ਸ਼੍ਰੀ ਦਸਮ ਗ੍ਰੰਥ

ਅੰਗ - 334


ਪ੍ਰਾਤਿ ਭਏ ਜਗ ਕੇ ਦਿਖਬੇ ਕਹੁ ਕੀਨ ਸੁ ਸੁੰਦਰ ਖੇਲ ਨਏ ਹੈ ॥੪੦੮॥

ਪ੍ਰਭਾਤ ਹੁੰਦੇ ਹੀ ਜਾਗ ਕੇ ਜਗਤ ਨੂੰ ਵੇਖਣ ਲਈ (ਉਨ੍ਹਾਂ ਨੇ) ਨਵੇਂ ਨਵੇਂ ਖੇਲ ਕੀਤੇ ਹਨ ॥੪੦੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਇੰਦ੍ਰ ਭੂਲ ਬਖਸਾਵਨ ਨਾਮ ਬਰਨਨੰ ਧਿਆਇ ਸਮਾਪਤਮ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ 'ਇੰਦਰ ਭੁਲ ਬਖਸ਼ਾਵਨ' ਨਾਂ ਦੇ ਅਧਿਆਇ ਦੀ ਸਮਾਪਤੀ।

ਅਥ ਨੰਦ ਕੋ ਬਰੁਨ ਬਾਧ ਕਰਿ ਲੈ ਗਏ ॥

ਹੁਣ ਨੰਦ ਨੂੰ ਵਰਨ ਬੰਨ੍ਹ ਕੇ ਲੈ ਗਏ:

ਸਵੈਯਾ ॥

ਸਵੈਯਾ:

ਨਿਸਿ ਏਕ ਦ੍ਵਾਦਸਿ ਕੇ ਹਰਿ ਤਾਤ ਚਲਿਯੋ ਜਮੁਨਾ ਮਹਿ ਨ੍ਰਹਾਵਨ ਕਾਜੈ ॥

ਦੁਆਦਸ ਥਿਤ ਦੀ ਇਕ ਰਾਤ ਨੂੰ ਬਾਬਾ ਨੰਦ ਜਮਨਾ ਵਿਚ ਨਹਾਉਣ ਨੂੰ ਚਲਿਆ।

ਆਹਿ ਪਰਿਓ ਜਲ ਮੈ ਬਰੁਨੰ ਗਜ ਕੋਪਿ ਗਹਿਯੋ ਸਭ ਜੋਰਿ ਸਮਾਜੈ ॥

ਜਦੋਂ ਨੰਦ ਜਲ ਵਿਚ ਵੜਿਆ ਤਾਂ ਵਰੁਨ (ਦੇਵਤੇ) ਦੇ ਹਾਥੀ ਨੇ ਸਾਰੇ ਸਾਥੀਆਂ ਨੂੰ ਇਕੱਠਾ ਕਰ ਕੇ ਕ੍ਰੋਧ ਨਾਲ (ਉਸ ਨੂੰ) ਫੜ ਲਿਆ।

ਬਾਧ ਚਲੇ ਸੰਗਿ ਲੈ ਬਰੁਨੰ ਪਹਿ ਕਾਨਰ ਕੇ ਬਿਨੁ ਹੀ ਕੁਪਿ ਗਾਜੈ ॥

(ਨੰਦ ਨੂੰ) ਬੰਨ੍ਹ ਕੇ ਆਪਣੇ ਵਰੁਨ ਕੋਲ ਲੈ ਆਇਆ ਹੈ ਅਤੇ ਬਿਨਾ ਕ੍ਰਿਸ਼ਨ ਦੇ ਬਲ ਨੂੰ ਜਾਣੇ ਗੱਜ ਰਿਹਾ ਹੈ।

ਜਾਇ ਕੈ ਠਾਢਿ ਕਰਿਓ ਜਬ ਹੀ ਪਹਿਚਾਨ ਲਯੋ ਦਰੀਆਵਨ ਰਾਜੈ ॥੪੦੯॥

ਜਦੋਂ (ਉਸ ਨੂੰ) ਲੈ ਜਾ ਕੇ ਖੜਾ ਕੀਤਾ ਤਾਂ ਦਰਿਆਵਾਂ ਦੇ ਰਾਜੇ (ਵਰੁਨ ਨੇ ਉਸ ਨੂੰ) ਪਛਾਣ ਲਿਆ ॥੪੦੯॥

ਨੰਦ ਬਿਨਾ ਪੁਰਿ ਸੁੰਨ ਭਯੋ ਸਭ ਹੀ ਮਿਲ ਕੈ ਹਰਿ ਜੀ ਪਹਿ ਆਏ ॥

ਨੰਦ ਤੋਂ ਬਿਨਾ ਨਗਰ ਸੁੰਨਾ ਹੋ ਗਿਆ ਅਤੇ ਸਾਰੇ (ਗਵਾਲੇ) ਮਿਲ ਕੇ ਸ੍ਰੀ ਕ੍ਰਿਸ਼ਨ ਕੋਲ ਆਏ।

ਆਇ ਪ੍ਰਨਾਮ ਕਰੇ ਪਰ ਪਾਇਨ ਨੰਦ ਤ੍ਰਿਯਾਦਿਕ ਤੇ ਘਿਘਿਆਏ ॥

ਆ ਕੇ ਪੈਰੀਂ ਪਏ ਅਤੇ ਪ੍ਰਣਾਮ ਕੀਤਾ ਅਤੇ ਨੰਦ ਦੀ ਇਸਤਰੀ (ਜਸੋਧਾ) ਆਦਿ ਨੇ ਲਿਲਕਣੀ ਕਢ ਕੇ

ਕੈ ਬਹੁ ਭਾਤਨ ਸੋ ਬਿਨਤੀ ਕਰਿ ਕੈ ਭਗਵਾਨ ਕੋ ਆਇ ਰਿਝਾਏ ॥

ਅਤੇ ਬਹੁਤ ਤਰ੍ਹਾਂ ਨਾਲ ਬੇਨਤੀ ਕਰ ਕੇ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਰਿਝਾ ਲਿਆ।

ਮੋ ਪਤਿ ਆਜ ਗਏ ਉਠ ਕੈ ਹਮ ਢੂੰਢਿ ਰਹੇ ਕਹੂੰਐ ਨਹੀ ਪਾਏ ॥੪੧੦॥

(ਜਸੋਧਾ ਨੇ ਕਿਹਾ) ਮੇਰਾ ਪਤੀ ਅਜ ਉਠ ਕੇ (ਇਸ਼ਨਾਨ ਕਰਨ) ਗਏ (ਪਰ ਵਾਪਸ ਨਹੀਂ ਆਏ)। ਅਸੀਂ ਲਭ ਚੁਕੇ ਹਾਂ ਪਰ ਕਿਥੋਂ ਮਿਲੇ ਨਹੀਂ ॥੪੧੦॥

ਕਾਨ੍ਰਹ ਬਾਚ ॥

ਕਾਨ੍ਹ ਨੇ ਕਿਹਾ:

ਸ੍ਵੈਯਾ ॥

ਸਵੈਯਾ:

ਤਾਤ ਕਹਿਓ ਹਸਿ ਕੈ ਜਸੁਧਾ ਪਹਿ ਤਾਤ ਲਿਆਵਨ ਕੌ ਹਮ ਜੈ ਹੈ ॥

ਜਸੋਧਾ ਨੂੰ ਪੁੱਤਰ (ਸ੍ਰੀ ਕ੍ਰਿਸ਼ਨ) ਨੇ ਹਸ ਕੇ ਕਿਹਾ ਕਿ ਪਿਤਾ ਨੂੰ ਲਿਆਉਣ ਲਈ ਮੈਂ ਜਾਵਾਂਗਾ।

ਸਾਤ ਅਕਾਸ ਪਤਾਲ ਸੁ ਸਾਤਹਿ ਜਾਇ ਜਹੀ ਤਹ ਜਾਹੀ ਤੇ ਲਿਯੈ ਹੈ ॥

ਸੱਤ ਆਕਾਸ਼ਾਂ ਅਤੇ ਸੱਤ ਪਾਤਾਲਾਂ ਤਕ ਜਾਵਾਂਗਾ, ਜਿਥੇ ਵੀ ਗਿਆ ਹੈ, ਉਥੋਂ ਹੀ ਜਾ ਕੇ ਲਿਆਵਾਂਗਾ।

ਜੌ ਮਰ ਗਿਓ ਤਉ ਜਾ ਜਮ ਕੇ ਪੁਰਿ ਅਯੁਧ ਲੈ ਕੁਪਿ ਭਾਰਥ ਕੈ ਹੈ ॥

ਜੇ ਮਰ ਗਿਆ ਹੋਇਆ, ਤਾਂ ਯਮਲੋਕ ਵਿਚ ਜਾ ਕੇ, ਕ੍ਰੋਧਵਾਨ ਹੋ ਕੇ ਸ਼ਸਤ੍ਰਾਂ ਨਾਲ ਯੁੱਧ ਕਰਾਂਗਾ।

ਨੰਦ ਕੋ ਆਨਿ ਮਿਲਾਇ ਹਉ ਹਉ ਕਿਹ ਜਾਇ ਰਮੇ ਤਊ ਜਾਨ ਨ ਦੈ ਹੈ ॥੪੧੧॥

ਮੈਂ ਨੰਦ ਨੂੰ ਲਿਆ ਕੇ ਮਿਲਾ ਦਿਆਂਗਾ। ਜੇ ਕਿਸੇ ਨਾਲ ਮਿਲ ਗਿਆ ਹੋਵੇਗਾ ਤਾਂ ਵੀ ਮੈਂ ਜਾਣ ਨਹੀਂ ਦੇਵਾਂਗਾ ॥੪੧੧॥

ਗੋਪ ਪ੍ਰਨਾਮ ਗਏ ਕਰ ਕੈ ਗ੍ਰਿਹਿ ਤੋ ਹਸਿ ਕੈ ਇਮ ਕਾਨ੍ਰਹ ਕਹਿਯੋ ਹੈ ॥

(ਜਦੋਂ) ਗਵਾਲੇ ਪ੍ਰਣਾਮ ਕਰ ਕੇ ਘਰਾਂ ਨੂੰ ਚਲੇ ਗਏ, ਤਦੋਂ ਕ੍ਰਿਸ਼ਨ ਨੇ ਹਸ ਕੇ ਇਉਂ ਕਿਹਾ,

ਗੋਪਨ ਕੇ ਪਤਿ ਕੋ ਮਿਲ ਹੋਂ ਇਹ ਝੂਠ ਨਹੀ ਫੁਨ ਸਤਿ ਲਹਿਯੋ ਹੈ ॥

ਮੈਂ ਗਵਾਲਿਆਂ ਦੇ ਸੁਆਮੀ (ਨੰਦ) ਨੂੰ ਮਿਲਾਂਗਾ। ਇਹ ਝੂਠ ਨਹੀਂ, ਇਸ ਨੂੰ ਸੱਚ ਸਮਝ ਲਵੋ।

ਗੋਪਨ ਕੇ ਮਨ ਕੋ ਅਤਿ ਹੀ ਦੁਖ ਬਾਤ ਸੁਨੇ ਹਰਿ ਦੂਰਿ ਬਹਿਓ ਹੈ ॥

ਗਵਾਲਿਆਂ ਦੇ ਮਨ ਵਿਚ (ਜਿਹੜਾ) ਅਤਿ ਅਧਿਕ ਦੁਖ ਸੀ, (ਉਹ) ਕ੍ਰਿਸ਼ਨ ਦੀ ਗੱਲ ਸੁਣ ਕੇ ਦੂਰ ਹੋ ਗਿਆ ਹੈ।

ਛਾਡਿ ਅਧੀਰਜ ਦੀਨ ਸਭੋ ਫੁਨਿ ਧੀਰਜ ਕੋ ਮਨ ਗਾਢ ਗਹਿਓ ਹੈ ॥੪੧੨॥

ਸਭ ਨੇ ਅਧੀਰਜ ਨੂੰ ਛਡ ਕੇ ਫਿਰ ਧੀਰਜ ਨੂੰ ਮਨ ਵਿਚ ਦ੍ਰਿੜ੍ਹ ਕਰ ਲਿਆ ਹੈ ॥੪੧੨॥

ਪ੍ਰਾਤ ਭਏ ਹਰਿ ਜੀ ਉਠ ਕੈ ਜਲ ਬੀਚ ਧਸਿਓ ਬਰਨੰ ਪਹਿ ਆਯੋ ॥

ਪ੍ਰਭਾਤ ਹੁੰਦਿਆਂ ਹੀ ਕ੍ਰਿਸ਼ਨ ਉਠ ਕੇ ਜਲ ਵਿਚ ਦਾਖਲ ਹੋ ਕੇ ਵਰੁਨ (ਦੇਵਤੇ) ਕੋਲ ਆਏ।

ਆਇ ਕੈ ਠਾਢਿ ਭਯੋ ਜਬ ਹੀ ਨਦੀਆ ਪਤਿ ਪਾਇਨ ਸੋ ਲਪਟਾਯੋ ॥

ਜਿਉਂ ਹੀ ਆ ਕੇ (ਸ੍ਰੀ ਕ੍ਰਿਸ਼ਨ ਵਰੁਨ ਕੋਲ) ਖੜੋਤੇ, (ਤਾਂ ਉਸੇ ਵੇਲੇ) ਨਦੀਆਂ ਦਾ ਸੁਆਮੀ (ਵਰੁਨ) ਚਰਨਾਂ ਨਾਲ ਲਿਪਟ ਗਿਆ।

ਭ੍ਰਿਤਨ ਮੋ ਅਜਨੇ ਤੁਮ ਤਾਤ ਅਨਿਓ ਬੰਧ ਕੇ ਕਹਿ ਕੈ ਘਿਘਿਆਯੋ ॥

(ਫਿਰ ਕਹਿਣ ਲਗਾ) 'ਮੇਰੇ ਸੇਵਕਾਂ ਨੇ ਅਣਜਾਣੇ ਹੀ ਤੁਹਾਡੇ ਪਿਤਾ ਨੂੰ ਬੰਨ੍ਹ ਲਿਆਂਦਾ ਹੈ', (ਇਹ ਕਹਿ ਕੇ ਤਰਲੇ ਕਢਣ ਲਗਾ)

ਕਾਨ੍ਰਹ ਛਿਮਾਪਨ ਦੋਖ ਕਰੋ ਇਹ ਭੇਦ ਹਮੈ ਲਖ ਕੈ ਨਹੀ ਪਾਯੋ ॥੪੧੩॥

ਹੇ ਕ੍ਰਿਸ਼ਨ! ਮੇਰਾ ਦੋਸ਼ ਖਿਮਾ ਕਰੋ, ਅਸੀਂ (ਤੁਹਾਡਾ) ਇਹ ਭੇਦ ਸਮਝ ਨਹੀਂ ਸਕੇ ॥੪੧੩॥

ਜਿਨਿ ਰਾਜ ਭਭੀਛਨ ਰੀਝਿ ਦਯੋ ਰਿਸ ਕੈ ਜਿਨਿ ਰਾਵਨ ਖੇਤ ਮਰਿਓ ਹੈ ॥

ਜਿਸ ਨੇ ਰੀਝ ਕੇ ਵਿਭੀਸ਼ਣ ਨੂੰ ਰਾਜ ਦਿੱਤਾ ਹੈ ਅਤੇ ਜਿਸਨੇ ਕ੍ਰੋਧਵਾਨ ਹੋ ਕੇ ਰਾਵਣ ਨੂੰ ਯੁੱਧ-ਭੂਮੀ ਵਿਚ ਮਾਰਿਆ ਹੈ,

ਜਾਹਿ ਮਰਿਓ ਮੁਰ ਨਾਮ ਅਘਾਸੁਰ ਪੈ ਬਲਿ ਕੋ ਛਲ ਸੋ ਜੁ ਛਲਿਓ ਹੈ ॥

ਜਿਸ ਨੇ ਮੁਰ (ਦੈਂਤ) ਅਤੇ ਅਘਾਸੁਰ ਨਾਂ ਵਾਲੇ (ਦੈਂਤ) ਨੂੰ ਮਾਰਿਆ ਹੈ ਅਤੇ ਛਲ ਨਾਲ ਬਲਿ ਰਾਜੇ ਨੂੰ ਛਲਿਆ ਹੈ;

ਜਾਹਿ ਜਲੰਧਰ ਕੀ ਤ੍ਰਿਯ ਕੋ ਤਿਹ ਮੂਰਤਿ ਕੈ ਸਤ ਜਾਹਿ ਟਰਿਯੋ ਹੈ ॥

ਜਿਸ ਨੇ ਜਲੰਧਰ ਦੀ ਇਸਤਰੀ ਦੇ ਸਤ ਨੂੰ, ਉਸ (ਦੇ ਪਤੀ ਦਾ) ਸਰੂਪ (ਧਾਰ ਕੇ) ਭੰਗ ਕੀਤਾ ਹੈ;

ਧੰਨ ਹੈ ਭਾਗ ਕਿਧੋ ਹਮਰੇ ਤਿਹ ਕੋ ਹਮ ਪੇਖਬਿ ਆਜੁ ਕਰਿਓ ਹੈ ॥੪੧੪॥

ਸਾਡੇ ਧੰਨਭਾਗ ਹਨ ਜਿਸ ਦਾ ਦਰਸ਼ਨ ਅਸੀਂ ਅਜ ਕੀਤਾ ਹੈ ॥੪੧੪॥

ਦੋਹਰਾ ॥

ਦੋਹਰਾ:

ਪਾਇਨ ਪਰ ਕੈ ਬਰਨਿ ਜੂ ਦਯੋ ਨੰਦ ਕਉ ਸਾਥਿ ॥

(ਕ੍ਰਿਸ਼ਨ ਦੇ) ਪੈਰੀਂ ਪੈ ਕੇ ਵਰੁਨ ਨੇ ਨੰਦ ਨੂੰ ਨਾਲ ਤੋਰ ਦਿੱਤਾ ਅਤੇ ਕਿਹਾ,

ਕਹਿਯੋ ਭਾਗ ਮੁਹਿ ਧੰਨਿ ਹੈ ਚਲੈ ਪੁਸਤਕਨ ਗਾਥ ॥੪੧੫॥

ਮੇਰੇ ਧੰਨ ਭਾਗ ਹਨ ਕਿ (ਇਹ) ਗਾਥਾ ਪੁਸਤਕਾਂ ਵਿਚ (ਚਿਰ ਕਾਲ ਤਕ) ਚਲੇਗੀ ॥੪੧੫॥

ਸਵੈਯਾ ॥

ਸਵੈਯਾ:

ਤਾਤ ਕੋ ਸਾਥ ਲਯੋ ਭਗਵਾਨ ਚਲਿਯੋ ਪੁਰ ਕੋ ਮਨਿ ਆਨੰਦ ਭੀਨੋ ॥

ਪਿਤਾ ਨੂੰ ਨਾਲ ਲੈ ਕੇ ਅਤੇ ਆਨੰਦ ਨਾਲ ਭਿਜ ਕੇ ਸ੍ਰੀ ਕ੍ਰਿਸ਼ਨ (ਆਪਣੇ) ਨਗਰ ਨੂੰ ਚਲ ਪਏ।

ਬਾਹਰਿ ਲੋਕ ਮਿਲੇ ਬ੍ਰਿਜ ਕੇ ਕਰਿ ਕਾਨ੍ਰਹ ਪ੍ਰਣਾਮ ਪ੍ਰਾਕ੍ਰਮ ਕੀਨੋ ॥

ਬ੍ਰਜ ਦੇ ਲੋਕ ਬਾਹਰ ਹੀ ਮਿਲ ਪਏ ਅਤੇ ਪਰਾਕ੍ਰਮ ਕਰਨ ਕਰ ਕੇ ਕਾਨ੍ਹ ਨੂੰ ਪ੍ਰਣਾਮ ਕਰਨ ਲਗੇ।

ਪਾਇ ਪਰੇ ਹਰਿ ਕੇ ਬਹੁ ਬਾਰਨ ਦਾਨ ਘਨੋ ਦਿਜ ਲੋਕਨ ਦੀਨੋ ॥

(ਉਹ ਲੋਕ) ਬਹੁਤ ਵਾਰ ਸ੍ਰੀ ਕ੍ਰਿਸ਼ਨ ਦੇ ਚਰਨੀ ਪਏ ਅਤੇ ਬ੍ਰਾਹਮਣਾਂ ਨੂੰ ਬਹੁਤ ਦਾਨ ਦਿੱਤੇ।

ਆਇ ਮਿਲਾਇ ਦਯੋ ਬ੍ਰਿਜ ਕੋ ਪਤਿ ਸਤਿ ਹਮੈ ਕਰਤਾ ਕਰ ਦੀਨੋ ॥੪੧੬॥

(ਜਦ) ਬ੍ਰਜ ਦੇ ਸੁਆਮੀ ਨੂੰ (ਸ੍ਰੀ ਕ੍ਰਿਸ਼ਨ ਨੇ) ਲਿਆ ਕੇ ਮਿਲਾ ਦਿੱਤਾ (ਤਾਂ ਕਹਿਣ ਲਗੇ ਕਿ) ਅਸੀਂ ਸਚਮੁਚ ਕਾਨ੍ਹ ਨੂੰ ਕਰਤਾ ਰੂਪ ਪਛਾਣ ਲਿਆ ਹੈ ॥੪੧੬॥

ਨੰਦ ਬਾਚ ॥

ਨੰਦ ਨੇ ਕਿਹਾ:

ਸਵੈਯਾ ॥

ਸਵੈਯਾ:

ਬਾਹਰਿ ਆਨਿ ਕਹਿਯੋ ਬ੍ਰਿਜ ਕੇ ਪਤਿ ਕਾਨਰ ਹੀ ਜਗ ਕੋ ਕਰਤਾ ਰੇ ॥

ਬ੍ਰਜ ਦੇ ਸੁਆਮੀ (ਨੰਦ) ਨੇ (ਜਲ ਤੋਂ) ਬਾਹਰ ਆ ਕੇ ਕਿਹਾ ਕਿ ਕਾਨ੍ਹ ਹੀ ਜਗਤ ਦੇ ਕਰਤਾ ਹਨ।

ਰਾਜ ਦਯੋ ਇਨ ਰੀਝਿ ਬਿਭੀਛਨਿ ਰਾਵਨ ਸੇ ਰਿਪੁ ਕੋਟਿਕ ਮਾਰੇ ॥

ਇਸ ਨੇ ਰੀਝ ਕੇ ਵਿਭੀਸ਼ਣ ਨੂੰ ਰਾਜ ਦਿੱਤਾ ਸੀ ਅਤੇ ਰਾਵਣ ਵਰਗੇ ਕਰੋੜਾਂ ਵੈਰੀ ਮਾਰੇ ਸਨ।

ਭ੍ਰਿਤਨ ਲੈ ਬਰੁਣੈ ਬੰਧਿਓ ਤਿਹ ਤੇ ਮੁਹਿ ਆਨਿਓ ਹੈ ਯਾਹੀ ਛਡਾ ਰੇ ॥

ਵਰਨ (ਦੇਵਤੇ) ਦੇ ਸੇਵਕਾਂ ਨੇ (ਮੈਨੂੰ) ਬੰਨ੍ਹ ਲਿਆ, ਉਨ੍ਹਾਂ ਪਾਸੋਂ ਮੈਨੂੰ ਇਸੇ ਨੇ ਛੁੜਾ ਕੇ ਲਿਆਂਦਾ ਹੈ।

ਕੈ ਜਗ ਕੋ ਕਰਤਾ ਸਮਝੋ ਇਹ ਕੋ ਕਰਿ ਕੈ ਸਮਝੋ ਨਹੀ ਬਾਰੇ ॥੪੧੭॥

ਇਸ ਨੂੰ ਜਗਤ ਦਾ ਕਰਤਾ ਕਰ ਕੇ ਸਮਝੋ, ਨਾ ਕਿ ਬਾਲਕ ਸਮਝੋ ॥੪੧੭॥

ਗੋਪ ਸਭੋ ਅਪੁਨੇ ਮਨ ਭੀਤਰ ਜਾਨਿ ਹਰੀ ਇਹ ਭੇਦ ਬਿਚਾਰਿਓ ॥

ਸਾਰਿਆਂ ਗਵਾਲਿਆਂ ਨੇ ਆਪਣੇ ਮਨ ਵਿਚ ਇਹ ਭੇਦ ਵਿਚਾਰ ਕੇ ਕਿ ਇਹ (ਕ੍ਰਿਸ਼ਨ) ਹੀ ਭਗਵਾਨ ਹੈ,

ਦੇਖਹਿ ਜਾਇ ਬੈਕੁੰਠ ਸਭੈ ਹਮ ਪੈ ਇਹ ਕੈ ਇਹ ਭਾਤਿ ਉਚਾਰਿਓ ॥

'ਅਸੀਂ ਸਾਰੇ ਜਾ ਕੇ ਬੈਕੁੰਠ ਵੇਖਣਾ ਚਾਹੁੰਦੇ ਹਾਂ', ਇਸ ਤਰ੍ਹਾਂ ਉਨ੍ਹਾਂ ਨੇ ਕਿਹਾ।

ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਅਪੁਨੈ ਮੁਖ ਤੇ ਇਮ ਸਾਰਿਓ ॥

ਉਸ ਛਬੀ ਦੇ ਉੱਚੇ ਅਤੇ ਮਹਾਨ ਯਸ਼ ਨੂੰ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਦਸਿਆ

ਗਿਆਨ ਹ੍ਵੈ ਪਾਰਸੁ ਗੋਪਨ ਲੋਹ ਕੌ ਕਾਨ੍ਰਹ ਸਭੈ ਕਰਿ ਕੰਚਨ ਡਾਰਿਓ ॥੪੧੮॥

ਕਿ ਗਿਆਨ ਪ੍ਰਾਪਤ ਹੋ ਜਾਣ ਤੇ ਕ੍ਰਿਸ਼ਨ ਰੂਪ ਪਾਰਸ ਨੇ ਗਵਾਲਿਆਂ ਰੂਪ ਲੋਹੇ ਨੂੰ ਸੋਨਾ ਕਰ ਦਿੱਤਾ ਹੈ ॥੪੧੮॥


Flag Counter