ਸ਼੍ਰੀ ਦਸਮ ਗ੍ਰੰਥ

ਅੰਗ - 5


ਸਰਬੰ ਦੇਵੰ ॥

(ਹੇ ਪ੍ਰਭੂ! ਤੂੰ) ਸਭ ਦਾ ਦੇਵ (ਇਸ਼ਟ) ਹੈਂ,

ਸਰਬੰ ਭੇਵੰ ॥

ਸਭ ਦੇ ਭੇਦ ਨੂੰ ਜਾਣਨ ਵਾਲਾ ਹੈਂ,

ਸਰਬੰ ਕਾਲੇ ॥

ਸਭ ਦਾ ਕਾਲ ਹੈਂ

ਸਰਬੰ ਪਾਲੇ ॥੭੮॥

ਅਤੇ ਸਭ ਦਾ ਪਾਲਕ ਹੈਂ ॥੭੮॥

ਰੂਆਲ ਛੰਦ ॥ ਤ੍ਵ ਪ੍ਰਸਾਦਿ ॥

ਰੂਆਲ ਛੰਦ: ਤੇਰੀ ਕ੍ਰਿਪਾ ਨਾਲ:

ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ॥

(ਹੇ ਪ੍ਰਭੂ! ਤੂੰ ਸਭ ਦਾ) ਆਦਿ-ਰੂਪ, ਸਭ ਤੋਂ ਪਹਿਲਾਂ ਹੋਣ ਵਾਲਾ ਸਰੂਪ, ਅਯੋਨਿਜ ਅਤੇ ਅਪਰ ਅਪਾਰ ਪੁਰਖ ਹੈਂ;

ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ॥

ਸਭ ਦਾ ਮਾਣ, ਤਿੰਨ ਦੇਵਤਿਆਂ ਦੁਆਰਾ ਮੰਨਣਯੋਗ, ਅਭੇਦ ਅਤੇ ਮੁੱਢ-ਕਦੀਮ ਤੋਂ ਉਦਾਰ ਹੈਂ;

ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ ॥

ਸਭ ਦਾ ਪਾਲਕ, ਸਭ ਦਾ ਨਾਸ਼ਕ ਅਤੇ ਫਿਰ ਸਭ ਦਾ ਕਾਲ-ਰੂਪ ਹੈਂ;

ਜਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਸਾਲ ॥੭੯॥

ਜਿਥੇ ਕਿਥੇ ਨਿਰਲਿਪਤ ('ਅਵਧੂਤ ਰੂਪ') ਹੋਣ ਤੇ ਵੀ ਪਸੀਜਣ ਵਾਲਾ ਹੋ ਕੇ ਬਿਰਾਜ ਰਿਹਾ ਹੈਂ ॥੭੯॥

ਨਾਮ ਠਾਮ ਨ ਜਾਤਿ ਜਾ ਕਰ ਰੂਪ ਰੰਗ ਨ ਰੇਖ ॥

ਜਿਸ ਦਾ ਨਾਮ, ਧਾਮ, ਜਾਤਿ, ਰੂਪ, ਰੰਗ ਅਤੇ ਰੇਖ ਨਹੀਂ ਹੈ;

ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ ॥

ਜੋ ਆਦਿ ਪੁਰਖ, ਉਦਾਰ ਸਰੂਪ ਵਾਲਾ, ਅਜੋਨੀ ਅਤੇ ਮੁੱਢ ਤੋਂ ਹੀ ਅਸ਼ੇਸ਼-ਰੂਪ (ਪਰਿਪੂਰਣ) ਹੈ;

ਦੇਸ ਔਰ ਨ ਭੇਸ ਜਾ ਕਰ ਰੂਪ ਰੇਖ ਨ ਰਾਗ ॥

ਜਿਸ ਦਾ ਦੇਸ, ਭੇਸ, ਰੂਪ, ਰੇਖ ਅਤੇ ਰਾਗ (ਮੋਹ) ਨਹੀਂ ਹੈ;

ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੮੦॥

ਜਿਥੇ ਕਿਥੇ ਦਿਸ਼ਾ-ਵਿਦਿਸ਼ਾ (ਚੌਹਾਂ ਪਾਸੇ) ਵਿਚ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ ਹੈ ॥੮੦॥

ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ ॥

ਜੋ ਨਾਮ, ਕਾਮਨਾ ਤੋਂ ਬਿਨਾ ਦਿਸਦਾ ਹੈ, ਜਿਸ ਦਾ ਕੋਈ ਘਰ-ਘਾਟ ਨਹੀਂ ਹੈ;

ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨਤ ਤਾਹਿ ॥

ਜੋ ਸਭ ਦਾ ਮਾਣ ਅਤੇ ਸਭ ਦੁਆਰਾ ਮਾਣਿਆ ਜਾਣ ਵਾਲਾ ਅਤੇ ਜਿਸ ਨੂੰ ਸਦਾ (ਅਸੀਂ) ਮੰਨਦੇ ਹਾਂ;

ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥

ਉਹ ਇਕ ਰੂਪ ਵਾਲਾ, ਪਰ ਅਨੇਕ ਰੂਪਾਂ ਵਿਚ ਦਿਸਣ ਵਾਲਾ ਅਤੇ ਅਨੇਕ ਰੂਪਾਂ ਨੂੰ ਕਰਨ ਵਾਲਾ ਹੈ;

ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੮੧॥

ਖੇਡ ਖੇਡ ਕੇ ਫਿਰ ਅਖੇਡਣ ਦੀ ਅਵਸਥਾ ਹੋ ਕੇ ਅੰਤ ਨੂੰ ਫਿਰ ਇਕ ਹੋ ਜਾਂਦਾ ਹੈ ॥੮੧॥

ਦੇਵ ਭੇਵ ਨ ਜਾਨਹੀ ਜਿਹ ਬੇਦ ਅਉਰ ਕਤੇਬ ॥

(ਜਿਸ ਦਾ) ਭੇਦ ਦੇਵਤੇ, ਵੇਦ ਅਤੇ ਕਤੇਬ (ਸਾਮੀ ਧਰਮ ਪੁਸਤਕਾਂ) ਨਹੀਂ ਜਾਣਦੇ;

ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਂਹ ਜੇਬ ॥

(ਜਿਸ ਦਾ) ਰੂਪ, ਰੰਗ, ਜਾਤਿ-ਪਾਤਿ ਪਤਾ ਨਹੀਂ ਕਿਹੋ ਜਿਹਾ ਹੈ;

ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਿਹੀਨ ॥

ਜਿਸ ਦਾ ਪਿਤਾ, ਮਾਤਾ ਅਤੇ ਜਾਤਿ ਨਹੀਂ ਹੈ ਅਤੇ ਜੋ ਜਨਮ-ਮਰਨ ਦੇ ਚੱਕਰ ਤੋਂ ਰਹਿਤ ਹੈ;

ਚਕ੍ਰ ਬਕ੍ਰ ਫਿਰੈ ਚਤੁਰ ਚਕ ਮਾਨਹੀ ਪੁਰ ਤੀਨ ॥੮੨॥

ਜਿਸ (ਦੇ ਹੁਕਮ) ਦਾ ਤੇਜ਼ੀ ਨਾਲ ਘੁੰਮਦਾ ਹੋਇਆ ('ਬਕ੍ਰ') ਚੱਕਰ ਚੌਹਾਂ ਚੱਕਾਂ ਵਿਚ ਭੌਂਦਾ ਫਿਰਦਾ ਹੈ ਅਤੇ (ਜਿਸ ਦਾ ਹੁਕਮ) ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ ਹੈ ॥੮੨॥

ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਂਹ ਜਾਪ ॥

ਜਿਸ ਦਾ ਜਾਪ ਚੌਦਾਂ ਲੋਕਾਂ ਦੇ ਸਾਰੇ ਜਗਤ ਵਿਚ ਹੋ ਰਿਹਾ ਹੈ;

ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਂਹ ਥਾਪਿ ॥

ਜੋ ਆਦਿ ਦੇਵ, ਆਦਿ (ਮੁੱਢ) ਤੋਂ ਰਹਿਤ ਸਰੂਪ ਵਾਲਾ ਅਤੇ ਜਿਸ ਨੇ ਸਾਰੀ ਸ੍ਰਿਸ਼ਟੀ (ਸਥਾਪਨਾ) ਨੂੰ ਸਥਾਪਿਤ ਕੀਤਾ ਹੋਇਆ ਹੈ;

ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ ॥

ਜੋ ਪਰਮ ਸ੍ਰੇਸ਼ਠ ਰੂਪ ਵਾਲਾ, ਪਵਿਤਰ ਸਰੂਪ ਵਾਲਾ ਅਤੇ ਪੂਰਨ ਤੇ ਅਪਾਰ ਪੁਰਖ ਹੈ;

ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ ॥੮੩॥

ਜਿਸ ਆਪਣੇ ਆਪ ਹੋਣ ਵਾਲੇ (ਸ੍ਵਯੰਭੂ) ਨੇ ਸਾਰੇ ਜਗਤ ਨੂੰ ਰਚਿਆ ਹੈ ਅਤੇ ਸਭ ਨੂੰ ਬਣਾਉਣ ਅਤੇ ਢਾਹਣ ਵਾਲਾ ਹੈ ॥੮੩॥

ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ ॥

(ਉਸ) ਕਾਲ-ਰਹਿਤ, ਕਲਾ (ਸ਼ਕਤੀ) ਸਹਿਤ ਅਕਾਲ ਪੁਰਖ ਨੂੰ ਨਮਸਕਾਰ ਹੈ;

ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਭੇਸ ॥

ਉਹ ਧਰਮ ਦਾ ਸਰੋਤ, ਭਰਮ ਤੋਂ ਰਹਿਤ, ਪੰਜ ਤੱਤ੍ਵਾਂ ਤੋਂ ਨਿਆਰਾ, ਅਦ੍ਰਿਸ਼ ਅਤੇ ਭੇਸ ਰਹਿਤ ਹੈ;

ਅੰਗ ਰਾਗ ਨ ਰੰਗ ਜਾ ਕਹਿ ਜਾਤਿ ਪਾਤਿ ਨ ਨਾਮ ॥

ਜਿਸ ਨੂੰ ਸ਼ਰੀਰ ਦਾ ਮੋਹ ਨਹੀਂ, ਜਿਸ ਦਾ ਕੋਈ ਰੰਗ, ਜਾਤਿ-ਪਾਤਿ ਜਾਂ ਨਾਮ ਨਹੀਂ ਹੈ;

ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ॥੮੪॥

ਜੋ ਹੰਕਾਰ ਨੂੰ ਨਸ਼ਟ ਕਰਨ ਵਾਲਾ ਹੈ, ਦੁਸ਼ਟਾਂ ਦਾ ਦਮਨ ਕਰਨ ਵਾਲਾ, ਮੁਕਤੀਦਾਤਾ ਅਤੇ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ॥੮੪॥

ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖ ਅਵਧੂਤ ॥

ਜੋ ਆਪਣੇ ਰੂਪ ਵਾਲਾ ਆਪ ਹੀ ਹੈ, ਅਤਿ ਗੰਭੀਰ ਹੈ, ਉਸਤਤ ਤੋਂ ਉੱਚਾ ਹੈ, (ਮਾਇਆ ਤੋਂ ਅਪ੍ਰਭਾਵਿਤ ਰੂਪ ਵਾਲਾ) ਪਵਿਤਰ ਇਕੋ ਇਕ ਪੁਰਸ਼ ਹੈ;

ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ॥

ਹੰਕਾਰ ਨੂੰ ਤੋੜਨ ਵਾਲਾ, ਸਭ ਨੂੰ ਭੰਨਣ ਵਾਲਾ ਆਦਿ ਰੂਪ ਅਤੇ ਅਜਨਮਾ ਹੈ;

ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ॥

ਉਹ ਸ਼ਰੀਰ-ਰਹਿਤ, ਨਾਸ਼ਰਹਿਤ ਅਤੇ ਆਤਮਾ ਰਹਿਤ ਇਕ ਅਪਾਰ ਪੁਰਸ਼ ਹੈ;

ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੮੫॥

ਉਹ ਸਭ ਕੁਝ ਕਰਨ ਦੇ ਯੋਗ, ਸਭ ਦਾ ਸੰਘਾਰਕ ਅਤੇ ਸਭ ਦਾ ਪਾਲਣਹਾਰ ਹੈ ॥੮੫॥

ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ॥

ਉਸ ਦੀ ਸਭ ਤਕ ਪਹੁੰਚ ਹੈ, ਉਹ ਸਭ ਦਾ ਸੰਘਾਰਕ ਅਤੇ ਸਭ ਤੋਂ ਨਿਰਾਲਾ ('ਅਨਭੇਖ') ਹੈ;

ਸਰਬ ਸਾਸਤ੍ਰ ਨ ਜਾਨਹੀ ਜਿਂਹ ਰੂਪ ਰੰਗੁ ਅਰੁ ਰੇਖ ॥

ਉਸ ਦੇ ਰੂਪ ਰੰਗ ਅਤੇ ਆਕਾਰ ('ਰੇਖ') ਨੂੰ ਸਾਰੇ ਸ਼ਾਸਤ੍ਰ ਜਾਣਦੇ ਤਕ ਨਹੀਂ,

ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ॥

ਉਸ ਦਾ ਵੇਦ, ਪੁਰਾਣ (ਆਦਿ ਸਾਰੇ ਧਰਮ ਗ੍ਰੰਥ) ਸ੍ਰੇਸ਼ਠ ਅਤੇ ਬੇਅੰਤ ਰੂਪ ਵਿਚ ਸਦਾ ਵਰਣਨ ਕਰਦੇ ਹਨ।

ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਨ ਆਵਈ ਵਹੁ ਚਿਤ ॥੮੬॥

ਕਰੋੜਾਂ ਸਮ੍ਰਿਤੀਆਂ, ਪੁਰਾਣਾਂ ਅਤੇ ਸ਼ਾਸਤ੍ਰਾਂ ਦੁਆਰਾ ਉਹ ਚਿਤਵਿਆ ਨਹੀਂ ਜਾ ਸਕਦਾ ॥੮੬॥

ਮਧੁਭਾਰ ਛੰਦ ॥ ਤ੍ਵ ਪ੍ਰਸਾਦਿ ॥

ਮਧੁਭਾਰ ਛੰਦ: ਤੇਰੀ ਕ੍ਰਿਪਾ ਨਾਲ:

ਗੁਨ ਗਨ ਉਦਾਰ ॥

(ਹੇ ਪ੍ਰਭੂ! ਤੂੰ) ਉਦਾਰਤਾ ਆਦਿ ਗੁਣਾਂ ਦਾ ਸਮੂਹ ਹੈਂ,

ਮਹਿਮਾ ਅਪਾਰ ॥

ਅਪਾਰ ਮਹਿਮਾ ਵਾਲਾ ਹੈਂ,

ਆਸਨ ਅਭੰਗ ॥

ਸਥਿਰ ਆਸਣ ਵਾਲਾ ਹੈਂ,

ਉਪਮਾ ਅਨੰਗ ॥੮੭॥

ਤੇਰੀ ਉਪਮਾ ਨਿਰਾਧਾਰ (ਅਨੰਗ) ਹੈ ॥੮੭॥

ਅਨਭਉ ਪ੍ਰਕਾਸ ॥

(ਹੇ ਪ੍ਰਭੂ! ਤੂੰ) ਸੁਤਹ ਗਿਆਨ ਦਾ ਪ੍ਰਕਾਸ਼ਕ ਹੈਂ

ਨਿਸ ਦਿਨ ਅਨਾਸ ॥

ਅਤੇ ਰਾਤ ਦਿਨ ਨਸ਼ਟ ਨਾ ਹੋਣ ਵਾਲਾ ਹੈਂ,

ਆਜਾਨ ਬਾਹੁ ॥

ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈਂ,

ਸਾਹਾਨ ਸਾਹੁ ॥੮੮॥

ਸ਼ਾਹਾਂ ਦਾ ਸ਼ਾਹ (ਸਭ ਤੋਂ ਉਪਰ) ਹੈਂ ॥੮੮॥

ਰਾਜਾਨ ਰਾਜ ॥

(ਹੇ ਪ੍ਰਭੂ! ਤੂੰ) ਰਾਜਿਆਂ ਦਾ ਰਾਜਾ ਹੈਂ,

ਭਾਨਾਨ ਭਾਨ ॥

ਸੂਰਜਾਂ ਦਾ ਸੂਰਜ ਹੈਂ,

ਦੇਵਾਨ ਦੇਵ ॥

ਦੇਵਤਿਆਂ ਦਾ ਦੇਵਤਾ ਹੈਂ,

ਉਪਮਾ ਮਹਾਨ ॥੮੯॥

ਮਹਾਨ ਉਪਮਾ ਵਾਲਾ ਹੈਂ ॥੮੯॥

ਇੰਦ੍ਰਾਨ ਇੰਦ੍ਰ ॥

(ਹੇ ਪ੍ਰਭੂ! ਤੂੰ) ਇੰਦਰਾਂ ਦਾ ਇੰਦਰ ਹੈਂ,

ਬਾਲਾਨ ਬਾਲ ॥

ਬਾਲਾਂ ਦਾ ਬਾਲ (ਸਰਲ ਸੁਭਾ ਵਾਲਾ) ਹੈਂ,

ਰੰਕਾਨ ਰੰਕ ॥

ਗ਼ਰੀਬਾਂ ਦਾ ਵੀ ਗ਼ਰੀਬ ਹੈਂ,

ਕਾਲਾਨ ਕਾਲ ॥੯੦॥

ਕਾਲਾਂ ਦਾ ਵੀ ਕਾਲ ਹੈਂ ॥੯੦॥


Flag Counter