ਸ਼੍ਰੀ ਦਸਮ ਗ੍ਰੰਥ

ਅੰਗ - 504


ਠਾਈਸ ਦਿਵਸ ਲਉ ਸੇਵ ਕਰੀ ਤਿਹ ਕੀ ਤਿਹ ਕੋ ਅਤਿ ਹੀ ਰਿਝਵਾਯੋ ॥

ਉਸ ਦੀ ਅਠਾਈ ਦਿਨਾਂ ਤਕ ਸੇਵਾ ਕੀਤੀ ਅਤੇ ਉਸ ਨੂੰ ਬਹੁਤ ਰਿਝਾਇਆ।

ਰੀਝਿ ਸਿਵਾ ਤਿਨ ਪੈ ਤਬ ਹੀ ਕਬਿ ਸ੍ਯਾਮ ਇਹੀ ਬਰੁਦਾਨ ਦਿਵਾਯੋ ॥

ਕਵੀ ਸ਼ਿਆਮ (ਕਹਿੰਦੇ ਹਨ) ਦੁਰਗਾ ਨੇ ਤਦ ਉਸ ਉਤੇ ਪ੍ਰਸੰਨ ਹੋ ਕੇ ਉਸ ਨੂੰ ਇਹ ਵਰਦਾਨ ਦਿੱਤਾ

ਆਇ ਹੈ ਸ੍ਯਾਮ ਨ ਸੋਕ ਕਰੋ ਤਬ ਲਉ ਹਰਿ ਲੀਨੇ ਤ੍ਰੀਆ ਮਨਿ ਆਯੋ ॥੨੦੬੦॥

ਕਿ ਸ੍ਰੀ ਕ੍ਰਿਸ਼ਨ ਆਉਣਗੇ, ਸੋਗ ਨਾ ਕਰੋ। ਤਦ ਤਕ ਸ੍ਰੀ ਕ੍ਰਿਸ਼ਨ ਮਣੀ ਅਤੇ ਇਸਤਰੀ ਨੂੰ ਲੈ ਕੇ ਆ ਗਏ ॥੨੦੬੦॥

ਕਾਨ੍ਰਹ ਕੋ ਹੇਰਿ ਤ੍ਰੀਆ ਮਨਿ ਕੇ ਜੁਤ ਸੋਕ ਕੀ ਬਾਤ ਸਭੈ ਬਿਸਰਾਈ ॥

ਕ੍ਰਿਸ਼ਨ ਨੂੰ ਇਸਤਰੀ ਅਤੇ ਮਣੀ ਸਹਿਤ ਵੇਖ ਕੇ ਸੋਗ ਦੀ ਗੱਲ ਸਾਰੀਆਂ ਨੇ ਭੁਲਾ ਦਿੱਤੀ।

ਡਾਰਿ ਕਮੰਡਲ ਮੈ ਜਲੁ ਸੀਤਲ ਮਾਇ ਪੀਯੋ ਪੁਨਿ ਵਾਰ ਕੈ ਆਈ ॥

ਮਾਤਾ ਕਮੰਡਲ ਵਿਚ ਠੰਡਾ ਜਲ ਪਾ ਕੇ ਲੈ ਆਈ ਅਤੇ ਫਿਰ (ਨੂੰਹ ਅਤੇ ਪੁੱਤਰ ਦੇ ਸਿਰ ਤੋਂ) ਵਾਰ ਕੇ ਪੀਤਾ।

ਜਾਦਵ ਅਉਰ ਸਭੈ ਹਰਖੈ ਅਰੁ ਬਾਜਤ ਭੀ ਪੁਰ ਬੀਚ ਬਧਾਈ ॥

ਹੋਰ ਸਾਰੇ ਯਾਦਵ ਪ੍ਰਸੰਨ ਹੋ ਗਏ ਅਤੇ ਨਗਰ ਵਿਚ ਵੀ ਖੁਸ਼ੀ ਦੇ ਵਾਜੇ ਵਜਣ ਲਗੇ।

ਅਉਰ ਕਹੈ ਕਬਿ ਸ੍ਯਾਮ ਸਿਵਾ ਸੁ ਸਭੋ ਜਗਮਾਇ ਸਹੀ ਠਹਰਾਈ ॥੨੦੬੧॥

ਅਤੇ ਕਵੀ ਸ਼ਿਆਮ ਕਹਿੰਦੇ ਹਨ, (ਉਸ ਦਿਨ ਤੋਂ) ਸਭ ਨੇ ਦੁਰਗਾ ਨੂੰ ਸਚੀ ਜਗਤ ਮਾਤਾ ਮੰਨ ਲਿਆ ॥੨੦੬੧॥

ਇਤਿ ਜਾਮਵੰਤ ਕੋ ਜੀਤ ਕੈ ਦੁਹਿਤਾ ਤਿਸ ਕੀ ਮਨਿ ਸਹਿਤ ਲਿਆਵਤ ਭਏ ॥

ਇਥੇ ਜਾਮਵੰਤ ਨੂੰ ਜਿਤ ਕੇ, ਮਣੀ ਸਹਿਤ ਉਸ ਦੀ ਦੁਹਿਤਾ ਨੂੰ ਲੈ ਆਏ ਪ੍ਰਸੰਗ ਸਮਾਪਤ।

ਸਵੈਯਾ ॥

ਸਵੈਯਾ:

ਹੇਰ ਕੈ ਸ੍ਯਾਮ ਸਤ੍ਰਾਜਿਤ ਕਉ ਮਨਿ ਲੈ ਕਰ ਮੈ ਫੁਨਿ ਤਾ ਸਿਰ ਮਾਰੀ ॥

ਸ੍ਰੀ ਕ੍ਰਿਸ਼ਨ ਨੇ ਸਤ੍ਰਾਜਿਤ ਨੂੰ ਵੇਖ ਕੇ ਅਤੇ ਮਣੀ ਨੂੰ ਹੱਥ ਵਿਚ ਲੈ ਕੇ ਫਿਰ ਉਸ ਦੇ ਸਿਰ ਵਿਚ ਮਾਰੀ

ਜਾ ਹਿਤ ਦੋਸ ਦਯੋ ਸੋਈ ਲੈ ਜੜ ਕੋਪ ਭਰੇ ਇਹ ਭਾਤਿ ਉਚਾਰੀ ॥

ਅਤੇ ਕ੍ਰੋਧ ਨਾਲ ਭਰ ਕੇ ਇਸ ਤਰ੍ਹਾਂ ਕਿਹਾ, ਹੇ ਮੂਰਖ! ਜਿਸ ਲਈ (ਤੁੰ ਮੇਰੇ ਉਤੇ) ਦੋਸ਼ ਲਾਇਆ ਸੀ, ਉਸ (ਮਣੀ) ਨੂੰ ਸਾਂਭ ਲੈ।

ਚਉਕਿ ਕਹੈ ਸਭ ਜਾਦਵ ਯੌ ਸੁ ਪਿਖੋ ਰਿਸਿ ਕੈਸੀ ਕਰੀ ਗਿਰਧਾਰੀ ॥

ਸਾਰੇ ਯਾਦਵ ਚੌਂਕ ਕੇ ਕਹਿਣ ਲਗੇ, ਵੇਖੋ, ਕ੍ਰਿਸ਼ਨ ਨੇ ਕਿਸ ਤਰ੍ਹਾਂ ਦਾ ਕ੍ਰੋਧ ਕੀਤਾ ਹੈ।

ਸੋ ਇਹ ਭਾਤਿ ਕਬਿਤਨ ਬੀਚ ਕਥਾ ਜਗ ਮੈ ਕਬ ਸ੍ਯਾਮ ਬਿਥਾਰੀ ॥੨੦੬੨॥

ਉਸ ਕਥਾ ਨੂੰ ਇਸ ਤਰ੍ਹਾਂ ਕਬਿੱਤਾਂ (ਕਵਿਤਾ) ਵਿਚ ਰਚ ਕੇ ਕਵੀ ਸ਼ਿਆਮ ਨੇ ਜਗਤ ਵਿਚ ਪ੍ਰਸਾਰਿਤ ਕੀਤੀ ਹੈ ॥੨੦੬੨॥

ਹਾਥਿ ਰਹਿਓ ਮਨਿ ਕੋ ਧਰਿ ਕੈ ਤਿਨਿ ਨੈਕੁ ਨ ਕਾਹੂੰ ਕੀ ਓਰਿ ਨਿਹਾਰਿਓ ॥

ਹੱਥ ਵਿਚ ਮਣੀ ਨੂੰ ਧਾਰਨ ਕਰ ਕੇ (ਸਤ੍ਰਾਜਿਤ ਖੜੋਤਾ) ਰਿਹਾ ਅਤੇ ਕਿਸੇ ਵਲ ਬਿਲਕੁਲ ਨਹੀਂ ਵੇਖਿਆ।

ਲਜਿਤ ਹ੍ਵੈ ਖਿਸਿਯਾਨੋ ਘਨੋ ਦੁਬਿਧਾ ਕਰਿ ਧਾਮ ਕੀ ਓਰਿ ਸਿਧਾਰਿਓ ॥

ਲਜਿਤ ਹੋ ਕੇ ਬਹੁਤ ਖਿਝਿਆ ਅਤੇ ਦੁਬਿਧਾ ਦਾ ਗ੍ਰਸਿਆ ਘਰ ਨੂੰ ਚਲਾ ਗਿਆ।

ਬੈਰ ਪਰਿਯੋ ਹਮਰੋ ਹਰਿ ਸੋ ਰੁ ਕਲੰਕ ਚੜਿਯੋ ਗਯੋ ਭ੍ਰਾਤ੍ਰ ਮਾਰਿਓ ॥

ਮੇਰਾ ਸ੍ਰੀ ਕ੍ਰਿਸ਼ਨ ਨਾਲ ਵੈਰ ਪੈ ਗਿਆ ਹੈ ਅਤੇ (ਮੱਥੇ ਉਤੇ) ਕਲੰਕ ਲਗ ਗਿਆ ਹੈ। (ਇਸ ਤੋਂ ਇਲਾਵਾ) ਭਰਾ ਵੀ ਮਾਰਿਆ ਗਿਆ ਹੈ।

ਭੀਰ ਪਰੀ ਤੇ ਅਧੀਰ ਭਯੋ ਦੁਹਿਤਾ ਦੇਉ ਸ੍ਯਾਮ ਇਹੀ ਚਿਤਿ ਧਾਰਿਓ ॥੨੦੬੩॥

ਸੰਕਟ ਪੈਣ ਤੇ (ਉਸ ਦਾ) ਧੀਰਜ ਖ਼ਤਮ ਹੋ ਗਿਆ। (ਫਿਰ) ਮਨ ਵਿਚ ਇਹ ਸੋਚਿਆ ਕਿ ਸ੍ਰੀ ਕ੍ਰਿਸ਼ਨ ਨੂੰ ਧੀ (ਦਾ ਡੋਲਾ) ਦੇ ਦਿਆਂ (ਇਸ ਨਾਲ ਸਾਰੇ ਸੰਕਟ ਟਲ ਜਾਣਗੇ) ॥੨੦੬੩॥

ਇਤਿ ਸ੍ਰੀ ਦਸਮ ਸਕੰਧੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਸਤ੍ਰਾਜਿਤ ਕੋ ਮਣਿ ਦੈਬੋ ਬਰਨਨਣ ਧਿਆਇ ਸਮਾਪਤੰ ॥

ਇਥੇ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਸਤ੍ਰਾਜਿਤ ਨੂੰ ਮਣੀ ਦੇਣ ਦਾ ਵਰਨਣ ਅਧਿਆਇ ਦੀ ਸਮਾਪਤੀ।

ਅਥ ਸਤ੍ਰਾਜਿਤ ਕੀ ਦੁਹਿਤਾ ਕੋ ਬ੍ਯਾਹ ਕਥਨੰ ॥

ਹੁਣ ਸਤ੍ਰਾਜਿਤ ਦੀ ਪੁੱਤਰੀ ਦੇ ਵਿਆਹ ਦਾ ਕਥਨ

ਸ੍ਵੈਯਾ ॥

ਸਵੈਯਾ:

ਬੋਲਿ ਦਿਜੋਤਮ ਬੇਦਨ ਕੀ ਬਿਧਿ ਜੈਸ ਕਹੀ ਤਿਸ ਬ੍ਯਾਹ ਰਚਾਯੋ ॥

ਸ੍ਰੇਸ਼ਠ ਬ੍ਰਾਹਮਣਾਂ ਨੂੰ ਬੁਲਾ ਕੇ ਜਿਸ ਤਰ੍ਹਾਂ ਵੇਦਾਂ ਦੀ ਵਿਧੀ ਕਹੀ ਗਈ ਹੈ, ਉਸ ਤਰ੍ਹਾਂ (ਸਤ੍ਰਾਜਿਤ ਨੇ ਪੁੱਤਰੀ ਦਾ) ਵਿਆਹ ਕੀਤਾ।

ਸਤਿ ਭਾਮਨਿ ਕੋ ਕਬਿ ਸ੍ਯਾਮ ਭਨੈ ਜਿਹ ਕੋ ਸਭ ਲੋਗਨ ਮੈ ਜਸੁ ਛਾਯੋ ॥

ਕਵੀ ਸ਼ਿਆਮ ਕਹਿੰਦੇ ਹਨ, (ਸਤ੍ਰਾਜਿਤ ਦੀ ਪੁੱਤਰੀ) ਸਤਿਭਾਮਾ ਜਿਸ ਦਾ ਯਸ਼ ਸਾਰਿਆਂ ਲੋਕਾਂ ਵਿਚ ਪਸਰਿਆ ਹੋਇਆ ਹੈ,

ਪਾਵਤ ਹੈ ਉਪਮਾ ਲਛਮੀ ਕੀ ਨ ਤਾ ਸਮ ਯੌ ਕਹਿਬੋ ਬਨਿ ਆਯੋ ॥

ਉਹ ਲੱਛਮੀ ਜਿਤਨੀ ਸ਼ੋਭਾ ਪਾਉਂਦੀ ਹੈ, (ਸਗੋਂ) ਇਸ ਤਰ੍ਹਾਂ ਕਹਿਣਾ ਬਣਦਾ ਹੈ ਕਿ (ਲੱਛਮੀ ਵੀ) ਉਸ ਵਰਗੀ ਨਹੀਂ ਹੈ।

ਤਾਹੀ ਕੇ ਬ੍ਯਾਹਨ ਕਾਜ ਸੁ ਦੈ ਮਨਿ ਮਾਨਿ ਭਲੈ ਘਨਿ ਸ੍ਯਾਮ ਬੁਲਾਯੋ ॥੨੦੬੪॥

ਉਸ (ਸਤਿਭਾਮਾ) ਦੇ ਵਿਆਹ ਦੇ ਕਾਜ ਲਈ, ਮਣੀ ਭੇਟਾ ਕਰ ਕੇ, ਬਹੁਤ ਆਦਰ ਨਾਲ (ਸਤ੍ਰਾਜਿਤ ਨੇ) ਸ੍ਰੀ ਕ੍ਰਿਸ਼ਨ ਨੂੰ (ਆਪਣੇ ਘਰ) ਬੁਲਾਇਆ ॥੨੦੬੪॥

ਸ੍ਰੀ ਬ੍ਰਿਜਨਾਥ ਸੁਨੇ ਬਤੀਯਾ ਸੁਭ ਸਾਜਿ ਜਨੇਤ ਜਹਾ ਕੋ ਸਿਧਾਏ ॥

ਸ੍ਰੀ ਕ੍ਰਿਸ਼ਨ (ਇਹ) ਗੱਲਾਂ ਸੁਣ ਕੇ ਅਤੇ ਜੰਞ ਨੂੰ ਸ਼ੋਭਾਸ਼ਾਲੀ ਢੰਗ ਨਾਲ ਸਜਾ ਕੇ ਉਥੋਂ ਲਈ ਤੁਰ ਪਏ।

ਆਵਤ ਸੋ ਸੁਨਿ ਕੈ ਪ੍ਰਭੁ ਕੋ ਸਭ ਆਗੇ ਹੀ ਤੇ ਮਿਲਿਬੇ ਕਉ ਧਾਏ ॥

ਸ੍ਰੀ ਕ੍ਰਿਸ਼ਨ ਦਾ ਆਉਣਾ ਸੁਣ ਕੇ ਉਹ ਸਾਰੇ ਮਿਲ ਕੇ (ਲਿਆਉਣ ਲਈ) ਅਗੇ ਨੂੰ ਚਲ ਪਏ।

ਆਦਰ ਸੰਗ ਲਵਾਇ ਕੈ ਜਾਇ ਬ੍ਯਾਹ ਕੀਯੋ ਦਿਜ ਦਾਨ ਦਿਵਾਏ ॥

ਆਦਰ ਨਾਲ (ਵਿਆਹ ਵਾਲੀ) ਥਾਂ ਤੇ ਲਿਆ ਕੇ ਵਿਆਹ ਕਰ ਦਿੱਤਾ ਅਤੇ ਬ੍ਰਾਹਮਣਾਂ ਨੂੰ ਦਾਨ ਵੰਡਿਆ।

ਐਸੇ ਬਿਵਾਹ ਪ੍ਰਭੂ ਸੁਖੁ ਪਾਇ ਤ੍ਰੀਯਾ ਸੰਗ ਲੈ ਕਰਿ ਧਾਮਹਿ ਆਏ ॥੨੦੬੫॥

ਇਸ ਤਰ੍ਹਾਂ ਵਿਆਹ ਕਰ ਕੇ ਅਤੇ ਸੁਖ ਪ੍ਰਾਪਤ ਕਰ ਕੇ, ਸ੍ਰੀ ਕ੍ਰਿਸ਼ਨ ਇਸਤਰੀ ਨੂੰ ਨਾਲ ਲੈ ਕੇ (ਆਪਣੇ) ਘਰ ਨੂੰ ਆ ਗਏ ॥੨੦੬੫॥

ਇਤਿ ਬਿਵਾਹ ਸੰਪੂਰਨ ਹੋਤ ਭਯੋ ॥

ਇਥੇ ਵਿਆਹ ਦਾ ਪ੍ਰਸੰਗ ਸਪੂਰਨ ਹੋ ਗਿਆ।

ਲਛੀਆ ਗ੍ਰਿਹ ਪ੍ਰਸੰਗ ॥

ਲਛੀਆ ਗ੍ਰਿਹ ਪ੍ਰਸੰਗ

ਸਵੈਯਾ ॥

ਸਵੈਯਾ:

ਤਉ ਹੀ ਲਉ ਐਸੋ ਸੁਨੀ ਬਤੀਯਾ ਲਛੀਆ ਗ੍ਰਿਹਿ ਮੈ ਸੁਤ ਪੰਡੁ ਕੇ ਆਏ ॥

ਉਦੋਂ ਤਕ ਇਸ ਤਰ੍ਹਾਂ ਦੀ ਗੱਲ ਸੁਣੀ ਗਈ ਕਿ ਪੰਡੁ ਦੇ ਪੁੱਤਰ ਲਛਿਆ (ਲਾਖ) ਦੇ ਘਰ ਵਿਚ ਆਏ ਹਨ।

ਗਾਇ ਸਮੇਤ ਸਭੋ ਮਿਲਿ ਕੌਰਨ ਚਿਤ ਬਿਖੈ ਕਰੁਨਾ ਨ ਬਸਾਏ ॥

ਪਿੰਡ ਦੇ ਸਾਰਿਆਂ ਨੇ ਮਿਲ ਕੇ (ਕੌਰਵਾਂ ਨੂੰ ਬੇਨਤੀ ਕੀਤੀ) ਪਰ ਕੌਰਵਾਂ ਦੇ ਚਿਤ ਵਿਚ ਕਰੁਣਾ ਨਹੀਂ ਹੈ।

ਐਸੇ ਬਿਚਾਰ ਕੀਓ ਚਿਤ ਮੈ ਸੁ ਤਹਾ ਕੋ ਚਲੈ ਸਭ ਬਿਸਨੁ ਬੁਲਾਏ ॥

ਇਸ ਤਰ੍ਹਾਂ ਦਾ ਚਿਤ ਵਿਚ ਵਿਚਾਰ ਕਰ ਕੇ ਸ੍ਰੀ ਕ੍ਰਿਸ਼ਨ ਨੇ ਸਭ (ਯਾਦਵਾਂ) ਨੂੰ ਬੁਲਾ ਲਿਆ ਅਤੇ ਉਧਰ ਨੂੰ ਤੁਰ ਪਏ।

ਐਸੇ ਬਿਚਾਰ ਸੁ ਸਾਜ ਕੈ ਸ੍ਯੰਦਨ ਸ੍ਰੀ ਬ੍ਰਿਜਨਾਥ ਤਹਾ ਕੋ ਸਿਧਾਏ ॥੨੦੬੬॥

ਇਸ ਤਰ੍ਹਾਂ ਵਿਚਾਰ ਕੇ, ਰਥਾਂ ਨੂੰ ਤਿਆਰ ਕਰ ਕੇ ਸ੍ਰੀ ਕ੍ਰਿਸ਼ਨ ਉਥੋਂ ਲਈ ਚਲ ਪਏ ॥੨੦੬੬॥

ਕਾਨ੍ਰਹ ਚਲੇ ਉਤ ਕਉ ਜਬ ਹੀ ਬਰਮਾਕ੍ਰਿਤ ਤੋ ਇਤ ਮੰਤ੍ਰ ਬਿਚਾਰਿਯੋ ॥

ਜਦ ਸ੍ਰੀ ਕ੍ਰਿਸ਼ਨ ਉਧਰ ਨੂੰ ਚਲ ਪਏ, ਤਾਂ ਬਰਮਾਕ੍ਰਿਤ (ਕ੍ਰਿਤਵਰਮਾ) ਨੇ ਇਹ ਸਲਾਹ ਕੀਤੀ

ਲੈ ਅਕ੍ਰੂਰ ਕਉ ਆਪਨੇ ਸੰਗ ਕਹਿਯੋ ਅਰੇ ਕਾਨ੍ਹ ਕਹੂੰ ਕਉ ਪਧਾਰਿਯੋ ॥

ਅਤੇ ਅਕਰੂਰ ਨੂੰ ਆਪਣੇ ਨਾਲ ਲੈ ਕੇ ਕਿਹਾ, ਓਇ! ਕ੍ਰਿਸ਼ਨ ਕਿਧਰੇ ਚਲਿਆ ਗਿਆ ਹੈ।

ਛੀਨ ਲੈ ਯਾ ਤੇ ਅਰੇ ਮਿਲਿ ਕੈ ਮਨਿ ਐਸੇ ਬਿਚਾਰ ਕੀਯੋ ਤਿਹ ਮਾਰਿਯੋ ॥

ਇਸ ਲਈ ਅਸੀਂ (ਦੋਵੇਂ) ਮਿਲ ਕੇ ਇਸ (ਸਤ੍ਰਾਜਿਤ) ਤੋਂ ਮਣੀ ਖੋਹ ਲਈਏ। ਅਜਿਹਾ ਵਿਚਾਰ ਕਰ ਕੇ (ਉਨ੍ਹਾਂ ਨੇ) ਉਸ (ਸਤ੍ਰਾਜਿਤ) ਨੂੰ ਮਾਰ ਦਿੱਤਾ।

ਲੈ ਬਰਮਾਕ੍ਰਿਤ ਵਾ ਬਧ ਕੈ ਮਨਿ ਆਪਨੇ ਧਾਮ ਕੀ ਓਰਿ ਸਿਧਾਰਿਯੋ ॥੨੦੬੭॥

ਉਸ ਨੂੰ ਮਾਰ ਕੇ ਅਤੇ ਮਣੀ ਲੈ ਕੇ ਬਰਮਾਕ੍ਰਿਤ ਆਪਣੇ ਘਰ ਵਲ ਚਲਾ ਗਿਆ ॥੨੦੬੭॥

ਚੌਪਈ ॥

ਚੌਪਈ:

ਸਤਿ ਧੰਨਾ ਭੀ ਸੰਗਿ ਰਲਾਯੋ ॥

ਸਤਿਧੰਨਾ (ਨਾਂ ਦਾ ਯੋਧਾ) ਵੀ ਨਾਲ ਗਿਆ ਸੀ

ਜਬ ਸਤ੍ਰਾਜਿਤ ਕੋ ਤਿਨ ਘਾਯੋ ॥

ਜਦੋਂ ਉਨ੍ਹਾਂ ਨੇ ਸਤ੍ਰਾਜਿਤ ਨੂੰ ਮਾਰਿਆ ਸੀ।

ਏ ਤਿਹ ਬਧ ਕੈ ਡੇਰਨ ਆਏ ॥

ਇਹ ਤਿੰਨੋ (ਉਸ ਨੂੰ) ਮਾਰ ਕੇ (ਆਪਣੇ) ਡੇਰੇ ਵਲ ਆਏ

ਉਤੈ ਸੰਦੇਸ ਸ੍ਯਾਮ ਸੁਨਿ ਪਾਏ ॥੨੦੬੮॥

ਅਤੇ ਉਧਰ ਸ੍ਰੀ ਕ੍ਰਿਸ਼ਨ ਨੇ ਵੀ ਸੁਨੇਹਾ ਸੁਣ ਲਿਆ ॥੨੦੬੮॥

ਦੂਤ ਬਾਚ ਕਾਨ੍ਰਹ ਸੋ ॥

ਦੂਤ ਨੇ ਸ੍ਰੀ ਕ੍ਰਿਸ਼ਨ ਨੂੰ ਕਿਹਾ:

ਚੌਪਈ ॥

ਚੌਪਈ:

ਪ੍ਰਭੁ ਸੋ ਦੂਤਨ ਬੈਨ ਉਚਾਰੇ ॥

ਸ੍ਰੀ ਕ੍ਰਿਸ਼ਨ ਪ੍ਰਤਿ ਦੂਤਾਂ ਨੇ ਬਚਨ ਕਹੇ

ਸਤ੍ਰਾਜਿਤ ਕ੍ਰਿਤਬਰਮਾ ਮਾਰੇ ॥

ਕਿ ਸਤ੍ਰਾਜਿਤ ਨੂੰ ਬਰਮਾਕ੍ਰਿਤ ਨੇ ਮਾਰ ਦਿੱਤਾ ਹੈ।


Flag Counter