ਸ਼੍ਰੀ ਦਸਮ ਗ੍ਰੰਥ

ਅੰਗ - 438


ਕੋਪ ਬਢਾਇ ਘਨੋ ਚਿਤ ਮੈ ਧਨੁ ਬਾਨ ਸੰਭਾਰਿ ਭਲੇ ਕਰ ਲੀਨੋ ॥

ਚਿਤ ਵਿਚ ਬਹੁਤ ਕ੍ਰੋਧ ਵਧਾ ਕੇ (ਉਸ ਨੇ) ਹੱਥ ਵਿਚ ਚੰਗੀ ਤਰ੍ਹਾਂ ਧਨੁਸ਼ ਬਾਣ ਲਏ ਹੋਏ ਹਨ।

ਖੈਚ ਕੈ ਕਾਨ ਪ੍ਰਮਾਨ ਕਮਾਨ ਸੁ ਛੇਦ ਹ੍ਰਿਦਾ ਸਰ ਸੋ ਅਰਿ ਦੀਨੋ ॥

ਕੰਨ ਤਕ ਕਮਾਨ ਨੂੰ ਖਿਚ ਕੇ, ਤੀਰ ਨਾਲ ਵੈਰੀ ਦਾ ਹਿਰਦਾ ਵਿੰਨ ਦਿੱਤਾ ਹੈ।

ਮਾਨਹੁ ਬਾਬੀ ਮੈ ਸਾਪ ਧਸਿਓ ਕਬਿ ਨੇ ਜਸੁ ਤਾ ਛਬਿ ਕੋ ਇਮਿ ਚੀਨੋ ॥੧੪੧੧॥

ਇਸ ਛਬੀ ਦਾ ਯਸ਼ ਕਵੀ ਨੇ ਇਸ ਤਰ੍ਹਾਂ ਵਿਚਾਰਿਆ ਹੈ ਮਾਨੋ ਖੁਡ ਵਿਚ ਸੱਪ ਵੜ ਗਿਆ ਹੋਵੇ ॥੧੪੧੧॥

ਬਾਨਨ ਸੰਗਿ ਸੁ ਮਾਰਿ ਕੈ ਸਤ੍ਰਨ ਰਾਮ ਭਨੇ ਅਸਿ ਸੋ ਪੁਨਿ ਮਾਰਿਓ ॥

ਰਾਮ (ਕਵੀ) ਕਹਿੰਦੇ ਹਨ ਵੈਰੀਆਂ ਨੂੰ ਬਾਣਾਂ ਨਾਲ ਮਾਰ ਕੇ, ਫਿਰ ਤਲਵਾਰ ਨਾਲ ਮਾਰਿਆ ਹੈ।

ਸ੍ਰਉਨ ਸਮੂਹ ਪਰਿਓ ਤਿਹ ਤੇ ਧਰਿ ਪ੍ਰਾਨ ਬਿਨਾ ਕਰਿ ਭੂ ਪਰ ਡਾਰਿਓ ॥

ਜੋ ਧੜ ਪ੍ਰਾਣਾਂ ਤੋਂ ਸਖਣੇ ਕਰ ਕੇ ਧਰਤੀ ਉਤੇ ਸੁਟੇ ਸਨ, ਉਨ੍ਹਾਂ (ਵਿਚੋਂ ਨਿਕਲਿਆ) ਸਾਰਾ ਲਹੂ ਧਰਤੀ ਉਤੇ ਖਿਲਰ ਗਿਆ ਹੈ।

ਤਾ ਛਬਿ ਕੀ ਉਪਮਾ ਲਖਿ ਕੈ ਕਬਿ ਨੇ ਮੁਖਿ ਤੇ ਇਹ ਭਾਤਿ ਉਚਾਰਿਓ ॥

ਉਸ ਦ੍ਰਿਸ਼ ਦੀ ਸੁੰਦਰਤਾ ਦੀ ਉਪਮਾ ਕਵੀ ਨੇ (ਆਪਣੇ) ਮੂੰਹ ਤੋਂ ਇਸ ਤਰ੍ਹਾਂ ਉਚਾਰੀ ਹੈ,

ਖਗ ਲਗਿਯੋ ਤਿਹ ਕੋ ਨਹੀ ਮਾਨਹੁ ਲੈ ਕਰ ਮੈ ਜਮ ਦੰਡ ਪ੍ਰਹਾਰਿਓ ॥੧੪੧੨॥

ਮਾਨੋ ਉਸ ਨੂੰ ਤਲਵਾਰ ਨਹੀਂ ਲਗੀ, ਸਗੋਂ ਯਮ ਨੇ (ਆਪਣਾ) ਡੰਡਾ ਮਾਰਿਆ ਹੋਵੇ ॥੧੪੧੨॥

ਰਾਛਸ ਮਾਰਿ ਲਯੋ ਜਬ ਹੀ ਤਬ ਰਾਛਸ ਕੋ ਰਿਸ ਕੈ ਦਲੁ ਧਾਯੋ ॥

ਜਦੋਂ ਰਾਖਸ਼ ਨੂੰ ਮਾਰ ਲਿਆ ਗਿਆ, ਤਦੋਂ ਰਾਖਸ਼ ਦੀ ਸੈਨਾ ਨੇ ਕ੍ਰੋਧ ਕਰ ਕੇ ਧਾਵਾ ਕਰ ਦਿੱਤਾ।

ਆਵਤ ਹੀ ਕਬਿ ਸ੍ਯਾਮ ਕਹੈ ਬਿਬਿਧਾਯੁਧ ਲੈ ਅਤਿ ਜੁਧੁ ਮਚਾਯੋ ॥

ਕਵੀ ਸ਼ਿਆਮ ਕਹਿੰਦੇ ਹਨ, ਆਉਂਦਿਆਂ ਹੀ (ਰਾਖਸ਼ ਸੈਨਾ ਨੇ) ਬਹੁਤ ਤਰ੍ਹਾਂ ਦੇ ਸ਼ਸਤ੍ਰ ਲੈ ਕੇ ਯੁੱਧ ਮਚਾ ਦਿੱਤਾ ਹੈ।

ਦੈਤ ਘਨੇ ਤਹ ਘਾਇਲ ਹੈ ਬਹੁ ਘਾਇਨ ਸੋ ਖੜਗੇਸਹਿ ਘਾਯੋ ॥

ਬਹੁਤ ਸਾਰੇ ਦੈਂਤ ਉਥੇ ਘਾਇਲ ਹੋਏ ਹਨ ਅਤੇ ਬਹੁਤਿਆਂ ਨੇ ਦਾਉ ਵਰਤ ਕੇ ਖੜਗ ਸਿੰਘ ਨੂੰ ਵੀ ਘਾਇਲ ਕਰ ਦਿੱਤਾ ਹੈ।

ਸੋ ਸਹਿ ਕੈ ਅਸਿ ਕੋ ਗਹਿ ਕੈ ਨ੍ਰਿਪ ਜੁਧ ਕੀਯੋ ਨਹੀ ਘਾਉ ਜਤਾਯੋ ॥੧੪੧੩॥

(ਉਨ੍ਹਾਂ ਦੇ ਵਾਰਾਂ ਨੂੰ) ਸਹਿ ਕੇ ਅਤੇ ਤਲਵਾਰ ਨੂੰ ਪਕੜ ਕੇ ਰਾਜਾ ਖੜਗ ਸਿੰਘ ਨੇ ਯੁੱਧ ਕੀਤਾ ਹੈ ਅਤੇ (ਆਪਣੇ ਸ਼ਰੀਰ ਉਤੇ ਲਗੇ) ਜ਼ਖ਼ਮਾਂ ਨੂੰ ਜਣਾਇਆ ਤਕ ਨਹੀਂ ॥੧੪੧੩॥

ਧਾਇ ਪਰੇ ਸਬ ਰਾਛਸਿ ਯਾ ਪਰ ਹੈ ਤਿਨ ਕੈ ਮਨਿ ਕੋਪੁ ਬਢਿਓ ॥

ਸਾਰੇ ਰਾਖਸ਼ਾਂ ਨੇ ਆਪਣੇ ਮਨ ਵਿਚ ਰੋਸ ਨੂੰ ਵਧਾ ਕੇ ਅਤੇ ਧਾ ਕੇ ਉਸ ਉਤੇ ਹਮਲਾ ਬੋਲ ਦਿੱਤਾ ਹੈ।

ਗਹਿ ਬਾਨ ਕਮਾਨ ਗਦਾ ਬਰਛੀ ਤਿਨ ਮਿਆਨਹੁ ਤੇ ਕਰਵਾਰ ਕਢਿਓ ॥

ਉਨ੍ਹਾਂ ਨੇ (ਹੱਥ ਵਿਚ) ਬਾਣ, ਧਨੁਸ਼, ਗਦਾ ਅਤੇ ਬਰਛੀ ਪਕੜੀ ਹੋਈ ਹੈ ਅਤੇ ਮਿਆਨ ਵਿਚੋਂ ਤਲਵਾਰਾਂ ਕਢੀਆਂ ਹੋਈਆਂ ਹਨ।

ਸਬ ਦਾਨਵ ਤੇਜ ਪ੍ਰਚੰਡ ਕੀਯੋ ਰਿਸ ਪਾਵਕ ਮੈ ਤਿਨ ਅੰਗ ਡਢਿਓ ॥

ਸਾਰਿਆਂ ਰਾਖਸ਼ਾਂ ਨੇ ਪ੍ਰਚੰਡ ਤੇਜ ਵਧਾਇਆ ਹੋਇਆ ਹੈ ਅਤੇ ਗੁੱਸੇ ਦੀ ਅਗਨੀ ਨਾਲ ਉਨ੍ਹਾਂ ਦੇ ਸ਼ਰੀਰ ਝੁਲਸੇ ਗਏ ਹਨ।

ਇਹ ਭਾਤਿ ਪ੍ਰਹਾਰਤ ਹੈ ਨ੍ਰਿਪ ਕਉ ਤਨ ਕੰਚਨ ਮਾਨੋ ਸੁਨਾਰ ਗਢਿਓ ॥੧੪੧੪॥

(ਉਹ ਸਾਰੇ) ਇਸ ਤਰ੍ਹਾਂ ਰਾਜਾ (ਖੜਗ ਸਿੰਘ) ਦੇ ਸ਼ਰੀਰ ਉਪਰ ਵਾਰ ਕਰਦੇ ਹਨ ਮਾਨੋ ਸੁਨਿਆਰਾ ਸੋਨੇ ਨੂੰ ਘੜ ਰਿਹਾ ਹੋਵੇ ॥੧੪੧੪॥

ਜਿਨ ਹੂੰ ਨ੍ਰਿਪ ਕੇ ਸੰਗਿ ਜੁਧ ਕੀਯੋ ਸੁ ਸਬੈ ਇਨ ਹੂੰ ਹਤਿ ਕੈ ਤਬ ਦੀਨੇ ॥

ਜਿਨ੍ਹਾਂ (ਰਾਖਸ਼ਾਂ) ਨੇ ਰਾਜਾ (ਖੜਗ ਸਿੰਘ) ਨਾਲ ਯੁੱਧ ਕੀਤਾ ਹੈ, ਉਨ੍ਹਾਂ ਸਾਰਿਆਂ ਨੂੰ (ਉਥੇ ਹੀ) ਖ਼ਤਮ ਕਰ ਦਿੱਤਾ ਗਿਆ ਹੈ।

ਅਉਰ ਜਿਤੇ ਅਰਿ ਜੀਤ ਬਚੈ ਤਿਨ ਕੇ ਬਧ ਕਉ ਕਰਿ ਆਯੁਧ ਲੀਨੇ ॥

ਹੋਰ ਜਿਤਨੇ ਵੈਰੀ ਜੀਉਂਦੇ ਬਚੇ ਹਨ, ਉਨ੍ਹਾਂ ਨੂੰ ਮਾਰਨ ਲਈ (ਰਾਜੇ ਨੇ) ਹੱਥ ਵਿਚ ਸ਼ਸਤ੍ਰ ਧਾਰਨ ਕੀਤੇ ਹਨ।

ਤਉ ਇਨ ਭੂਪ ਸਰਾਸਨ ਲੈ ਕੀਏ ਸਤ੍ਰਨ ਕੇ ਤਨ ਮੁੰਡਨ ਹੀਨੇ ॥

ਤਦ ਉਸ ਰਾਜੇ ਨੇ ਹੱਥ ਵਿਚ ਧਨੁਸ਼ ਬਾਣ ਧਾਰਨ ਕਰ ਕੇ ਵੈਰੀਆਂ ਦੇ ਸ਼ਰੀਰ ਸਿਰਾਂ ਤੋਂ ਵਾਂਝੇ ਕਰ ਦਿੱਤੇ ਹਨ।

ਜੋ ਨ ਡਰੇ ਸੁ ਲਰੇ ਪੁਨਿ ਧਾਇ ਨਿਦਾਨ ਵਹੀ ਨ੍ਰਿਪ ਖੰਡਨ ਕੀਨੇ ॥੧੪੧੫॥

ਜੋ (ਸ਼ੂਰਵੀਰ ਰਾਜਾ ਖੜਗ ਸਿੰਘ) ਤੋਂ ਡਰੇ ਨਹੀਂ ਸਗੋਂ ਧਾ ਕੇ ਰਾਜੇ ਉਤੇ ਪਏ ਹਨ, ਅੰਤ ਵਿਚ ਉਨ੍ਹਾਂ ਨੂੰ ਰਾਜੇ ਨੇ ਟੁਕੜੇ ਟੁਕੜੇ ਕਰ ਦਿੱਤਾ ਹੈ ॥੧੪੧੫॥

ਬੀਰ ਬਡੋ ਇਕ ਦੈਤ ਹੁਤੋ ਤਿਨਿ ਕੋਪ ਕੀਯੋ ਅਤਿ ਹੀ ਮਨ ਮੈ ॥

ਇਕ ਬਹੁਤ ਵੱਡਾ ਦੈਂਤ ਯੋਧਾ ਸੀ। ਉਸ ਨੇ ਆਪਣੇ ਮਨ ਵਿਚ ਬਹੁਤ ਕ੍ਰੋਧ ਕੀਤਾ।

ਇਹ ਭਾਤਿ ਸੋ ਭੂਪ ਕਉ ਬਾਨ ਹਨੇ ਸਬ ਫੋਕਨ ਲਉ ਗਡਗੇ ਤਨ ਮੈ ॥

(ਉਸ ਨੇ) ਰਾਜਾ (ਖੜਗ ਸਿੰਘ) ਨੂੰ ਇਸ ਤਰ੍ਹਾਂ ਤੀਰ ਮਾਰੇ ਕਿ ਉਹ ਸਾਰੇ ਫੋਕਾਂ ਤਕ ਉਸ ਦੇ ਸ਼ਰੀਰ ਵਿਚ ਗਡੇ ਗਏ ਹਨ।

ਤਬ ਭੂਪਤਿ ਸਾਗ ਹਨੀ ਰਿਪੁ ਕੋ ਧਸ ਗੀ ਉਰਿ ਜਿਉ ਚਪਲਾ ਘਨ ਮੈ ॥

ਤਦ ਰਾਜੇ ਨੇ ਵੈਰੀ ਨੂੰ ਸਾਂਗ ਮਾਰੀ ਜੋ (ਉਸ ਦੀ) ਛਾਤੀ ਵਿਚ (ਇੰਜ) ਧਸ ਗਈ, ਜਿਵੇਂ ਬਿਜਲੀ ਬਦਲ ਵਿਚ (ਲੁਕ ਜਾਂਦੀ ਹੈ)।

ਸੁ ਮਨੋ ਉਰਗੇਸ ਖਗੇਸ ਕੇ ਤ੍ਰਾਸ ਤੇ ਧਾਇ ਕੈ ਜਾਇ ਦੁਰਿਓ ਬਨ ਮੈ ॥੧੪੧੬॥

(ਜਾਂ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਗਰੁੜ ਦੇ ਡਰ ਤੋਂ ਸ਼ੇਸ਼ਨਾਗ ਭਜ ਕੇ ਬਨ ਵਿਚ ਜਾ ਲੁਕਿਆ ਹੋਵੇ ॥੧੪੧੬॥

ਲਾਗਤ ਸਾਗ ਕੈ ਪ੍ਰਾਨ ਤਜੇ ਤਿਹ ਅਉਰ ਹੁਤੋ ਤਿਹ ਕੋ ਅਸਿ ਝਾਰਿਓ ॥

ਸਾਂਗ ਦੇ ਲਗਦਿਆਂ ਹੀ (ਉਸ ਨੇ) ਪ੍ਰਾਣ ਛਡ ਦਿੱਤੇ ਹਨ ਅਤੇ (ਉਥੇ ਇਕ) ਹੋਰ (ਦੈਂਤ) ਵੀ ਸੀ, ਉਸ ਨੂੰ ਵੀ ਤਲਵਾਰ ਨਾਲ ਝਾੜ ਸੁਟਿਆ ਹੈ।

ਕੋਪ ਅਯੋਧਨ ਮੈ ਖੜਗੇਸ ਕਹੈ ਕਬਿ ਰਾਮ ਮਹਾ ਬਲ ਧਾਰਿਓ ॥

ਕਵੀ ਰਾਮ ਕਹਿੰਦੇ ਹਨ, ਖੜਗ ਸਿੰਘ ਨੇ ਕ੍ਰੋਧ ਕਰ ਕੇ ਯੁੱਧ-ਭੂਮੀ ਵਿਚ (ਆਪਣੇ) ਬਲ ਨੂੰ ਸੰਭਾਲਿਆ ਹੈ

ਰਾਛਸ ਤੀਸ ਰਹੋ ਤਿਹ ਠਾ ਤਿਹ ਕੋ ਤਬ ਹੀ ਤਿਹ ਠਉਰ ਸੰਘਾਰਿਓ ॥

ਅਤੇ ਉਸ ਥਾਂ ਉਤੇ ਖੜੋਤੇ ਤੀਹ ਰਾਖਸ਼ਾਂ ਨੂੰ ਉਸੇ ਸਮੇਂ ਉਥੇ ਮਾਰ ਦਿੱਤਾ ਹੈ।

ਪ੍ਰਾਨ ਬਿਨਾ ਇਹ ਭਾਤਿ ਪਰਿਓ ਮਘਵਾ ਮਨੋ ਬਜ੍ਰ ਭਏ ਨਗੁ ਮਾਰਿਓ ॥੧੪੧੭॥

(ਉਹ) ਇਸ ਤਰ੍ਹਾਂ (ਡਿਗੇ) ਪਏ ਹਨ ਮਾਨੋ ਇੰਦਰ ਨੇ ਬਜ੍ਰ ਮਾਰ ਕੇ ਪਰਬਤ ਡਿਗਾਏ ਹੋਣ ॥੧੪੧੭॥

ਕਬਿਤੁ ॥

ਕਬਿੱਤ:

ਕੇਤੇ ਰਾਛਸਨ ਹੂੰ ਕੀ ਭੁਜਨ ਕਉ ਕਾਟਿ ਦਯੋ ਕੇਤੇ ਸਿਰ ਸਤ੍ਰਨ ਕੇ ਖੰਡਨ ਕਰਤ ਹੈ ॥

ਕਿਤਨੇ ਹੀ ਰਾਖਸ਼ਾਂ ਦੀਆਂ ਭੁਜਾਵਾਂ ਨੂੰ ਕਟ ਦਿੱਤਾ ਹੈ ਅਤੇ ਕਿਤਨੇ ਹੀ ਵੈਰੀਆਂ ਦੇ ਸਿਰ ਵੱਢ ਸੁਟੇ ਹਨ।

ਕੇਤੇ ਭਾਜਿ ਗਏ ਅਰਿ ਕੇਤੇ ਮਾਰਿ ਲਏ ਬੀਰ ਰਨ ਹੂੰ ਕੀ ਭੂਮਿ ਹੂੰ ਤੇ ਪੈਗੁ ਨ ਟਰਤ ਹੈ ॥

ਕਿਤਨੇ ਹੀ ਭਜ ਗਏ ਹਨ ਅਤੇ ਕਿਤਨੇ ਹੀ ਸੂਰਮੇ ਮਾਰ ਲਏ ਗਏ ਹਨ ਪਰ (ਖੜਗ ਸਿੰਘ) ਰਣ-ਭੂਮੀ ਵਿਚ ਇਕ ਕਦਮ ਵੀ ਪਿਛੇ ਨਹੀਂ ਹਟਿਆ ਹੈ।

ਸੈਥੀ ਜਮਦਾਰ ਲੈ ਸਰਾਸਨ ਗਦਾ ਤ੍ਰਿਸੂਲ ਦੁਜਨ ਕੀ ਸੈਨਾ ਬੀਚ ਐਸੇ ਬਿਚਰਤ ਹੈ ॥

ਸੈਹਥੀ, ਜਮਧਾੜ, ਧਨੁਸ਼, ਗਦਾ ਅਤੇ ਤ੍ਰਿਸ਼ੂਲ ਲੈ ਕੇ (ਰਾਜਾ ਖੜਗ ਸਿੰਘ) ਵੈਰੀਆਂ ਦੀ ਸੈਨਾ ਵਿਚ ਇਸ ਤਰ੍ਹਾਂ ਵਿਚਰ ਰਿਹਾ ਹੈ

ਆਗੇ ਹੁਇ ਲਰਤ ਪਗ ਪਾਛੇ ਨ ਕਰਤ ਡਗ ਕਬੂੰ ਦੇਖੀਯਤ ਕਬੂੰ ਦੇਖਿਓ ਨ ਪਰਤ ਹੈ ॥੧੪੧੮॥

ਕਿ (ਕਦੇ) ਅਗੇ ਹੋ ਕੇ ਲੜਦਾ ਹੈ, (ਕਦੇ) ਕਦਮ ਪਿਛੇ ਨੂੰ ਕਰਦਾ। ਕਦੇ ਦਿਸ ਜਾਂਦਾ ਹੈ ਅਤੇ ਕਦੇ ਨਹੀਂ ਦਿਸਦਾ (ਅਰਥਾਤ ਵੈਰੀਆਂ ਦੁਆਰਾ ਘੇਰ ਲਿਆ ਜਾਂਦਾ ਹੈ) ॥੧੪੧੮॥

ਕਬਿਯੋ ਬਾਚ ॥

ਕਵੀ ਕਹਿੰਦਾ ਹੈ:

ਅੜਿਲ ॥

ਅੜਿਲ:

ਖੜਗ ਸਿੰਘ ਬਹੁ ਰਾਛਸ ਮਾਰੇ ਕੋਪ ਹੁਇ ॥

ਖੜਗ ਸਿੰਘ ਨੇ ਕ੍ਰੋਧਵਾਨ ਹੋ ਕੇ ਬਹੁਤ ਸਾਰੇ ਰਾਖਸ਼ ਮਾਰੇ ਹਨ

ਰਹੇ ਮਨੋ ਮਤਵਾਰੇ ਰਨ ਕੀ ਭੂਮਿ ਸੁਇ ॥

(ਜੋ ਇੰਜ ਪ੍ਰਤੀਤ ਹੁੰਦੇ ਹਨ) ਮਾਨੋ ਮਤਵਾਲੇ ਹੋ ਕੇ ਯੁੱਧ-ਭੂਮੀ ਵਿਚ ਸੌਂ ਰਹੇ ਹੋਣ।

ਜੀਅਤ ਬਚੇ ਤੇ ਭਾਜੇ ਤ੍ਰਾਸ ਬਢਾਇ ਕੈ ॥

(ਜੋ) ਜੀਉਂਦੇ ਬਚੇ ਹਨ ਉਹ ਡਰ ਨੂੰ ਵਧਾ ਕੇ ਭਜ ਗਏ ਹਨ

ਹੋ ਜਦੁਪਤਿ ਤੀਰ ਪੁਕਾਰੇ ਸਬ ਹੀ ਆਇ ਕੈ ॥੧੪੧੯॥

ਅਤੇ ਸ੍ਰੀ ਕ੍ਰਿਸ਼ਨ ਕੋਲ ਆ ਕੇ ਸਾਰਿਆਂ ਨੇ ਪੁਕਾਰ ਕੀਤੀ ਹੈ ॥੧੪੧੯॥

ਕਾਨ੍ਰਹ ਜੂ ਬਾਚ ॥

ਕਾਨ੍ਹ ਜੀ ਨੇ ਕਿਹਾ:

ਦੋਹਰਾ ॥

ਦੋਹਰਾ:

ਤਬ ਬ੍ਰਿਜਪਤਿ ਸਬ ਸੈਨ ਕਉ ਐਸੇ ਕਹਿਯੋ ਸੁਨਾਇ ॥

ਤਦ ਸ੍ਰੀ ਕ੍ਰਿਸ਼ਨ ਨੇ ਸਾਰੀ ਸੈਨਾ ਨੂੰ ਸੁਣਾ ਕੇ ਇਸ ਤਰ੍ਹਾਂ ਕਿਹਾ,

ਕੋ ਲਾਇਕ ਭਟ ਕਟਕ ਮੈ ਲਰੈ ਜੁ ਯਾ ਸੰਗ ਜਾਇ ॥੧੪੨੦॥

ਸੈਨਾ ਵਿਚ ਕਿਹੜਾ ਅਜਿਹਾ ਯੋਗ ਸੂਰਮਾ ਹੈ ਜੋ ਇਸ ਨਾਲ ਜਾ ਕੇ ਲੜੇ ॥੧੪੨੦॥

ਸੋਰਠਾ ॥

ਸੋਰਠਾ:

ਸ੍ਰੀ ਜਦੁਪਤਿ ਕੇ ਬੀਰ ਦੁਇ ਨਿਕਸੇ ਅਤਿ ਕੋਪ ਹੁਇ ॥

ਸ੍ਰੀ ਕ੍ਰਿਸ਼ਨ ਦੇ ਦੋ ਸੂਰਵੀਰ ਬਹੁਤ ਕ੍ਰੋਧਵਾਨ ਹੋ ਕੇ (ਸਾਹਮਣੇ) ਨਿਕਲ ਆਏ ਹਨ।

ਮਹਾਰਥੀ ਰਨਧੀਰ ਇੰਦ੍ਰ ਤੁਲਿ ਬਿਕ੍ਰਮ ਜਿਨੈ ॥੧੪੨੧॥

ਜੋ ਮਹਾਰਥੀ, ਰਣ ਵਿਚ ਧੀਰਜ ਧਾਰਨ ਕਰਨ ਵਾਲੇ ਅਤੇ ਇੰਦਰ ਦੇ ਸਮਾਨ ਬਲ ਵਾਲੇ ਹਨ ॥੧੪੨੧॥

ਸਵੈਯਾ ॥

ਸਵੈਯਾ:

ਸਿੰਘ ਝੜਾਝੜ ਝੂਝਨ ਸਿੰਘ ਗਏ ਤਿਹ ਸਾਮੁਹੇ ਲੈ ਸੁ ਘਨੋ ਦਲੁ ॥

ਝੜਾਝੜ ਸਿੰਘ ਅਤੇ ਝੂਝਨ ਸਿੰਘ ਆਪਣੀ ਬਹੁਤ ਸਾਰੀ ਸੈਨਾ ਲੈ ਕੇ ਉਸ (ਖੜਗ ਸਿੰਘ) ਦੇ ਸਾਹਮਣੇ ਗਏ ਹਨ।

ਘੋਰਨ ਕੀ ਖੁਰ ਬਾਰ ਬਜੈ ਭੂਅ ਕੰਪ ਉਠੀ ਅਰੁ ਸਤਿ ਰਸਾਤਲੁ ॥

ਘੋੜਿਆਂ ਦੇ ਖੁਰਾਂ ਨਾਲ ਪੈਦਾ ਹੋਈ ਆਵਾਜ਼ ਨਾਲ ਧਰਤੀ ਕੰਬਣ ਲਗ ਗਈ ਹੈ ਅਤੇ ਸੱਤ ਪਾਤਾਲ (ਵਿਚੋਂ ਹਿਲ ਗਏ ਹਨ)।


Flag Counter