ਸ਼੍ਰੀ ਦਸਮ ਗ੍ਰੰਥ

ਅੰਗ - 1382


ਮਹਾ ਕਾਲ ਕੁਪਿ ਸਸਤ੍ਰ ਪ੍ਰਹਾਰੈ ॥

ਮਹਾ ਕਾਲ ਨੇ ਕ੍ਰੋਧਿਤ ਹੋ ਕੇ ਸ਼ਸਤ੍ਰਾਂ ਦੇ ਵਾਰ ਕੀਤੇ।

ਸਾਧ ਉਬਾਰਿ ਦੁਸਟ ਸਭ ਮਾਰੇ ॥੩੨੧॥

ਸਾਧਾਂ ਨੂੰ ਬਚਾ ਲਿਆ ਅਤੇ ਸਾਰਿਆਂ ਦੁਸ਼ਟਾਂ ਨੂੰ ਮਾਰ ਦਿੱਤਾ ॥੩੨੧॥

ਭੁਜੰਗ ਛੰਦ ॥

ਭੁਜੰਗ ਛੰਦ:

ਮਚੇ ਆਨਿ ਮੈਦਾਨ ਮੈ ਬੀਰ ਭਾਰੇ ॥

ਯੁੱਧ-ਭੂਮੀ ਵਿਚ ਬਲਵਾਨ ਸੂਰਮੇ ਡਟ ਗਏ।

ਦਿਖੈ ਕੌਨ ਜੀਤੈ ਦਿਖੈ ਕੌਨ ਹਾਰੇ ॥

ਵੇਖਦੇ ਹਾਂ, ਕੌਣ ਜਿਤਦਾ ਹੈ ਅਤੇ ਕੌਣ ਹਾਰਦਾ ਹੈ।

ਲਏ ਸੂਲ ਔ ਸੇਲ ਕਾਤੀ ਕਟਾਰੀ ॥

(ਹੱਥਾਂ ਵਿਚ) ਤ੍ਰਿਸੂਲ, ਬਰਛੇ, ਕਾਤੀਆਂ ਅਤੇ ਕਟਾਰਾਂ ਲੈ ਕੇ

ਚਹੂੰ ਓਰ ਗਾਜੇ ਹਠੀ ਬੀਰ ਭਾਰੀ ॥੩੨੨॥

ਚੌਹਾਂ ਪਾਸਿਆਂ ਵਿਚ ਹਠੀਲੇ ਸੂਰਮੇ ਗਜਣ ਲਗੇ ॥੩੨੨॥

ਬਜੇ ਘੋਰ ਸੰਗ੍ਰਾਮ ਮੋ ਘੋਰ ਬਾਜੇ ॥

ਉਸ ਭਿਆਨਕ ਯੁੱਧ ਵਿਚ ਘੋਰ ਵਾਜੇ ਵਜਣ ਲਗੇ।

ਚਹੂੰ ਓਰ ਬਾਕੇ ਰਥੀ ਬੀਰ ਗਾਜੇ ॥

ਚੌਹਾਂ ਪਾਸੇ ਰਥਾਂ ਵਾਲੇ ਬਾਂਕੇ ਸੂਰਮੇ ਗਜਣ ਲਗੇ।

ਲਏ ਸੂਲ ਔ ਸੇਲ ਕਾਤੀ ਕਟਾਰੇ ॥

(ਉਨ੍ਹਾਂ ਨੇ ਹੱਥ ਵਿਚ) ਤ੍ਰਿਸ਼ੂਲ, ਬਰਛੇ, ਕਾਤੀਆਂ ਅਤੇ ਕਟਾਰਾਂ ਲਈਆਂ ਹੋਈਆਂ ਸਨ।

ਮਚੇ ਕੋਪ ਕੈ ਕੈ ਹਠੀਲੇ ਰਜ੍ਰਯਾਰੇ ॥੩੨੩॥

ਹਠੀਲੇ ਰਜਵਾੜੇ ਕ੍ਰੋਧਿਤ ਹੋ ਕੇ ਜੰਗ ਮਚਾ ਰਹੇ ਸਨ ॥੩੨੩॥

ਕਹੂੰ ਧੂਲਧਾਨੀ ਛੁਟੈ ਫੀਲ ਨਾਲੈ ॥

ਕਿਤੇ ਲੰਮੀਆਂ ਬੰਦੂਕਾਂ ਅਤੇ ਹਾਥੀਆਂ ਨਾਲ ਖਿਚੀਆਂ ਜਾਣ ਵਾਲੀਆਂ ਤੋਪਾਂ ਚਲ ਰਹੀਆਂ ਸਨ

ਕਹੂੰ ਬਾਜ ਨਾਲੈ ਮਹਾ ਘੋਰ ਜ੍ਵਾਲੈ ॥

ਅਤੇ ਕਿਤੇ ਘੋੜਿਆਂ ਦੁਆਰਾ ਖਿਚੀਆਂ ਜਾਣ ਵਾਲੀ ਤੋਪਾਂ ਅਗਨੀ ਉਗਲ ਰਹੀਆਂ ਸਨ।

ਕਹੂੰ ਸੰਖ ਭੇਰੀ ਪ੍ਰਣੋ ਢੋਲ ਬਾਜੈ ॥

ਕਿਤੇ ਸੰਖ, ਭੇਰੀਆਂ, ਪ੍ਰਣੋ (ਛੋਟੇ ਢੋਲ) ਅਤੇ ਢੋਲ ਵਜ ਰਹੇ ਸਨ।

ਕਹੂੰ ਸੂਰ ਠੋਕੈ ਭੁਜਾ ਭੂਪ ਗਾਜੈ ॥੩੨੪॥

ਕਿਤੇ ਸੂਰਮੇ ਡੌਲਿਆਂ ਉਤੇ ਹੱਥ ਮਾਰ ਰਹੇ ਸਨ ਅਤੇ (ਕਿਤੇ) ਰਾਜੇ ਗਜ ਰਹੇ ਸਨ ॥੩੨੪॥

ਕਹੂੰ ਘੋਰ ਬਾਦਿਤ੍ਰ ਬਾਜੈ ਨਗਾਰੇ ॥

ਕਿਤੇ ਘੋਰ ਵਾਜੇ ਅਤੇ ਨਗਾਰੇ ਵਜ ਰਹੇ ਸਨ।

ਕਹੂੰ ਬੀਰ ਬਾਜੀ ਗਿਰੇ ਖੇਤ ਮਾਰੇ ॥

ਕਿਤੇ ਮਾਰੇ ਹੋਏ ਸੂਰਮੇ ਅਤੇ ਘੋੜੇ ਯੁੱਧ-ਭੂਮੀ ਵਿਚ ਡਿਗੇ ਪਏ ਸਨ।

ਕਹੂੰ ਖੇਤ ਨਾਚੈ ਪਠੇ ਪਖਰਾਰੇ ॥

ਕਿਤੇ ਯੁੱਧ-ਖੇਤਰ ਵਿਚ ਜਵਾਨ ਘੋੜ-ਸਵਾਰ ਨਚ ਰਹੇ ਸਨ

ਕਹੂੰ ਸੂਰ ਸੰਗ੍ਰਾਮ ਸੋਹੈ ਡਰਾਰੇ ॥੩੨੫॥

ਅਤੇ ਕਿਤੇ ਭਿਆਨਕ ਸੂਰਮੇ ਯੁੱਧ-ਸਥਲ ਵਿਚ ਸ਼ੋਭ ਰਹੇ ਸਨ ॥੩੨੫॥

ਕਹੂ ਬਾਜ ਮਾਰੇ ਕਹੂੰ ਝੂਮ ਹਾਥੀ ॥

ਕਿਤੇ ਘੋੜੇ ਮਰੇ ਪਏ ਸਨ ਅਤੇ ਕਿਤੇ ਹਾਥੀ ਘੁੰਮੇਰੀ ਖਾ ਕੇ (ਡਿਗੇ ਪਏ ਸਨ)।

ਕਹੂੰ ਫੈਟ ਭਾਥੀ ਜੁਝੇ ਬਾਧਿ ਸਾਥੀ ॥

ਕਿਤੇ ਲਕ ਨਾਲ ਬੰਨ੍ਹੇ ਹੋਏ ਭਥਿਆਂ ਵਾਲੇ ਸੂਰਮੇ ਮਰੇ ਪਏ ਸਨ।

ਕਹੂੰ ਗਰਜਿ ਠੋਕੈ ਭੁਜਾ ਭੂਪ ਭਾਰੇ ॥

ਕਿਤੇ ਭਾਰੀ ਭੂਪ ਆਪਣੀਆਂ ਭੁਜਾਵਾਂ ਨੂੰ ਠੋਕ ਕੇ ਗਰਜ ਰਹੇ ਸਨ।

ਬਮੈ ਸ੍ਰੋਨ ਕੇਤੇ ਗਿਰੇ ਖੇਤ ਮਾਰੇ ॥੩੨੬॥

ਕਈ ਸੂਰਮੇ ਯੁੱਧ-ਖੇਤਰ ਵਿਚ ਮਰੇ ਪਏ ਸਨ ਅਤੇ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ ਨਿਕਲ ਰਿਹਾ ਸੀ ॥੩੨੬॥

ਚੌਪਈ ॥

ਚੌਪਈ:

ਇਹ ਬਿਧਿ ਅਸੁਰ ਜਬੈ ਚੁਨਿ ਮਾਰੇ ॥

ਇਸ ਤਰ੍ਹਾਂ ਜਦੋਂ ਦੈਂਤਾਂ ਨੂੰ ਚੁਣ ਚੁਣ ਕੇ ਮਾਰ ਦਿੱਤਾ ਗਿਆ,

ਅਮਿਤ ਰੋਸ ਕਰਿ ਔਰ ਸਿਧਾਰੇ ॥

(ਤਦੋਂ) ਬਹੁਤ ਕ੍ਰੋਧਵਾਨ ਹੋ ਕੇ ਹੋਰ ਆ ਗਏ।

ਬਾਧੇ ਫੈਟ ਬਿਰਾਜੈ ਭਾਥੀ ॥

ਉਹ ਲਕ ਨਾਲ ਭੱਥਾ ਬੰਨ੍ਹ ਕੇ ਸ਼ੋਭ ਰਹੇ ਸਨ।

ਆਗੇ ਚਲੇ ਅਮਿਤ ਧਰਿ ਹਾਥੀ ॥੩੨੭॥

ਬੇਸ਼ੁਮਾਰ ਯੋਧੇ ਹਾਥੀਆਂ ਨੂੰ ਅਗੇ ਕਰ ਕੇ ਚਲ ਰਹੇ ਸਨ ॥੩੨੭॥

ਸਾਥ ਲਏ ਅਨਗਨ ਪਖਰਾਰੇ ॥

(ਉਨ੍ਹਾਂ ਨੇ) ਆਪਣੇ ਨਾਲ ਬਹੁਤ ਸਾਰੇ ਘੋੜ-ਸਵਾਰ ਲਏ ਹੋਏ ਸਨ।

ਉਮਡਿ ਚਲੇ ਦੈ ਢੋਲ ਨਗਾਰੇ ॥

(ਉਹ) ਢੋਲ ਅਤੇ ਨਗਾਰੇ ਵਜਾਉਂਦੇ ਹੋਏ ਉਮਡ ਕੇ ਚਲ ਪਏ ਸਨ।

ਸੰਖ ਝਾਝ ਅਰੁ ਢੋਲ ਬਜਾਇ ॥

ਉਹ ਸੰਖ, ਝਾਂਝ ਅਤੇ ਢੋਲ ਵਜਾਉਂਦੇ ਹੋਏ

ਚਮਕਿ ਚਲੇ ਚੌਗੁਨ ਕਰਿ ਚਾਇ ॥੩੨੮॥

ਚੌਗੁਣੇ ਉਤਸਾਹ ਨਾਲ ਚਲ ਪਏ ਸਨ ॥੩੨੮॥

ਡਵਰੂ ਕਹੂੰ ਗੁੜਗੁੜੀ ਬਾਜੈ ॥

ਕਿਤੇ ਡੌਰੂ ਅਤੇ ਕਿਤੇ ਡੁਗਡੁਗੀ ਵਜ ਰਹੀ ਸੀ।

ਠੋਕਿ ਭੁਜਾ ਰਨ ਮੋ ਭਟ ਗਾਜੈ ॥

ਯੋਧੇ ਭੁਜਾਵਾਂ ਨੂੰ ਠੋਕ ਕੇ ਰਣ ਵਿਚ ਗਜ ਰਹੇ ਸਨ।

ਮੁਰਜ ਉਪੰਗ ਮੁਰਲਿਯੈ ਘਨੀ ॥

ਕਿਤੇ ਬਹੁਤ ਮੁਰਜ, ਉਪੰਗ ਅਤੇ ਮੁਰਲੀਆਂ (ਵਜ ਰਹੀਆਂ ਸਨ)।

ਭੇਰ ਝਾਜ ਬਾਜੈ ਰੁਨਝੁਨੀ ॥੩੨੯॥

(ਕਿਤੇ) ਭੇਰੀਆਂ ਤੇ ਝਾਂਝਾਂ ਨੇ ਰੁਣਝੁਣ ਲਗਾਈ ਹੋਈ ਸੀ ॥੩੨੯॥

ਕਹੀ ਤੂੰਬਰੇ ਬਜੈ ਅਪਾਰਾ ॥

ਕਿਤੇ ਬੇਅੰਤ ਤੰਬੂਰੇ ਵਜ ਰਹੇ ਸਨ,

ਬੇਨ ਬਾਸੁਰੀ ਕਹੂੰ ਹਜਾਰਾ ॥

(ਕਿਤੇ) ਹਜ਼ਾਰਾਂ ਬੀਨਾਂ ਅਤੇ ਬੰਸਰੀਆਂ ਵਜ ਰਹੀਆਂ ਸਨ।

ਸੁਤਰੀ ਫੀਲ ਨਗਾਰੇ ਘਨੇ ॥

ਊਠਾਂ ('ਸੁਤਰੀ') ਅਤੇ ਹਾਥੀਆਂ ('ਫੀਲ') ਉਤੇ ਬੰਨ੍ਹੇ ਹੋਏ ਬੇਅੰਤ ਨਗਾਰੇ

ਅਮਿਤ ਕਾਨ੍ਰਹਰੇ ਜਾਤ ਨ ਗਨੇ ॥੩੩੦॥

ਅਤੇ ਅਮਿਤ ਕਾਨ੍ਹਰੇ (ਵਿਸ਼ੇਸ਼ ਵਾਜੇ) (ਇਤਨੇ ਅਧਿਕ ਸਨ ਕਿ) ਗਿਣੇ ਨਹੀਂ ਜਾ ਸਕਦੇ ਸਨ ॥੩੩੦॥

ਇਹ ਬਿਧਿ ਭਯੋ ਜਬੈ ਸੰਗ੍ਰਾਮਾ ॥

ਜਦੋਂ ਇਸ ਤਰ੍ਹਾਂ ਨਾਲ ਯੁੱਧ ਹੋ ਰਿਹਾ ਸੀ,

ਨਿਕਸੀ ਦਿਨ ਦੂਲਹ ਹ੍ਵੈ ਬਾਮਾ ॥

(ਤਦੋਂ ਇਕ) ਦਿਨ ਦੂਲਹ (ਦੇਈ) ਨਾਂ ਦੀ ਇਸਤਰੀ ਪ੍ਰਗਟ ਹੋਈ।

ਸਿੰਘ ਬਾਹਨੀ ਧੁਜਾ ਬਿਰਾਜੈ ॥

(ਉਹ) ਸ਼ੇਰ ਉਤੇ ਸਵਾਰ ਸੀ ਅਤੇ (ਉਸ ਦੀ) ਧੁਜਾ ਸ਼ੋਭ ਰਹੀ ਸੀ,

ਜਾਹਿ ਬਿਲੋਕ ਦੈਤ ਦਲ ਭਾਜੈ ॥੩੩੧॥

ਜਿਸ ਨੂੰ ਵੇਖ ਕੇ ਦੈਂਤ ਦਲ ਭਜ ਰਹੇ ਸਨ ॥੩੩੧॥

ਆਵਤ ਹੀ ਬਹੁ ਅਸੁਰ ਸੰਘਾਰੇ ॥

(ਉਸ ਨੇ) ਆਉਂਦਿਆਂ ਹੀ ਬਹੁਤ ਸਾਰੇ ਦੈਂਤ ਮਾਰ ਦਿੱਤੇ

ਤਿਲ ਤਿਲ ਪ੍ਰਾਇ ਰਥੀ ਕਰਿ ਡਾਰੇ ॥

ਅਤੇ ਰਥਾਂ ਵਾਲਿਆਂ ਨੂੰ ਤਿਲ ਤਿਲ ਦੇ ਬਰਾਬਰ ('ਪ੍ਰਾਇ') ਕਰ ਸੁਟਿਆ।

ਕਾਟਿ ਦਈ ਕੇਤਿਨ ਕੀ ਧੁਜਾ ॥

ਕਿਤਨਿਆਂ ਦੀਆਂ ਧੁਜਾਵਾਂ ਕਟ ਦਿੱਤੀਆਂ

ਜੰਘਾ ਪਾਵ ਸੀਸ ਅਰੁ ਭੁਜਾ ॥੩੩੨॥

ਅਤੇ (ਕਈਆਂ ਦੀਆਂ) ਜੰਘਾਂ, ਪੈਰ, ਸਿਰ ਅਤੇ ਭੁਜਾਵਾਂ (ਕਟ ਸੁਟੀਆਂ) ॥੩੩੨॥


Flag Counter