ਸ਼੍ਰੀ ਦਸਮ ਗ੍ਰੰਥ

ਅੰਗ - 390


ਗੋਪਿਨ ਬਾਚ ਊਧਵ ਸੋ ॥

ਗੋਪੀਆਂ ਨੇ ਊਧਵ ਨੂੰ ਕਿਹਾ:

ਸਵੈਯਾ ॥

ਸਵੈਯਾ:

ਮਿਲ ਕੈ ਤਿਨ ਊਧਵ ਸੰਗਿ ਕਹਿਯੋ ਹਰਿ ਸੋ ਸੁਨ ਊਧਵ ਯੌ ਕਹੀਯੋ ॥

ਉਨ੍ਹਾਂ (ਗੋਪੀਆਂ) ਨੇ ਮਿਲ ਕੇ ਊਧਵ ਨੂੰ ਕਿਹਾ, ਹੇ ਊਧਵ! ਸੁਣ, ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿਣਾ।

ਕਹਿ ਕੈ ਕਰਿ ਊਧਵ ਗ੍ਯਾਨ ਜਿਤੋ ਪਠਿਯੋ ਤਿਤਨੋ ਸਭ ਹੀ ਗਹੀਯੋ ॥

ਊਧਵ ਹੱਥੀਂ ਜਿਤਨਾ ਵੀ ਗਿਆਨ ਕਹਿ ਕੇ ਭੇਜਿਆ ਸੀ, (ਅਸੀਂ) ਉਹ ਸਾਰਾ ਗ੍ਰਹਿਣ ਕਰ ਲਿਆ ਹੈ।

ਸਭ ਹੀ ਇਨ ਗ੍ਵਾਰਨਿ ਪੈ ਕਬਿ ਸ੍ਯਾਮ ਕਹਿਯੋ ਹਿਤ ਆਖਨ ਸੋ ਚਹੀਯੋ ॥

ਕਵੀ ਸ਼ਿਆਮ ਕਹਿੰਦੇ ਹਨ, ਇਨ੍ਹਾਂ ਸਾਰੀਆਂ ਗੋਪੀਆਂ ਦਾ ਪ੍ਰੇਮ ਉਸ ਨੂੰ ਕਹਿਣਾ ਬਣਦਾ ਹੈ।

ਇਨ ਕੋ ਤੁਮ ਤਿਆਗ ਗਏ ਮਥੁਰਾ ਹਮਰੀ ਸੁਧਿ ਲੇਤ ਸਦਾ ਰਹੀਯੋ ॥੯੨੯॥

ਇਨ੍ਹਾਂ ਨੂੰ ਤਿਆਗ ਕੇ ਤੁਸੀਂ ਮਥੁਰਾ ਚਲੇ ਗਏ ਹੋ, (ਪਰ) ਸਾਡੀ ਖ਼ਬਰ ਸਾਰ ਸਦਾ ਲੈਂਦੇ ਰਹਿਣਾ ॥੯੨੯॥

ਜਬ ਊਧਵ ਸੋ ਇਹ ਭਾਤਿ ਕਹਿਯੋ ਤਬ ਊਧਵ ਕੋ ਮਨ ਪ੍ਰੇਮ ਭਰਿਯੋ ਹੈ ॥

ਜਦ ਗੋਪੀਆਂ ਨੇ ਇਸ ਤਰ੍ਹਾਂ ਊਧਵ ਨੂੰ ਕਿਹਾ, ਤਦ ਊਧਵ ਦਾ ਮਨ ਪ੍ਰੇਮ ਨਾਲ ਭਰ ਗਿਆ।

ਅਉਰ ਗਈ ਸੁਧਿ ਭੂਲ ਸਭੈ ਮਨ ਤੇ ਸਭ ਗ੍ਯਾਨ ਹੁਤੋ ਸੁ ਟਰਿਯੋ ਹੈ ॥

(ਉਸ ਦੇ) ਮਨ ਤੋਂ ਹੋਰ ਸਾਰੀ ਸੁਧ ਬੁਧ ਭੁਲ ਗਈ ਅਤੇ ਜੋ ਗਿਆਨ ਸੀ, ਉਹ ਵੀ ਦੂਰ ਹੋ ਗਿਆ।

ਸੋ ਮਿਲਿ ਕੈ ਸੰਗਿ ਗ੍ਵਾਰਨਿ ਕੇ ਅਤਿ ਪ੍ਰੀਤਿ ਕੀ ਬਾਤ ਕੇ ਸੰਗਿ ਢਰਿਯੋ ਹੈ ॥

ਉਹ ਗੋਪੀਆਂ ਦੇ ਸੰਗ ਮਿਲ ਕੇ ਅਤਿ ਪ੍ਰੇਮ ਦੀ ਗੱਲ ਨਾਲ ਢਲ ਗਿਆ। (ਇੰਜ ਪ੍ਰਤੀਤ ਹੁੰਦਾ ਹੈ)

ਗ੍ਯਾਨ ਕੇ ਡਾਰ ਮਨੋ ਕਪਰੇ ਹਿਤ ਕੀ ਸਰਿਤਾ ਹਿਤ ਮਹਿ ਕੂਦ ਪਰਿਯੋ ਹੈ ॥੯੩੦॥

ਮਾਨੋ ਗਿਆਨ ਦੇ ਕਪੜੇ ਉਤਾਰ ਕੇ ਪ੍ਰੇਮ ਦੀ ਨਦੀ ਵਿਚ ਕੁੱਦ ਪਿਆ ਹੋਵੇ ॥੯੩੦॥

ਯੌ ਕਹਿ ਸੰਗਿ ਗੁਆਰਨਿ ਕੇ ਜਬ ਹੀ ਸਭ ਗ੍ਵਾਰਨਿ ਕੋ ਹਿਤ ਚੀਨੋ ॥

ਜਦੋਂ ਇਸ ਤਰ੍ਹਾਂ ਦੇ ਬਚਨ ਗੋਪੀਆਂ ਨਾਲ ਹੋਏ, ਤਾਂ ਉਸ ਨੇ ਗੋਪੀਆਂ ਦਾ ਪ੍ਰੇਮ ਜਾਣ ਲਿਆ।

ਊਧਵ ਗ੍ਯਾਨ ਦਯੋ ਤਜਿ ਕੈ ਮਨ ਮੈ ਜਬ ਪ੍ਰੇਮ ਕੋ ਸੰਗ੍ਰਹ ਕੀਨੋ ॥

ਊਧਵ ਨੇ (ਤਦ) ਗਿਆਨ ਨੂੰ ਤਿਆਗ ਦਿੱਤਾ ਅਤੇ ਉਸ ਵੇਲੇ ਮਨ ਵਿਚ ਪ੍ਰੇਮ ਨੂੰ ਵਸਾ ਲਿਆ।

ਹੋਇ ਗਯੋ ਤਨਮੈ ਹਿਤ ਸੋ ਇਹ ਭਾਤਿ ਕਹਿਯੋ ਸੁ ਕਰਿਯੋ ਬ੍ਰਿਜ ਹੀਨੋ ॥

(ਉਹ) ਪ੍ਰੇਮ ਵਿਚ ਮਗਨ ਹੋ ਗਿਆ ਅਤੇ ਇਸ ਤਰ੍ਹਾਂ ਕਹਿਣ ਲਗਾ ਕਿ (ਕ੍ਰਿਸ਼ਨ ਨੇ) ਬ੍ਰਜ ਨੂੰ ਸੁੰਨਾ ਕਰ ਦਿੱਤਾ ਹੈ।

ਤ੍ਯਾਗਿ ਗਏ ਤੁਮ ਕੋ ਮਥਰਾ ਤਿਹ ਤੇ ਹਰਿ ਕਾਮ ਸਖੀ ਘਟ ਕੀਨੋ ॥੯੩੧॥

ਹੇ ਸਖੀ! ਤੁਹਾਡੇ ਵਰਗੀਆਂ ਨੂੰ ਤਿਆਗ ਕੇ ਮਥੁਰਾ ਚਲੇ ਗਏ ਹਨ, ਇਸ ਲਈ ਕ੍ਰਿਸ਼ਨ ਨੇ ਮਾੜਾ ਕੰਮ ਕੀਤਾ ਹੈ ॥੯੩੧॥

ਊਧਵ ਬਾਚ ਗੋਪਿਨ ਸੋ ॥

ਊਧਵ ਨੇ ਗੋਪੀਆਂ ਨੂੰ ਕਿਹਾ:

ਸਵੈਯਾ ॥

ਸਵੈਯਾ:

ਜਾਇ ਕੈ ਹਉ ਮਥਰਾ ਮੈ ਸਖੀ ਹਰਿ ਤੇ ਤੁਮ ਲਯੈਬੇ ਕੋ ਦੂਤ ਪਠੈ ਹੋਂ ॥

ਹੇ ਸਖੀ! ਮਥੁਰਾ ਜਾ ਕੇ ਤੁਹਾਨੂੰ ਲੈ ਜਾਣ ਲਈ ਕ੍ਰਿਸ਼ਨ ਜੀ ਤੋਂ ਦੂਤ ਭਿਜਵਾਵਾਂਗਾ।

ਬੀਤਤ ਜੋ ਤੁਮ ਪੈ ਬਿਰਥਾ ਸਭ ਹੀ ਜਦੁਰਾਇ ਕੇ ਪਾਸ ਕਹੈ ਹੋਂ ॥

ਜੋ ਤੁਹਾਡੀ ਦੁਖ ਭਰੀ ਹਾਲਤ ਬੀਤ ਰਹੀ ਹੈ, ਉਹ ਸਾਰੀ ਕ੍ਰਿਸ਼ਨ ਨੂੰ ਕਹਿ ਸੁਣਾਵਾਂਗਾ।

ਕੈ ਤੁਮਰੀ ਬਿਨਤੀ ਉਹ ਪੈ ਬਿਧਿ ਜਾ ਰਿਝ ਹੈ ਬਿਧਿ ਤਾ ਰਿਝਵੈ ਹੋਂ ॥

ਉਸ ਕੋਲ ਤੁਹਾਡੀ ਬੇਨਤੀ, ਜਿਸ ਤਰ੍ਹਾਂ ਉਸ ਨੂੰ ਚੰਗੀ ਲਗੇਗੀ, ਕਹਿ ਦਿਆਂਗਾ।

ਪਾਇਨ ਪੈ ਕਬਿ ਸ੍ਯਾਮ ਕਹੈ ਹਰਿ ਕੌ ਬ੍ਰਿਜ ਭੀਤਰ ਫੇਰਿ ਲਿਯੈ ਹੋਂ ॥੯੩੨॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਪੈਰੀਂ ਪੈ ਕੇ (ਮੈਂ) ਸ੍ਰੀ ਕ੍ਰਿਸ਼ਨ ਨੂੰ ਫਿਰ ਬ੍ਰਜ ਵਿਚ ਲੈ ਕੇ ਆਵਾਂਗਾ ॥੯੩੨॥

ਯੌ ਜਬ ਊਧਵ ਬਾਤ ਕਹੀ ਉਠਿ ਪਾਇਨ ਲਾਗਤ ਭੀ ਤਬ ਸੋਊ ॥

ਊਧਵ ਨੇ ਜਦ ਇਸ ਪ੍ਰਕਾਰ ਦੀ ਗੱਲ ਕਹੀ, ਤਦ ਉਹ (ਸਾਰੀਆਂ) ਉਠ ਕੇ (ਊਧਵ ਦੇ) ਪੈਰੀਂ ਪੈ ਗਈਆਂ।

ਦੂਖ ਘਟਿਓ ਤਿਨ ਕੇ ਮਨ ਤੇ ਅਤਿ ਹੀ ਮਨ ਭੀਤਰ ਆਨੰਦ ਹੋਊ ॥

ਉਨ੍ਹਾਂ ਦੇ ਮਨ ਤੋਂ ਦੁਖ ਘਟ ਗਿਆ ਅਤੇ ਮਨ ਵਿਚ ਬਹੁਤ ਆਨੰਦ ਵਧ ਗਿਆ।

ਕੈ ਬਿਨਤੀ ਸੰਗਿ ਊਧਵ ਕੇ ਕਬਿ ਸ੍ਯਾਮ ਕਹੈ ਬਿਧਿ ਯਾ ਉਚਰੋਊ ॥

ਕਵੀ ਸ਼ਿਆਮ ਕਹਿੰਦੇ ਹਨ, ਊਧਵ ਅਗੇ ਬੇਨਤੀ ਕਰ ਕੇ (ਉਨ੍ਹਾਂ ਗੋਪੀਆਂ ਨੇ) ਇਸ ਤਰ੍ਹਾਂ ਕਿਹਾ,

ਸ੍ਯਾਮ ਸੋ ਜਾਇ ਕੈ ਯੌ ਕਹੀਯੋ ਕਰਿ ਕੈ ਕਹਿਯੋ ਪ੍ਰੀਤਿ ਨ ਤ੍ਯਾਗਤ ਕੋਊ ॥੯੩੩॥

ਕ੍ਰਿਸ਼ਨ ਪਾਸ ਜਾ ਕੇ ਇਸ ਤਰ੍ਹਾਂ ਕਹਿਣਾ (ਕਿ ਗੋਪੀਆਂ ਨੇ) ਕਿਹਾ ਹੈ, ਪ੍ਰੀਤ ਕਰ ਕੇ ਕੋਈ ਤਿਆਗਦਾ ਨਹੀਂ ਹੈ ॥੯੩੩॥

ਕੁੰਜ ਗਲੀਨ ਮੈ ਖੇਲਤ ਹੀ ਸਭ ਹੀ ਮਨ ਗ੍ਵਾਰਨਿ ਕੋ ਹਰਿਓ ॥

ਕੁੰਜ ਗਲੀਆਂ ਵਿਚ ਖੇਡਦਿਆਂ ਖੇਡਦਿਆਂ ਹੀ (ਤੁਸੀਂ) ਸਾਰੀਆਂ ਗੋਪੀਆਂ ਦਾ ਮਨ ਜਿਤ ਲਿਆ ਹੈ।

ਜਿਨ ਕੇ ਹਿਤ ਲੋਗਨ ਹਾਸ ਸਹਿਯੋ ਜਿਨ ਕੇ ਹਿਤ ਸਤ੍ਰਨ ਸੋ ਲਰਿਓ ॥

ਜਿਨ੍ਹਾਂ ਦੇ ਪ੍ਰੇਮ ਕਰ ਕੇ (ਤੁਸੀਂ) ਲੋਕਾਂ ਦਾ ਹਾਸਾ ਸਹਾਰਿਆ ਹੈ ਅਤੇ ਜਿਨ੍ਹਾਂ ਦੀ ਪ੍ਰੀਤ ਲਈ ਵੈਰੀਆਂ ਨਾਲ ਲੜੇ ਹੋ।

ਸੰਗਿ ਊਧਵ ਕੇ ਕਬਿ ਸ੍ਯਾਮ ਕਹੈ ਬਿਨਤੀ ਕਰਿ ਕੈ ਇਮ ਉਚਰਿਓ ॥

ਕਵੀ ਸ਼ਿਆਮ ਕਹਿੰਦੇ ਹਨ, (ਗੋਪੀਆਂ ਨੇ) ਬੇਨਤੀ ਕਰ ਕੇ ਊਧਵ ਨਾਲ ਇਸ ਤਰ੍ਹਾਂ ਉਚਾਰਿਆ।

ਹਮ ਤ੍ਯਾਗਿ ਗਏ ਬ੍ਰਿਜ ਮੈ ਮਥਰਾ ਤਿਹ ਤੇ ਤੁਮ ਕਾਮ ਬੁਰੋ ਕਰਿਓ ॥੯੩੪॥

ਸਾਨੂੰ ਬ੍ਰਜ ਵਿਚ ਤਿਆਗ ਕੇ ਮਥੁਰਾ ਚਲੇ ਗਏ ਹੋ, ਇਸ ਲਈ ਤੁਸੀਂ ਮਾੜਾ ਕੰਮ ਕੀਤਾ ਹੈ ॥੯੩੪॥

ਬ੍ਰਿਜ ਬਾਸਨ ਤ੍ਯਾਗਿ ਗਏ ਮਥੁਰਾ ਪੁਰ ਬਾਸਿਨ ਕੇ ਰਸ ਭੀਤਰ ਪਾਗਿਓ ॥

ਬ੍ਰਜ ਵਿਚ ਵਸਣ ਵਾਲੀਆਂ ਨੂੰ ਤਿਆਗ ਗਏ ਹੋ ਅਤੇ ਨਗਰ ਵਿਚ ਵਸਣ ਵਾਲੀਆਂ ਦੇ (ਪ੍ਰੇਮ) ਰਸ ਵਿਚ ਮਗਨ ਹੋ ਗਏ ਹੋ।

ਪ੍ਰੇਮ ਜਿਤੋ ਪਰ ਗ੍ਵਾਰਨਿ ਥੋ ਉਨ ਸੰਗਿ ਰਚੇ ਇਨ ਤੇ ਸਭ ਭਾਗਿਓ ॥

ਜੋ ਪ੍ਰੇਮ ਗੋਪੀਆਂ ਨਾਲ ਸੀ, ਉਨ੍ਹਾਂ (ਸ਼ਹਿਰਨਾਂ) ਨਾਲ ਰਚ ਮਿਚ ਕੇ, ਇਨ੍ਹਾਂ ਤੋਂ ਸਾਰਾ (ਪ੍ਰੇਮ) ਦੂਰ ਹੋ ਗਿਆ ਹੈ।

ਦੈ ਤੁਹਿ ਹਾਥਿ ਸੁਨੋ ਬਤੀਯਾ ਹਮ ਜੋਗ ਕੇ ਭੇਖ ਪਠਾਵਨ ਲਾਗਿਓ ॥

(ਹੇ ਊਧਵ! ਸਾਡੀਆਂ) ਗੱਲਾਂ ਸੁਣੋ, ਤੇਰੇ ਹੱਥੀਂ ਸਾਨੂੰ ਜੋਗ ਦਾ ਭੇਸ ਭੇਜਣ ਲਗਾ ਹੈ।

ਤਾ ਸੰਗਿ ਊਧਵ ਯੌ ਕਹੀਯੋ ਹਰਿ ਜੂ ਤੁਮ ਪ੍ਰੇਮ ਸਭੈ ਅਬ ਤ੍ਯਾਗਿਓ ॥੯੩੫॥

ਹੇ ਊਧਵ! ਉਸ ਨੂੰ ਇਸ ਤਰ੍ਹਾਂ ਕਹਿਣਾ, ਹੇ ਕ੍ਰਿਸ਼ਨ ਜੀ! ਤੁਸੀਂ ਸਾਰੇ ਪ੍ਰੇਮ ਨੂੰ ਤਿਆਗ ਦਿੱਤਾ ਹੈ ॥੯੩੫॥

ਊਧਵ ਜੋ ਤਜਿ ਕੈ ਬ੍ਰਿਜ ਕੋ ਚਲਿ ਕੈ ਜਬ ਹੀ ਮਥੁਰਾ ਪੁਰਿ ਜਈਯੈ ॥

ਹੇ ਊਧਵ! ਜਦੋਂ (ਤੁਸੀਂ) ਬ੍ਰਜ ਨੂੰ ਛਡ ਕੇ ਅਤੇ ਚਲ ਕੇ ਮਥੁਰਾ ਨਗਰ ਵਿਚ ਜਾਓਗੇ।

ਪੈ ਅਪੁਨੇ ਚਿਤ ਮੈ ਹਿਤ ਕੈ ਹਮ ਓਰ ਤੇ ਸ੍ਯਾਮ ਕੇ ਪਾਇਨ ਪਈਯੈ ॥

ਫਿਰ ਆਪਣੇ ਚਿਤ ਵਿਚ ਪ੍ਰੇਮ ਕਰ ਕੇ ਸਾਡੇ ਵਲੋਂ ਕ੍ਰਿਸ਼ਨ ਦੇ ਪੈਰੀਂ ਪੈਣਾ

ਕੈ ਅਤਿ ਹੀ ਬਿਨਤੀ ਤਿਹ ਪੈ ਫਿਰ ਕੈ ਇਹ ਭਾਤਿ ਸੋ ਉਤਰ ਦਈਯੈ ॥

ਅਤੇ ਬਹੁਤ ਤਰ੍ਹਾਂ ਨਾਲ ਬੇਨਤੀ ਕਰ ਕੇ ਉਸ ਨੂੰ (ਅਸਾਂ ਵਲੋਂ) ਉੱਤਰ ਦੇਣਾ।

ਪ੍ਰੀਤਿ ਨਿਬਾਹੀਯੈ ਤਉ ਕਰੀਯੈ ਪਰ ਯੌ ਨਹੀ ਕਾਹੂੰ ਸੋ ਪ੍ਰੀਤਿ ਕਰਈਯੈ ॥੯੩੬॥

ਜੇ ਪ੍ਰੀਤ ਨਿਭਾਉਣੀ ਹੋਵੇ, ਤਾਂ ਹੀ ਕਰੀਏ, ਨਹੀਂ ਤਾਂ ਕਿਸੇ ਨਾਲ ਪ੍ਰੇਮ ਨਹੀਂ ਕਰਨਾ ਚਾਹੀਦਾ ॥੯੩੬॥

ਊਧਵ ਮੋ ਸੁਨ ਲੈ ਬਤੀਯਾ ਜਦੁਬੀਰ ਕੋ ਧ੍ਯਾਨ ਜਬੈ ਕਰਿ ਹੋਂ ॥

ਹੇ ਊਧਵ! ਮੇਰੀ ਗੱਲ ਸੁਣ ਲੈ, ਜਦੋਂ ਵੀ ਸ੍ਰੀ ਕ੍ਰਿਸ਼ਨ ਦਾ ਧਿਆਨ ਕਰਦੀ ਹਾਂ

ਬਿਰਹਾ ਤਬ ਆਇ ਕੈ ਮੋਹਿ ਗ੍ਰਸੈ ਤਿਹ ਕੇ ਗ੍ਰਸਏ ਨ ਜੀਯੋ ਮਰਿ ਹੋਂ ॥

ਤਦ ਬਿਰਹੋਂ ਆ ਕੇ ਮੈਨੂੰ ਪਕੜ ਲੈਂਦਾ ਹੈ। ਉਸ ਦੇ ਪਕੜ ਲੈਣ ਨਾਲ ਨਾ (ਮੈਂ) ਜੀਉਂਦੀ ਹੁੰਦੀ ਹਾਂ ਅਤੇ ਨਾ ਮਰੀ ਹੋਈ।

ਨ ਕਛੂ ਸੁਧਿ ਮੋ ਤਨ ਮੈ ਰਹਿ ਹੈ ਧਰਨੀ ਪਰ ਹ੍ਵੈ ਬਿਸੁਧੀ ਝਰਿ ਹੋਂ ॥

ਮੇਰੇ ਸ਼ਰੀਰ ਵਿਚ ਕੁਝ ਸੁੱਧ ਨਹੀਂ ਰਹਿੰਦੀ ਅਤੇ ਧਰਤੀ ਉਤੇ ਬੇਸੁਧ ਹੋ ਕੇ ਡਿਗ ਪੈਂਦੀ ਹਾਂ।

ਤਿਹ ਤੇ ਹਮ ਕੋ ਬ੍ਰਿਥਾ ਕਹੀਐ ਕਿਹ ਭਾਤਿ ਸੋ ਧੀਰਜ ਹਉ ਧਰਿ ਹੋਂ ॥੯੩੭॥

ਇਸ ਲਈ ਮੇਰੀ ਮਾੜੀ ਹਾਲਤ ਬਾਰੇ (ਕ੍ਰਿਸ਼ਨ ਨੂੰ) ਕਹਿ ਦੇਣਾ ਕਿ ਕਿਸ ਤਰ੍ਹਾਂ ਧੀਰਜ ਧਾਰਨ ਕਰਾਂ ॥੯੩੭॥

ਦੀਨ ਹ੍ਵੈ ਗ੍ਵਾਰਨਿ ਸੋਊ ਕਹੈ ਕਬਿ ਸ੍ਯਾਮ ਜੁ ਥੀ ਅਤਿ ਹੀ ਅਭਿਮਾਨੀ ॥

ਕਵੀ ਸ਼ਿਆਮ ਕਹਿੰਦੇ ਹਨ, ਜੋ ਗੋਪੀਆਂ ਬਹੁਤ ਅਭਿਮਾਨੀ ਹੁੰਦੀਆਂ ਸਨ, ਓਹੀ ਹੁਣ ਆਜਿਜ਼ ਹੋ ਕੇ ਕਹਿ ਰਹੀਆਂ ਹਨ।

ਕੰਚਨ ਸੇ ਤਨ ਕੰਜ ਮੁਖੀ ਜੋਊ ਰੂਪ ਬਿਖੈ ਰਤਿ ਕੀ ਫੁਨਿ ਸਾਨੀ ॥

(ਜਿਨ੍ਹਾਂ ਦੇ) ਸ਼ਰੀਰ ਸੋਨੇ ਵਰਗੇ ਸਨ ਅਤੇ ਕਮਲ ਵਰਗੇ ਮੁਖੜੇ ਸਨ, ਜੋ ਰੂਪ ਵਿਚ 'ਰਤਿ' (ਕਾਮਦੇਵ ਦੀ ਪਤਨੀ) ਦੇ ਤੁਲ ਸਨ।

ਯੌ ਕਹੈ ਬ੍ਯਾਕੁਲ ਹ੍ਵੈ ਬਤੀਯਾ ਕਬਿ ਨੇ ਤਿਹ ਕੀ ਉਪਮਾ ਪਹਿਚਾਨੀ ॥

ਇਸ ਤਰ੍ਹਾਂ ਵਿਆਕੁਲ ਹੋ ਕੇ ਗੱਲਾਂ ਕਰਦੀਆਂ ਹਨ, ਕਵੀ ਨੇ ਉਸ (ਦ੍ਰਿਸ਼) ਦੀ ਇਹ ਉਪਮਾ ਲਭੀ ਹੈ।

ਊਧਵ ਗ੍ਵਾਰਨੀਯਾ ਸਫਰੀ ਸਭ ਨਾਮ ਲੈ ਸ੍ਯਾਮ ਕੋ ਜੀਵਤ ਪਾਨੀ ॥੯੩੮॥

ਹੇ ਊਧਵ! ਸਾਰੀਆਂ ਗੋਪੀਆਂ ਤਾਂ ਮੱਛੀਆਂ ਹਨ ਅਤੇ ਕ੍ਰਿਸ਼ਨ ਦੇ ਨਾਮ ਦਾ ਪਾਣੀ ਲੈ ਲੈ ਕੇ ਜੀਉਂਦੀਆਂ ਹਨ ॥੯੩੮॥

ਆਤੁਰ ਹ੍ਵੈ ਬ੍ਰਿਖਭਾਨ ਸੁਤਾ ਸੰਗਿ ਊਧਵ ਕੇ ਸੁ ਕਹਿਯੋ ਇਮ ਬੈਨਾ ॥

ਦੁਖੀ ਹੋ ਕੇ ਰਾਧਾ ਨੇ ਊਧਵ ਨਾਲ ਇਸ ਤਰ੍ਹਾਂ ਦੇ ਬੋਲ ਕਹੇ।

ਭੂਖਨ ਭੋਜਨ ਧਾਮ ਜਿਤੋ ਹਮ ਕੇ ਜਦੁਬੀਰ ਬਿਨਾ ਸੁ ਰੁਚੈ ਨਾ ॥

ਗਹਿਣੇ, ਭੋਜਨ, ਅਤੇ ਘਰ (ਆਦਿਕ) ਜੋ ਵੀ ਹੈ, ਸ੍ਰੀ ਕ੍ਰਿਸ਼ਨ ਤੋਂ ਬਿਨਾ ਚੰਗਾ ਨਹੀਂ ਲਗਦਾ।

ਯੌਂ ਕਹਿ ਸ੍ਯਾਮ ਬਿਯੋਗ ਬਿਖੈ ਬਸਿ ਗੇ ਕਬਿ ਨੇ ਜਸ ਯੌ ਉਚਰੈਨਾ ॥

ਇਸ ਤਰ੍ਹਾਂ ਕਹਿ ਕੇ ਉਸ ਦੇ (ਨੈਣ) ਕ੍ਰਿਸ਼ਨ ਦੇ ਵਿਯੋਗ ਦੇ ਵਸ ਵਿਚ ਹੋ ਗਏ ਜਿਸ ਦਾ ਯਸ਼ ਕਵੀ ਨੇ ਇਸ ਤਰ੍ਹਾਂ ਉਚਾਰਿਆ ਹੈ।

ਰੋਵਤ ਭੀ ਅਤਿ ਹੀ ਦੁਖ ਸੋ ਜੁ ਹੁਤੇ ਮਨੋ ਬਾਲ ਕੇ ਕੰਜਨ ਨੈਨਾ ॥੯੩੯॥

ਬਾਲਿਕਾ (ਰਾਧਾ) ਦੇ ਕਮਲ ਵਰਗੇ ਜੋ ਨੈਣ ਸਨ ਮਾਨੋ ਅਤਿ ਅਧਿਕ ਦੁਖ ਨਾਲ ਰੋਣ ਲਗ ਗਏ ਹੋਣ ॥੯੩੯॥


Flag Counter