ਸ਼੍ਰੀ ਦਸਮ ਗ੍ਰੰਥ

ਅੰਗ - 633


ਤੀਰਨ ਤੇ ਤਰਵਾਰਨ ਸੇ ਮ੍ਰਿਗ ਬਾਰਨ ਸੇ ਅਵਿਲੋਕਹੁ ਜਾਈ ॥

(ਰਾਜੇ ਦੇ ਨੈਣ) ਤੀਰਾਂ ਵਰਗੇ ਹਨ, ਜਾਂ ਤਲਵਾਰਾਂ ਜਿਹੇ ਹਨ, ਜਾਂ ਹਿਰਨਾਂ ਦੇ ਬੱਚਿਆਂ ਦੇ ਸਮਾਨ ਹਨ। (ਇਸ ਪ੍ਰਕਾਰ ਦਾ ਨਿਰਨਾ ਕਰਨ ਲਈ) ਜਾ ਕੇ ਵੇਖਣਾ ਚਾਹੀਦਾ ਹੈ।

ਰੀਝ ਰਹੀ ਰਿਝਵਾਰ ਲਖੇ ਦੁਤਿ ਭਾਖਿ ਪ੍ਰਭਾ ਨਹੀ ਜਾਤ ਬਤਾਈ ॥

(ਰਾਜੇ ਦੀ) ਚਮਕ ਨੂੰ ਵੇਖ ਕੇ (ਸਾਰੀ ਲੁਕਾਈ) ਰੀਝ ਰਹੀ ਹੈ ਅਤੇ ਪ੍ਰਭਾ ਬਾਰੇ ਕਹਿਣਾ ਚਾਹੁੰਦੇ ਹਨ, ਪਰ ਕਹਿ ਨਹੀਂ ਸਕਦੇ।

ਸੰਗਿ ਚਲੀ ਉਠਿ ਬਾਲ ਬਿਲੋਕਨ ਮੋਰ ਚਕੋਰ ਰਹੇ ਉਰਝਾਈ ॥

ਇਸਤਰੀ (ਰਾਜ ਕੁਮਾਰੀ) ਵੇਖਣ ਲਈ (ਹੋਰਨਾਂ) ਨਾਲ ਉਠ ਕੇ ਚਲ ਪਈ ਹੈ ਅਤੇ ਮੋਰ, ਚਕੋਰ ਵੀ (ਉਸ ਦੇ ਰੂਪ ਦੀ ਸਥਿਤੀ ਬਾਰੇ) ਉਲਝੇ ਹੋਏ ਹਨ।

ਡੀਠਿ ਪਰੈ ਅਜਿ ਰਾਜ ਜਬੈ ਚਿਤ ਦੇਖਤ ਹੀ ਤ੍ਰੀਅ ਲੀਨ ਚੁਰਾਈ ॥੮੫॥

ਜਿਸ ਵੇਲੇ ਅਜ ਰਾਜਾ ਦਿਖ ਗਿਆ, ਵੇਖਦਿਆਂ ਹੀ ਰਾਜ ਕੁਮਾਰੀ ਦੇ ਚਿਤ ਨੂੰ ਚੁਰਾ ਲਿਆ ॥੮੫॥

ਤੋਮਰ ਛੰਦ ॥

ਤੋਮਰ ਛੰਦ:

ਅਵਿਲੋਕੀਆ ਅਜਿ ਰਾਜ ॥

(ਰਾਜ ਕੁਮਾਰੀ ਨੇ) ਅਜ ਰਾਜੇ ਨੂੰ ਵੇਖ ਲਿਆ ਹੈ।

ਅਤਿ ਰੂਪ ਸਰਬ ਸਮਾਜ ॥

ਉਹ ਸੁੰਦਰ ਸਰੂਪ ਵਾਲਾ ਅਤੇ ਸਾਰੇ ਸਮਾਜ ਸਹਿਤ ਹੈ।

ਅਤਿ ਰੀਝ ਕੈ ਹਸ ਬਾਲ ॥

ਬਹੁਤ ਪ੍ਰਸੰਨ ਹੋ ਕੇ ਅਤੇ ਹਸ ਕੇ (ਰਾਜ ਕੁਮਾਰੀ ਨੇ)

ਗੁਹਿ ਫੂਲ ਮਾਲ ਉਤਾਲ ॥੮੬॥

ਛੇਤੀ ਹੀ ਫੁਲਾਂ ਦੀ ਮਾਲਾ ਗੁੰਦ ਲਈ ॥੮੬॥

ਗਹਿ ਫੂਲ ਕੀ ਕਰਿ ਮਾਲ ॥

(ਫਿਰ) ਫੁਲਾਂ ਦੀ ਮਾਲਾ ਹੱਥ ਵਿਚ ਫੜ ਲਈ।

ਅਤਿ ਰੂਪਵੰਤ ਸੁ ਬਾਲ ॥

ਉਹ ਰਾਜ ਕੁਮਾਰੀ ਬਹੁਤ ਸੁੰਦਰ ਸਰੂਪ ਵਾਲੀ ਹੈ।

ਤਿਸੁ ਡਾਰੀਆ ਉਰਿ ਆਨਿ ॥

ਉਸ ਨੇ ਆ ਕੇ (ਅਜ ਰਾਜਾ) ਦੇ ਗਲੇ ਵਿਚ ਮਾਲਾ ਪਾ ਦਿੱਤੀ

ਦਸ ਚਾਰਿ ਚਾਰਿ ਨਿਧਾਨਿ ॥੮੭॥

ਜੋ ਅਠਾਰ੍ਹਾਂ ਨਿਧੀਆਂ ਦਾ ਸੁਆਮੀ ਸੀ ॥੮੭॥

ਤਿਹ ਦੇਬਿ ਆਗਿਆ ਕੀਨ ॥

ਉਸ ਨੂੰ ਦੇਵੀ (ਸਰਸਵਤੀ) ਨੇ ਆਗਿਆ ਕੀਤੀ

ਦਸ ਚਾਰਿ ਚਾਰਿ ਪ੍ਰਬੀਨ ॥

ਜੋ ਅਠਾਰ੍ਹਾਂ ਕਲਾਵਾਂ ਵਿਚ ਨਿਪੁਣ ਸੀ।

ਸੁਨਿ ਸੁੰਦਰੀ ਇਮ ਬੈਨ ॥

ਹੇ ਸੁੰਦਰੀ! ਇਨ੍ਹਾਂ ਬਚਨਾਂ ਨੂੰ ਸੁਣੋ,

ਸਸਿ ਕ੍ਰਾਤ ਸੁੰਦਰ ਨੈਨ ॥੮੮॥

ਜਿਸ ਦੇ ਨੈਣ ਚੰਦ੍ਰਮਾ ਵਾਂਗ ਜੋਤਿਮਈ ਹਨ ॥੮੮॥

ਤਵ ਜੋਗ ਹੈ ਅਜਿ ਰਾਜ ॥

ਅਜ ਰਾਜਾ ਤੇਰਾ (ਪਤੀ ਹੋਣ) ਯੋਗ ਹੈ।

ਸੁਨ ਰੂਪਵੰਤ ਸਲਾਜ ॥

ਸੁਣ, ਉਹ ਰੂਪਵਾਨ ਅਤੇ ਲਾਜ ਸਹਿਤ ਹੈ।

ਬਰੁ ਆਜੁ ਤਾ ਕਹ ਜਾਇ ॥

ਹੁਣੇ ਜਾ ਕੇ ਉਸ ਨੂੰ ਵਰ ਲੈ।

ਸੁਨਿ ਬੈਨਿ ਸੁੰਦਰ ਕਾਇ ॥੮੯॥

ਹੇ ਸੁੰਦਰ ਸ਼ਰੀਰ ਵਾਲੀਏ! (ਮੇਰੇ) ਬਚਨ ਸੁਣ ਲੈ ॥੮੯॥

ਗਹਿ ਫੂਲ ਮਾਲ ਪ੍ਰਬੀਨ ॥

ਉਸ ਪ੍ਰਬੀਨ (ਰਾਜ ਕੁਮਾਰੀ) ਨੇ ਫੁਲਾਂ ਦੀ ਮਾਲਾ ਪਕੜ ਕੇ,

ਉਰਿ ਡਾਰ ਤਾ ਕੇ ਦੀਨ ॥

ਉਸ ਦੇ ਗਲ ਵਿਚ ਪਾ ਦਿੱਤੀ।

ਤਬ ਬਾਜ ਤੂਰ ਅਨੇਕ ॥

ਉਸ ਵੇਲੇ ਖ਼ਾਸ ਕਰ ਕੇ

ਡਫ ਬੀਣ ਬੇਣ ਬਸੇਖ ॥੯੦॥

ਡਫ਼, ਬੀਨ, ਬੇਣ ਅਤੇ ਤੂਰ ਆਦਿ ਵਜੇ ਵਜਣ ਲਗੇ ॥੯੦॥

ਡਫ ਬਾਜ ਢੋਲ ਮ੍ਰਿਦੰਗ ॥

ਡਫ, ਢੋਲ, ਮ੍ਰਿਦੰਗ,

ਅਤਿ ਤੂਰ ਤਾਨ ਤਰੰਗ ॥

ਤੂਰ, ਤਾਨ, ਤਰੰਗ, ਨਵੀਂ ਬੰਸੁਰੀ ਆਦਿ ਵਾਜੇ ਵਜਦੇ ਹਨ।

ਨਯ ਬਾਸੁਰੀ ਅਰੁ ਬੈਨ ॥

ਉਨ੍ਹਾਂ ਦੀ ਤਾਨ ਨਾਲ ਬੋਲ ਮਿਲਾ ਕੇ

ਬਹੁ ਸੁੰਦਰੀ ਸੁਭ ਨੈਨ ॥੯੧॥

ਬਹੁਤ ਸੁੰਦਰ ਅਤੇ ਸ਼ੁਭ ਨੈਣਾਂ ਵਾਲੀਆਂ (ਇਸਤਰੀਆਂ ਗਾਉਂਦੀਆਂ ਹਨ) ॥੯੧॥

ਤਿਹ ਬਿਆਹਿ ਕੈ ਅਜਿ ਰਾਜਿ ॥

ਉਸ ਨੂੰ ਅਜ ਰਾਜਾ ਵਿਆਹ ਕੇ

ਬਹੁ ਭਾਤਿ ਲੈ ਕਰ ਦਾਜ ॥

ਅਤੇ ਬਹੁਤ ਤਰ੍ਹਾਂ ਦਾ ਦਾਜ ਲੈ ਕੇ

ਗ੍ਰਿਹ ਆਈਆ ਸੁਖ ਪਾਇ ॥

ਅਤੇ ਸੁਖ ਪ੍ਰਾਪਤ ਕਰ ਕੇ

ਡਫ ਬੇਣ ਬੀਣ ਬਜਾਇ ॥੯੨॥

ਡਫ, ਬੇਣ ਅਤੇ ਬੀਨ ਵਜਾਉਂਦਾ ਘਰ ਆ ਗਿਆ ॥੯੨॥

ਅਜਿ ਰਾਜ ਰਾਜ ਮਹਾਨ ॥

ਅਜ ਰਾਜ ਬਹੁਤ ਮਹਾਨ ਰਾਜਾ ਹੈ

ਦਸ ਚਾਰਿ ਚਾਰਿ ਨਿਧਾਨ ॥

ਅਤੇ ਅਠਾਰ੍ਹਾਂ ਨਿਧੀਆਂ ਦਾ ਸੁਆਮੀ ਹੈ।

ਸੁਖ ਸਿੰਧੁ ਸੀਲ ਸਮੁੰਦ੍ਰ ॥

ਉਹ ਸੁਖ ਅਤੇ ਸ਼ੀਲ ਦਾ ਸਮੁੰਦਰ ਹੈ

ਜਿਨਿ ਜੀਤਿਆ ਰਣ ਰੁਦ੍ਰ ॥੯੩॥

ਜਿਸ ਨੇ ਯੁੱਧ-ਭੂਮੀ ਵਿਚ ਰੁਦ੍ਰ ਨੂੰ ਜਿਤ ਲਿਆ ਸੀ ॥੯੩॥

ਇਹ ਭਾਤਿ ਰਾਜ ਕਮਾਇ ॥

ਇਸ ਤਰ੍ਹਾਂ (ਉਸ ਨੇ) ਰਾਜ ਕਮਾਇਆ

ਸਿਰਿ ਅਤ੍ਰ ਪਤ੍ਰ ਫਿਰਾਇ ॥

ਅਤੇ ਸਿਰ ਉਤੇ ਛਤ੍ਰ ਝੁਲਵਾਇਆ।

ਰਣ ਧੀਰ ਰਾਜ ਬਿਸੇਖ ॥

ਉਹ ਵਿਸ਼ੇਸ਼ ਰੂਪ ਵਿਚ ਰਣਧੀਰ ਹੈ।

ਜਗ ਕੀਨ ਜਾਸੁ ਭਿਖੇਖ ॥੯੪॥

ਉਸ ਨੇ ਰਾਜ ਤਿਲਕ ਵੇਲੇ ਯੱਗ ਕੀਤਾ ਹੈ ॥੯੪॥

ਜਗਜੀਤ ਚਾਰਿ ਦਿਸਾਨ ॥

(ਉਸ ਨੇ) ਜਗਤ ਦੀਆਂ ਚੌਹਾਂ ਦਿਸ਼ਾਵਾਂ ਨੂੰ ਜਿਤ ਲਿਆ ਹੈ।

ਅਜਿ ਰਾਜ ਰਾਜ ਮਹਾਨ ॥

ਅਜ ਰਾਜਾ ਬਹੁਤ ਮਹਾਨ ਰਾਜਾ ਹੈ।

ਨ੍ਰਿਪ ਦਾਨ ਸੀਲ ਪਹਾਰ ॥

(ਉਹ) ਰਾਜਾ ਦਾਨ ਅਤੇ ਸ਼ੀਲ ਦਾ ਪਹਾੜ ਹੈ।

ਦਸ ਚਾਰਿ ਚਾਰਿ ਉਦਾਰ ॥੯੫॥

ਉਹ ਅਠਾਰ੍ਹਾਂ (ਵਿਦਿਆਵਾਂ) ਵਿਚ ਬਹੁਤ ਉਦਾਰ ਹੈ ॥੯੫॥

ਦੁਤਿਵੰਤਿ ਸੁੰਦਰ ਨੈਨ ॥

ਸੁੰਦਰ ਚਮਕ ਦਮਕ ਵਾਲਾ ਅਤੇ ਸੁੰਦਰ ਨੈਣਾਂ ਵਾਲਾ ਹੈ,

ਜਿਹ ਪੇਖਿ ਖਿਝਤ ਮੈਨ ॥

ਜਿਸ ਨੂੰ ਵੇਖ ਕੇ ਕਾਮਦੇਵ ਵੀ ਖਿਝਦਾ ਹੈ।

ਮੁਖ ਦੇਖਿ ਚੰਦ੍ਰ ਸਰੂਪ ॥

(ਉਸ ਦਾ) ਮੁਖ ਚੰਦ੍ਰਮਾ ਵਰਗਾ ਦਿਖਦਾ ਹੈ।


Flag Counter