ਸ਼੍ਰੀ ਦਸਮ ਗ੍ਰੰਥ

ਅੰਗ - 472


ਦੋਹਰਾ ॥

ਦੋਹਰਾ:

ਜਰਾਸੰਧਿ ਕੀ ਅਤਿ ਚਮੂੰ ਉਮਡੀ ਕ੍ਰੋਧ ਬਢਾਇ ॥

ਜਰਾਸੰਧ ਦੀ ਬਹੁਤ ਵੱਡੀ ਸੈਨਾ ਕ੍ਰੋਧਵਾਨ ਹੋ ਕੇ ਉਮਡ ਪਈ ਹੈ।

ਧਨੁਖ ਬਾਨ ਹਰਿ ਪਾਨਿ ਲੈ ਛਿਨ ਮੈ ਦੀਨੀ ਘਾਇ ॥੧੭੪੭॥

ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼-ਬਾਣ ਲੈ ਕੇ ਛਿਣ ਭਰ ਵਿਚ ਮਾਰ ਦਿੱਤੀ ਹੈ ॥੧੭੪੭॥

ਸਵੈਯਾ ॥

ਸਵੈਯਾ:

ਜਦੁਬੀਰ ਕਮਾਨ ਤੇ ਬਾਨ ਛੁਟੇ ਅਵਸਾਨ ਗਏ ਲਖਿ ਸਤ੍ਰਨ ਕੇ ॥

ਸ੍ਰੀ ਕ੍ਰਿਸ਼ਨ ਦੀ ਕਮਾਨ ਤੋਂ ਜੋ ਬਾਣ ਛੁਟਦੇ ਹਨ, ਉਨ੍ਹਾਂ ਨਾਲ ਲੱਖਾਂ ਵੈਰੀਆਂ ਦੀ ਹੋਸ਼ ਉਡ ਜਾਂਦੀ ਹੈ।

ਗਜਰਾਜ ਮਰੇ ਗਿਰ ਭੂਮਿ ਪਰੇ ਮਨੋ ਰੂਖ ਕਟੇ ਕਰਵਤ੍ਰਨ ਕੇ ॥

ਵੱਡੇ ਹਾਥੀ ਮੋਏ ਹੋਏ ਧਰਤੀ ਉਤੇ ਪਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਆਰਿਆਂ ਦੇ ਕਟੇ ਹੋਏ ਬ੍ਰਿਛ ਪਏ ਹੋਣ।

ਰਿਪੁ ਕਉਨ ਗਨੇ ਜੁ ਹਨੇ ਤਿਹ ਠਾ ਮੁਰਝਾਇ ਗਿਰੇ ਸਿਰ ਛਤ੍ਰਨ ਕੇ ॥

ਉਸ ਥਾਂ ਤੇ ਜੋ ਵੈਰੀ ਮਰੇ ਪਏ ਹਨ, ਉਨ੍ਹਾਂ ਦੀ (ਭਲਾ) ਗਿਣਤੀ ਕੌਣ ਕਰ ਸਕਦਾ ਹੈ? ਛਤ੍ਰੀਆਂ ਦੇ ਡਿਗੇ ਪਏ ਸਿਰ ਮੁਰਝਾ ਗਏ ਹਨ।

ਰਨ ਮਾਨੋ ਸਰੋਵਰਿ ਆਂਧੀ ਬਹੈ ਟੁਟਿ ਫੂਲ ਪਰੇ ਸਤ ਪਤ੍ਰਨ ਕੇ ॥੧੭੪੮॥

ਰਣ-ਭੂਮੀ ਮਾਨੋ ਸਰੋਵਰ ਹੋਵੇ ਅਤੇ ਯੁੱਧ ਰੂਪ ਹਨੇਰੀ ਦੇ ਚਲਣ ਨਾਲ ਸੂਰਮੇ ਰੂਪ ਸੈਂਕੜੇ ਫੁਲ ਅਤੇ ਪੱਤਰ ਡਿਗੇ ਪਏ ਹੋਣ ॥੧੭੪੮॥

ਘਾਇ ਲਗੇ ਇਕ ਘੂਮਤ ਘਾਇਲ ਸ੍ਰਉਨ ਸੋ ਏਕ ਫਿਰੈ ਚੁਚਵਾਤੇ ॥

ਜ਼ਖ਼ਮ ਲਗਣ ਨਾਲ ਕਈ ਘਾਇਲ (ਸੂਰਮੇ) ਘੁੰਮੇਰੀਆਂ ਖਾ ਰਹੇ ਹਨ ਅਤੇ ਕਈਆਂ ਦੇ ਲਹੂ ਟਪਕ ਰਿਹਾ ਹੈ।

ਏਕ ਨਿਹਾਰ ਕੈ ਡਾਰਿ ਹਥੀਆਰ ਭਜੈ ਬਿਸੰਭਾਰ ਗਈ ਸੁਧਿ ਸਾਤੇ ॥

(ਅਜਿਹੀ ਸਥਿਤੀ ਨੂੰ) ਵੇਖ ਕੇ ਕਈ ਹਥਿਆਰ ਸੁਟ ਕੇ ਭਜ ਗਏ ਹਨ (ਅਤੇ ਕਈ) ਹੋਸ਼ ਗੰਵਾ ਕੇ ਬੇਸੁਧ ਹੋਏ ਭਜੇ ਫਿਰਦੇ ਹਨ।

ਦੈ ਰਨ ਪੀਠ ਮਰੈ ਲਰ ਕੈ ਤਿਹ ਮਾਸ ਕੋ ਜੰਬੁਕ ਗੀਧ ਨ ਖਾਤੇ ॥

ਜੋ ਰਣ ਵਿਚ ਪਿਠ ਵਿਖਾ ਕੇ ਲੜ ਕੇ ਮਰਦੇ ਹਨ, ਉਨ੍ਹਾਂ ਦੇ ਮਾਸ ਗਿਦੜ ਅਤੇ ਗਿੱਧਾਂ ਵੀ ਨਹੀਂ ਖਾਂਦੀਆਂ।

ਬੋਲਤ ਬੀਰ ਸੁ ਏਕ ਫਿਰੈ ਮਨੋ ਡੋਲਤ ਕਾਨਨ ਮੈ ਗਜ ਮਾਤੇ ॥੧੭੪੯॥

ਕਈ ਯੋਧੇ ਰਣ-ਭੂਮੀ ਵਿਚ (ਇੰਜ) ਬੋਲਦੇ ਫਿਰਦੇ ਹਨ, ਮਾਨੋ ਜੰਗਲ ਵਿਚ ਮਦ-ਮਾਤੇ ਹਾਥੀ ਫਿਰ ਰਹੇ ਹੋਣ ॥੧੭੪੯॥

ਪਾਨਿ ਕ੍ਰਿਪਾਨ ਗਹੀ ਘਨਿ ਸ੍ਯਾਮ ਬਡੇ ਰਿਪੁ ਤੇ ਬਿਨੁ ਪ੍ਰਾਨ ਕੀਏ ॥

ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਕ੍ਰਿਪਾਨ ਧਾਰਨ ਕਰ ਲਈ ਹੈ ਅਤੇ ਵੱਡੇ ਵੱਡੇ ਵੈਰੀਆਂ ਨੂੰ ਪ੍ਰਾਣਾਂ ਤੋਂ ਸਖਣਾ ਕਰ ਦਿੱਤਾ ਹੈ।

ਗਜ ਬਾਜਨ ਕੇ ਅਸਵਾਰ ਹਜਾਰ ਮੁਰਾਰਿ ਸੰਘਾਰਿ ਬਿਦਾਰਿ ਦੀਏ ॥

ਹਾਥੀਆਂ ਘੋੜਿਆਂ ਦੇ ਹਜ਼ਾਰਾਂ ਸਵਾਰਾਂ ਨੂੰ ਸ੍ਰੀ ਕ੍ਰਿਸ਼ਨ ਨੇ ਮਾਰ ਕੇ ਨਸ਼ਟ ਕਰ ਦਿੱਤਾ ਹੈ।

ਅਰਿ ਏਕਨ ਕੇ ਸਿਰ ਕਾਟਿ ਦਏ ਇਕ ਬੀਰਨ ਕੇ ਦਏ ਫਾਰਿ ਹੀਏ ॥

ਇਕਨਾਂ ਵੈਰੀਆਂ ਦੇ ਸਿਰ ਕਟ ਦਿੱਤੇ ਹਨ ਅਤੇ ਇਕਨਾਂ ਯੋਧਿਆਂ ਦੇ ਸੀਨੇ ਚੀਰ ਦਿੱਤੇ ਹਨ।

ਮਨੋ ਕਾਲ ਸਰੂਪ ਕਰਾਲ ਲਖਿਓ ਹਰਿ ਸਤ੍ਰ ਭਜੇ ਇਕ ਮਾਰ ਲੀਏ ॥੧੭੫੦॥

(ਉਥੇ ਵੈਰੀ) ਸ੍ਰੀ ਕ੍ਰਿਸ਼ਨ ਨੂੰ ਮਾਨੋ ਭਿਆਨਕ ਸਰੂਪ ਵਾਲਾ ਸਮਝ ਕੇ ਭਜ ਗਏ ਹੋਣ ਅਤੇ ਇਕਨਾਂ ਨੂੰ ਮਾਰ ਲਿਆ ਗਿਆ ਹੋਵੇ ॥੧੭੫੦॥

ਕਬਿਤੁ ॥

ਕਬਿੱਤ:

ਰੋਸ ਭਰੇ ਬਹੁਰੋ ਧਨੁਖ ਬਾਨ ਪਾਨਿ ਲੀਨੋ ਰਿਪਨ ਸੰਘਾਰਤ ਇਉ ਕਮਲਾ ਕੋ ਕੰਤੁ ਹੈ ॥

ਕ੍ਰੋਧ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਨੇ ਫਿਰ ਧਨੁਸ਼ ਬਾਣ ਹੱਥ ਵਿਚ ਲੈ ਲਿਆ ਹੈ ਅਤੇ ਇਸ ਤਰ੍ਹਾਂ ਵੈਰੀਆਂ ਦਾ ਸੰਘਾਰ ਕਰ ਰਿਹਾ ਹੈ।

ਕੇਤੇ ਗਜ ਮਾਰੇ ਰਥੀ ਬਿਰਥੀ ਕਰਿ ਡਾਰੇ ਕੇਤੇ ਐਸੇ ਭਯੋ ਜੁਧੁ ਮਾਨੋ ਕੀਨੋ ਰੁਦ੍ਰ ਅੰਤੁ ਹੈ ॥

ਕਿਤਨੇ ਹੀ ਹਾਥੀ ਮਾਰ ਦਿੱਤੇ ਹਨ ਅਤੇ ਕਿਤਨੇ ਹੀ ਰਥ ਵਾਲਿਆਂ ਨੂੰ ਰਥ-ਹੀਨ ਕਰ ਦਿੱਤਾ ਹੈ। ਅਜਿਹਾ ਯੁੱਧ ਹੋਇਆ ਹੈ ਮਾਨੋ ਰੁਦ੍ਰ ਨੇ ਜਗਤ ਦਾ ਅੰਤ ਕੀਤਾ ਹੋਵੇ।

ਸੈਥੀ ਚਮਕਾਵਤ ਚਲਾਵਤ ਸੁਦਰਸਨ ਕੋ ਕਹੈ ਕਬਿ ਰਾਮ ਸ੍ਯਾਮ ਐਸੋ ਤੇਜਵੰਤੁ ਹੈ ॥

ਕਵੀ ਰਾਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਸੈਹਥੀ ਚਮਕਾਉਂਦਾ ਹੈ, ਸੁਦਰਸ਼ਨ ਚੱਕਰ ਚਲਾਉਂਦਾ ਹੈ, ਇਸ ਤਰ੍ਹਾਂ ਦਾ ਤੇਜਵੰਤ ਹੈ।

ਸ੍ਰਉਨਤ ਰੰਗੀਨ ਪਟ ਸੁਭਟ ਪ੍ਰਬੀਨ ਰਨ ਫਾਗੁ ਖੇਲ ਪੌਢ ਰਹੇ ਮਾਨੋ ਬਡੇ ਸੰਤ ਹੈ ॥੧੭੫੧॥

ਸੂਰਮਿਆਂ ਦੇ ਲਹੂ ਨਾਲ ਰੰਗੇ ਬਸਤ੍ਰ (ਇਸ ਤਰ੍ਹਾਂ) ਸ਼ੋਭਾਇਮਾਨ ਹਨ ਮਾਨੋ ਵਡੇ ਸੰਤ ਹੋਲੀ ਖੇਡ ਕੇ ਸੁਸਤਾ ਰਹੇ ਹੋਣ ॥੧੭੫੧॥

ਕਾਨ੍ਰਹ ਤੇ ਨ ਡਰੇ ਅਰਿ ਅਰਰਾਇ ਪਰੇ ਸਬ ਕਹੈ ਕਬਿ ਸ੍ਯਾਮ ਲਰਬੇ ਕਉ ਉਮਗਤਿ ਹੈ ॥

ਵੈਰੀ ਯੋਧੇ ਕਾਨ੍ਹ ਤੋਂ ਡਰੇ ਨਹੀਂ ਹਨ, ਸਭ ਅਰੜਾ ਕੇ ਪੈ ਗਏ ਹਨ। ਕਵੀ ਸ਼ਿਆਮ ਕਹਿੰਦੇ ਹਨ, (ਉਹ) ਲੜਨ ਲਈ ਉਤਾਵਲੇ ਹਨ।

ਰਨ ਮੈ ਅਡੋਲ ਸ੍ਵਾਮ ਕਾਰ ਜੀ ਅਮੋਲ ਬੀਰ ਗੋਲ ਤੇ ਨਿਕਸ ਲਰੈ ਕੋਪ ਮੈ ਪਗਤ ਹੈ ॥

ਰਣ-ਭੂਮੀ ਵਿਚ ਸੁਆਮੀ ਦੇ ਕਾਰਜ ਲਈ ਅਡੋਲ ਖੜੋਤੇ ਹਨ ਅਤੇ ਅਮੋਲ ਜਿੰਦਾਂ (ਕੁਰਬਾਨ ਕਰਦੇ ਹਨ)। (ਆਪਣੇ ਆਪਣੇ) ਦਲਾਂ ਵਿਚੋਂ ਕ੍ਰੋਧਿਤ ਹੋ ਕੇ ਨਿਕਲ ਕੇ ਯੁੱਧ ਕਰਦੇ ਹਨ।

ਡੋਲਤ ਹੈ ਆਸ ਪਾਸ ਜੀਤਬੇ ਕੀ ਕਰੈ ਆਸ ਤ੍ਰਾਸ ਮਨਿ ਨੈਕੁ ਨਹੀ ਨ੍ਰਿਪ ਕੇ ਭਗਤ ਹੈ ॥

ਇਧਰ ਉਧਰ ਫਿਰਦੇ ਹਨ, ਜਿਤਣ ਦੀ ਉਮੀਦ ਕਰਦੇ ਹਨ। (ਉਹ) ਮਨ ਵਿਚ ਜ਼ਰਾ ਡਰ ਨਹੀਂ ਮੰਨਦੇ, ਰਾਜੇ ਦੇ ਪੱਕੇ ਭਗਤ ਹਨ।

ਕੰਚਨ ਅਚਲ ਜਿਉ ਅਟਲ ਰਹਿਓ ਜਦੁਬੀਰ ਤੀਰ ਤੀਰ ਸੂਰਮਾ ਨਛਤ੍ਰ ਸੇ ਡਿਗਤ ਹੈ ॥੧੭੫੨॥

ਸ੍ਰੀ ਕ੍ਰਿਸ਼ਨ ਸੁਮੇਰ ਪਰਬਤ ਵਾਂਗ ਅਟਲ ਖੜੋਤੇ ਹਨ ਅਤੇ ਨੇੜੇ ਨੇੜੇ ਦੇ ਸੂਰਮੇ ਨਛਤ੍ਰਾਂ ਵਾਂਗ ਡਿਗਦੇ ਜਾਂਦੇ ਹਨ ॥੧੭੫੨॥

ਸਵੈਯਾ ॥

ਸਵੈਯਾ:

ਇਹ ਭਾਤਿ ਇਤੈ ਜਦੁਬੀਰ ਘਿਰਿਓ ਉਤ ਕੋਪ ਹਲਾਯੁਧ ਬੀਰ ਸੰਘਾਰੇ ॥

ਇਸ ਤਰ੍ਹਾਂ ਇਧਰ ਸ੍ਰੀ ਕ੍ਰਿਸ਼ਨ ਘਿਰਿਆ ਹੋਇਆ ਹੈ ਅਤੇ ਉਧਰ ਬਲਦੇਵ ਕ੍ਰੋਧਿਤ ਹੋ ਕੇ ਯੋਧਿਆਂ ਨੂੰ ਮਾਰ ਰਿਹਾ ਹੈ;

ਬਾਨ ਕਮਾਨ ਕ੍ਰਿਪਾਨਨ ਪਾਨਿ ਧਰੇ ਬਿਨੁ ਪ੍ਰਾਨ ਪਰੇ ਛਿਤਿ ਮਾਰੇ ॥

ਜੋ ਬਾਣ, ਕਮਾਨ, ਕ੍ਰਿਪਾਨ ਆਦਿ (ਸ਼ਸਤ੍ਰ) ਹੱਥ ਵਿਚ ਧਾਰਨ ਕੀਤੇ ਹੋਇਆਂ ਬਿਨਾ ਪ੍ਰਾਣਾਂ ਦੇ ਧਰਤੀ ਉਤੇ ਪਏ ਹਨ।

ਟੂਕ ਅਨੇਕ ਕੀਏ ਹਲਿ ਸੋ ਬਲਿ ਕਾਤੁਰ ਦੇਖਿ ਭਜੇ ਬਿਸੰਭਾਰੇ ॥

ਹਲ ਨਾਲ ਅਨੇਕਾਂ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੱਤਾ ਹੈ। ਕਾਇਰ ਲੋਕ ਬੇਸੁਧ ਹੋ ਕੇ ਭਜੀ ਜਾ ਰਹੇ ਹਨ।

ਜੀਤਤ ਭਯੋ ਮੁਸਲੀ ਰਨ ਮੈ ਅਰਿ ਭਾਜਿ ਚਲੇ ਤਬ ਭੂਪ ਨਿਹਾਰੇ ॥੧੭੫੩॥

ਬਲਦੇਵ ਯੁੱਧ ਵਿਚ ਜਿਤ ਗਿਆ ਹੈ ਅਤੇ ਵੈਰੀ ਭਜੀ ਜਾਂਦੇ ਹਨ, ਤਦ ਰਾਜੇ ਨੇ ਵੇਖਿਆ ਹੈ ॥੧੭੫੩॥

ਚਕ੍ਰਤ ਹੁਇ ਚਿਤ ਬੀਚ ਚਮੂ ਪਤਿ ਆਪੁਨੀ ਸੈਨ ਕਉ ਬੈਨ ਸੁਨਾਯੋ ॥

ਚਿਤ ਵਿਚ ਹੈਰਾਨ ਹੋ ਕੇ ਸੈਨਾ ਪਤੀ ਨੇ ਆਪਣੀ ਸੈਨਾ ਨੂੰ ਬਚਨ ਸੁਣਾਇਆ ਕਿ ਹੇ ਯੋਧਿਓ!

ਭਾਜਤ ਜਾਤ ਕਹਾ ਰਨ ਤੇ ਭਟ ਜੁਧੁ ਨਿਦਾਨ ਸਮੋ ਅਬ ਆਯੋ ॥

(ਤੁਸੀਂ) ਰਣ ਵਿਚੋਂ ਕਿਉਂ ਭਜੀ ਜਾ ਰਹੇ ਹੋ, ਯੁੱਧ ਦੇ ਅੰਤ ਦਾ ਸਮਾਂ ਤਾਂ ਹੁਣ ਆਇਆ ਹੈ।

ਇਉ ਲਲਕਾਰ ਕਹਿਓ ਦਲ ਕੋ ਤਬ ਸ੍ਰਉਨਨ ਮੈ ਸਬਹੂੰ ਸੁਨਿ ਪਾਯੋ ॥

ਇਸ ਤਰ੍ਹਾਂ ਲਲਕਾਰ ਕੇ (ਜਦ) ਸੈਨਾ ਨੂੰ ਕਿਹਾ, ਤਦ ਸਾਰਿਆਂ ਨੇ ਕੰਨਾਂ ਨਾਲ ਸੁਣ ਲਿਆ

ਸਸਤ੍ਰ ਸੰਭਾਰਿ ਫਿਰੇ ਤਬ ਹੀ ਅਤਿ ਕੋਪ ਭਰੇ ਹਠਿ ਜੁਧੁ ਮਚਾਯੋ ॥੧੭੫੪॥

ਅਤੇ ਸ਼ਸਤ੍ਰ ਸੰਭਾਲ ਕੇ ਉਸੇ ਵੇਲੇ ਪਰਤ ਪਏ। ਕ੍ਰੋਧ ਨਾਲ ਭਰੇ ਹੋਇਆਂ ਨੇ ਹਠ ਪੂਰਵਕ ਯੁੱਧ ਮਚਾਇਆ ॥੧੭੫੪॥

ਬੀਰ ਬਡੇ ਰਨਧੀਰ ਸੋਊ ਜਬ ਆਵਤ ਸ੍ਰੀ ਜਦੁਬੀਰ ਨਿਹਾਰੇ ॥

ਜੋ ਵੱਡੇ ਵੱਡੇ ਸੂਰਵੀਰ ਅਤੇ ਰਣਧੀਰ ਯੋਧੇ ਸਨ, (ਉਨ੍ਹਾਂ ਨੇ) ਜਦੋਂ ਸ੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖਿਆ।

ਸ੍ਯਾਮ ਭਨੈ ਕਰਿ ਕੋਪ ਤਿਹੀ ਛਿਨ ਸਾਮੁਹੇ ਹੋਇ ਹਰਿ ਸਸਤ੍ਰ ਪ੍ਰਹਾਰੇ ॥

(ਕਵੀ) ਸ਼ਿਆਮ ਕਹਿੰਦੇ ਹਨ, ਉਸੇ ਛਿਣ ਕ੍ਰੋਧ ਕਰ ਕੇ ਅਤੇ ਸਾਹਮਣੇ ਹੋ ਕੇ (ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਉਤੇ ਵਾਰ ਕੀਤੇ ਹਨ।

ਏਕਨ ਕੇ ਕਰ ਕਾਟਿ ਦਏ ਇਕ ਮੁੰਡ ਬਿਨਾ ਕਰਿ ਭੂ ਪਰਿ ਡਾਰੇ ॥

(ਸ੍ਰੀ ਕ੍ਰਿਸ਼ਨ ਨੇ) ਇਕਨਾਂ ਦੇ ਹੱਥ ਕਟ ਦਿੱਤੇ ਹਨ ਅਤੇ ਇਕਨਾਂ ਨੂੰ ਸਿਰ ਤੋਂ ਬਿਨਾ ਕਰ ਕੇ ਧਰਤੀ ਉਤੇ ਸੁਟ ਦਿੱਤਾ ਹੈ।

ਜੀਤ ਕੀ ਆਸ ਤਜੀ ਅਰਿ ਏਕ ਨਿਹਾਰ ਕੈ ਡਾਰਿ ਹਥਿਯਾਰ ਪਧਾਰੇ ॥੧੭੫੫॥

(ਕਈਆਂ ਨੇ) ਜਿਤ ਦੀ ਆਸ ਛਡ ਦਿੱਤੀ ਹੈ ਅਤੇ ਕਈ ਇਕ (ਯੁੱਧ ਨੂੰ) ਵੇਖ ਕੇ ਹਥਿਆਰ ਸੁਟ ਕੇ ਖਿਸਕ ਗਏ ਹਨ ॥੧੭੫੫॥

ਦੋਹਰਾ ॥

ਦੋਹਰਾ:

ਜਬ ਹੀ ਅਤਿ ਦਲ ਭਜਿ ਗਯੋ ਤਬ ਨ੍ਰਿਪ ਕੀਓ ਉਪਾਇ ॥

ਜਦੋਂ ਬਹੁਤ ਸਾਰਾ ਦਲ ਭਜ ਗਿਆ, ਤਦੋਂ ਰਾਜਾ (ਜਰਾਸੰਧ) ਨੇ ਉਪਾ ਕੀਤਾ।

ਆਪਨ ਮੰਤ੍ਰੀ ਸੁਮਤਿ ਕਉ ਲੀਨੋ ਨਿਕਟਿ ਬੁਲਾਇ ॥੧੭੫੬॥

ਆਪਣੇ 'ਸੁਮਤਿ' (ਨਾਂ ਵਾਲੇ) ਮੰਤਰੀ ਨੂੰ ਕੋਲ ਬੁਲਾ ਲਿਆ ॥੧੭੫੬॥

ਦ੍ਵਾਦਸ ਛੂਹਨਿ ਸੈਨ ਅਬ ਲੈ ਧਾਵਹੁ ਤੁਮ ਸੰਗ ॥

(ਉਸ ਨੂੰ ਕਿਹਾ) ਹੁਣ ਤੁਸੀਂ ਬਾਰ੍ਹਾਂ ਅਛੋਹਣੀ ਸੈਨਾ ਨਾਲ ਲੈ ਕੇ (ਯੁੱਧ-ਭੂਮੀ ਵਲ) ਪ੍ਰਸਥਾਨ ਕਰੋ।

ਸਸਤ੍ਰ ਅਸਤ੍ਰ ਭੂਪਤਿ ਦਯੋ ਅਪੁਨੋ ਕਵਚ ਨਿਖੰਗ ॥੧੭੫੭॥

ਰਾਜੇ ਨੇ ਆਪਣੇ ਸ਼ਸਤ੍ਰ, ਅਸਤ੍ਰ ਅਤੇ ਕਵਚ ਤੇ ਭੱਥਾ ਦੇ ਦਿੱਤਾ ॥੧੭੫੭॥

ਸੁਮਤਿ ਚਲਤ ਰਨ ਇਉ ਕਹਿਯੋ ਸੁਨੀਏ ਬਚਨ ਨ੍ਰਿਪਾਲ ॥

ਯੁੱਧ ਨੂੰ ਜਾਂਦੇ ਹੋਇਆਂ ਸੁਮਤਿ (ਨਾਂ ਵਾਲੇ ਮੰਤਰੀ) ਨੇ ਇਉਂ ਕਿਹਾ, ਹੇ ਰਾਜਨ! (ਮੇਰਾ) ਬਚਨ ਸੁਣੋ।

ਹਰਿ ਹਲਧਰ ਕੇਤਕ ਬਲੀ ਕਰੋ ਕਾਲ ਕੋ ਕਾਲ ॥੧੭੫੮॥

ਸ੍ਰੀ ਕ੍ਰਿਸ਼ਨ ਅਤੇ ਬਲਦੇਵ ਕਿਤਨੇ ਕੁ ਬਲਵਾਨ ਹਨ, (ਮੈਂ ਤਾਂ) ਕਾਲ ਦਾ ਵੀ ਕਾਲ ਲਿਆ ਦਿਆਂਗਾ ॥੧੭੫੮॥

ਚੌਪਈ ॥

ਚੌਪਈ:

ਇਉ ਕਹਿ ਜਰਾਸੰਧਿ ਸਿਉ ਮੰਤ੍ਰੀ ॥

ਮੰਤਰੀ ਨੇ ਇਸ ਤਰ੍ਹਾਂ ਜਰਾਸੰਧ ਨੂੰ ਕਹਿ ਕੇ

ਸੰਗ ਲੀਏ ਤਿਹ ਅਧਿਕ ਬਜੰਤ੍ਰੀ ॥

ਆਪਣੇ ਨਾਲ ਬਹੁਤ ਸਾਰੇ ਵਜੰਤ੍ਰੀ ਲੈ ਲਏ।


Flag Counter