ਰਾਣੀ ਨੇ ਇਸ ਤਰ੍ਹਾਂ ਚਿਤ ਵਿਚ ਵਿਚਾਰ ਕੀਤਾ
ਕਿ ਇਸ ਰਾਜੇ ਨੂੰ ਮਾਰ ਦੇਣਾ ਚਾਹੀਦਾ ਹੈ।
ਇਸ ਤੋਂ ਰਾਜ ਲੈ ਕੇ ਜੋਗੀ ਨੂੰ ਦਿੱਤਾ ਜਾਵੇ।
ਅਜਿਹੇ ਢੰਗ ਦਾ ਕੁਝ ਚਰਿਤ੍ਰ ਕੀਤਾ ਜਾਵੇ ॥੫॥
(ਉਸ ਨੇ) ਸੁਤੇ ਪਏ ਰਾਜੇ ਨੂੰ ਮਾਰ ਦਿੱਤਾ।
ਉਸ ਨੂੰ (ਭੂਮੀ ਵਿਚ) ਗਡ ਕੇ ਇਸ ਤਰ੍ਹਾਂ ਕਿਹਾ,
ਰਾਜੇ ਨੇ ਰਾਜ ਜੋਗੀ ਨੂੰ ਦੇ ਦਿੱਤਾ ਹੈ
ਅਤੇ ਆਪ ਯੋਗ ਦਾ ਭੇਸ ਧਾਰਨ ਕਰ ਲਿਆ ਹੈ ॥੬॥
ਰਾਜੇ ਨੇ ਜੋਗ ਭੇਸ ਲੈ ਲਿਆ ਹੈ
ਅਤੇ ਇਸ ਨੂੰ ਰਾਜ ਦੇ ਕੇ ਬਨ ਨੂੰ ਉਠ ਗਿਆ ਹੈ।
ਮੈਂ ਵੀ ਰਾਜ ਜੋਗੀ ਨੂੰ ਦਿੰਦੀ ਹਾਂ
ਅਤੇ ਜਿਥੇ ਰਾਜਾ ਗਿਆ ਹੈ, ਉਧਰ ਨੂੰ ਜਾਂਦੀ ਹਾਂ ॥੭॥
(ਰਾਣੀ ਦੀ ਗੱਲ ਸੁਣ ਕੇ) ਸਾਰੀ ਪ੍ਰਜਾ ਨੇ 'ਸਤਿ ਸਤਿ' ਕਿਹਾ
ਅਤੇ ਰਾਜੇ ਨੇ ਜੋ ਕਿਹਾ, ਉਸ ਨੂੰ ਅਸੀਂ ਮੰਨ ਲਿਆ।
ਸਾਰਿਆਂ ਨੇ ਜੋਗੀ ਨੂੰ ਰਾਜ ਦੇ ਦਿੱਤਾ
ਅਤੇ ਮੂਰਖਾਂ ਨੇ ਭੇਦ ਅਭੇਦ ਨੂੰ ਨਾ ਸਮਝਿਆ ॥੮॥
ਦੋਹਰਾ:
ਰਾਣੀ ਨੇ ਰਾਜੇ ਨੂੰ ਮਾਰ ਕੇ ਆਪਣਾ ਕੰਮ ਕਰ ਲਿਆ
ਅਤੇ ਜੋਗੀ ਨੂੰ ਰਾਜ ਦੇ ਕੇ ਸਾਰੀ ਪ੍ਰਜਾ ਉਸ ਦੇ ਪੈਰੀਂ ਪਾ ਦਿੱਤੀ ॥੯॥
ਚੌਪਈ:
ਇਸ ਤਰ੍ਹਾਂ ਜੋਗੀ ਨੂੰ ਰਾਜ ਦੇ ਦਿੱਤਾ
ਅਤੇ ਇਸ ਛਲ ਨਾਲ ਪਤੀ ਨੂੰ ਕਤਲ ਕਰ ਦਿੱਤਾ।
ਮੂਰਖਾਂ ਨੇ ਅਜੇ ਤਕ ਭੇਦ ਨਹੀਂ ਸਮਝਿਆ ਹੈ
ਅਤੇ ਹੁਣ ਤਕ ਉਹ ਰਾਜ ਕਮਾਉਂਦਾ ਆ ਰਿਹਾ ਹੈ ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੦॥੫੩੭੬॥ ਚਲਦਾ॥
ਚੌਪਈ:
ਬਿਜੈ ਨਗਰ ਦਾ ਇਕ ਰਾਜਾ ਦਸਿਆ ਜਾਂਦਾ ਸੀ
ਜਿਸ ਦਾ ਡਰ ਸਾਰੇ ਦੇਸ ਮੰਨਦੇ ਸਨ।
ਉਸ ਸ੍ਰੇਸ਼ਠ ਰਾਜੇ ਦਾ ਨਾਂ ਬਿਜੈ ਸੈਨ ਸੀ।
ਉਸ ਦੇ ਘਰ ਬਿਜੈ ਮਤੀ (ਨਾਂ ਦੀ) ਰਾਣੀ ਸੀ ॥੧॥
ਅਜੈ ਮਤੀ ਉਸ ਦੀ ਦੂਜੀ ਰਾਣੀ ਸੀ
ਜਿਸ ਦੇ ਹੱਥ ਵਿਚ ਰਾਜਾ ਵਿਕਿਆ ਹੋਇਆ ਸੀ।
ਬਿਜੈ ਮਤੀ ਦੇ ਘਰ ਇਕ ਪੁੱਤਰ ਸੀ।
ਉਸ ਦਾ ਨਾਂ ਸੁਲਤਾਨ ਸੈਨ ਸੀ ॥੨॥
ਬਿਜੈ ਮਤੀ ਦਾ ਰੂਪ ਅਪਾਰ ਸੀ,
ਪਰ ਉਸ ਨਾਲ ਰਾਜੇ ਦਾ ਪਿਆਰ ਨਹੀਂ ਸੀ।
ਅਜੈ ਮਤੀ ਦਾ ਸ਼ਰੀਰ ਬਹੁਤ ਸੁੰਦਰ ਸੀ,
ਜਿਸ ਨੇ ਰਾਜੇ ਦਾ ਚਿਤ ਲੁਭਾਇਆ ਹੋਇਆ ਸੀ ॥੩॥
(ਰਾਜਾ) ਰਾਤ ਦਿਨ ਉਸੇ ਦੇ ਹੀ ਪਿਆ ਰਹਿੰਦਾ ਸੀ,
ਜਿਸ ਤਰ੍ਹਾਂ ਕਿ ਕਬਰ ਵਿਚ ਮਰਿਆ ਪਿਆ ਹੋਵੇ।
(ਉਹ) ਦੂਜੀ ਰਾਣੀ ਦੇ ਘਰ ਨਹੀਂ ਜਾਂਦਾ ਸੀ,
ਜਿਸ ਕਰ ਕੇ ਉਹ ਇਸਤਰੀ ਬਹੁਤ ਕੁੜ੍ਹਦੀ ਸੀ ॥੪॥
ਉਸ (ਦੂਜੀ ਰਾਣੀ ਦਾ) ਹੁਕਮ ਹੀ ਦੇਸ ਵਿਚ ਚਲਦਾ ਸੀ।
(ਅਸਲ ਵਿਚ) ਰਾਣੀ ਹੀ ਰਾਜੇ ਦੇ ਭੇਸ ਵਿਚ (ਰਾਜ ਕਰਦੀ ਸੀ)।
ਦੂਜੀ ਰਾਣੀ ਨੇ (ਸਾੜੇ ਕਾਰਨ) ਮਨ ਵਿਚ ਇਹ ਰੋਸ ਪਾਲ ਲਿਆ।
ਇਕ ਵੈਦ ਨੂੰ ਬੁਲਾ ਕੇ ਇਸ ਤਰ੍ਹਾਂ ਸਾਫ਼ ਕਿਹਾ ॥੫॥
ਜੇ ਤੂੰ ਇਸ ਰਾਜੇ ਨੂੰ ਖਪਾ ਦੇਵੇਂ
ਤਾਂ ਮੇਰੇ ਕੋਲੋਂ ਮੂੰਹ ਮੰਗਿਆ (ਇਨਾਮ) ਪ੍ਰਾਪਤ ਕਰੇਂ।