ਅਤੇ ਬਹੁਤ ਜੈ ਜੈ ਕਾਰ ਹੋਈ। ਇੰਦਰ ('ਸੁਰ ਰਾਇ') ਸੁਣ ਕੇ ਬਹੁਤ ਪ੍ਰਸੰਨ ਹੋਇਆ ॥੪੮॥
ਮੱਛਲੀ ਅਤੇ ਵਿਯੋਗਣ ਦੇ ਮਾਰਨ ਦਾ ਕੀ ਉਪਾ ਹੈ।
ਇਨ੍ਹਾਂ ਨੂੰ ਜਲ-ਪ੍ਰੀਤਮ ਤੋਂ ਵਿਛੋੜਨ ਨਾਲ ਛਿਣ ਭਰ ਵਿਚ ਮਰ ਜਾਂਦੀਆਂ ਹਨ ॥੪੯॥
ਸੌਂਕਣ ਨਾਲ ਕਿੜ ਕਢਣ ਲਈ ਪਾਪ ਰੂਪ ਨਰਕ ਤੋਂ (ਵੱਡੀ ਰਾਣੀ) ਨਾ ਡਰੀ
ਅਤੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਪ੍ਰੀਤਮ ਨੂੰ ਬਾਣ ਮਰਵਾ ਦਿੱਤਾ ॥੫੦॥
ਚੌਪਈ:
(ਵੱਡੀ ਰਾਣੀ ਨੇ) ਚਿਤ ਵਿਚ ਬਹੁਤ ਸੌਂਕਣ ਸਾੜਾ ਧਾਰ ਕੇ
ਆਪਣੇ ਪਤੀ ਨੂੰ ਬਾਣ ਨਾਲ ਮਰਵਾ ਦਿੱਤਾ।
(ਉਸ ਨੇ ਸੋਚਿਆ ਕਿ) ਅਜਿਹੇ ਸੁਹਾਗ ਨਾਲੋਂ ਤਾਂ ਰੰਡੀ ਰਹਾਂਗੀ
ਅਤੇ ਨਿੱਤ ਉਠ ਕੇ ਪ੍ਰਭੂ ਦਾ ਨਾਮ ਜਪਾਂਗੀ ॥੫੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਯਾ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਅੱਠਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੮॥੨੦੨੫॥ ਚਲਦਾ॥
ਚੌਪਈ:
(ਸਸਿਯਾ ਤੇ ਉਸ ਦੇ ਪਤੀ ਪੁੰਨੂੰ ਦੇ ਮਰਨ ਦੀ) ਇਹ ਖ਼ਬਰ ਉਥੇ ਜਾ ਪਹੁੰਚੀ
ਜਿਥੇ ਧਰਮਰਾਜ ਦੀ ਸਭਾ ਬੈਠੀ ਸੀ।
(ਸਭਾ ਨੇ) ਉਸ ਇਸਤਰੀ ਦਾ ਸੌਂਕਣ-ਸਾੜਾ ਵੇਖਿਆ
ਜਿਸ ਨੇ ਆਪਣੇ ਪਤੀ ਨੂੰ ਬਾਣ ਨਾਲ ਮਰਵਾ ਦਿੱਤਾ ਸੀ ॥੧॥
ਧਰਮਰਾਇ ਨੇ ਕਿਹਾ:
ਦੋਹਰਾ:
ਜਿਸ ਦੁਖ ਕਰ ਕੇ ਜਿਸ ਇਸਤਰੀ ਨੇ ਕ੍ਰੋਧਿਤ ਹੋ ਕੇ ਆਪਣੇ ਪਤੀ ਨੂੰ ਮਾਰਿਆ ਹੈ,
ਉਸੇ ਦੁਖ ਨਾਲ ਉਸ ਨੂੰ ਮਾਰਿਆ ਜਾਏ, ਅਜਿਹਾ ਉਪਾ ਹੀ ਕੀਤਾ ਜਾਏ ॥੨॥
ਚੌਪਈ:
ਉਰਵਸ਼ੀ ਨਾਂ ਦੀ ਇਕ ਨਾਚੀ (ਜਾਂ ਵੇਸਵਾ) ਉਸ ਨਗਰ ਵਿਚ ਰਹਿੰਦੀ ਸੀ
(ਜੋ) ਕਾਲ (ਯਮਰਾਜ) ਦੇ ਘਰ ਵਿਚ ਨਚਦੀ ਹੁੰਦੀ ਸੀ।
ਉਸ ਨੇ (ਇਹ ਕੰਮ ਕਰਨ ਦਾ) ਬੀੜਾ ਉਸ ਸਭਾ ਵਿਚ ਚੁਕਿਆ
ਅਤੇ ਸਾਰਾ ਮਰਦਾਵਾਂ ਭੇਸ ਬਣਾ ਲਿਆ ॥੩॥
ਉਰਵਸ਼ੀ ਨੇ ਕਿਹਾ:
ਉਸ ਦਾ ਮਾਰਨਾ ਔਖਾ ਹੁੰਦਾ ਹੈ
ਜੋ ਜਗਤ ਵਿਚ ਸ਼ੀਲਵਾਨ ਵਜੋਂ ਜਾਣਿਆ ਜਾਂਦਾ ਹੈ।
ਜਿਸ ਦਾ ਚਿਤ ਚੰਚਲ ਹੁੰਦਾ ਹੈ,
ਉਸ ਨੂੰ ਮੇਰੇ ਹੱਥ ਵਿਚ ਆਇਆ ਹੀ ਸਮਝ ਲਵੋ ॥੪॥
(ਉਹ) ਇਹ ਕਹਿ ਕੇ (ਘਰੋਂ) ਨਿਕਲੀ ਅਤੇ (ਇਕ) ਘੋੜਾ ਮੁੱਲ ਲਿਆ
ਜਿਸ ਦੀ ਕੀਮਤ ਦਸ ਲਖ ਟੱਕਾ ਦਿੱਤੀ।
ਜਦ ਉਹ ਘੋੜੇ ਤੇ ਚੜ੍ਹਦੀ ਤਾਂ ਉਹ ਭੜਕ ਕੇ ਤੁਰ ਪੈਂਦਾ
ਜਿਸ ਨੂੰ ਵੇਖ ਕੇ ਇੰਦਰ ਦਾ ਘੋੜਾ ਵੀ ਸ਼ਰਮਸਾਰ ਹੋ ਜਾਂਦਾ ॥੫॥
ਉਸ ਨੇ ਆਪ ਤਨ ਉਤੇ ਅਨੂਪਮ ਬਸਤ੍ਰ ਧਾਰਨ ਕੀਤੇ ਹੋਏ ਸਨ
ਜੋ ਸਾਰੇ ਗਹਿਣਿਆਂ ਨਾਲ ਸਜੇ ਹੋਏ ਸਨ।
(ਉਸ ਨੇ) ਲੰਬੇ ਕੇਸ ਮੋਢਿਆਂ ਉਤੇ ਸੁਟੇ ਹੋਏ ਸਨ,
ਮਾਨੋ ਉਹ ਸੁਗੰਧੀ ਨਿਚੋੜਦੇ ਜਾਂਦੇ ਸਨ ॥੬॥
ਅੱਖਾਂ ਵਿਚ ਸੁਰਮਾ ਪਾ ਕੇ (ਉਸ ਨੇ)
ਮਾਨੋ ਸ਼ਿੰਗਾਰ ਨੂੰ ਹੀ ਲੁਟ ਲਿਆ ਹੋਵੇ।
(ਉਸ ਦੀਆਂ) ਜ਼ਾਲਮ ਜ਼ੁਲਫ਼ਾਂ ਜ਼ੰਜੀਰ ਵਾਂਗ ਸ਼ੋਭ ਰਹੀਆਂ ਸਨ
(ਜਿਨ੍ਹਾਂ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ ਅਤੇ ਦੈਂਤ ਮੋਹਿਤ ਹੋ ਰਹੇ ਸਨ ॥੭॥
ਉਸ ਦੀਆਂ ਭਾਰੀਆਂ ਭੌਆਂ ਕਮਾਨ ਵਾਂਗ ਸਜ ਰਹੀਆਂ ਸਨ।
(ਉਹ) ਪਿਆਰੀ ਚੌਦਾਂ ਲੋਕਾਂ ਨੂੰ ਮੋਹਿਤ ਕਰ ਰਹੀ ਸੀ।
(ਉਹ) ਜਿਸ ਦੀ ਨਜ਼ਰ ਵਿਚ ਜ਼ਰਾ ਜਿੰਨੀ ਵੀ ਆ ਜਾਂਦੀ,
ਉਸ ਦੀ ਸਾਰੀ ਬੁੱਧੀ ਖ਼ਤਮ ਕਰ ਦਿੰਦੀ ॥੮॥
ਦੋਹਰਾ:
ਕਾਰਤਿਕੇਯ ('ਖਟਮੁਖ') ਨੇ ਛੇ ਮੁਖ, ਸ਼ਿਵ ਨੇ ਪੰਜ ਅਤੇ ਬ੍ਰਹਮਾ ਨੇ ਚਾਰ ਮੁਖ ਕਰ ਲਏ,