ਸ਼੍ਰੀ ਦਸਮ ਗ੍ਰੰਥ

ਅੰਗ - 548


ਕੋਪ ਕੀਯੋ ਨ ਗਹੇ ਰਿਖਿ ਪਾ ਇਹ ਸ੍ਰੀਪਤਿ ਸ੍ਰੀ ਬ੍ਰਿਜਨਾਥ ਬਿਚਾਰਿਯੋ ॥੨੪੬੦॥

(ਵਿਸ਼ਣੂ ਨੇ) ਕ੍ਰੋਧ ਨਾ ਕੀਤਾ, (ਸਗੋਂ) ਰਿਸ਼ੀ ਦੇ ਪੈਰਾਂ ਨੂੰ ਫੜ ਲਿਆ (ਅਤੇ ਅਵਗਿਆ ਦੀ ਮਾਫ਼ੀ ਮੰਗੀ)। ਉਸ ਵਿਸ਼ਣੂ ਨੂੰ ਹੀ ਕ੍ਰਿਸ਼ਨ ਵਿਚਾਰਿਆ ਗਿਆ ਹੈ ॥੨੪੬੦॥

ਬਿਸਨੁ ਜੂ ਬਾਚ ਭ੍ਰਿਗੁ ਸੋ ॥

ਵਿਸ਼ਣੂ ਨੇ ਭ੍ਰਿਗੂ ਨੂੰ ਕਿਹਾ:

ਸਵੈਯਾ ॥

ਸਵੈਯਾ:

ਪਾਇ ਕੋ ਘਾਇ ਰਹਿਓ ਸਹਿ ਕੈ ਹਸ ਕੈ ਦਿਜ ਸੋ ਇਹ ਭਾਤਿ ਉਚਾਰੋ ॥

ਵਿਸ਼ਣੂ ਨੇ ਪੈਰ ਦੀ ਸਟ ਨੂੰ ਸਹਿ ਲਿਆ ਅਤੇ ਹਸ ਕੇ ਬ੍ਰਾਹਮਣ ਨੂੰ ਇਸ ਤਰ੍ਹਾਂ ਕਿਹਾ,

ਬਜ੍ਰ ਸਮਾਨ ਹ੍ਰਿਦੈ ਹਮਰੋ ਲਗਿ ਪਾਇ ਦੁਖਿਓ ਹ੍ਵੈ ਹੈ ਤੁਹਿ ਮਾਰੋ ॥

ਮੇਰੀ ਛਾਤੀ ਬਜ੍ਰ ਵਾਂਗ (ਸਖ਼ਤ) ਹੈ ਅਤੇ ਤੁਸੀਂ (ਜੋ ਪੈਰ) ਮੈਨੂੰ ਮਾਰਿਆ ਹੈ, (ਉਹ ਮੈਨੂੰ) ਲਗਣ ਨਾਲ ਦੁਖਿਆ ਹੋਵੇਗਾ।

ਮਾਗਤਿ ਹਉ ਇਕ ਜੋ ਤੁਮ ਦੇਹੁ ਜੁ ਪੈ ਛਿਮ ਕੈ ਅਪਰਾਧ ਹਮਾਰੋ ॥

ਮੈਂ ਇਕ (ਦਾਨ) ਮੰਗਦਾ ਹਾਂ? ਜੇ ਤੁਸੀਂ ਦੇਵੋ ਤਾਂ ਮੇਰਾ ਅਪਰਾਧ ਖਿਮਾ ਕਰ ਦਿਓ।

ਜੇਤਕ ਰੂਪ ਧਰੋ ਜਗ ਹਉ ਤੁ ਸਦਾ ਰਹੈ ਪਾਇ ਕੋ ਚਿਹਨ ਤੁਹਾਰੋ ॥੨੪੬੧॥

ਮੈਂ ਸੰਸਾਰ ਵਿਚ ਜਿਤਨੇ ਵੀ ਰੂਪ ਧਾਰਨ ਕਰਾਂ, (ਉਨ੍ਹਾਂ ਉਤੇ) ਤੁਹਾਡੇ ਪੈਰ ਦਾ ਚਿੰਨ੍ਹ ਸਦਾ (ਲਗਾ) ਰਹੇ ॥੨੪੬੧॥

ਇਉ ਜਬ ਬੈਨ ਕਹੇ ਬ੍ਰਿਜ ਨਾਇਕ ਤਉ ਰਿਖਿ ਚਿਤ ਬਿਖੈ ਸੁਖੁ ਪਾਯੋ ॥

ਜਦ ਇਸ ਤਰ੍ਹਾਂ ਦੇ ਬੋਲ ਸ੍ਰੀ ਕ੍ਰਿਸ਼ਨ ਨੇ ਕਹੇ, ਤਾਂ ਰਿਸ਼ੀ ਨੇ (ਆਪਣੇ) ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਕੈ ਕੈ ਪ੍ਰਨਾਮ ਘਨੇ ਪ੍ਰਭ ਕਉ ਪੁਨਿ ਆਪਨੇ ਆਸ੍ਰਮ ਮੈ ਫਿਰਿ ਆਯੋ ॥

ਪ੍ਰਭੂ ਨੂੰ ਬਹੁਤ ਵਾਰ ਪ੍ਰਨਾਮ ਕਰ ਕੇ ਫਿਰ (ਉਹ ਬ੍ਰਾਹਮਣ) ਆਪਣੇ ਆਸ਼੍ਰਮ ਵਿਚ ਪਰਤ ਆਇਆ।

ਰੁਦ੍ਰ ਕੋ ਬ੍ਰਹਮ ਕੋ ਬਿਸਨੁ ਕਥਾਨ ਕੋ ਭੇਦ ਸਭੈ ਇਨ ਕੋ ਸਮਝਾਯੋ ॥

ਸ਼ਿਵ ਦੀ, ਬ੍ਰਹਮਾ ਦੀ ਅਤੇ ਵਿਸ਼ਣੂ ਦੀ ਕਥਾ ਦਾ ਸਾਰਾ ਭੇਦ ਇਨ੍ਹਾਂ (ਰਿਸ਼ੀਆਂ) ਨੂੰ ਕਹਿ ਕੇ ਸੁਣਾਇਆ।

ਸ੍ਯਾਮ ਕੋ ਜਾਪ ਜਪੈ ਸਭ ਹੀ ਹਮ ਸ੍ਰੀ ਬ੍ਰਿਜਨਾਥ ਸਹੀ ਪ੍ਰਭ ਪਾਯੋ ॥੨੪੬੨॥

(ਉਦੋਂ ਤੋਂ) ਸਾਰੇ (ਰਿਸ਼ੀ) ਸ੍ਰੀ ਕ੍ਰਿਸ਼ਨ ਦਾ ਜਾਪ ਜਪਣ ਲਗ ਗਏ (ਅਤੇ ਕਹਿਣ ਲਗ ਗਏ ਕਿ) ਅਸਾਂ ਨੇ ਸ੍ਰੀ ਕ੍ਰਿਸ਼ਨ (ਦੇ ਰੂਪ ਵਿਚ) ਸਹੀ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੨੪੬੨॥

ਜਾਪ ਕੀਯੋ ਸਭ ਹੀ ਹਰਿ ਕੋ ਜਬ ਯੋ ਭ੍ਰਿਗੁ ਆਇ ਕੈ ਬਾਤ ਸੁਨਾਈ ॥

ਜਦ ਇਸ ਤਰ੍ਹਾਂ ਭ੍ਰਿਗੂ (ਬ੍ਰਾਹਮਣ) ਨੇ ਆ ਕੇ (ਇਹ) ਗੱਲ ਸੁਣਾਈ (ਤਾਂ) ਸਭ ਨੇ ਸ੍ਰੀ ਕ੍ਰਿਸ਼ਨ ਦਾ ਜਾਪ ਕਰਨਾ (ਸ਼ੁਰੂ) ਕਰ ਦਿੱਤਾ।

ਹੈ ਰੇ ਅਨੰਤ ਕਹਿਓ ਕਰੁਨਾਨਿਧਿ ਬੇਦ ਸਕੈ ਨਹੀ ਜਾਹਿ ਬਤਾਈ ॥

ਹੇ (ਭਾਈ! ਵਿਸ਼ਣੂ ਹੀ) ਅਨੰਤ ਹੈ, (ਇਸੇ ਨੂੰ) ਕਰਣਾਨਿਧੀ ਕਿਹਾ ਜਾਂਦਾ ਹੈ, ਜਿਸ (ਦੇ ਭੇਦ) ਨੂੰ ਵੇਦ ਵੀ ਦਸ ਨਹੀਂ ਸਕਦੇ।

ਕ੍ਰੋਧੀ ਹੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੋ ਹੈ ਡਿੰਭ ਜਨਾਈ ॥

ਰੁਦ੍ਰ ਕ੍ਰੋਧੀ ਹੈ ਅਤੇ ਗਲ ਵਿਚ ਰੁੰਡਾਂ (ਸਿਰਾਂ) ਦੀ ਮਾਲਾ ਪਾਈ ਬੈਠਾ ਹੈ। (ਇਸ ਤਰ੍ਹਾਂ) ਪਾਖੰਡ ਦਾ ਪ੍ਰਗਟਾਵਾ ਕਰ ਰਿਹਾ ਹੈ।

ਤਾਹਿ ਜਪੋ ਨ ਜਪੋ ਹਰਿ ਕੋ ਪ੍ਰਭ ਸ੍ਰੀ ਬ੍ਰਿਜਨਾਥ ਸਹੀ ਠਹਰਾਈ ॥੨੪੬੩॥

ਉਸ ਨੂੰ ਨਾ ਜਪੋ, ਹਰਿ (ਸ੍ਰੀ ਕ੍ਰਿਸ਼ਨ) ਨੂੰ ਜਪੋ, (ਕਿਉਂਕਿ ਉਸ ਵਿਚ) ਸਹੀ ਪ੍ਰਭੂ ਨਿਸਚੇ ਕਰ ਲਿਆ ਹੈ ॥੨੪੬੩॥

ਜਾਪ ਜਪਿਯੋ ਸਭ ਹੂ ਹਰਿ ਕੋ ਜਬ ਯੌ ਭ੍ਰਿਗੁ ਆਨਿ ਰਿਖੋ ਸਮਝਾਯੋ ॥

ਜਦ ਇਸ ਤਰ੍ਹਾਂ ਭ੍ਰਿਗੂ ਨੇ ਆ ਕੇ ਰਿਸ਼ੀ ਨੂੰ ਸਮਝਾਇਆ ਤਾਂ ਸਾਰੇ ਵਿਸ਼ਣੂ ਦਾ ਜਾਪ ਜਪਣ ਲਗ ਗਏ।

ਜਿਉ ਜਗ ਭੂਤ ਪਿਸਾਚਨ ਮਾਨਤ ਤੈਸੋ ਈ ਲੈ ਇਕ ਰੁਦ੍ਰ ਬਨਾਯੋ ॥

ਜਿਵੇਂ ਜਗਤ ਵਿਚ ਭੂਤਾਂ ਅਤੇ ਪਿਸ਼ਾਚਾਂ ਨੂੰ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ (ਜਗਤ ਵਾਲਿਆਂ ਨੇ) ਇਕ ਰੁਦ੍ਰ ਬਣਾ ਦਿੱਤਾ ਹੈ।

ਕੋ ਬ੍ਰਹਮਾ ਕਰਿ ਮਾਲਾ ਲੀਏ ਜਪੁ ਤਾ ਕੋ ਕਰੈ ਤਿਹ ਕੋ ਨਹੀ ਪਾਯੋ ॥

ਬ੍ਰਹਮਾ ਕੌਣ ਹੈ? ਹੱਥ ਵਿਚ ਮਾਲਾ ਲੈ ਕੇ ਉਸ ਦਾ ਜਪ ਕੌਣ ਕਰੇ (ਕਿਉਂਕਿ) ਉਸ ਨਾਲ (ਪਰਮ-ਸੱਤਾ) ਨੂੰ ਨਹੀਂ ਪਾਇਆ ਜਾ ਸਕਦਾ।

ਸ੍ਰੀ ਬ੍ਰਿਜਨਾਥ ਕੋ ਧਿਆਨ ਧਰੋ ਸੁ ਧਰਿਓ ਤਿਨ ਅਉਰ ਸਭੈ ਬਿਸਰਾਯੋ ॥੨੪੬੪॥

(ਇਸ ਲਈ) ਸ੍ਰੀ ਕ੍ਰਿਸ਼ਨ ਦਾ ਧਿਆਨ ਧਰੋ, (ਜਿਨ੍ਹਾਂ ਨੇ) ਉਸ ਨੂੰ ਧਾਰਨ ਕੀਤਾ ਹੈ, ਉਨ੍ਹਾਂ ਨੇ ਹੋਰ ਸਭ ਨੂੰ ਭੁਲਾ ਦਿੱਤਾ ਹੈ ॥੨੪੬੪॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਭ੍ਰਿਗੁਲਤਾ ਪ੍ਰਸੰਗ ਬਰਨਨੰ ਨਾਮ ਧਿਆਇ ਸਮਾਪਤਮ ॥

ਇਥੇ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ 'ਭ੍ਰਿਗੁਲਤਾ ਪ੍ਰਸੰਗ ਦਾ ਬਰਨਨ' ਅਧਿਆਇ ਦੀ ਸਮਾਪਤੀ।

ਅਥ ਪਾਰਥ ਦਿਜ ਕੇ ਨਮਿਤ ਚਿਖਾ ਸਾਜ ਆਪ ਜਲਨ ਲਗਾ ॥

ਹੁਣ ਬ੍ਰਾਹਮਣ ਨਿਮਿਤ ਅਰਜਨ ਦਾ ਚਿਖਾ ਬਣਾ ਕੇ ਆਪ ਸੜਨ ਲਗਣਾ

ਚੌਪਈ ॥

ਚੌਪਈ:

ਇਕ ਦਿਜ ਹੁਤੋ ਸੁ ਹਰਿ ਘਰਿ ਆਯੋ ॥

ਇਕ ਬ੍ਰਾਹਮਣ ਹੁੰਦਾ ਸੀ, ਉਹ ਸ੍ਰੀ ਕਿਸ਼ਨ ਦੇ ਘਰ ਆਇਆ।

ਚਿਤ ਬਿਤ ਤੇ ਅਤਿ ਸੋਕ ਜਨਾਯੋ ॥

ਮਾਨਸਿਕ ਅਤੇ ਆਰਥਿਕ (ਦੋਹਾਂ ਤਰ੍ਹਾਂ ਦਾ) ਦੁਖ ਪ੍ਰਗਟ ਕੀਤਾ।

ਮੇਰੇ ਸੁਤ ਸਭ ਹੀ ਜਮ ਮਾਰੇ ॥

ਮੇਰੇ ਸਾਰੇ ਹੀ ਪੁੱਤਰ ਜਮ ਨੇ ਮਾਰ ਦਿੱਤੇ ਹਨ।

ਪ੍ਰਭ ਜੂ ਯਾ ਜਗ ਜੀਯਤ ਤੁਹਾਰੇ ॥੨੪੬੫॥

ਹੇ ਨਾਥ ਜੀ! ਤੁਹਾਡੇ ਜੀਉਂਦਿਆਂ ਹੀ ਇਸ ਜਗਤ ਵਿਚ (ਇਤਨਾ ਅਨਰਥ ਹੋ ਰਿਹਾ ਹੈ) ॥੨੪੬੫॥

ਸਵੈਯਾ ॥

ਸਵੈਯਾ:

ਦੇਖਿ ਬ੍ਰਿਲਾਪ ਤਬੈ ਦਿਜ ਪਾਰਥ ਤਉਨ ਸਮੈ ਅਤਿ ਓਜ ਜਨਾਯੋ ॥

ਤਦ ਬ੍ਰਾਹਮਣ ਦਾ ਵਿਰਲਾਪ ਵੇਖ ਕੇ (ਅਰਥਾਤ ਸੁਣ ਕੇ) ਅਰਜਨ ਨੇ ਉਸ ਵੇਲੇ (ਆਪਣਾ) ਬਹੁਤ ਤੇਜ ਜਣਾਇਆ।

ਰਾਖਿ ਹੋ ਹਉ ਨਹਿ ਰਾਖੇ ਗਏ ਤਬ ਲਜਤ ਹ੍ਵੈ ਜਰਬੋ ਜੀਅ ਆਯੋ ॥

(ਹੁਣ ਮੈਂ ਤੇਰੇ ਪੁੱਤਰ ਦੀ) ਰਖਿਆ ਕਰਾਂਗਾ, (ਪਰ ਮੋਇਆ ਹੋਇਆ ਹੀ ਪੈਦਾ ਹੋਣ ਕਾਰਨ ਅਰਜਨ ਬੱਚੇ ਦੀ) ਰਖਿਆ ਨਾ ਕਰ ਸਕਿਆ। ਤਦ ਲਜਿਤ ਹੋ ਕੇ (ਉਸ ਦਾ) ਮਨ ਸੜਨ (ਮਰਨ) ਤੇ ਆ ਗਿਆ।

ਸ੍ਰੀ ਬ੍ਰਿਜਨਾਥ ਤਬੈ ਤਿਹ ਪੈ ਚਲਿ ਆਵਤ ਭਯੋ ਹਠ ਤੇ ਸਮਝਾਯੋ ॥

ਉਦੋਂ ਸ੍ਰੀ ਕ੍ਰਿਸ਼ਨ ਚਲ ਕੇ ਉਸ ਕੋਲ ਆ ਗਏ ਅਤੇ (ਅਰਜਨ ਨੂੰ) ਹਠ (ਨੂੰ ਛਡਣ) ਲਈ ਸਮਝਾਇਆ।

ਤਾਹੀ ਕਉ ਲੈ ਸੰਗਿ ਆਪਿ ਅਰੂੜਤ ਹ੍ਵੈ ਰਥ ਪੈ ਤਿਨ ਓਰਿ ਸਿਧਾਯੋ ॥੨੪੬੬॥

ਉਸ ਨੂੰ ਨਾਲ ਲੈ ਕੇ ਰਥ ਉਤੇ ਸਵਾਰ ਹੋ ਕੇ ਉਨ੍ਹਾਂ (ਬਾਲਕਾਂ) ਵਲ ਚਲ ਪਏ ॥੨੪੬੬॥

ਗਯੋ ਹਰਿ ਜੀ ਚਲ ਕੈ ਤਿਹ ਠਾ ਅੰਧਿਆਰ ਘਨੋ ਜਿਹ ਦ੍ਰਿਸਟਿ ਨ ਆਵੈ ॥

ਸ੍ਰੀ ਕ੍ਰਿਸ਼ਨ ਚਲ ਕੇ ਉਸ ਸਥਾਨ ਤੇ ਪਹੁੰਚੇ ਜਿਥੇ ਬਹੁਤ ਹਨੇਰਾ ਸੀ ਅਤੇ (ਕੁਝ ਵੀ) ਨਜ਼ਰ ਨਹੀਂ ਸੀ ਆਉਂਦਾ।

ਦ੍ਵਾਦਸ ਸੂਰ ਚੜੈ ਤਿਹ ਠਾ ਤੁ ਸਭੈ ਤਿਨ ਕੀ ਗਤਿ ਹ੍ਵੈ ਤਮ ਜਾਵੈ ॥

ਉਸ ਥਾਂ ਉਤੇ ਬਾਰ੍ਹਾਂ ਸੂਰਜ ਚੜ੍ਹੇ ਹਨ, ਪਰ ਉਨ੍ਹਾਂ ਦੀ ਗਤਿ (ਰੌਸ਼ਨੀ) ਹਨੇਰਾ ਹੀ ਬਣ ਜਾਂਦੀ ਹੈ।

ਪਾਰਥ ਤਾਹੀ ਚੜਿਯੋ ਰਥ ਪੈ ਡਰਪਾਤਿ ਭਯੋ ਪ੍ਰਭ ਯੌ ਸਮਝਾਵੈ ॥

ਅਰਜਨ ਵੀ ਉਸੇ ਰਥ ਉਤੇ ਚੜ੍ਹਿਆ ਸੀ ਅਤੇ ਡਰਦਾ ਸੀ। ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਇਸ ਤਰ੍ਹਾਂ ਸਮਝਾਇਆ।

ਚਿੰਤ ਕਰੋ ਨ ਸੁਦਰਸਨਿ ਚਕ੍ਰ ਦਿਪੈ ਜਦ ਹੀ ਹਰਿ ਮਾਰਗੁ ਪਾਵੈ ॥੨੪੬੭॥

(ਹੇ ਅਰਜਨ!) ਚਿੰਤਾ ਨਾ ਕਰ, ਸੁਦਰਸ਼ਨ ਚੱਕਰ ਜਦ ਪ੍ਰਕਾਸ਼ਿਤ ਹੁੰਦਾ ਹੈ, ਤਾਂ ਸ੍ਰੀ ਕ੍ਰਿਸ਼ਨ ਮਾਰਗ ਲਭ ਲੈਂਦਾ ਹੈ ॥੨੪੬੭॥

ਚੌਪਈ ॥

ਚੌਪਈ:

ਜਹਾ ਸੇਖਸਾਈ ਥੋ ਸੋਯੋ ॥

ਜਿਥੇ 'ਸ਼ੇਸ਼ਸਈ' ਸੇਸ਼ਨਾਗ ਦੀ ਸੇਜ ਉਤੇ

ਅਹਿ ਆਸਨ ਪਰ ਸਭ ਦੁਖੁ ਖੋਯੋ ॥

ਸਾਰੇ ਦੁਖ ਦੂਰ ਕਰ ਕੇ ਸੁਤੇ ਹੋਏ ਸਨ।

ਜਗਯੋ ਸ੍ਯਾਮ ਜਬ ਹੀ ਦਰਸਾਯੋ ॥

(ਜਗਤ ਤੋਂ ਗਏ) ਸ੍ਰੀ ਕ੍ਰਿਸ਼ਨ ਨੂੰ ਜਿਸ ਵੇਲੇ (ਸ਼ੇਸ਼ਸਈ ਨੇ) ਜਾਗ ਕੇ ਵੇਖਿਆ,

ਅਪਨੇ ਮਨ ਅਤਿ ਹੀ ਸੁਖੁ ਪਾਯੋ ॥੨੪੬੮॥

ਤਾਂ ਮਨ ਵਿਚ ਬਹੁਤ ਸੁਖ ਪਾਇਆ ॥੨੪੬੮॥

ਕਿਹ ਕਾਰਨ ਇਹ ਠਾ ਹਰਿ ਆਏ ॥

ਹੇ ਕ੍ਰਿਸ਼ਨ! ਤੁਸੀਂ ਇਸ ਸਥਾਨ ਉਤੇ ਕਿਸ ਕਰ ਕੇ ਆਏ ਹੋ।

ਹਮ ਜਾਨਤ ਹਮ ਅਬ ਸੁਖ ਪਾਏ ॥

ਅਸੀਂ ਜਾਣਦੇ ਹਾਂ, ਅਸੀਂ ਹੁਣ ਸੁਖ ਪ੍ਰਾਪਤ ਕੀਤਾ ਹੈ।

ਜਾਨਤ ਦਿਜ ਬਾਲਕ ਅਬ ਲੀਜੈ ॥

ਜਾਣਦੇ ਹਾਂ, ਹੁਣ ਬ੍ਰਾਹਮਣ-ਬਾਲਕ ਲੈ ਜਾਓ।

ਏਕ ਘਰੀ ਇਹ ਠਾ ਸੁਖ ਦੀਜੈ ॥੨੪੬੯॥

ਇਕ ਘੜੀ ਇਸ ਥਾਂ (ਤੇ ਬੈਠ ਕੇ) ਸੁਖ ਦਿਓ ॥੨੪੬੯॥

ਚੌਪਈ ॥

ਚੌਪਈ:

ਜਬਿ ਹਰਿ ਕਰਿ ਦਿਜ ਬਾਲਕ ਆਏ ॥

ਜਦ ਸ੍ਰੀ ਕ੍ਰਿਸ਼ਨ ਦੇ ਹੱਥ ਵਿਚ ਬ੍ਰਾਹਮਣ ਦੇ ਬਾਲਕ ਆ ਗਏ।

ਤਬ ਤਿਹ ਕਉ ਏ ਬਚਨ ਸੁਨਾਏ ॥

ਤਦ ਉਨ੍ਹਾਂ ਨੇ ਇਹ ਬੋਲ (ਕਹਿ ਕੇ) ਸੁਣਾਏ।

ਜਾਤ ਜਾਇ ਦਿਜ ਬਾਲਕ ਦੈ ਹੋ ॥

ਜਾਓ ਅਤੇ ਜਾਂਦਿਆਂ ਹੀ ਬ੍ਰਾਹਮਣ ਨੂੰ ਬਾਲਕ ਦੇ ਦਿਓ


Flag Counter