ਸ਼੍ਰੀ ਦਸਮ ਗ੍ਰੰਥ

ਅੰਗ - 532


ਕਹਿਓ ਫਿਰਿ ਆਪਨ ਬਿਪ ਕੋ ਰੂਪ ਧਰਿਓ ਨਹੀ ਕਾਹੂ ਤੇ ਜਾਤ ਲਹਿਓ ॥੨੩੧੮॥

(ਇਸ ਤਰ੍ਹਾਂ) ਕਿਹਾ ਅਤੇ ਫਿਰ ਆਪ ਬ੍ਰਾਹਮਣ ਦਾ ਰੂਪ ਧਾਰਨ ਕਰ ਲਿਆ ਜੋ ਕਿਸੇ ਕੋਲੋਂ ਪਛਾਣਿਆ ਨਹੀਂ ਸੀ ਜਾਂਦਾ ॥੨੩੧੮॥

ਬਾਮਨ ਭੇਖ ਜਬੈ ਧਰਿ ਕੈ ਨ੍ਰਿਪ ਸੰਧਿ ਜਰਾ ਕੇ ਗਏ ਨ੍ਰਿਪ ਜਾਨੀ ॥

ਜਦ ਬ੍ਰਾਹਮਣ ਦਾ ਭੇਖ ਧਾਰ ਕੇ ਰਾਜਾ ਜਰਾਸੰਧ ਕੋਲ ਗਏ (ਤਾਂ) ਰਾਜੇ ਨੇ ਪਛਾਣ ਲਿਆ।

ਨੈਨ ਨਿਹਾਰ ਵਡੇ ਭੁਜ ਦੰਡ ਸੁ ਛਤ੍ਰਿਨ ਕੀ ਸਭ ਰੀਤਿ ਪਛਾਨੀ ॥

(ਰਾਜੇ ਨੇ) ਉਨ੍ਹਾਂ ਦੀਆਂ ਵੱਡੀਆਂ ਵੱਡੀਆਂ ਭੁਜਾਵਾਂ ਨੂੰ ਅੱਖਾਂ ਨਾਲ ਵੇਖ ਕੇ, (ਉਨ੍ਹਾਂ ਦੇ) ਛਤ੍ਰੀਆਂ ਵਾਲੇ ਸਾਰੇ ਤੌਰ ਤਰੀਕੇ ਪਛਾਣ ਲਏ।

ਤੇਈਸ ਬਾਰ ਭਿਰਿਯੋ ਹਮ ਸੋ ਸੋਊ ਹੈ ਜਿਹ ਦੁਆਰਵਤੀ ਰਜਧਾਨੀ ॥

ਇਹ ਤੇਈ ਵਾਰ ਸਾਡੇ ਨਾਲ ਲੜਿਆ ਹੈ, ਇਹ ਓਹੀ ਹੈ ਜਿਸ ਦੀ ਰਾਜਧਾਨੀ ਦੁਆਰਿਕਾ ਹੈ।

ਭੇਦ ਲਹਿਯੋ ਸਭ ਹੀ ਛਲਿ ਕੈ ਇਹ ਆਯੋ ਹੈ ਗੋਕੁਲ ਨਾਥ ਗੁਮਾਨੀ ॥੨੩੧੯॥

(ਰਾਜੇ ਨੇ) ਸਾਰਾ ਭੇਦ ਜਾਣ ਲਿਆ ਕਿ ਇਹ ਗੁਮਾਨੀ ਗੋਕੁਲ ਨਾਥ ਹੀ ਛਲ ਪੂਰਵਕ ਆਇਆ ਹੈ ॥੨੩੧੯॥

ਸ੍ਯਾਮ ਜੂ ਆਪਨ ਹੀ ਉਠ ਕੈ ਇਹ ਭੂਪਤਿ ਕੋ ਇਹ ਭਾਤਿ ਸੁਨਾਯੋ ॥

ਸ੍ਰੀ ਕ੍ਰਿਸ਼ਨ ਨੇ ਆਪ ਹੀ ਉਠ ਕੇ ਉਸ ਰਾਜੇ ਨੂੰ ਇਸ ਤਰ੍ਹਾਂ (ਕਹਿ ਕੇ) ਸੁਣਾਇਆ।

ਤੇਈਸ ਬੇਰ ਭਜਿਯੋ ਹਰਿ ਸਿਉ ਹਰਿ ਕੌ ਤ੍ਵੈ ਏਕ ਹੀ ਬਾਰ ਭਜਾਯੋ ॥

ਤੂੰ ਕ੍ਰਿਸ਼ਨ ਕੋਲੋਂ ਤੇਈ ਵਾਰ ਭਜਿਆ ਹੈਂ ਅਤੇ ਤੂੰ ਇਕ ਹੀ ਵਾਰ (ਕ੍ਰਿਸ਼ਨ ਨੂੰ) ਭਜਾਇਆ ਹੈ।

ਏਤੇ ਪੈ ਬੀਰ ਕਹਾਵਤ ਹੈ ਸੁ ਇਹੈ ਹਮਰੇ ਚਿਤ ਪੈ ਅਬ ਆਯੋ ॥

ਇਤਨਾ ਕੁਝ ਹੋਣ ਤੇ ਵੀ (ਤੂੰ) ਸੂਰਮਾ ਅਖਵਾਉਂਦਾ ਹੈਂ। ਮੇਰੇ ਚਿਤ ਵਿਚ ਹੁਣ ਇਹ (ਵਿਚਾਰ) ਆਇਆ ਹੈ

ਬਾਮਨ ਹੁਇ ਤੁਹਿ ਸੇ ਸੰਗ ਛਤ੍ਰੀ ਕੇ ਚਾਹਤ ਹੈ ਕਰ ਜੁਧੁ ਮਚਾਯੋ ॥੨੩੨੦॥

ਕਿ ਬ੍ਰਾਹਮਣ ਹੋ ਕੇ (ਅਸੀਂ) ਤੇਰੇ (ਵਰਗੇ) ਛਤ੍ਰੀ ਨਾਲ ਯੁੱਧ ਮਚਾਉਣਾ ਚਾਹੁੰਦੇ ਹਾਂ ॥੨੩੨੦॥

ਬਲਿ ਮਾਪਿ ਕੈ ਦੇਹ ਦਈ ਹਰਿ ਕਉ ਸਭ ਹੋਰ ਰਹੇ ਨ ਬਿਚਾਰ ਕੀਯੋ ॥

ਬਲਿ (ਰਾਜੇ) ਨੇ (ਆਪਣਾ) ਸ਼ਰੀਰ ਮਾਪ ਕੇ ਵਿਸ਼ਣੂ ਨੂੰ ਦੇ ਦਿੱਤਾ ਸੀ, ਸਭ ਹੋੜਦੇ ਰਹੇ, (ਪਰ ਉਸ ਨੇ ਕੋਈ) ਵਿਚਾਰ ਨਾ ਕੀਤਾ।

ਕਹਿਯੋ ਕਾ ਤਨੁ ਹੈ ਭਗਵਾਨ ਸੋ ਭਿਛੁਕ ਮਾਗਤ ਦੇਹ ਬੀਯੋ ਨ ਬੀਯੋ ॥

(ਉਸ ਨੇ) ਕਿਹਾ ਸੀ ਕਿ ਸ਼ਰੀਰ ਕੀ (ਚੀਜ਼) ਹੈ (ਕਿਉਂਕਿ) ਜੇ ਭਗਵਾਨ ਜਿਹਾ ਮੰਗਤਾ ਮੰਗਦਾ ਹੈ (ਤਾਂ) ਦੇਹ ਤੋਂ ਬਿਨਾ ਹੋਰ (ਕੁਝ ਵੀ ਦੇਣ ਯੋਗ) ਨਹੀਂ।

ਸੁਨਿ ਰਾਮ ਜੂ ਰਾਵਨ ਮਾਰ ਕੈ ਰਾਜੁ ਭਿਭੀਛਨ ਦੇਹਿ ਤਿਹ ਤੇ ਨ ਲੀਯੋ ॥

ਸੁਣ, ਰਾਮ ਜੀ ਨੇ ਰਾਵਣ ਨੂੰ ਮਾਰ ਕੇ ਰਾਜ ਵਿਭੀਸ਼ਣ ਨੂੰ ਦੇ ਦਿੱਤਾ ਅਤੇ ਉਸ ਤੋਂ (ਵਾਪਸ) ਨਾ ਲਿਆ।

ਹਮ ਰੇ ਅਬ ਮਾਗਤ ਹੈ ਨ੍ਰਿਪ ਕਿਉ ਚੁਪ ਠਾਨਿ ਰਹਿਓ ਸੁਕਚਾਤ ਹੀਯੋ ॥੨੩੨੧॥

ਅਸੀਂ ਹੁਣ ਮੰਗਦੇ ਹਾਂ, ਹੇ ਰਾਜਨ! ਹਿਰਦੇ ਵਿਚ ਸੰਕੋਚ ਕਰਦੇ ਹੋਇਆਂ ਹੁਣ ਚੁਪ ਕਿਉਂ ਸਾਧ ਲਈ ਹੈ ॥੨੩੨੧॥

ਦੇਖਿ ਦਯੋ ਬ੍ਰਹਮਾ ਸੁਤ ਸੂਰਜ ਚਿਤ ਬਿਖੈ ਨਹੀ ਤ੍ਰਾਸ ਕੀਯੋ ਹੈ ॥

ਵੇਖੋ ਬ੍ਰਹਮਾ ਨੇ ਸੂਰਜ ਨੂੰ ਪੁੱਤਰ ਦਿੱਤਾ ਸੀ (ਪਰ ਉਸ ਨੇ) ਚਿਤ ਵਿਚ ਡਰ ਨਹੀਂ ਲਿਆਂਦਾ ਸੀ।

ਦਾਸ ਭਯੋ ਹਰਿ ਚੰਦ ਸੁਨਿਯੋ ਸੁਤ ਕਾਜ ਨ ਲਾਜ ਕੀ ਓਰਿ ਧਯੋ ਹੈ ॥

(ਰਾਜਾ) ਹਰਿਚੰਦ (ਚੰਡਾਲ ਦਾ) ਦਾਸ ਹੋਇਆ ਸੁਣਿਆ ਸੀ, ਪਰ ਪੁੱਤਰ (ਦੇ ਦਾਹ ਸੰਸਕਾਰ ਦੇ) ਕਾਰਜ ਵੇਲੇ ਸ਼ਰਮ ਨਹੀਂ ਮੰਨਾਈ ਸੀ।

ਮੂੰਡ ਦਯੋ ਮਧੁ ਕਾਟਿ ਮੁਰਾਰਿ ਰਤੀ ਕੁ ਨ ਸੰਕਤਮਾਨ ਭਯੋ ਹੈ ॥

ਮਧੁ (ਅਤੇ ਕੈਟਭ) ਨੇ ਵਿਸ਼ਣੂ ਨੂੰ ਸਿਰ ਕਟ ਕੇ ਦਿੱਤੇ ਸਨ ਅਤੇ ਰਤਾ ਜਿੰਨਾ ਵੀ ਸ਼ੰਕਾਮਾਨ ਨਹੀਂ ਹੋਏ ਸਨ।

ਜੁਧਹਿ ਚਾਹਤ ਹੋ ਤਿਨ ਤੇ ਤੁਮਰੋ ਬਕਹਾ ਬਲ ਘਾਟ ਗਯੋ ਹੈ ॥੨੩੨੨॥

ਓਹੀ ਬਕਾਸੁਰ ਨੂੰ ਮਾਰਨ ਵਾਲਾ ਉਸ ਕੋਲੋਂ ਯੁੱਧ ਚਾਹੁੰਦਾ ਹੈ ਕੀ ਤੇਰਾ ਬਲ ਘਟ ਗਿਆ ਹੈ ॥੨੩੨੨॥

ਪਛਮ ਸੂਰ ਚੜਿਯੋ ਸੁਨੀਯੈ ਉਲਟੀ ਫਿਰਿ ਗੰਗ ਬਹੀ ਅਬ ਆਵੈ ॥

ਪੱਛਮ ਵਲੋਂ ਸੂਰਜ ਚੜ੍ਹਿਆ ਸੁਣਿਆ ਜਾਵੇ ਅਤੇ ਫਿਰ ਹੁਣ ਗੰਗਾ ਉਲਟੀ ਵਗਣ ਲਗ ਜਾਵੇ।

ਸਤੁ ਟਰਿਓ ਹਰੀ ਚੰਦ ਹੂ ਕੋ ਧਰਨੀ ਧਰ ਤਿਆਗ ਧਰਾ ਤੇ ਪਰਾਵੈ ॥

ਹਰਿਚੰਦ ਆਪਣੇ ਸਤਿ ਤੋਂ ਟਲ ਜਾਵੇ ਤੇ ਪਰਬਤ ਧਰਤੀ ਨੂੰ ਛੜ ਕੇ ਪਰੇ ਚਲੇ ਜਾਣ।

ਸਿੰਘ ਚਲੈ ਮ੍ਰਿਗ ਤੇ ਟਰਿ ਕੈ ਗਜ ਰਾਜ ਉਡਿਯੋ ਨਭ ਮਾਰਗਿ ਜਾਵੈ ॥

ਸ਼ੇਰ ਹਿਰਨ ਤੋਂ (ਡਰ ਕੇ) ਪਿਛੇ ਹਟ ਜਾਵੇ ਅਤੇ ਵੱਡੇ ਆਕਾਰ ਵਾਲਾ ਹਾਥੀ ਉਡ ਕੇ ਆਕਾਸ਼ ਵਲ ਚਲਾ ਜਾਵੇ।

ਪਾਰਥ ਸ੍ਯਾਮ ਕਹਿਯੋ ਤਬ ਭੂਪਤਿ ਤ੍ਰਾਸ ਭਰੈ ਨਹਿ ਜੁਧੁ ਮਚਾਵੈ ॥੨੩੨੩॥

ਅਰਜਨ ਨੂੰ ਕ੍ਰਿਸ਼ਨ ਨੇ ਕਿਹਾ (ਜਦੋਂ ਇਹ ਸਭ ਕੁਝ ਸੰਭਵ ਹੋਏਗਾ) ਤਦ ਰਾਜਾ (ਜਰਾਸੰਧ) ਡਰ ਦਾ ਮਾਰਿਆ ਯੁੱਧ ਨਹੀਂ ਕਰੇਗਾ ॥੨੩੨੩॥

ਜਰਾਸੰਧਿ ਬਾਚ ॥

ਜਰਾਸੰਧ ਨੇ ਕਿਹਾ:

ਸਵੈਯਾ ॥

ਸਵੈਯਾ:

ਪਾਰਥ ਸੋ ਬ੍ਰਿਜਨਾਥ ਜਬੈ ਕਬਿ ਸ੍ਯਾਮ ਕਹੈ ਇਹ ਭਾਤਿ ਬਖਾਨੋ ॥

ਕਵੀ ਸ਼ਿਆਮ ਕਹਿੰਦੇ ਹਨ, ਜਦੋਂ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਇਸ ਤਰ੍ਹਾਂ ਕਿਹਾ,

ਸ੍ਰੀ ਬ੍ਰਿਜਨਾਥ ਇਹੀ ਇਹ ਪਾਰਥ ਭੀਮ ਇਹੈ ਤਿਹ ਭੂਪਤਿ ਜਾਨੋ ॥

(ਤਾਂ) ਰਾਜੇ ਨੇ ਜਾਣ ਲਿਆ ਕਿ ਇਹ ਕ੍ਰਿਸ਼ਨ ਹੈ, ਇਹ ਅਰਜਨ ਹੈ ਅਤੇ ਇਹ ਭੀਮ ਹੈ।

ਕਾਨ੍ਰਹ ਭਜਿਯੋ ਹਮ ਤੇ ਇਹ ਬਾਲਕ ਯਾ ਸੰਗ ਹਉ ਲਰਿਹੋ ਸੁ ਬਖਾਨੋ ॥

ਕ੍ਰਿਸ਼ਨ ਮੇਰੇ ਕੋਲੋਂ ਭਜ ਚੁੱਕਾ ਹੈ, ਇਹ (ਅਰਜਨ) ਅਜੇ ਬਾਲਕ ਹੈ, ਇਸ (ਭੀਮ) ਨਾਲ ਹੀ ਯੁੱਧ ਕਰਦਾ ਹਾਂ, ਇਸ ਤਰ੍ਹਾਂ (ਰਾਜੇ ਨੇ) ਕਿਹਾ

ਜੁਧੁ ਕੇ ਕਾਰਨ ਠਾਢੋ ਭਯੋ ਉਠਿ ਸ੍ਯਾਮ ਕਹੈ ਕਛੁ ਤ੍ਰਾਸ ਨ ਮਾਨੋ ॥੨੩੨੪॥

ਅਤੇ ਯੁੱਧ ਕਰਨ ਲਈ ਖੜਾ ਹੋ ਗਿਆ। (ਕਵੀ) ਸ਼ਿਆਮ ਕਹਿੰਦੇ ਹਨ, (ਉਸ ਨੇ) ਕੁਝ ਵੀ ਡਰ ਨਹੀਂ ਮੰਨਿਆ ॥੨੩੨੪॥

ਭਾਰੀ ਗਦਾ ਹੁਤੀ ਧਾਮਿ ਘਨੀ ਇਕ ਭੀਮ ਕੌ ਆਪ ਕੋ ਅਉਰ ਮੰਗਾਈ ॥

(ਉਸ ਰਾਜਾ ਦੇ) ਘਰ ਇਕ ਬਹੁਤ ਭਾਰੀ ਗਦਾ ਹੁੰਦੀ ਸੀ, (ਉਹ) ਭੀਮ (ਨੂੰ ਦੇ ਦਿੱਤੀ) ਅਤੇ ਆਪ ਹੋਰ ਮੰਗਵਾ ਲਈ।

ਏਕ ਦਈ ਕਰਿ ਭੀਮਹਿ ਕੇ ਇਕ ਆਪਨੇ ਹਾਥ ਕੇ ਬੀਚ ਸੁਹਾਈ ॥

ਇਕ (ਗਦਾ) ਭੀਮ ਦੇ ਹੱਥ ਵਿਚ ਦਿੱਤੀ ਅਤੇ ਇਕ ਆਪਣੇ ਹੱਥ ਵਿਚ ਸੰਭਾਲ ਲਈ।

ਰਾਤਿ ਕੋ ਸੋਇ ਰਹੈ ਸੁਖ ਪਾਇ ਸੁ ਦਿਵਸ ਕਰੈ ਉਠਿ ਨਿਤ ਲਰਾਈ ॥

ਰਾਤ ਨੂੰ (ਦੋਵੇਂ) ਸੁਖ ਪੂਰਵਕ ਸੌਂ ਜਾਂਦੇ ਅਤੇ ਦਿਨ ਨੂੰ ਉਠ ਕੇ ਨਿਤ ਲੜਾਈ ਕਰਦੇ।

ਐਸੇ ਕਥਾ ਦੁਹ ਬੀਰਨ ਕੀ ਮਨ ਬੀਚ ਬਿਚਾਰ ਕੈ ਸ੍ਯਾਮ ਸੁਨਾਈ ॥੨੩੨੫॥

ਇਸ ਤਰ੍ਹਾਂ ਦੀ ਦੋ ਸੂਰਮਿਆਂ ਦੀ ਕਥਾ (ਕਵੀ) ਸ਼ਿਆਮ ਨੇ ਮਨ ਵਿਚ ਵਿਚਾਰ ਕੇ ਸੁਣਾਈ ॥੨੩੨੫॥

ਭੀਮ ਗਦਾ ਗਹਿ ਭੂਪ ਪੈ ਮਾਰਤ ਭੂਪ ਗਦਾ ਗਹਿ ਭੀਮ ਪੈ ਮਾਰੀ ॥

ਭੀਮ ਗਦਾ ਪਕੜ ਕੇ ਰਾਜੇ ਨੂੰ ਮਾਰਦਾ ਅਤੇ ਰਾਜਾ ਗਦਾ ਫੜ ਕੇ ਭੀਮ ਨੂੰ ਮਾਰਦਾ।

ਰੋਸ ਭਰੇ ਬਲਵੰਤ ਦੋਊ ਲਰੈ ਕਾਨਨ ਮੈ ਜਨ ਕੇਹਰਿ ਭਾਰੀ ॥

ਦੋਵੇਂ ਬਲਵਾਨ ਕ੍ਰੋਧ ਨਾਲ ਭਰੇ ਹੋਏ (ਇੰਜ) ਲੜ ਰਹੇ ਸਨ ਮਾਨੋ ਜੰਗਲ ਵਿਚ ਦੋ ਵੱਡੇ ਸ਼ੇਰ ਲੜ ਰਹੇ ਹੋਣ।

ਜੁਧ ਕਰੈ ਨ ਮੁਰੈ ਤਿਹ ਠਉਰ ਤੇ ਬਾਟਤ ਹੈ ਤਿਹ ਠਾ ਜਨੁ ਯਾਰੀ ॥

ਯੁੱਧ ਕਰਦੇ ਹਨ, (ਪਰ) ਉਸ ਥਾਂ ਤੋਂ ਮੁੜਦੇ ਨਹੀਂ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਥਾਂ ਤੇ ਦੋਵੇਂ ਯਾਰੀ ਵੰਡ ਰਹੇ ਹੋਣ।

ਯੌ ਉਪਜੀ ਉਪਮਾ ਚਤੁਰੇ ਜਨੁ ਖੇਲਤ ਹੈ ਫੁਲਥਾ ਸੋ ਖਿਲਾਰੀ ॥੨੩੨੬॥

(ਕਵੀ ਦੇ ਮਨ ਵਿਚ) ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਹੈ ਮਾਨੋ ਚਤੁਰ ਖਿਡਾਰੀ ਗੱਤਕਾ ਖੇਡ ਰਹੇ ਹੋਣ ॥੨੩੨੬॥

ਦਿਵਸ ਸਤਾਈਸ ਜੁਧੁ ਭਯੋ ਜਬ ਭੂਪ ਜਿਤਿਯੋ ਬਲੁ ਭੀਮਹਿ ਹਾਰਿਯੋ ॥

ਜਦ ਸਤਾਈ ਦਿਨਾਂ ਤਕ ਯੁੱਧ ਹੁੰਦਾ ਰਿਹਾ, (ਤਾਂ) ਰਾਜਾ (ਜਰਾਸੰਧ) ਜਿਤ ਗਿਆ ਅਤੇ ਭੀਮ ਦਾ ਬਲ ਹਾਰ ਗਿਆ।

ਸ੍ਰੀ ਬ੍ਰਿਜਨਾਥ ਦਯੋ ਤਬ ਹੀ ਬਲੁ ਜੁਧ ਕੋ ਕ੍ਰੋਧ ਕੀ ਓਰਿ ਪਚਾਰਿਯੋ ॥

ਤਦ ਸ੍ਰੀ ਕ੍ਰਿਸ਼ਨ ਨੇ (ਉਸ ਨੂੰ ਆਪਣਾ) ਬਲ ਦੇ ਦਿੱਤਾ ਅਤੇ ਕ੍ਰੋਧ ਪੂਰਵਕ (ਉਸ ਨੂੰ) ਜੰਗ ਕਰਨ ਲਈ ਪ੍ਰੇਰਿਆ।

ਲੈ ਤਿਨਕਾ ਇਕ ਹਾਥਹਿ ਭੀਤਰ ਚੀਰ ਦਯੋ ਇਹ ਭੇਦ ਨਿਹਾਰਿਯੋ ॥

(ਕ੍ਰਿਸ਼ਨ ਨੇ) ਇਕ ਤੀਲਾ ਹੱਥ ਵਿਚ ਲੈ ਕੇ ਚੀਰ ਦਿੱਤਾ। (ਭੀਮ ਨੇ) ਵੇਖ ਕੇ ਭੇਦ (ਪਾ ਲਿਆ)।

ਤੈਸੇ ਹੀ ਭੀਮ ਨੇ ਚੀਰ ਦਯੋ ਨ੍ਰਿਪ ਯੌ ਮੁਖ ਤੇ ਕਬਿ ਸ੍ਯਾਮ ਉਚਾਰਿਯੋ ॥੨੩੨੭॥

ਉਸੇ ਤਰ੍ਹਾਂ ਭੀਮ ਨੇ ਰਾਜੇ ਨੂੰ ਚੀਰ ਦਿੱਤਾ। ਕਵੀ ਸ਼ਿਆਮ ਨੇ (ਇਹ ਪ੍ਰਸੰਗ) ਇਸ ਤਰ੍ਹਾਂ ਮੁਖ ਤੋਂ ਉਚਾਰਨ ਕੀਤਾ ॥੨੩੨੭॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਬਧਹ ਪ੍ਰਸੰਗ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਜਰਾਸੰਧ ਦੇ ਬਧ ਦੇ ਪ੍ਰਸੰਗ ਦੀ ਸਮਾਪਤੀ।

ਸਵੈਯਾ ॥

ਸਵੈਯਾ:

ਮਾਰ ਕੇ ਭੂਪ ਗਏ ਤਿਹ ਠਾ ਜਹ ਬਾਧੇ ਕਈ ਪੁਨਿ ਭੂਪ ਪਰੇ ॥

ਰਾਜਾ (ਜਰਾਸੰਧ) ਨੂੰ ਮਾਰ ਕੇ, ਫਿਰ (ਕ੍ਰਿਸ਼ਨ) ਉਸ ਸਥਾਨ ਤੇ ਗਏ ਜਿਥੇ ਬੰਨ੍ਹੇ ਹੋਏ ਕਈ ਰਾਜੇ ਪਏ ਸਨ।

ਹਰਿ ਦੇਖਤ ਸੋਕ ਮਿਟੇ ਤਿਨ ਕੇ ਇਤ ਸ੍ਯਾਮ ਜੂ ਕੇ ਦ੍ਰਿਗ ਲਾਜ ਭਰੇ ॥

ਕ੍ਰਿਸ਼ਨ ਨੂੰ ਵੇਖਦਿਆਂ ਹੀ ਉਨ੍ਹਾਂ (ਰਾਜਿਆਂ) ਦੇ ਸਾਰੇ ਗ਼ਮ ਮਿਟ ਗਏ ਅਤੇ ਇਧਰ ਸ੍ਰੀ ਕ੍ਰਿਸ਼ਨ ਦੇ ਨੈਣ ਲਾਜ ਨਾਲ ਭਰ ਗਏ।

ਬੰਧਨ ਜੇਤਿਕ ਥੇ ਤਿਨ ਕੇ ਸਬ ਹੀ ਛਿਨ ਭੀਤਰ ਕਾਟਿ ਡਰੇ ॥

ਉਨ੍ਹਾਂ ਦੇ ਜਿਤਨੇ ਬੰਧਨ ਸਨ, ਉਹ ਸਾਰੇ ਛਿਣ ਭਰ ਵਿਚ ਕਟ ਕੇ ਸੁਟ ਦਿੱਤੇ।

ਦਏ ਛੋਰ ਸਬੈ ਕਬਿ ਸ੍ਯਾਮ ਭਨੈ ਕਰੁਨਾ ਰਸੁ ਸੋ ਜਬ ਕਾਨ੍ਰਹ ਢਰੇ ॥੨੩੨੮॥

ਕਵੀ ਸ਼ਿਆਮ ਕਹਿੰਦੇ ਹਨ, ਜਦ ਸ੍ਰੀ ਕ੍ਰਿਸ਼ਨ ਕਰੁਣ ਰਸ ਨਾਲ ਪਸੀਜ ਗਏ, (ਤਦ) ਸਭ ਨੂੰ ਛਡ ਦਿੱਤਾ ॥੨੩੨੮॥

ਬੰਧਨ ਕਾਟਿ ਸਭੈ ਤਿਨ ਕੇ ਤਿਨ ਕਉ ਬ੍ਰਿਜ ਨਾਇਕ ਐਸੇ ਉਚਾਰੋ ॥

ਉਨ੍ਹਾਂ ਸਾਰਿਆਂ ਦੇ ਬੰਧਨ ਕਟ ਕੇ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਹਾ,

ਆਨਦ ਚਿਤ ਕਰੋ ਅਪੁਨੇ ਅਪੁਨੇ ਚਿਤ ਕੋ ਸਭ ਸੋਕ ਨਿਵਾਰੋ ॥

ਆਪਣੇ ਚਿਤ ਵਿਚ ਆਨੰਦ ਮੰਨਾਓ ਅਤੇ ਆਪਣੇ ਮਨ ਦੇ ਸਾਰੇ ਗ਼ਮ ਦੂਰ ਕਰ ਦਿਓ।

ਰਾਜ ਸਮਾਜ ਜਿਤੋ ਤੁਮ ਜਾਇ ਕੈ ਸ੍ਯਾਮ ਭਨੈ ਧਨੁ ਧਾਮ ਸੰਭਾਰੋ ॥

(ਕਵੀ) ਸ਼ਿਆਮ ਕਹਿੰਦੇ ਹਨ, ਜਿਤਨਾ ਵੀ ਤੁਹਾਡਾ ਰਾਜ-ਪਾਟ ਹੈ, ਜਾ ਕੇ (ਆਪਣੇ) ਧਨ ਅਤੇ ਧਾਮ ਨੂੰ ਸੰਭਾਲੋ।