ਸ਼੍ਰੀ ਦਸਮ ਗ੍ਰੰਥ

ਅੰਗ - 1132


ਭੇਤ ਚਿਤ ਕੌ ਨ੍ਰਿਪਹਿ ਜਤਾਵਾ ॥੫॥

ਅਤੇ ਆਪਣੇ ਚਿਤ ਦੀ ਗੱਲ ਰਾਜੇ ਨੂੰ ਸਪਸ਼ਟ ਕਰ ਦਿੱਤੀ ॥੫॥

ਕਬਿਤੁ ॥

ਕਬਿੱਤ:

ਤਾਜੀ ਕੂੰ ਤੁਰਾਇ ਕੈ ਅਸਾੜੀ ਓੜਿ ਰਾਹ ਪੌਣਾ ਜਾਲਿਮ ਜਵਾਲ ਦੁਹਾ ਨੈਨਾ ਨੂੰ ਨਚਾਵਣਾ ॥

ਹੇ ਪਿਆਰੇ ਯਾਰ ਜੀ! ਘੋੜੇ ਨੂੰ ਤੋਰ ਕੇ, ਸਾਡੇ ਪਾਸੇ ਦੇ ਰਾਹ ਉਤੇ ਪੈਣਾ ਅਤੇ ਜ਼ਾਲਿਮ ਤੇ ਅੱਗ (ਵਾਂਗ ਸਾੜਨ ਵਾਲੇ) ਦੋਹਾਂ ਨੈਣਾਂ ਨੂੰ ਨਚਾਣਾ।

ਅੰਜਨ ਦਿਵਾਇ ਬਾੜ ਬਿਸਿਖ ਚੜਾਇ ਕੈ ਖੁਸਾਲੀ ਨੂੰ ਬੜਾਇ ਨਾਲੇ ਕੈਫਾ ਨੂੰ ਚੜਾਵਣਾ ॥

ਸੁਰਮਾ ਪਾ ਕੇ ਅਤੇ ਨੈਣ ਰੂਪ ਬਾਣਾਂ ਨੂੰ ਸਾਣ ਉਤੇ ਚੜ੍ਹਾ ਕੇ ਅਤੇ ਮੇਰੀ ਖ਼ੁਸ਼ੀ ਨੂੰ ਵਧਾ ਕੇ ਸ਼ਰਾਬ ਨੂੰ ਖ਼ੂਬ ਪੀਣਾ।

ਬਦਨ ਦਿਖਾਣਾ ਸਾਨੂੰ ਛਾਤੀ ਨਾਲ ਲਾਣਾ ਅਤੇ ਨੈਣਾ ਨਾਲਿ ਨੈਣ ਜੋੜਿ ਵੇਹਾ ਨੇਹੁ ਲਾਵਣਾ ॥

ਸਾਨੂੰ (ਆਪਣਾ) ਮੁਖੜਾ ਵਿਖਾਉਣਾ, ਛਾਤੀ ਨਾਲ ਲਗਾਣਾ ਅਤੇ ਨੈਣਾਂ ਨਾਲ ਨੈਣ ਜੋੜ ਕੇ ਇਸ ਤਰ੍ਹਾਂ ਦਾ ਨੇਹੁ ਲਗਾਣਾ।

ਬਾਚੇ ਪਤ੍ਰ ਆਣਾ ਮੈਹੀ ਮਿਲੇ ਬ੍ਯਾਂ ਨ ਜਾਣਾ ਸਾਈ ਯਾਰੋ ਜੀ ਅਸਾਡੇ ਪਾਸ ਆਵਣਾ ਹੀ ਆਵਣਾ ॥੬॥

ਚਿੱਠੀ ਪੜ੍ਹਦਿਆਂ ਆਣਾ, ਮੈਨੂੰ ਮਿਲੇ ਬਿਨਾ ਨਾ ਜਾਣਾ ਅਤੇ ਮੇਰੇ ਪਾਸ ਆਵਣਾ ਹੀ ਆਵਣਾ (ਭਾਵ ਜ਼ਰੂਰ ਆਣਾ) ॥੬॥

ਦੋਹਰਾ ॥

ਦੋਹਰਾ:

ਗੁਡੀਯਾ ਬਿਖੈ ਸੰਦੇਸ ਲਿਖਿ ਦੀਨੋ ਕੁਅਰਿ ਪਠਾਇ ॥

ਗੁੱਡੀ ਵਿਚ ਸੁਨੇਹਾ ਲਿਖ ਕੇ (ਪ੍ਰਿਯ ਨੂੰ) ਕੁਮਾਰੀ ਨੇ ਭੇਜ ਦਿੱਤਾ।

ਤਨਿਕ ਬਾਰ ਲਾਗੀ ਨਹੀ ਨ੍ਰਿਪਹਿ ਪਹੂੰਚੀ ਜਾਇ ॥੭॥

ਜ਼ਰਾ ਜਿੰਨੀ ਹਵਾ ਲਗੀ ਨਹੀਂ ਕਿ (ਗੁੱਡੀ) ਰਾਜੇ ਕੋਲ ਪਹੁੰਚ ਗਈ ॥੭॥

ਚੌਪਈ ॥

ਚੌਪਈ:

ਪਤੀਯਾ ਛੋਰਿ ਲਖੀ ਪ੍ਰਿਯ ਕਹਾ ॥

ਚਿੱਠੀ ਨੂੰ ਖੋਲ੍ਹ ਕੇ ਪ੍ਰਿਯ ਨੇ ਕੀ ਵੇਖਿਆ

ਇਹ ਪਠਿਯੋ ਤਰੁਨੀ ਲਿਖਿ ਉਹਾ ॥

ਕਿ ਇਸ ਵਿਚ ਉਸ ਇਸਤਰੀ ਨੇ ਲਿਖ ਭੇਜਿਆ ਹੈ।

ਯਾ ਗੁਡੀਯਾ ਪਰ ਬੈਠਹੁ ਧਾਈ ॥

ਇਸ ਗੁੱਡੀ ਵਿਚ ਜਲਦੀ ਨਾਲ ਬੈਠ ਜਾਓ

ਚਿੰਤ ਨ ਕਰਹੁ ਚਿਤ ਮੈ ਰਾਈ ॥੮॥

ਅਤੇ ਹੇ ਰਾਜਨ! ਚਿਤ ਵਿਚ (ਕਿਸੇ ਪ੍ਰਕਾਰ ਦੀ ਕੋਈ) ਜ਼ਰਾ ਜਿੰਨੀ ਚਿੰਤਾ ਨਾ ਕਰੋ ॥੮॥

ਕੈ ਗੁਡੀਯਾ ਉਪਰ ਚੜਿ ਆਵਹੁ ॥

ਜਾਂ ਤਾਂ ਗੁੱਡੀ ਉਤੇ ਚੜ੍ਹ ਕੇ ਆ ਜਾਓ,

ਨਾਤਰ ਟਾਗ ਤਰੇ ਕਰਿ ਜਾਵਹੁ ॥

ਨਹੀਂ ਤਾਂ ਟੰਗ ਹੇਠੋਂ ਲੰਘ ਜਾਓ।

ਜੋ ਤੁਹਿ ਗਿਰਨ ਧਰਨ ਪਰ ਦੇਊ ॥

ਜੇ ਤੁਹਾਨੂੰ ਧਰਤੀ ਉਤੇ ਡਿਗਣ ਦਿਆਂ,

ਸ੍ਵਰਗ ਸਾਚ ਕਰਿ ਬਾਸ ਨ ਲੇਊ ॥੯॥

ਤਾਂ ਸਚਮੁਚ ਸਵਰਗ ਦੀ ਵਾਸੀ ਨਾ ਬਣਾਂ ॥੯॥

ਦੋਹਰਾ ॥

ਦੋਹਰਾ:

ਮਾਤ੍ਰ ਪਛ ਸਤ ਸਪਤ ਪਿਤੁ ਪਰੈ ਨਰਕ ਕੁਲ ਸੋਇ ॥

(ਮੇਰੇ) ਨਾਨਕੇ ਪੱਖ ਦੀਆਂ ਸੱਤ ਅਤੇ ਦਾਦਕੇ ਪੱਖ ਦੀਆਂ ਸੱਤ ਕੁਲਾਂ ਨਰਕਾਂ ਵਿਚ ਪੈਣ

ਜੌ ਗੁਡੀਯਾ ਤੇ ਭੂਮਿ ਪਰਿ ਪਤਨ ਤਿਹਾਰੋ ਹੋਇ ॥੧੦॥

ਜੇ ਗੁੱਡੀ ਤੋਂ ਤੇਰਾ ਧਰਤੀ ਉਤੇ ਡਿਗਣਾ ਹੋ ਜਾਏ ॥੧੦॥

ਚੌਪਈ ॥

ਚੌਪਈ:

ਤੁਮ ਯਾ ਕੌ ਪਿਯ ਡੋਰਿ ਨ ਜਾਨਹੁ ॥

ਹੇ ਪ੍ਰੀਤਮ! ਤੁਸੀਂ ਇਸ ਨੂੰ ਡੋਰ ਨਾ ਸਮਝੋ।

ਸਗੂਆ ਕੈ ਯਾ ਕੌ ਪਹਿਚਾਨਹੁ ॥

ਇਸ ਨੂੰ ਪੰਘੂੜਾ ਪਛਾਣੋ।

ਤੁਮਰੋ ਬਾਲ ਬਿਘਨ ਨਹਿ ਹ੍ਵੈ ਹੈ ॥

ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਏਗਾ,

ਯਾ ਮੈ ਦੇਖਿ ਪਾਵ ਧਰਿ ਲੈ ਹੈ ॥੧੧॥

ਇਸ ਵਿਚ (ਤੁਸੀਂ) ਪੈਰ ਧਰ ਕੇ ਵੇਖ ਲੌ ॥੧੧॥

ਦੋਹਰਾ ॥

ਦੋਹਰਾ:

ਮੰਤ੍ਰ ਸਕਤਿ ਤੇ ਮੈ ਕਿਯਾ ਸਗੂਆ ਯਾਹਿ ਬਨਾਇ ॥

ਮੈਂ ਇਸ ਨੂੰ (ਆਪਣੀ) ਮੰਤ੍ਰ ਸ਼ਕਤੀ ਨਾਲ ਪੰਘੂੜਾ ਬਣਾ ਦਿੱਤਾ ਹੈ।

ਸੰਕ ਤ੍ਯਾਗਿ ਕਰਿ ਆਈਯੈ ਸੁਨੁ ਰਾਜਨ ਕੇ ਰਾਇ ॥੧੨॥

ਹੇ ਰਾਜਿਆਂ ਦੇ ਰਾਜੇ! ਸੰਗ ਤਿਆਗ ਚਲੇ ਆਓ ॥੧੨॥

ਚੌਪਈ ॥

ਚੌਪਈ:

ਜਬ ਰਾਜੈ ਐਸੀ ਸੁਨਿ ਪਾਈ ॥

ਜਦ ਰਾਜੇ ਨੇ ਇਸ ਪ੍ਰਕਾਰ ਦੀ (ਗੱਲ) ਸੁਣੀ (ਅਥਵਾ ਪੜ੍ਹੀ)

ਚਿਤ ਕੀ ਸੰਕ ਸਗਲ ਬਿਸਰਾਈ ॥

ਤਾਂ ਮਨ ਦਾ ਸਾਰਾ ਸੰਗ-ਸੰਕੋਚ ਦੂਰ ਕਰ ਦਿੱਤਾ।

ਹਯ ਤੇ ਉਤਰਿ ਡੋਰਿ ਪਰ ਚਢਿਯੋ ॥

ਘੋੜੇ ਤੋਂ ਉਤਰ ਕੇ ਡੋਰ ਉਤੇ ਚੜ੍ਹ ਬੈਠਾ।

ਆਨੰਦ ਅਧਿਕ ਚਿਤ ਮੈ ਬਢਿਯੋ ॥੧੩॥

ਮਨ ਵਿਚ ਪ੍ਰਸੰਨਤਾ ਬਹੁਤ ਵੱਧ ਗਈ ॥੧੩॥

ਅੜਿਲ ॥

ਅੜਿਲ:

ਕੁਅਰ ਕੁਅਰਿ ਕੇ ਤੀਰ ਪਹੂਚ੍ਯੋ ਆਇ ਕੈ ॥

ਕੁੰਵਰ ਕੁਮਾਰੀ ਕੋਲ ਆ ਪਹੁੰਚਿਆ

ਕਾਮ ਭੋਗ ਕੌ ਕੀਯੋ ਹਰਖ ਉਪਜਾਇ ਕੈ ॥

ਅਤੇ (ਉਨ੍ਹਾਂ ਨੇ) ਪ੍ਰਸੰਨਤਾ ਪੂਰਵਕ ਕਾਮ-ਭੋਗ ਕੀਤਾ।

ਸਾਹ ਤਬ ਲਗੇ ਦ੍ਵਾਰ ਪਹੂਚ੍ਯੋ ਆਇ ਕਰਿ ॥

ਤਦ ਤਕ ਸ਼ਾਹ ਵੀ ਦਰਵਾਜ਼ੇ ਤਕ ਆ ਪਹੁੰਚਿਆ।

ਹੋ ਤਬੈ ਤਰੁਨਿ ਸੌ ਬਾਤ ਕਹੀ ਪਿਯ ਨੈਨ ਭਰਿ ॥੧੪॥

ਤਦ ਕੁਮਾਰੀ ਨੂੰ ਪ੍ਰੇਮੀ ਨੇ ਅੱਖਾਂ (ਵਿਚ ਹੰਝੂ) ਭਰ ਕੇ ਕਿਹਾ ॥੧੪॥

ਅਬ ਤ੍ਰਿਯ ਤੁਮਰੋ ਸਾਹ ਮੈ ਗਹਿ ਮਾਰਿ ਹੈ ॥

ਹੇ ਪਿਆਰੀ! ਤੇਰਾ ਸ਼ਾਹ ਹੁਣ ਮੈਨੂੰ ਪਕੜ ਕੇ ਮਾਰ ਦੇਵੇਗਾ

ਇਹੀ ਧੌਲਹਰ ਊਪਰ ਤੇ ਮੁਹਿ ਡਾਰਿ ਹੈ ॥

ਅਤੇ ਇਸ ਮਹੱਲ ਉਪਰੋਂ ਮੈਨੂੰ ਹੇਠਾਂ ਸੁਟ ਦੇਵੇਗਾ।

ਟੂਕ ਟੂਕ ਹ੍ਵੈ ਸਭੈ ਪਸੁਰਿਯਾ ਜਾਇ ਹੈ ॥

ਮੇਰੀਆਂ ਸਾਰੀਆਂ ਪਸਲੀਆਂ ਟੋਟੇ ਟੋਟੇ ਹੋ ਜਾਣਗੀਆਂ।

ਹੋ ਤੁਹਿ ਭੇਟੇ ਹਮ ਆਜੁ ਇਹੈ ਫਲ ਪਾਇ ਹੈ ॥੧੫॥

ਤੈਨੂੰ ਮਿਲਣ ਦਾ ਸਾਨੂੰ ਇਹ ਫਲ ਪ੍ਰਾਪਤ ਹੋਵੇਗਾ ॥੧੫॥

ਨ੍ਰਿਪ ਚਿੰਤਾ ਚਿਤ ਭੀਤਰ ਕਛੂ ਨ ਕੀਜਿਯੈ ॥

(ਰਾਣੀ ਨੇ ਕਿਹਾ) ਹੇ ਰਾਜਨ! ਮਨ ਵਿਚ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ।

ਨਿਰਖਿ ਹਮਾਰੋ ਚਰਿਤ ਅਬੈ ਹੀ ਲੀਜਿਯੈ ॥

(ਤੁਸੀਂ) ਹੁਣੇ ਹੀ ਮੇਰਾ ਚਰਿਤ੍ਰ ਵੇਖ ਲਵੋਗੇ।

ਬਾਰ ਤਿਹਾਰੋ ਏਕ ਨ ਬਾਕਨ ਪਾਇ ਹੈ ॥

ਤੁਹਾਡਾ ਇਕ ਵਾਲ ਵੀ ਵਿੰਗਾ ਨਹੀਂ ਹੋ ਸਕੇਗਾ।

ਹੋ ਹਮ ਸੋ ਭੋਗ ਕਮਾਇ ਹਸਤ ਗ੍ਰਿਹ ਜਾਇ ਹੈ ॥੧੬॥

ਮੇਰੇ ਨਾਲ ਭੋਗ ਕਰ ਕੇ ਹਸਦੇ ਹੋਏ ਘਰ ਜਾਓਗੇ ॥੧੬॥

ਮੰਤ੍ਰ ਸਕਤਿ ਹੁੰਡੀਆ ਤਿਹ ਕਿਯੋ ਬਨਾਇ ਕੈ ॥

ਮੰਤ੍ਰ ਦੀ ਸ਼ਕਤੀ ਨਾਲ ਉਸ ਨੂੰ ਭੇਡੂ ('ਹੁੰਡੀਆ') ਬਣਾ ਦਿੱਤਾ

ਪਕਰਿ ਕਾਨ ਤੇ ਪਤਿ ਕੋ ਦਿਯੋ ਦਿਖਾਇ ਕੈ ॥

ਅਤੇ ਕੰਨ ਤੋਂ ਪਕੜ ਕੇ ਪਤੀ ਨੂੰ ਵਿਖਾ ਦਿੱਤਾ।

ਬਹੁਰਿ ਮੇਖ ਭੇ ਬਾਧ੍ਰਯੋ ਨ੍ਰਿਪਹਿ ਬਨਾਇ ਕਰਿ ॥

ਫਿਰ ਰਾਜੇ ਨੂੰ (ਉਸ ਨੇ) ਕਿਲੀ ਨਾਲ ਬੰਨ੍ਹ ਦਿੱਤਾ।

ਹੋ ਬਹੁਰਿ ਤਵਨ ਕੋ ਕਿਯੋ ਸੁਦੇਸ ਉਠਾਇ ਕਰਿ ॥੧੭॥

ਫਿਰ ਉਸ ਨੂੰ ਉਠਾ ਕੇ ਆਪਣੇ ਘਰ ('ਸੁਦੇਸ') ਭੇਜ ਦਿੱਤਾ ॥੧੭॥

ਸਾਹ ਨਿਰਖ ਤੇ ਗੁਡਿਯਾ ਦਈ ਚੜਾਇ ਕੈ ॥

ਸ਼ਾਹ ਦੇ ਵੇਖਦੇ ਵੇਖਦੇ (ਇਸਤਰੀ ਨੇ) ਗੁੱਡੀ ਚੜ੍ਹਾ ਦਿੱਤੀ।

ਕਰਿ ਕੈ ਸੰਗ ਸ੍ਵਾਰ ਦਯੋ ਨ੍ਰਿਪੁਡਾਇ ਕੈ ॥

ਰਾਜੇ ਨੂੰ (ਗੁੱਡੀ) ਉਤੇ ਸਵਾਰ ਕਰ ਕੇ ਉਡਾ ਦਿੱਤਾ।

ਪਿਯਹਿ ਨਿਰਖਿਤੇ ਮੀਤ ਦਯੋ ਪਹੁੰਚਾਇ ਘਰ ॥

ਪਤੀ ਦੇ ਵੇਖਦੇ ਹੋਇਆਂ ਪ੍ਰੀਤਮ ਨੂੰ ਘਰ ਪਹੁੰਚਾ ਦਿੱਤਾ।

ਹੋ ਭੇਦ ਅਭੇਦ ਨ ਕਛੁ ਜੜ ਸਕ੍ਯੋ ਬਿਚਾਰ ਕਰਿ ॥੧੮॥

ਉਹ ਮੂਰਖ ਭੇਦ ਅਭੇਦ ਨੂੰ ਨਾ ਪਛਾਣ ਸਕਿਆ ॥੧੮॥

ਦੋਹਰਾ ॥

ਦੋਹਰਾ:

ਸਾਹੁ ਸੁਤਾ ਨਿਰਖਿਤਿ ਪਤਿਹ ਗੁਡਿਯਾ ਦਈ ਚੜਾਇ ॥

ਸ਼ਾਹ ਦੀ ਪੁੱਤਰੀ ਨੇ ਪਤੀ ਦੇ ਵੇਖਦੇ ਹੋਇਆਂ ਗੁਡੀ ਨੂੰ ਉਡਾ ਦਿੱਤਾ।

ਤਾ ਪਰ ਬਧੇ ਬਜੰਤ੍ਰ ਥੇ ਬਾਜਤ ਭਏ ਬਨਾਇ ॥੧੯॥

ਉਸ ਉਤੇ ਬੰਨ੍ਹੇ ਹੋਏ ਵਾਜੇ ਵਜਣ ਲਗ ਗਏ ॥੧੯॥

ਬਿਹਸਿ ਨਾਰਿ ਨਿਜ ਨਾਥ ਸੋ ਕਹਿਯੋ ਪਿਯਹਿ ਪਹੁਚਾਇ ॥

ਪ੍ਰੀਤਮ ਨੂੰ (ਆਪਣੇ ਘਰ) ਪਹੁੰਚਾ ਕੇ ਰਾਣੀ ਆਪਣੇ ਪਤੀ ਨੂੰ ਹਸ ਕੇ ਕਹਿਣ ਲਗੀ।

ਮਿਤ੍ਰ ਹਮਾਰੋ ਸਾਹ ਇਹ ਦਏ ਦਮਾਮੋ ਜਾਇ ॥੨੦॥

ਸਾਡਾ ਮਿਤਰ ਤਾਂ ਇਹ ਸ਼ਾਹ ਹੈ ਜੋ ਦਮਾਮੇ ਵਜਾਂਦਾ ਜਾ ਰਿਹਾ ਹੈ ॥੨੦॥

ਚੌਪਈ ॥

ਚੌਪਈ:

ਇਹ ਛਲ ਮੀਤ ਸਦਨ ਪਹੁਚਾਯੋ ॥

ਇਸ ਛਲ ਨਾਲ ਮਿਤਰ ਨੂੰ (ਆਪਣੇ) ਘਰ ਪਹੁੰਚਾਇਆ।

ਤਾ ਕੋ ਬਾਰ ਨ ਬਾਕਨ ਪਾਯੋ ॥

ਉਸ ਦਾ ਵਾਲ ਵੀ ਵਿੰਗਾ ਨਾ ਹੋਣ ਦਿੱਤਾ।

ਨਿਜੁ ਪਤਿ ਭੇਦ ਅਭੇਦ ਨ ਚੀਨੋ ॥

ਆਪਣੇ ਪਤੀ ਨੇ ਭੇਦ ਅਭੇਦ ਕੁਝ ਨਾ ਸਮਝਿਆ।

ਕਬਿ ਪ੍ਰਸੰਗ ਪੂਰਨ ਤਬ ਕੀਨੋ ॥੨੧॥

ਤਦ ਕਵੀ ਨੇ ਪ੍ਰਸੰਗ ਪੂਰਾ ਕਰ ਦਿੱਤਾ ॥੨੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੮॥੪੩੩੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੮॥੪੩੩੪॥ ਚਲਦਾ॥

ਚੌਪਈ ॥

ਚੌਪਈ:

ਪਲਵਲ ਦੇਸ ਛਤ੍ਰਿਨੀ ਰਹੈ ॥

ਪਲਵਲ ਦੇਸ ਵਿਚ (ਇਕ) ਛਤ੍ਰਾਣੀ ਰਹਿੰਦੀ ਸੀ।

ਬੁਧਿ ਮਤੀ ਜਾ ਕੋ ਜਗ ਕਹੈ ॥

ਉਸ ਨੂੰ ਲੋਕੀਂ ਬੁੱਧਿ ਮਤੀ ਕਹਿੰਦੇ ਸਨ।

ਜਬ ਤਨ ਤਾਹਿ ਬਿਰਧਤਾ ਆਇਸ ॥

ਜਦ ਉਸ ਦਾ ਸ਼ਰੀਰ ਬਿਰਧ ਹੋ ਗਿਆ,

ਤਬ ਤਿਨ ਏਕ ਚਰਿਤ੍ਰ ਬਨਾਇਸ ॥੧॥

ਤਦ ਉਸ ਨੇ ਇਕ ਚਰਿਤ੍ਰ ਖੇਡਿਆ ॥੧॥

ਦ੍ਵੈ ਸੰਦੂਕ ਜੂਤਿਯਨ ਭਰੇ ॥

(ਉਸ ਨੇ) ਦੋ ਸੰਦੂਕ ਜੁਤੀਆਂ ਨਾਲ ਭਰ ਲਏ


Flag Counter