੀ ਕ੍ਰਿਸ਼ਨ ਨੇ ਇਹੀ ਬ੍ਰਤ ਧਾਰਨ ਕੀਤਾ ਹੋਇਆ ਹੈ ॥੧੮੯੬॥

ਜੋ ਭੂਅ ਕੋ ਨਲ ਰਾਜ ਭਏ ਕਬਿ ਸ੍ਯਾਮ ਕਹੈ ਸੁਖ ਹਾਥਿ ਨ ਆਯੋ ॥

ਕਵੀ ਸ਼ਿਆਮ ਕਹਿੰਦੇ ਹਨ, ਰਾਜਾ ਨਲ ਦੇ ਹੁੰਦਿਆ ਵੀ ਜੋ ਸੁਖ ਪ੍ਰਿਥਵੀ ਦੇ ਹੱਥ ਨਹੀਂ ਆਇਆ ਸੀ;

ਸੋ ਸੁਖੁ ਭੂਮਿ ਨ ਪਾਯੋ ਤਬੈ ਮੁਰ ਮਾਰਿ ਜਬੈ ਜਮ ਧਾਮਿ ਪਠਾਯੋ ॥

ਉਸ ਸੁਖ ਨੂੰ ਧਰਤੀ ਨੇ ਉਦੋਂ ਵੀ ਪ੍ਰਾਪਤ ਨਹੀਂ ਕੀਤਾ ਸੀ ਜਦੋਂ ਮੁਰ (ਦੈਂਤ ਨੂੰ) ਮਾਰ ਕੇ ਯਮ-ਲੋਕ ਭੇਜ ਦਿੱਤਾ ਗਿਆ ਸੀ;

ਜੋ ਹਰਿਨਾਕਸ ਭ੍ਰਾਤ ਸਮੇਤ ਭਯੋ ਸੁਪਨੇ ਪ੍ਰਿਥੁ ਨ ਦਰਸਾਯੋ ॥

ਹਰਨਾਕਸ (ਅਤੇ ਉਸ ਦੇ) ਭਰਾ ਸਮੇਤ (ਉਨ੍ਹਾਂ ਦੇ ਰਾਜ-ਕਾਲ ਵਿਚ) ਜੋ ਸੁਖ ਹਾਸਲ ਨਹੀਂ ਹੋਇਆ ਸੀ ਅਤੇ ਰਾਜਾ ਪ੍ਰਿਥੂ ਨੇ ਜੋ ਸੁਪਨੇ ਵਿਚ ਵੀ ਨਹੀਂ ਵਿਖਾਇਆ ਸੀ;

ਸੋ ਸੁਖੁ ਕਾਨ੍ਰਹ ਕੀ ਜੀਤ ਭਏ ਅਪਨੇ ਚਿਤ ਮੈ ਪੁਹਮੀ ਅਤਿ ਪਾਯੋ ॥੧੮੯੭॥

ਉਹ ਸੁਖ ਸ੍ਰੀ ਕ੍ਰਿਸ਼ਨ ਦੀ ਜਿਤ ਹੋਣ ਤੇ ਪ੍ਰਿਥਵੀ ਨੇ ਆਪਣੇ ਚਿਤ ਵਿਚ ਬਹੁਤ ਅਧਿਕ ਪ੍ਰਾਪਤ ਕੀਤਾ ਹੈ ॥੧੮੯੭॥

ਜੋਰਿ ਘਟਾ ਘਨਘੋਰ ਘਨੈ ਜੁਰਿ ਗਾਜਤ ਹੈ ਕੋਊ ਅਉਰ ਨ ਗਾਜੈ ॥

ਕਾਲੀਆਂ ਘਟਾਵਾਂ ਜੋੜ ਕੇ ਬਦਲ ਬਹੁਤ ਭਾਰੀ ਧੁਨ ਨਾਲ ਗਜਦੇ ਹਨ, (ਉਸ ਤਰ੍ਹਾਂ) ਕੋਈ ਹੋਰ ਨਹੀਂ ਗਜਦਾ।

ਆਯੁਧ ਸੂਰ ਸਜੈ ਅਪਨੇ ਕਰਿ ਆਨ ਨ ਆਯੁਧ ਅੰਗਹਿ ਸਾਜੈ ॥

ਸੂਰਮੇ ਆਪਣੇ ਹੱਥਾਂ ਵਿਚ ਸ਼ਸਤ੍ਰ ਸਜਾਉਂਦੇ ਹਨ, ਹੋਰ ਕੋਈ (ਵੀ ਵਿਅਕਤੀ) ਸ਼ਰੀਰ ਉਤੇ ਸ਼ਸਤ੍ਰ ਨਹੀਂ ਸਜਾਉਂਦਾ।

ਦੁੰਦਭਿ ਦੁਆਰ ਬਜੈ ਪ੍ਰਭ ਕੇ ਬਿਨੁ ਬ੍ਯਾਹ ਨ ਕਾਹੂੰ ਕੇ ਦੁਆਰਹਿ ਬਾਜੈ ॥

ਸ੍ਰੀ ਕ੍ਰਿਸ਼ਨ ਦੇ ਦੁਆਰ ਉਤੇ (ਹਰ ਵੇਲੇ) ਨਗਾਰੇ ਵਜਦੇ ਹਨ, ਵਿਆਹ ਤੋਂ ਬਿਨਾ ਕਿਸੇ ਹੋਰ ਦੇ ਦੁਆਰ ਉਤੇ ਨਹੀਂ ਵਜਦੇ।

ਪਾਪ ਨ ਹੋ ਕਹੂੰ ਪੁਰ ਮੈ ਜਿਤ ਹੀ ਕਿਤ ਧਰਮ ਹੀ ਧਰਮ ਬਿਰਾਜੈ ॥੧੮੯੮॥

ਨਗਰ ਵਿਚ ਕਿਸੇ ਥਾਂ ਪਾਪ ਵੀ ਨਹੀਂ ਹੁੰਦਾ, ਜਿਥੇ ਕਿਥੇ ਧਰਮ ਹੀ ਧਰਮ ਸੋਭਾ ਪਾ ਰਿਹਾ ਹੈ ॥੧੮੯੮॥

ਦੋਹਰਾ ॥

ਦੋਹਰਾ:

ਕ੍ਰਿਸਨ ਜੁਧ ਜੋ ਹਉ ਕਹਿਯੋ ਅਤਿ ਹੀ ਸੰਗਿ ਸਨੇਹ ॥

ਜੋ ਸ੍ਰੀ ਕ੍ਰਿਸ਼ਨ ਦੇ ਯੁੱਧ (ਦਾ ਪ੍ਰਸੰਗ) ਮੈਂ ਬੜੇ ਪ੍ਰੇਮ ਨਾਲ ਕਿਹਾ ਹੈ,

ਜਿਹ ਲਾਲਚ ਇਹ ਮੈ ਰਚਿਯੋ ਮੋਹਿ ਵਹੈ ਬਰੁ ਦੇਹਿ ॥੧੮੯੯॥

ਜਿਸ ਲੋਭ ਕਰ ਕੇ ਇਸ ਦੀ ਮੈਂ ਰਚਨਾ ਕੀਤੀ ਹੈ, ਮੈਨੂੰ ਉਹੀ ਵਰਦਾਨ ਦਿਓ ॥੧੮੯੯॥

ਸਵੈਯਾ ॥

ਸਵੈਯਾ:

ਹੇ ਰਵਿ ਹੇ ਸਸਿ ਹੇ ਕਰੁਨਾਨਿਧਿ ਮੇਰੀ ਅਬੈ ਬਿਨਤੀ ਸੁਨਿ ਲੀਜੈ ॥

ਹੇ ਸੂਰਜ! ਹੇ ਚੰਦ੍ਰਮਾ! ਹੇ ਕਰੁਣਾ ਦੇ ਸਾਗਰ! ਹੁਣ ਮੇਰੀ ਬੇਨਤੀ ਧਿਆਨ ਨਾਲ ਸੁਣ ਲਵੋ।


Flag Counter