ਸ਼੍ਰੀ ਦਸਮ ਗ੍ਰੰਥ

ਅੰਗ - 156


ਆਪਨ ਰਹਤ ਨਿਰਾਲਮ ਜਗ ਤੇ ॥

ਆਪ ਜਗਤ ਤੋਂ ਨਿਰਲਿਪਤ ਰਹਿੰਦਾ ਹੈ।

ਜਾਨ ਲਏ ਜਾ ਨਾਮੈ ਤਬ ਤੇ ॥੫॥

(ਮੈਂ) ਉਦੋਂ ਤੋਂ ਹੀ (ਇਹ ਸਭ ਕੁਝ) ਜਾਣ ਲਿਆ, ਜਦੋਂ ਤੋਂ (ਇਨ੍ਹਾਂ ਦਾ) ਨਾਮ ਧਰਿਆ ਗਿਆ ॥੫॥

ਆਪ ਰਚੇ ਆਪੇ ਕਲ ਘਾਏ ॥

ਕਾਲ ਆਪ ਹੀ ਰਚਦਾ ਹੈ ਅਤੇ ਆਪ ਹੀ ਮਾਰਦਾ ਹੈ।

ਅਵਰਨ ਕੇ ਦੇ ਮੂੰਡਿ ਹਤਾਏ ॥

(ਪਰ) ਦੂਜਿਆਂ ਦੇ ਸਿਰ ਮੜ੍ਹ ਕੇ (ਉਨ੍ਹਾਂ ਨੂੰ) ਮਰਵਾਉਂਦਾ ਹੈ।

ਆਪ ਨਿਰਾਲਮ ਰਹਾ ਨ ਪਾਯਾ ॥

(ਉਹ) ਆਪ (ਹਰ ਗੱਲ ਤੋਂ) ਨਿਰਲੇਪ ਰਹਿੰਦਾ ਹੈ (ਪਰ ਇਸ ਭੇਦ ਨੂੰ ਕੋਈ) ਨਹੀਂ ਪਾ ਸਕਿਆ।

ਤਾ ਤੇ ਨਾਮ ਬਿਅੰਤ ਕਹਾਯਾ ॥੬॥

ਇਸੇ ਕਰਕੇ (ਉਸ ਨੂੰ) 'ਬੇਅੰਤ' ਕਿਹਾ ਜਾਂਦਾ ਹੈ ॥੬॥

ਜੋ ਚਉਬੀਸ ਅਵਤਾਰ ਕਹਾਏ ॥

(ਜਗਤ ਵਿਚ) ਜੋ ਚੌਵੀ ਅਵਤਾਰ ਅਖਵਾਏ ਹਨ,

ਤਿਨ ਭੀ ਤੁਮ ਪ੍ਰਭ ਤਨਿਕ ਨ ਪਾਏ ॥

ਹੇ ਪ੍ਰਭੂ! ਉਨ੍ਹਾਂ ਨੇ ਵੀ ਤੈਨੂੰ ਜ਼ਰਾ ਜਿੰਨਾ ਨਹੀਂ ਪਾਇਆ (ਸਮਝਿਆ)।

ਸਭ ਹੀ ਜਗ ਭਰਮੇ ਭਵਰਾਯੰ ॥

(ਤੁਸੀਂ) ਸਾਰਾ ਜਗਤ ਭਰਮਾਂ ਵਿਚ ਭੁਲਾਇਆ ਹੋਇਆ ਹੈ,

ਤਾ ਤੇ ਨਾਮ ਬਿਅੰਤ ਕਹਾਯੰ ॥੭॥

ਇਸੇ ਲਈ ਤੁਹਾਡਾ ਨਾਂ 'ਬੇਅੰਤ' ਕਿਹਾ ਜਾਂਦਾ ਹੈ ॥੭॥

ਸਭ ਹੀ ਛਲਤ ਨ ਆਪ ਛਲਾਯਾ ॥

ਸਭ ਨੂੰ ਛਲਦਾ ਹੈ, ਪਰ ਆਪ (ਕਿਸੇ ਤੋਂ) ਛਲਿਆ ਨਹੀਂ ਜਾਂਦਾ।

ਤਾ ਤੇ ਛਲੀਆ ਆਪ ਕਹਾਯਾ ॥

ਇਸੇ ਲਈ ਆਪਣੇ ਆਪ ਨੂੰ 'ਛਲੀਆ' ਅਖਵਾਉਂਦਾ ਹੈ।

ਸੰਤਨ ਦੁਖੀ ਨਿਰਖਿ ਅਕੁਲਾਵੈ ॥

ਸੰਤਾਂ ਨੂੰ ਦੁਖੀ ਵੇਖ ਕੇ ਘਬਰਾ ਜਾਂਦਾ ਹੈ,

ਦੀਨ ਬੰਧੁ ਤਾ ਤੇ ਕਹਲਾਵੈ ॥੮॥

ਇਸੇ ਲਈ 'ਦੀਨ ਬੰਧੁ' ਅਖਵਾਉਂਦਾ ਹੈ ॥੮॥

ਅੰਤਿ ਕਰਤ ਸਭ ਜਗ ਕੋ ਕਾਲਾ ॥

(ਤੂੰ ਹੀ) ਅੰਤ ਵਿਚ ਸਾਰੇ ਜਗਤ ਦਾ ਨਾਸ਼ ਕਰਦਾ ਹੈਂ,

ਨਾਮੁ ਕਾਲ ਤਾ ਤੇ ਜਗ ਡਾਲਾ ॥

ਇਸੇ ਕਰਕੇ ਜਗਤ ਨੇ (ਤੇਰਾ) ਨਾਮ 'ਕਾਲ' ਰਖ ਦਿੱਤਾ ਹੈ।

ਸਮੈ ਸੰਤ ਪਰ ਹੋਤ ਸਹਾਈ ॥

(ਸੰਕਟ ਦੇ) ਸਮੇਂ (ਤੂੰ) ਸੰਤਾਂ ਦਾ ਸਹਾਈ ਹੁੰਦਾ ਹੈਂ,

ਤਾ ਤੇ ਸੰਖ੍ਯਾ ਸੰਤ ਸੁਨਾਈ ॥੯॥

ਇਸ ਕਰ ਕੇ (ਤੇਰੀ) ਸੰਗਿਆ 'ਸੰਤ' ਸੁਣੀ ਜਾਂਦੀ ਹੈ ॥੯॥

ਨਿਰਖਿ ਦੀਨ ਪਰ ਹੋਤ ਦਿਆਰਾ ॥

(ਤੈਨੂੰ) ਦੀਨਾਂ ਉਤੇ ਦਿਆਲ ਹੁੰਦਾ ਵੇਖਕੇ

ਦੀਨ ਬੰਧੁ ਹਮ ਤਬੈ ਬਿਚਾਰਾ ॥

ਤਦੇ ਤੇਰਾ ਨਾਂ ਅਸੀਂ 'ਦੀਨਬੰਧੁ' ਵਿਚਾਰਿਆ ਹੈ।

ਸੰਤਨ ਪਰ ਕਰੁਣਾ ਰਸੁ ਢਰਈ ॥

ਸੰਤਾਂ ਉਤੇ (ਤੂੰ) ਕਰੁਣਾ ਦੀ ਭਾਵਨਾ ਨਾਲ ਦ੍ਰਵਿਤ ਹੁੰਦਾ ਹੈਂ,

ਕਰੁਣਾਨਿਧਿ ਜਗ ਤਬੈ ਉਚਰਈ ॥੧੦॥

ਇਸੇ ਲਈ ਜਗਤ ਤੈਨੂੰ 'ਕਰੁਣਾਨਿਧੀ' ਉਚਾਰਦਾ ਹੈ ॥੧੦॥

ਸੰਕਟ ਹਰਤ ਸਾਧਵਨ ਸਦਾ ॥

(ਤੂੰ) ਸਦਾ ਸਾਧਾਂ ਦੇ ਸੰਕਟ ਹਰਦਾ ਹੈ,

ਸੰਕਟ ਹਰਨ ਨਾਮੁ ਭਯੋ ਤਦਾ ॥

ਤਦੇ ਹੀ (ਤੇਰਾ) ਨਾਂ 'ਸੰਕਟ-ਹਰਨ' ਪ੍ਰਸਿੱਧ ਹੋਇਆ ਹੈ।


Flag Counter