ਸ਼੍ਰੀ ਦਸਮ ਗ੍ਰੰਥ

ਅੰਗ - 1221


ਕਬੈ ਹਾਥ ਮਾਹੀ ਛਿਪਾਵੈ ਉਘਾਰੈ ॥

ਕਦੇ (ਉਹ ਚਿੱਠੀ ਨੂੰ) ਹੱਥ ਵਿਚ ਲੁਕਾਉਂਦੀ ਅਤੇ ਕਦੇ ਉਘਾੜਦੀ।

ਮਨੋ ਨਿਰਧਨੀ ਦ੍ਰਬ ਪਾਯੋ ਨਿਹਾਰੈ ॥੯॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਨਿਰਧਨ ਵਿਅਕਤੀ ਧਨ ਨੂੰ ਪ੍ਰਾਪਤ ਕਰ ਕੇ ਵੇਖਦਾ ਹੋਵੇ ॥੯॥

ਤਬੈ ਚੰਚਲਾ ਚਿਤ ਮੈ ਯੌ ਬਿਚਾਰੀ ॥

ਤਦ ਇਸਤਰੀ ਨੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ

ਤਿਸੈ ਜਾਨਿ ਕੈ ਨਾਥ ਪਾਤੀ ਉਘਾਰੀ ॥

ਅਤੇ ਉਸ ਨੂੰ ਪ੍ਰੀਤਮ ਦੀ ਚਿੱਠੀ ਸਮਝ ਕੇ ਖੋਲ੍ਹ ਲਿਆ।

ਜੋਊ ਨਾਥ ਕੀ ਜਾਨਿ ਪਾਤੀ ਉਘਾਰੈ ॥

(ਸੋਚਦੀ ਕਿ) ਜੋ (ਕੋਈ ਇਸਤਰੀ) ਪ੍ਰੀਤਮ ਦੀ ਚਿੱਠੀ ਸਮਝ ਕੇ ਖੋਲ੍ਹਦੀ ਹੈ,

ਨ ਤਾ ਕੌ ਬਿਧਾਤਾ ਮਹਾ ਨਰਕ ਡਾਰੈ ॥੧੦॥

ਉਸ ਨੂੰ ਵਿਧਾਤਾ ਮਹਾ ਨਰਕ ਵਿਚ ਨਹੀਂ ਸੁਟਦਾ ॥੧੦॥

ਹੁਤੋ ਏਕ ਰਾਜਾ ਤਹਾ ਛਤ੍ਰਧਾਰੀ ॥

ਉਥੇ ਇਕ ਛਤ੍ਰਧਾਰੀ ਰਾਜਾ ਸੀ

ਪ੍ਰਭਾ ਸੈਨ ਕੇ ਪ੍ਰਾਨ ਕੋ ਹੰਤਕਾਰੀ ॥

ਜੋ ਪ੍ਰਭਾ ਸੈਨ ਦੇ ਪ੍ਰਾਣਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ।

ਤਿਨਿਛਿਆ ਇਹੈ ਚਿਤ ਕੇ ਮਾਝ ਕੀਨੀ ॥

ਉਸ ਨੇ ਇਹ ਇੱਛਾ ਆਪਣੇ ਮਨ ਵਿਚ ਕੀਤੀ

ਸੋਈ ਲਿਖ੍ਯ ਕੈ ਪਤ੍ਰ ਕੇ ਮਧਿ ਦੀਨੀ ॥੧੧॥

ਅਤੇ ਉਹੀ ਇਸ ਪੱਤਰ ਵਿਚ ਲਿਖ ਦਿੱਤੀ ॥੧੧॥

ਬਿਖ੍ਯਾ ਨਾਮ ਜਾ ਕੀ ਸੁਪੁਤ੍ਰੀ ਅਪਾਰਾ ॥

ਜਿਸ ਦੀ ਅਪਾਰ (ਸੁੰਦਰ) ਪੁੱਤਰੀ ਦਾ ਨਾਂ 'ਬਿਖਿਆ' ਸੀ,

ਤਿਸੀ ਓਰ ਲਿਖਿ ਪਤ੍ਰਿਕੈ ਮਾਝ ਡਾਰਾ ॥

ਉਸੇ (ਰਾਜੇ) ਵਲ ਇਹ ਚਿੱਠੀ ਲਿਖ ਕੇ ਰਖੀ ਗਈ ਸੀ।

ਪ੍ਰਭਾ ਸੈਨ ਆਯੋ ਜਬੈ ਜਾਨਿ ਲੀਜੋ ॥

ਜਦੋਂ ਪ੍ਰਭਾ ਸੈਨ ਰਾਜਾ ਆਇਆ ਹੋਇਆ ਸਮਝ ਲਵੋ

ਬਿਖੈ ਲੈ ਤਿਸੀ ਕਾਲ ਮੈ ਤਾਸੁ ਦੀਜੋ ॥੧੨॥

ਤਾਂ ਉਸੇ ਵੇਲੇ ਉਸ ਨੂੰ ਵਿਸ਼ ('ਬਿਖ') ਦੇ ਦੇਣਾ ॥੧੨॥

ਰਹੀ ਪਤ੍ਰਿ ਕੋ ਬਾਚ ਕੈ ਚੌਕਿ ਚਿਤੈ ॥

ਉਹ ਚਿੱਠੀ ਪੜ੍ਹ ਕੇ ਮਨ ਵਿਚ ਚੌਂਕ ਪਈ।

ਕਿਯੋ ਮੰਤ੍ਰ ਇਕ ਮਿਤ੍ਰ ਕੀ ਰਛ ਹਿਤੈ ॥

ਉਸ ਨੇ ਮਿਤਰ ਦੀ ਰਖਿਆ ਲਈ ਇਕ ਵਿਚਾਰ ਕੀਤਾ।

ਲਿਯੋ ਆਂਜਿ ਕੈ ਅੰਜਨੈ ਹਾਥ ਪ੍ਯਾਰੀ ॥

ਉਸ ਨੇ ਹੱਥ ਨਾਲ ਅੱਖਾਂ ਵਿਚੋਂ ਸੁਰਮੇ ਨੂੰ ਲਗਾਇਆ

ਬਿਖ੍ਯਾ ਬਿਖਿ ਕੈ ਦੈਨ ਤਾ ਕੌ ਸੁ ਡਾਰੀ ॥੧੩॥

ਅਤੇ 'ਬਿਖ' ਦੀ ਥਾਂ 'ਬਿਖਿਆ' ਦੇਣ ਲਈ ਲਿਖ ਕੇ ਪਾ ਦਿੱਤਾ (ਅਰਥਾਤ 'ਬਿਖ' ਨੂੰ 'ਬਿਖਿਆ' ਬਣਾ ਦਿੱਤਾ) ॥੧੩॥

ਰਹੀ ਜਾਤ ਬਾਲਾ ਤਬੈ ਰਾਜ ਜਾਗੇ ॥

ਜਦੋਂ ਉਹ ਕੰਨਿਆ ਚਲੀ ਗਈ ਤਾਂ ਰਾਜਾ ਜਾਗਿਆ।

ਵਹੈ ਪਤ੍ਰਿਕਾ ਹਾਥ ਲੈ ਕੈ ਨੁਰਾਗੇ ॥

ਅਤੇ ਉਹ ਪੱਤਰ ਪ੍ਰੇਮ ਪੂਰਵਕ ਹੱਥ ਵਿਚ ਪਕੜ ਲਿਆ।

ਪਿਤਾ ਤੌਨ ਕੇ ਹਾਥ ਲੈ ਕੇ ਸੁ ਦੀਨੀ ॥

(ਉਹ ਚਿੱਠੀ) ਲੈ ਕੇ ਬਿਖਿਆ ਦੇ ਪਿਤਾ ਨੂੰ ਦੇ ਦਿੱਤੀ।

ਸੁਨ੍ਯੋ ਮਿਤ੍ਰ ਕੋ ਨਾਮੁ ਲੈ ਭੂਪ ਚੀਨੀ ॥੧੪॥

ਮਿਤਰ ਦਾ ਨਾਂ ਸੁਣ ਕੇ ਰਾਜੇ ਨੇ ਉਸ ਨੂੰ ਪਛਾਣ ਲਿਆ ॥੧੪॥

ਜਬੈ ਪਤ੍ਰਿਕਾ ਛੋਰਿ ਕੈ ਭੂਪ ਬਾਚੀ ॥

ਜਦ ਰਾਜੇ ਨੇ ਚਿੱਠੀ ਖੋਲ ਕੇ ਪੜ੍ਹੀ,

ਇਹੈ ਬਾਤ ਰਾਜੈ ਲਿਖੀ ਮਿਤ੍ਰ ਸਾਚੀ ॥

ਤਾਂ (ਉਸ ਨੇ ਸੋਚਿਆ ਕਿ) ਇਹ ਮਿਤਰ ਰਾਜੇ ਨੇ ਸੱਚੀ ਗੱਲ ਲਿਖੀ ਹੈ।

ਬਿਖ੍ਯਾ ਬਾਚਿ ਪਤ੍ਰੀ ਉਸੀ ਕਾਲ ਦੀਜੋ ॥

ਚਿੱਠੀ ਪੜ੍ਹਦਿਆਂ ਹੀ ਉਸੇ ਵੇਲੇ ਬਿਖਿਆ ਦੇ ਦੇਣਾ

ਘਰੀ ਏਕ ਬੇਲੰਬ ਰਾਜਾ ਨ ਕੀਜੋ ॥੧੫॥

ਅਤੇ ਹੇ ਰਾਜਨ! ਇਕ ਘੜੀ ਵੀ ਦੇਰ ਨਹੀਂ ਕਰਨੀ ॥੧੫॥

ਬਿਖ੍ਯਾ ਰਾਜ ਕੰਨ੍ਯਾ ਮਹਾਰਾਜ ਦੀਨੀ ॥

ਬਿਖਿਆ ਨਾਂ ਦੀ ਰਾਜ ਕੰਨਿਆ ਨੂੰ ਮਹਾਰਾਜ ਨੇ ਦੇ ਦਿੱਤਾ।

ਕਹਾ ਚੰਚਲਾ ਚੇਸਟਾ ਚਾਰ ਕੀਨੀ ॥

(ਵੇਖੋ) ਚੰਚਲਾ ਨੇ ਕਿਤਨੀ ਸੁੰਦਰ ਚੇਸ਼ਟਾ ਕੀਤੀ ਹੈ।

ਕਛੂ ਭੇਦ ਤਾ ਕੋ ਸੁ ਰਾਜੈ ਨ ਪਾਯੋ ॥

ਰਾਜੇ ਨੇ ਉਸ ਦਾ ਕੁਝ ਵੀ ਭੇਦ ਨਹੀਂ ਪਾਇਆ

ਪ੍ਰਭਾ ਸੈਨ ਰਾਜਾ ਤਿਸੈ ਬ੍ਯਾਹਿ ਲ੍ਯਾਯੋ ॥੧੬॥

ਅਤੇ ਪ੍ਰਭਾ ਸੈਨ ਰਾਜਾ ਉਸ ਨੂੰ ਵਿਆਹ ਕੇ ਲੈ ਆਇਆ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੬॥੫੪੪੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੬॥੫੪੪੧॥ ਚਲਦਾ॥

ਦੋਹਰਾ ॥

ਦੋਹਰਾ:

ਘਾਟਮ ਪੁਰ ਕੁਰਰੇ ਬਿਖੈ ਏਕ ਮੁਗਲ ਕੀ ਬਾਲ ॥

ਘਾਟਮ ਪੁਰ ਦੇ ਇਕ ਬਾਗ਼ ('ਕੁਰਰੇ') ਵਿਚ ਇਕ ਮੁਗ਼ਲ ਬਾਲਿਕਾ ਨੇ

ਭ੍ਰਾਤਾ ਸਾਥ ਚਰਿਤ੍ਰ ਤਿਨ ਕਿਯੋ ਸੁ ਸੁਨਹੁ ਨ੍ਰਿਪਾਲ ॥੧॥

ਭਰਾ ਨਾਲ ਚਰਿਤ੍ਰ ਕੀਤਾ। ਹੇ ਰਾਜਨ! ਉਹ ਸੁਣੋ ॥੧॥

ਚੌਪਈ ॥

ਚੌਪਈ:

ਸੌਦਾ ਨਿਮਿਤ ਭ੍ਰਾਤ ਤਿਹ ਗਯੋ ॥

ਉਸ (ਬਾਲਿਕਾ) ਦਾ ਭਰਾ ਸੌਦਾਗਰੀ ਲਈ (ਬਾਹਰ) ਗਿਆ

ਖਾਟਿ ਕਮਾਇ ਅਧਿਕ ਧਨ ਲਯੋ ॥

ਅਤੇ ਖਟ ਕਮਾ ਕੇ ਬਹੁਤ ਸਾਰਾ ਧਨ ਲੈ ਕੇ ਆਇਆ।

ਨਿਸਿ ਕਹ ਧਾਮ ਭਗਨਿ ਕੋ ਆਯੋ ॥

(ਉਹ) ਰਾਤ ਵੇਲੇ ਭੈਣ ਦੇ ਘਰ ਆਇਆ।

ਕੰਠ ਲਾਗਿ ਤਿਨ ਮੋਹ ਜਤਾਯੋ ॥੨॥

(ਭੈਣ ਨੇ) ਉਸ ਨੂੰ ਗਲੇ ਨਾਲ ਲਗਾ ਕੇ (ਆਪਣਾ) ਮੋਹ ਜਤਾਇਆ ॥੨॥

ਅਪਨੀ ਸਕਲ ਬ੍ਰਿਥਾ ਤਿਨ ਭਾਖੀ ॥

(ਭਰਾ ਨੇ ਸੌਦਾਗਰੀ ਸੰਬੰਧੀ) ਸਾਰੀ ਵਿਥਿਆ ਦਸੀ।

ਜੋ ਜੋ ਬਿਤਈ ਸੋ ਸੋ ਆਖੀ ॥

ਜੋ ਜੋ ਬੀਤੀ ਸੀ, ਉਹ ਉਹ ਦਸ ਦਿੱਤੀ।

ਜੁ ਧਨ ਹੁਤੋ ਸੰਗ ਖਾਟਿ ਕਮਾਯੋ ॥

(ਉਹ) ਜੋ ਧਨ ਖਟ ਕਮਾ ਕੇ ਨਾਲ ਲੈ ਕੇ ਆਇਆ ਸੀ,

ਸੋ ਭਗਨੀ ਕਹ ਸਕਲ ਦਿਖਾਯੋ ॥੩॥

ਉਹ ਸਾਰਾ ਭੈਣ ਨੂੰ ਵਿਖਾ ਦਿੱਤਾ ॥੩॥

ਮਰਿਯਮ ਬੇਗਮ ਤਾ ਕੋ ਨਾਮਾ ॥

ਉਸ (ਮੁਗ਼ਲ ਬਾਲਿਕਾ) ਦਾ ਨਾਂ ਮਰਿਯਮ ਬੇਗਮ ਸੀ।

ਭਾਈ ਕੌ ਮਾਰਾ ਜਿਨ ਬਾਮਾ ॥

ਉਸ ਇਸਤਰੀ ਨੇ ਭਰਾ ਨੂੰ ਮਾਰ ਦਿੱਤਾ।

ਸਭ ਹੀ ਦਰਬ ਛੀਨਿ ਕਰਿ ਲੀਨਾ ॥

(ਉਸ ਦਾ) ਸਾਰਾ ਧਨ ਖੋਹ ਲਿਆ

ਆਪੁ ਚਰਿਤ੍ਰ ਸੁ ਐਸੇ ਕੀਨਾ ॥੪॥

ਅਤੇ ਆਪ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ ॥੪॥

ਦੋਹਰਾ ॥

ਦੋਹਰਾ:


Flag Counter