ਬਿਜੈ ਛੰਦ:
ਵੈਰੀ ਪੱਖ ਤੋਂ ਜਿਤਨੇ ਵੀ ਬਾਣ ਚਲੇ, (ਉਹ ਸਾਰੇ) ਫੁਲਾਂ ਦੀ ਮਾਲਾ ਹੋ ਕੇ (ਦੇਵੀ ਦੇ) ਗਲੇ ਵਿਚ ਸ਼ੁਭਾਇਮਾਨ ਹੋ ਗਏ ਹਨ।
ਦੈਂਤਾਂ ਦੀ ਫੌਜ ('ਪੁੰਗਵ') ਇਸ ਅਚੰਬੇ ਨੂੰ ਵੇਖ ਕੇ ਰਣ-ਭੂਮੀ ਤੋਂ ਭਜ ਚਲੀ ਹੈ, ਕੋਈ ਇਕ ਵੀ ਡਟਿਆ ਨਹੀਂ ਰਿਹਾ।
ਉਸ ਸਥਾਨ ਉਤੇ ਹਾਥੀਆਂ ਦੇ ਝੁੰਡ ਡਿਗੇ ਪਏ ਹਨ ਅਤੇ ਘੋੜਿਆਂ ਦੇ ਸਮੂਹ ਲਹੂ ਨਾਲ ਲਿਬੜੇ ਡਿਗੇ ਹੋਏ ਹਨ,
ਮਾਨੋ ਇੰਦਰ ('ਭੂਧਰ') ਦੇ ਡਰ ਦੇ ਭ੍ਰਮ ਕਰਕੇ ਭਜੇ ਹੋਏ ਪਰਬਤ ਸਮੁੰਦਰ ਵਿਚ ਛਿਪੇ ਹੋਏ ਹੋਣ ॥੩੨॥੧੦੯॥
ਮਨੋਹਰ ਛੰਦ:
ਸ੍ਰੀ ਜਗਤਮਾਤਾ ਨੇ ਹੱਥ ਵਿਚ ਕਮਾਨ ਲੈ ਕੇ ਅਤੇ ਸੰਖ ਵਜਾ ਕੇ ਭਿਆਨਕ ('ਪ੍ਰਮਾਥਿਨ') ਯੁੱਧ ਕੀਤਾ।
(ਉਹ) ਸੈਨਾ ਨੂੰ ਗਾਹ ਰਹੀ ਸੀ ਅਤੇ ਸੂਰਮਿਆਂ ਨੂੰ ਮਾਰਦੀ ਜਾ ਰਹੀ ਸੀ। ਸ਼ੇਰ ਵੀ ਕ੍ਰੋਧਵਾਨ ਹੋ ਕੇ ਰਣ-ਭੂਮੀ ਵਿਚ ਭਬਕਦਾ ਫਿਰ ਰਿਹਾ ਸੀ।
(ਉਸ ਨੇ ਸੈਨਿਕਾਂ ਦੇ) ਸ਼ਰੀਰ ਨਾਲ ਚਿਪਕੇ ਹੋਏ (ਅਭੇਦਿਤ ਅੰਗ) ਕਵਚਾਂ ਨੂੰ ਭੰਨ ਦਿੱਤਾ ਅਤੇ (ਜਖ਼ਮਾਂ ਵਿਚੋਂ ਨਿਕਲਦਾ ਹੋਇਆ) ਲਹੂ (ਕਵਚਾਂ) ਉਪਰ ਸੋਭ ਰਿਹਾ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਵਿਸ਼ਾਲ ਸਮੁੰਦਰੀ ਅਗਨੀ ਦੀ ਲਾਟ ਉਪਰ ਨੂੰ ਉਠ ਰਹੀ ਹੋਵੇ ॥੩੩॥੧੧੦॥
ਧਨੁਸ਼ ਦੀ ਧੁਨੀ ਸੰਸਾਰ (ਭਵ) ਵਿਚ ਵਿਆਪਤ ਹੋ ਗਈ ਅਤੇ (ਸੈਨਿਕਾਂ ਦੇ ਚਲਣ ਨਾਲ) ਧੂੜ ਉਡ ਕੇ ਆਕਾਸ਼ ਵਿਚ ਛਾ ਗਈ।
(ਯੋਧਿਆਂ ਦੇ) ਤੇਜਸਵੀ ਮੁਖ (ਸ਼ਸਤ੍ਰਾਂ ਦੀ) ਮਾਰ ਖਾ ਕੇ ਰਣ-ਭੂਮੀ ਵਿਚ ਡਿਗੇ ਪਏ ਸਨ, ਊਨ੍ਹਾਂ ਨੂੰ ਵੇਖ ਕੇ ਹੂਰਾਂ ਦੇ ਹਿਰਦੇ ਵਿਚ ਚਾਉ ਚੜ੍ਹ ਗਿਆ ਸੀ।
ਕ੍ਰੋਧ ਨਾਲ ਪੂਰੀ ਤਰ੍ਹਾਂ ਭਰੇ ਹੋਏ ਬਹੁਤ ਸਾਰੇ (ਤੂਰਣ) ਵੈਰੀ ਰਣ-ਭੂਮੀ ਵਿਚ ਪਏ ਸ਼ੋਭਾ ਪਾ ਰਹੇ ਸਨ,
ਵੈਰੀ ਦਲ ਦੇ ਚੂਰ ਚੂਰ ਹੋਏ ਸੁੰਦਰ (ਰੂਰੇ) ਸੂਰਮੇ (ਇੰਜ) ਡਿਗੇ ਪਏ ਸਨ ਮਾਨੋ ਵੈਦ ਨੇ ਚੂਰਣ ਬਣਾਇਆ ਹੋਵੇ ॥੩੪॥੧੧੧॥
ਸੰਗੀਤ ਭੁਜੰਗ ਪ੍ਰਯਾਤ ਛੰਦ:
ਛੁਰੀਆਂ ਅਤੇ ਕਟਾਰੀਆਂ ਕੜਕੜ ਕਰ ਰਹੀਆਂ ਸਨ,
ਤੀਰ ਤਾੜ ਤਾੜ ਕਰ ਰਹੇ ਸਨ ਅਤੇ ਬੰਦੂਕਾਂ ਤੜਾਕ ਤੜਾਕ ਕਰ ਰਹੀਆਂ ਸਨ।
ਸਟ ਵਜਣ ਨਾਲ ਨਗਾਰਿਆਂ ਵਿਚੋਂ ਜ਼ੋਰ ਦੀ ਆਵਾਜ਼ ਨਿਕਲਦੀ ਸੀ।
ਗੜ ਗੜ ਦੀ ਧੁਨੀ ਨਾਲ ਸੂਰਵੀਰ ('ਗਾਜੀ') ਜ਼ੋਰ ਨਾਲ ਗਜਦੇ ਸਨ ॥੩੫॥੧੧੨॥
ਸੜਸੜਾਟ ਕਰਦੇ ਸੂਰਮੇ ਕ੍ਰੋਧ ਨਾਲ ਕੜਕ ਰਹੇ ਸਨ,
ਰਣ ਵਿਚ ਪੂਰੀ ਤਕੜਾਈ ਨਾਲ ਪੈਰ ਜਮਾਏ ਹੋਏ ਸਨ,
ਸਾੜ ਸਾੜ ਕਰਦੇ ਸ਼ਸਤ੍ਰ ਝਟਪਟ ਝਾੜ ਰਹੇ ਸਨ
ਅਤੇ ਬਾਗੜ ਦੇਸ਼ ਦੇ ਸੂਰਮੇ ਡਕਾਰ ਰਹੇ ਸਨ ॥੩੬॥੧੧੩॥
ਬਾਗੜ ਦੇਸ਼ ਦੇ ਵੀਰ ਜੋਸ਼ ('ਚਉਪ') ਨਾਲ ਲਲਕਾਰਦੇ ਸਨ,
ਮਾੜਿਆਂ ਦੇ ਸ਼ਰੀਰ ਵਿਚ ਤਿਖੇ ਤੀਰ ਮਾਰਦੇ ਸਨ,
ਵੱਡੇ ਵੱਡੇ ਨਗਾਰੇ ਜ਼ੋਰ ਨਾਲ ਗਰਜਦੇ ਸਨ
ਅਤੇ ਕਵੀ ਕੜਾਕੇਦਾਰ ਛੰਦ ('ਕਥੀਰੈ') ਗਾ ਰਹੇ ਸਨ ॥੩੭॥੧੧੪॥
ਭਗੌੜੇ ਦੈਂਤ ਦਗੜ ਦਗੜ ਕਰ ਕੇ ਭਜ ਰਹੇ ਸਨ,
ਸੂਰਵੀਰ ਜਗਹ ਜਗਹ ਗੜ ਗੜ ਕਰਦੇ ਗਜ ਰਹੇ ਸਨ,
ਛੁਰੀਆਂ ਅਤੇ ਛਵੀਆਂ ਦੇ ਛਾੜ ਛਾੜ ਕਰਦੇ ਛੜਾਕੇ ਪੈਂਦੇ ਹਨ
ਅਤੇ ਤੀਰਾਂ ਦੇ ਤੜਾਕੇ ਤੇ ਬੰਦੂਕਾਂ ਦੇ ਗੜਾਕੇ ਹੁੰਦੇ ਸਨ ॥੩੮॥੧੧੫॥
ਗੜ ਗੜ ਕਰਦੇ ਰਣਸਿੰਗੇ ਜ਼ੋਰ ਨਾਲ ਗਜ ਰਹੇ ਸਨ,
ਸੰਖਾਂ ਦੀ ਆਵਾਜ਼ ਅਤੇ ਤੂਤੀਆਂ ਦੀ ਧੁਨੀ ਹੋ ਰਹੀ ਸੀ,
ਸੂਰਮੇ ਬਾਗੜ ਦੇਸ਼ ਦੇ ਵਾਜੇ ਵਜਾ ਰਹੇ ਸਨ
ਅਤੇ ਭੂਤਪ੍ਰੇਤ ਨੰਗੇ ਹੋ ਕੇ ਨਚ ਰਹੇ ਸਨ ॥੩੯॥੧੧੬॥
ਦੋ ਖੰਭੀਏ ਬਾਣ ਤੜ ਤੜ ਕਰਦੇ ਚਲਦੇ ਸਨ;
ਛੁਰੀਆਂ, ਕਟਾਰੀਆਂ ਅਤੇ ਕ੍ਰਿਪਾਨਾਂ ਦੀ ਕੜਕਾਰ ਹੁੰਦੀ ਸੀ;
ਬਾਗੜ ਦੇਸ਼ ਦੇ ਨਗਾਰਿਆਂ ਵਿਚੋਂ ਧੁਨੀ ਨਿਕਲਦੀ ਸੀ
ਅਤੇ ਸਾਰੇ ਸੂਰਮੇ (ਇਨ੍ਹਾਂ ਨਗਾਰਿਆਂ ਦੇ) ਨਾਦ ਵਿਚ ਮਗਨ (ਹੋ ਕੇ ਯੁੱਧ ਕਰ ਰਹੇ ਸਨ) ॥੪੦॥੧੧੭॥
ਸੰਖਾਂ ਦੀ ਆਵਾਜ਼ ਅਤੇ ਤੂਤੀਆਂ ਦੀ ਧੁਨੀ ਹੋ ਰਹੀ ਸੀ,
ਰਣਸਿੰਗੇ ਬਹੁਤ ਗੰਭੀਰ ਨਾਦ ਕਢ ਰਹੇ ਸਨ,
ਬਾਗੜ ਦੇਸ਼ ਦੇ ਵਾਜੇ ਅਤੇ ਨਗਾਰੇ ਵਜ ਰਹੇ ਸਨ
ਅਤੇ ਸੂਰਮੇ ਜਗਹ ਜਗਹ ਗਜ ਰਹੇ ਸਨ ॥੪੧॥੧੧੮॥
ਨਰਾਜ ਛੰਦ:
(ਰਕਤ-ਬੀਜ ਦੇ ਲਹੂ ਦੇ ਤੁਪਕੇ) ਜਿਤਨੇ ਵੀ ਰੂਪ ਧਾਰਦੇ ਸਨ,
ਉਤਨੇ ਹੀ ਦੇਵੀ ਮਾਰ ਦਿੰਦੀ ਸੀ।
ਜਿਤਨੇ ਰੂਪ (ਉਹ ਹੋਰ) ਧਾਰਨਗੇ,
(ਉਹ ਸਾਰੇ) ਦੇਵੀ ਮਾਰ ਦੇਵੇਗੀ ॥੪੨॥੧੧੯॥
ਉਸ ਨੂੰ ਜਿਤਨੇ ਸ਼ਸਤ੍ਰ ਵਜਦੇ ਹਨ,
ਲਹੂ ਦੇ ਪ੍ਰਵਾਹ ਚਲ ਪੈਂਦੇ ਸਨ।
(ਲਹੂ) ਦੀਆਂ ਜਿਤਨੀਆਂ ਬੂੰਦਾਂ ਡਿਗਦੀਆਂ ਸਨ,
ਉਹ ਕਾਲਕਾ ਪੀ ਲੈਂਦੀ ਸੀ ॥੪੩॥੧੨੦॥
ਰਸਾਵਲ ਛੰਦ:
(ਰਕਤਬੀਜ) ਲਹੂ ਤੋਂ ਸਖਣਾ ਹੋ ਗਿਆ
ਅਤੇ (ਉਸ ਦਾ) ਸ਼ਰੀਰ ਨਿਰਬਲ ਹੋ ਗਿਆ।
ਅੰਤ ਵਿਚ (ਉਹ) ਭੁਆਟਣੀ ਖਾ ਕੇ ਡਿਗ ਪਿਆ,
ਮਾਨੋ ਧਰਤੀ ਉਤੇ ਬਦਲ ਡਿਗ ਰਿਹਾ ਹੋਵੇ ॥੪੪॥੧੨੧॥
ਸਾਰੇ ਦੇਵਤੇ ਖੁਸ਼ ਹੋਏ
ਅਤੇ ਫੁਲਾਂ ਦੀ ਬਰਖਾ ਕਰਨ ਲਗੇ।
ਰਕਤਬੀਜ ਨੂੰ ਮਾਰ ਕੇ
ਸਾਰਿਆਂ ਸੰਤਾਂ ਨੂੰ (ਸੰਕਟ ਤੋਂ) ਬਚਾ ਲਿਆ ॥੪੫॥੧੨੨॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ-ਚਰਿਤ੍ਰ ਪ੍ਰਸੰਗ ਦੇ 'ਰਕਤਬੀਜ-ਬਧ' ਨਾਂ ਦੇ ਚੌਥੇ ਅਧਿਆਇ ਦੀ ਸ਼ੁਭ ਸਮਾਪਤੀ ॥੪॥
ਹੁਣ ਨਿਸ਼ੁੰਭ ਦੇ ਯੁੱਧ ਦਾ ਕਥਨ
ਦੋਹਰਾ:
ਸੁੰਭ ਅਤੇ ਨਿਸੁੰਭ ਨੇ ਜਦੋਂ ਰਕਤਬੀਜ ਦੇ ਮਾਰੇ ਜਾਣ (ਦੀ ਗੱਲ) ਸੁਣੀ
(ਤਦੋਂ) ਆਪ ਸੈਨਾ ਇਕੱਠੀ ਕਰਕੇ ਅਤੇ ਕੁਹਾੜਿਆਂ ਅਤੇ ਫੰਧਿਆਂ ਨਾਲ ਸੁਸਜਿਤ ਹੋ ਕੇ (ਦੋਵੇਂ) ਚੜ੍ਹ ਪਏ ॥੧॥੧੨੩॥
ਭੁਜੰਗ ਪ੍ਰਯਾਤ ਛੰਦ:
ਅਪਾਰ ਸ਼ਕਤੀ ਵਾਲੇ ਸੂਰਵੀਰ ਸੁੰਭ ਅਤੇ ਨਿਸੁੰਭ ਨੇ ਚੜ੍ਹਾਈ ਕਰ ਦਿੱਤੀ।
(ਉਨ੍ਹਾਂ ਦੀ ਸੈਨਾ ਵਲੋਂ) ਧੌਂਸਿਆਂ ਅਤੇ ਨਗਾਰਿਆਂ ਦੀ ਧੁਨੀ ਗੂੰਜਣ ਲਗੀ।
ਅੱਠ ਸੌ ਕੋਹਾਂ ਤਕ ਛਤਰਾਂ ਦੀ ਛਾਂ ਹੋ ਗਈ।
(ਉਸ ਸਥਿਤੀ ਨੂੰ ਵੇਖ ਕੇ) ਸੂਰਜ ਅਤੇ ਚੰਦ੍ਰਮਾ ਭਜ ਗਏ ਅਤੇ ਇੰਦਰ ਵੀ ਡਰ ਗਿਆ ॥੨॥੧੨੪॥
ਭੇਰੀਆਂ ਦੀ ਭਕ-ਭਕ ਅਤੇ ਢੋਲਾਂ ਦੀ ਢਾਂ-ਢਾਂ ਦੀ (ਆਵਾਜ਼ ਹੋਣ ਲਗੀ)।