ਜਿਉਂ ਮੱਛੀਆਂ ਨਾਲ ਲੜਾਈ ਕਰ ਕੇ ਮਾਨੋ ਸਮੁੰਦਰ ਉਨ੍ਹਾਂ ਦਾ ਤਿਆਗ ਕਰ ਕੇ ਚਲਾ ਗਿਆ ਹੋਵੇ ॥੪੮੦॥
ਗੋਪੀਆਂ ਨੂੰ ਸ਼ਰੀਰ ਦੀ ਸੁਧ ਨਾ ਰਹੀ ਅਤੇ ਬਾਵਲੀਆਂ ਹੋ ਕੇ ਬਨ ਵਿਚ ਫਿਰਨ ਲਗੀਆਂ।
ਬ੍ਰਜ ਦੀਆਂ ਇਸਤਰੀਆਂ ਇਕ ਉਠਦੀਆਂ ਹਨ, ਇਕ ਘੁੰਮੇਰੀ ਖਾ ਕੇ ਡਿਗ ਪੈਂਦੀਆਂ ਹਨ, ਇਕ ਦੌੜੀਆਂ ਆਉਂਦੀਆਂ ਹਨ।
ਆਤੁਰ ਹੋ (ਕ੍ਰਿਸ਼ਨ ਨੂੰ) ਲਭਦੀਆਂ ਫਿਰਦੀਆਂ ਹਨ, ਉਨ੍ਹਾਂ ਦੇ ਸਿਰ ਉਤੋਂ ਦੁਪੱਟੇ ਵੀ ਡਿਗ ਗਏ ਹਨ।
(ਉਨ੍ਹਾਂ ਦੇ) ਮਨ ਵਿਚ ਕ੍ਰਿਸ਼ਨ ਦਾ ਧਿਆਨ ਵਸਿਆ ਹੋਇਆ ਹੈ, (ਇਸ ਕਰ ਕੇ) ਬ੍ਰਿਛਾਂ ਨੂੰ ਉਸੇ ਦਾ ਰੂਪ ਜਾਣ ਕੇ ਫਿਰ (ਉਨ੍ਹਾਂ ਨੂੰ) ਜਫੀ ਭਰਦੀਆਂ ਹਨ ॥੪੮੧॥
ਫਿਰ ਉਹ ਬ੍ਰਿਛਾਂ ਨੂੰ ਛਡ ਦਿੰਦੀਆਂ ਹਨ ਅਤੇ ਇਸ ਤਰ੍ਹਾਂ ਕਹਿੰਦੀਆਂ ਹਨ ਕਿ ਨੰਦ ਲਾਲ ਕਿਥੇ ਹੈ?
ਜਿਥੇ ਚੰਬਾ, ਮੌਲਸਿਰੀ, ਬੋਹੜ, ਤਾੜ, ਲੌਂਗ, ਵੇਲਾਂ, ਕਚਨਾਰ (ਆਦਿ ਬ੍ਰਿਛ) ਹਨ।
ਪਰ ਜਿਸ ਨੂੰ (ਪ੍ਰਾਪਤ ਕਰਨ) ਲਈ ਅਸਾਂ ਪੈਰਾਂ ਵਿਚ ਕੰਡੇ ਅਤੇ ਸਿਰ ਉਤੇ ਧੁਪ ਸਹੀ ਹੈ,
ਉਸ ਬਾਰੇ (ਹੇ ਬ੍ਰਿਛੋ!) ਤੁਸੀਂ ਸਾਨੂੰ ਦਸ ਦਿਓ, (ਅਸੀਂ) ਤੁਹਾਡੇ ਪੈਰੀਂ ਪੈਂਦੀਆਂ ਹਾਂ ਅਤੇ ਉਥੇ ਜਾਂਦੀਆਂ ਹਾਂ ॥੪੮੨॥
ਜਿਥੇ ਬੇਲਾਂ ਸੁਸ਼ੋਭਿਤ ਹਨ ਅਤੇ ਜਿਥੇ ਚੰਬੇ ਦੇ ਫੁਲਾਂ ਨੇ ਬਹੁਤ ਸ਼ੋਭਾ ਪਾਈ ਹੋਈ ਹੈ;
ਮੌਲਸਿਰੀ, ਗੁਲੇ-ਲਾਲਾ ਅਤੇ ਗੁਲਾਬ ਦੇ ਫੁਲਾਂ ਨਾਲ ਧਰਤੀ ਸੁੰਦਰਤਾ ਨਾਲ ਭਰੀ ਹੋਈ ਹੈ;
ਚੰਬਾ, ਮੌਲਸਿਰੀ, ਤਾੜ, ਲੌਂਗ, ਵੇਲਾਂ ਅਤੇ ਕਚਨਾਰ ਨਾਲ (ਧਰਤੀ) ਸੁਭਾਇਮਾਨ ਹੋ ਰਹੀ ਹੈ
(ਅਤੇ ਜਿਥੇ) ਪਰਬਤਾਂ ਤੋਂ ਪਾਣੀ ਦੇ ਝਰਨੇ ਝਰਦੇ ਹਨ, ਕਵੀ ਸ਼ਿਆਮ ਕਹਿੰਦੇ ਹਨ, (ਜੋ ਧਰਤੀ) ਅਤਿ ਸੁਖਦਾਈ (ਬਣੀ ਹੋਈ ਹੈ) ॥੪੮੩॥
ਉਸ ਜੰਗਲ ਵਿਚ ਕ੍ਰਿਸ਼ਨ ਦੇ ਪ੍ਰੇਮ ਕਾਰਨ ਬ੍ਰਜ-ਭੂਮੀ ਦੀਆਂ ਗੋਪੀਆਂ ਇਸ ਤਰ੍ਹਾਂ ਕਹਿੰਦੀਆਂ ਹਨ।
ਪਿਪਲ ਅਤੇ ਬੋਹੜ ਆਦਿ ਨੂੰ ਵੇਖ ਕੇ (ਕਹਿੰਦੀਆਂ ਹਨ ਕਿ ਕਿਤੇ) ਇਥੇ ਤਾਂ ਨਹੀਂ ਜਿਸ ਦੇ ਪ੍ਰੇਮ ਕਰ ਕੇ (ਅਸਾਂ) ਸਿਰ ਉਤੇ ਧੁਪ ਸਹਾਰੀ ਹੈ।
ਅਫਸੋਸ! (ਉਹ ਸਾਨੂੰ ਇਹ ਕਹਿ ਕੇ ਕਿਧਰੇ ਛੁਪ ਗਿਆ ਹੈ ਕਿ ਤੁਸੀਂ) ਪਤੀਆਂ ਨੂੰ ਛਡ ਕੇ ਕਿਉਂ ਭਜੀਆਂ ਆਉਂਦੀਆਂ ਹੋ ਪਰ (ਅਸੀਂ) ਕਾਨ੍ਹ ਨੂੰ ਵੇਖੇ ਬਿਨਾ ਘਰ ਨਹੀਂ ਰਹਿ ਸਕਦੀਆਂ।
ਇਕ (ਗੋਪੀ) ਗੱਲ ਕਰਦੀ ਸੀ ਅਤੇ ਦੂਜੀ (ਉਸ ਦੇ) ਬੋਲਾਂ ਨੂੰ ਸੁਣ ਕੇ ਬ੍ਰਿਛਾਂ ਨੂੰ ਕ੍ਰਿਸ਼ਨ ਸਮਝ ਕੇ ਫੜ ਲੈਂਦੀ ਹੈ ॥੪੮੪॥
ਕਾਨ੍ਹ ਦੇ ਵਿਯੋਗ ਨੂੰ ਮੰਨ ਕੇ ਬ੍ਰਜ ਦੀਆਂ ਇਸਤਰੀਆਂ ਬਨ ਵਿਚ ਦੀਵਾਨੀਆਂ ਹੋਈਆਂ ਫਿਰਦੀਆਂ ਹਨ।
ਉਸ ਜਗ੍ਹਾ ਤੇ ਕੂੰਜਾਂ ਵਾਂਗ ਕੁਰਲਾਉਂਦੀਆਂ ਫਿਰਦੀਆਂ ਹਨ ਜਿਥੇ ਖਾਣ ਪੀਣ ਨੂੰ ਕੁਝ ਵੀ ਨਹੀਂ ਹੈ।
ਇਕ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪੈਂਦੀ ਹੈ ਅਤੇ ਇਕ ਉਠ ਕੇ ਇਹ ਗੱਲ ਕਹਿੰਦੀ ਹੈ
ਕਿ ਸਾਡੇ ਨਾਲ ਬਹੁਤ ਪ੍ਰੇਮ ਵਧਾ ਕੇ, ਹੇ ਗੁਮਾਨੀ ਭਗਵਾਨ! (ਹੁਣ ਤੂੰ) ਕਿਥੇ ਚਲਾ ਗਿਆ ਹੈਂ ॥੪੮੫॥
(ਜਿਸ ਕਾਨ੍ਹ ਨੇ) ਹਿਰਨ ਵਰਗੀਆਂ ਅੱਖਾਂ ਨੂੰ ਨਚਾ ਕੇ ਸਾਰੀਆਂ ਗੋਪੀਆਂ ਦੇ ਮਨ ਮੋਹ ਲਏ ਹਨ,
ਉਸੇ ਵਿਚ (ਸਾਡਾ ਮਨ) ਗਡਿਆ ਹੋਇਆ ਹੈ, ਉਸ ਤੋਂ ਜ਼ਰਾ ਜਿੰਨਾ ਵੀ ਛੁਟਕਾਰਾ ਨਹੀਂ ਹੋਇਆ।
ਉਸੇ ਲਈ, ਘਰਾਂ ਨੂੰ ਛਡ ਕੇ ਬਨ ਵਿਚ ਫਿਰ ਰਹੀਆਂ ਹਾਂ। (ਇਹ ਗੱਲ ਕਹਿ ਕੇ) ਇਕ ਗੋਪੀ ਨੇ ਹੌਕਾ ਲਿਆ ਹੈ।
(ਜੰਗਲ ਨੂੰ ਸੰਬੋਧਨ ਕਰ ਕੇ ਗੋਪੀਆਂ ਕਹਿੰਦੀਆਂ ਹਨ) ਹੇ ਬਨ ਭਰਾ! ਸਾਨੂੰ ਉਹ ਸਾਰੀ ਬਿਰਥਾ ਦਸੋ ਕਿ ਕ੍ਰਿਸ਼ਨ ਜੀ ਕਿਸ ਪਾਸੇ ਵਲ ਗਏ ਹਨ ॥੪੮੬॥
ਜਿਸ ਨੇ ਬਨ ਵਿਚ 'ਮਾਰੀਚ' ਨੂੰ ਮਾਰਿਆ ਸੀ ਅਤੇ ਜਿਸ ਦੇ ਸੇਵਕ (ਹਨੂਮਾਨ) ਨੇ ਲੰਕਾ ਨਗਰ ਨੂੰ ਸਾੜ ਦਿੱਤਾ ਸੀ,
ਉਸੇ ਨਾਲ ਅਸੀਂ ਪ੍ਰੇਮ ਕੀਤਾ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਹਾਸੀ (ਆਪਣੇ ਉਪਰ) ਸਹਾਰੀ ਹੈ।
ਕਮਲ ਦੇ ਫੁਲ ਵਾਂਗ ਸੁੰਦਰ ਅੱਖਾਂ ਵਾਲੀਆਂ ਗੋਪੀਆਂ ਨੇ ਮਿਲ ਕੇ ਇਸ ਤਰ੍ਹਾਂ ਕਿਹਾ ਹੈ
ਕਿ ਉਸ ਦੇ (ਨੈਣਾਂ ਦੇ ਤੀਰ) ਅਚੂਕ ਲਗੇ ਹਨ, (ਜਿਸ ਕਰ ਕੇ) ਸਾਡਾ ਮਨ ਰੂਪ ਹਿਰਨ ਥਾਂ ਹੀ ਰਿਹਾ ਹੈ (ਅਰਥਾਤ ਮੋਹਿਤ ਹੋ ਗਿਆ ਹੈ) ॥੪੮੭॥
ਵੇਦ ਦੇ ਪੜ੍ਹਨ ਦੇ ਸਮਾਨ (ਉਸ ਨੂੰ) ਫਲ ਮਿਲੇਗਾ ਜੋ ਮੰਗਤਿਆਂ ਨੂੰ ਦਾਨ ਬਹੁਤ ਦੇਵੇਗਾ।
(ਉਹ) ਯਕੀਨ ਕਰਨ ਦੁਆਰਾ ਹਾਸਲ ਹੋਣ ਵਾਲਾ ਫਲ ਹਾਸਲ ਕਰੇਗਾ ਜੋ ਮਹਿਮਾਨਾਂ ਨੂੰ ਅੰਨ ਖੁਵਾਵੇਗਾ।
ਉਹ ਸਾਡੇ ਜੀਵਨ ਦਾ ਦਾਨ ਪ੍ਰਾਪਤ ਕਰੇਗਾ, ਇਸ ਦੇ ਸਮਾਨ ਕੋਈ ਵੀ ਫਲ ਪ੍ਰਾਪਤ ਨਹੀਂ ਕਰੇਗਾ
ਜੋ ਬਨ ਵਿਚ ਸਾਨੂੰ ਛਿਣ ਲਈ ਵੀ ਭਗਵਾਨ ਦੇ ਜ਼ਰਾ ਜਿੰਨੇ ਦਰਸ਼ਨ ਕਰਵਾਏਗਾ ॥੪੮੮॥
ਜਿਸ ਨੇ ਵਿਭੀਸ਼ਣ ਨੂੰ ਲੰਕਾ ਦਿੱਤੀ ਸੀ ਅਤੇ (ਜਿਸ ਨੇ) ਕ੍ਰੋਧ ਕਰ ਕੇ ਦੈਂਤਾਂ ਦੇ ਦਲਾਂ ਨੂੰ ਮਾਰਿਆ ਸੀ।
ਕਵੀ ਸ਼ਿਆਮ ਕਹਿੰਦੇ ਹਨ, ਫਿਰ ਉਸ ਨੇ ਸਾਰੇ ਸਾਧਾਂ ਦੀ ਰਖਿਆ ਕੀਤੀ ਸੀ ਅਤੇ ਦੁਸ਼ਟਾਂ ਦਾ ਨਾਸ ਕੀਤਾ ਸੀ।
ਉਹੀ ਇਸ ਸਥਾਨ ਉਤੇ ਸਾਡੇ ਨਾਲ ਅਤਿ ਅਧਿਕ ਪ੍ਰੀਤ ਕਰ ਕੇ ਛੁਪ ਗਿਆ ਹੈ।
ਹੇ ਜੰਗਲ ਭਰਾ! (ਅਸੀਂ ਤੇਰੇ) ਪੈਰੀਂ ਪੈਂਦੀਆਂ ਹਾਂ, (ਤੂੰ) ਦਸ ਕਿ ਸ੍ਰੀ ਕ੍ਰਿਸ਼ਨ ਕਿਸ ਪਾਸੇ ਵਲ ਗਏ ਹਨ ॥੪੮੯॥
(ਸਾਰੀਆਂ) ਗੋਪੀਆਂ ਬਨ ਵਿਚ ਲਭ ਰਹੀਆਂ ਹਨ, ਪਰ ਖੋਜਣ ਤੇ ਵੀ ਕ੍ਰਿਸ਼ਨ ਬਨ ਵਿਚੋਂ ਮਿਲੇ ਨਹੀਂ ਹਨ।
(ਗੋਪੀਆਂ ਨੇ) ਮਨ ਵਿਚ ਇਕ ਵਿਚਾਰ ਕੀਤਾ ਕਿ ਉਹ ਕਿਥੇ ਉਸ ਥਾਂ ਤੇ ਹੀ ਨਾ ਚਲਾ ਗਿਆ ਹੋਵੇ (ਜਿਥੇ ਉਹ ਸਾਨੂੰ ਖੇਡਦਿਆਂ ਛਡ ਕੇ ਗਿਆ ਸੀ)।
ਮਨ ਵਿਚ ਫਿਰ ਵਿਚਾਰ ਆਇਆ ਅਤੇ ਸੁਰਤ ਨੂੰ ਕ੍ਰਿਸ਼ਨ ('ਪਾਰਥ ਸੂਤ') ਵਲ ਮੋੜਿਆ।
(ਉਸ ਦ੍ਰਿਸ਼ ਦੀ ਕਵੀ ਦੇ ਮਨ) ਇਹ ਉਪਮਾ ਪੈਦਾ ਹੋਈ ਮਾਨੋ ਚਕਵੀਆਂ ਦਰਿਆ ਦੇ ਇਕ ਕਿਨਾਰੇ ਤੋਂ ਦੂਜੇ ਕਿਨਾਰੇ ਵਲ ਜਾ ਕੇ ਪਰਤੀਆਂ ਹੋਣ ॥੪੯੦॥
(ਗੋਪੀਆਂ) ਉਸ ਜਗ੍ਹਾ ਨੂੰ ਆ ਕੇ ਢੂੰਢਦੀਆਂ ਰਹੀਆਂ, ਪਰ ਉਸ ਥਾਂ ਤੇ ਕ੍ਰਿਸ਼ਨ ਨੂੰ ਲਭ ਨਹੀਂ ਸਕੀਆਂ।
ਸਾਰੀਆਂ ਹੈਰਾਨ ਹੋ ਕੇ ਉਥੇ ਖੜੋਤੀਆਂ ਹਨ, ਮਾਨੋ ਚਿਤਰ ਜਾਂ ਮੂਰਤੀ ਵਾਂਗ ਸ਼ੋਭਾ ਪਾ ਰਹੀਆਂ ਹੋਣ।
(ਉਨ੍ਹਾਂ) ਗੋਪੀਆਂ ਫਿਰ (ਇਕ) ਹੋਰ ਉਪਾ ਕੀਤਾ ਕਿ (ਉਨ੍ਹਾਂ ਨੇ) ਕਾਨ੍ਹ ਵਿਚ ਹੀ ਆਪਣਾ ਚਿਤ ਲਗਾ ਲਿਆ।
ਇਕ ਉਠ ਕੇ ਉਸ ਦੇ ਗੁਣ ਗਾਣ ਲਗੀ ਅਤੇ ਇਕ (ਮੁਰਲੀ) ਵਜਾਉਣ ਲਗ ਪਈ ਅਤੇ ਇਕ ਨੇ ਸ੍ਵਾਂਗ ਲਾਣਾ ਸ਼ੁਰੂ ਕਰ ਦਿੱਤਾ ॥੪੯੧॥
ਇਕ ਪੂਤਨਾ (ਬਕੀ) ਬਣ ਗਈ ਹੈ, ਇਕ ਤ੍ਰਿਣਾਵਰਤ ਹੋ ਗਈ ਹੈ ਅਤੇ ਇਕ ਅਘਾਸੁਰ ਬਣ ਕੇ ਆ ਗਈ ਹੈ।
(ਇਕ) ਕ੍ਰਿਸ਼ਨ ਬਣ ਕੇ ਉਨ੍ਹਾਂ (ਦੈਂਤਾਂ ਵਿਚ) ਧਸ ਕੇ ਉਨ੍ਹਾਂ ਨੂੰ ਧਰਤੀ ਉਤੇ ਮਾਰ ਕੇ ਸੁਟ ਦਿੰਦੀ ਹੈ।
ਉਨ੍ਹਾਂ ਦਾ ਮਨ ਕ੍ਰਿਸ਼ਨ ਨਾਲ ਲਗਾ ਹੋਇਆ ਹੈ ਅਤੇ ਛਿਣ ਭਰ ਲਈ ਵੀ ਨਿਖੜਨਾ ਨਹੀਂ ਚਾਹੁੰਦਾ।