ਸ਼੍ਰੀ ਦਸਮ ਗ੍ਰੰਥ

ਅੰਗ - 1009


ਗਿਰੇ ਭਾਤਿ ਐਸੀ ਸੁ ਮਾਨੋ ਮੁਨਾਰੇ ॥੨੫॥

ਇਸ ਤਰ੍ਹਾਂ ਡਿਗ ਪਏ ਹਨ ਮਾਨੋ ਮੁਨਾਰੇ ਹੋਣ ॥੨੫॥

ਚੌਪਈ ॥

ਚੌਪਈ:

ਦਸ ਹਜਾਰ ਹੈਵਰ ਹਨਿ ਡਾਰਿਯੋ ॥

ਦਸ ਹਜ਼ਾਰ ਘੋੜੇ ਮਾਰ ਦਿੱਤੇ

ਬੀਸ ਹਜਾਰ ਹਾਥਯਹਿ ਮਾਰਿਯੋ ॥

ਅਤੇ ਵੀਹ ਹਜ਼ਾਰ ਹਾਥੀ ਮਾਰੇ ਗਏ।

ਏਕ ਲਛ ਰਾਜਾ ਰਥ ਘਾਯੋ ॥

ਇਕ ਲੱਖ ਰਾਜੇ, ਰਥ ਆਦਿ ਨਸ਼ਟ ਕਰ ਦਿੱਤੇ

ਬਹੁ ਪੈਦਲ ਜਮ ਧਾਮ ਪਠਾਯੋ ॥੨੬॥

ਅਤੇ ਬਹੁਤ ਸਾਰੇ ਪੈਦਲਾਂ ਨੂੰ ਯਮ-ਲੋਕ ਭੇਜ ਦਿੱਤਾ ॥੨੬॥

ਦੋਹਰਾ ॥

ਦੋਹਰਾ:

ਦ੍ਰੋਣਜ ਦ੍ਰੋਣ ਕ੍ਰਿਪਾ ਕਰਨ ਭੂਰਸ੍ਰਵਾ ਕੁਰਰਾਇ ॥

ਦ੍ਰੋਣਾਚਾਰਯ, ਉਸ ਦਾ ਪੁੱਤਰ (ਅਸ਼੍ਵਸਥਾਮਾ) ਕ੍ਰਿਪਾਚਾਰਯ, ਕਰਨ, ਭੂਰਸ਼੍ਰਵਾ ਅਤੇ ਦੁਰਯੋਧਨ

ਅਮਿਤ ਸੰਗ ਸੈਨਾ ਲਏ ਸਭੈ ਪਹੂੰਚੈ ਆਇ ॥੨੭॥

ਬੇਸ਼ੁਮਾਰ ਸੈਨਾ ਲੈ ਕੇ ਉਥੇ ਆਣ ਪਹੁੰਚੇ ॥੨੭॥

ਸਵੈਯਾ ॥

ਸਵੈਯਾ:

ਯਾ ਦ੍ਰੁਪਦਾ ਤੁਮ ਤੇ ਸੁਨੁ ਰੇ ਸਠ ਜੀਤਿ ਸੁਯੰਬਰ ਮੈ ਹਮ ਲੈਹੈ ॥

(ਕਹਿਣ ਲਗੇ) ਹੇ ਦੁਸ਼ਟ! ਸੁਣ, ਇਹ ਦ੍ਰੋਪਤੀ ਨੂੰ ਤਾਂ ਅਸੀਂ ਸੁਅੰਬਰ ਵਿਚ ਜਿਤ ਲਵਾਂਗੇ।

ਸਾਗਨ ਸੂਲਨ ਸੈਥਿਨ ਸੋਂ ਹਨਿ ਕੈ ਤੁਹਿ ਕੋ ਜਮ ਧਾਮ ਪਠੈਹੈ ॥

ਬਰਛੇ, ਤ੍ਰਿਸ਼ੂਲ ਅਤੇ ਬਰਛੀਆਂ ('ਸੈਥਿਨ') ਨਾਲ ਤੈਨੂੰ ਮਾਰ ਕੇ ਯਮਲੋਕ ਭੇਜਾਂਗੇ।

ਡਾਰਿ ਰਥੋਤਮ ਮੈ ਤ੍ਰਿਯ ਕੋ ਕਤ ਭਾਜਤ ਹੈ ਜੜ ਜਾਨ ਨ ਦੈਹੈ ॥

ਸੋਹਣੇ ਰਥ ਉਸ ਇਸਤਰੀ ਨੂੰ ਬਿਠਾ ਕੇ ਕਿਥੇ ਭਜਿਆ ਜਾ ਰਿਹਾ ਹੈਂ, ਹੇ ਮੂਰਖ! (ਅਸੀਂ ਤੈਨੂੰ) ਜਾਣ ਨਹੀਂ ਦਿਆਂਗੇ।

ਏਕ ਨਿਦਾਨ ਕਰੈ ਰਨ ਮੈ ਕਿਧੋ ਪਾਰਥ ਹੀ ਕਿ ਦ੍ਰੁਜੋਧਨ ਹ੍ਵੈਹੈ ॥੨੮॥

(ਅਸੀਂ ਹੁਣ) ਇਹ ਨਿਰਣਾ ਕਰ ਕੇ ਹੀ ਛਡਾਂਗੇ ਕਿ ਜਾਂ ਅਰਜਨ ਰਹੇਗਾ ਜਾਂ ਦੁਰਯੋਧਨ ॥੨੮॥

ਚੌਪਈ ॥

ਚੌਪਈ:

ਤੋ ਕਹ ਜੀਤਿ ਜਾਨ ਨਹਿ ਦੈਹੈ ॥

ਤੈਨੂੰ ਜੀਉਂਦਾ ਜਾਣ ਨਹੀਂ ਦਿਆਂਗੇ।

ਸ੍ਰੋਨ ਸੁਹਾਨੇ ਬਾਗਨ ਹ੍ਵੈਹੈ ॥

ਲਹੂ ਨਾਲ ਸਫ਼ੈਦ ਬਸਤ੍ਰ ਸੋਹਣੇ ਹੋ ਜਾਣਗੇ।

ਏਕ ਨਿਦਾਨ ਕਰੈ ਰਨ ਮਾਹੀ ॥

(ਅਜ) ਰਣ ਵਿਚ ਇਕ ਫੈਸਲਾ ਹੋ ਜਾਏਗਾ,

ਕੈ ਪਾਡਵ ਕੈ ਕੈਰਵ ਨਾਹੀ ॥੨੯॥

ਜਾਂ ਪਾਂਡਵ ਰਹਿਣਗੇ ਜਾਂ ਕੌਰਵ ॥੨੯॥

ਅੜਿਲ ॥

ਅੜਿਲ:

ਪ੍ਰਥਮ ਪਾਰਥ ਭਾਨੁਜ ਕੌ ਬਿਸਿਖ ਪ੍ਰਹਾਰਿਯੋ ॥

ਅਰਜਨ ਨੇ ਪਹਿਲਾਂ ਕਰਨ ('ਭਾਨੁਜ') ਨੂੰ ਬਾਣ ਮਾਰਿਆ

ਤਾ ਪਾਛੇ ਕੁਰਰਾਵਿ ਕ੍ਵਾਡ ਭੇ ਮਾਰਿਯੋ ॥

ਅਤੇ ਫਿਰ ਧਨੁਸ਼ ਤੇ ਤੀਰ ਚੜ੍ਹਾ ਕੇ ਦੁਰਯੋਧਨ ਨੂੰ ਮਾਰਿਆ।

ਭੀਮ ਭੀਖਮਹਿ ਸਾਇਕ ਹਨੇ ਰਿਸਾਇ ਕੈ ॥

ਭੀਮ ਨੇ ਕ੍ਰੋਧਿਤ ਹੋ ਕੇ ਭੀਸ਼ਮ (ਪਿਤਾਮਾ) ਨੂੰ ਬਾਣ ਮਾਰਿਆ

ਹੋ ਦ੍ਰੋਣ ਦ੍ਰੋਣਜਾਨੁਜ ਕੇ ਘੋਰਨ ਘਾਇ ਕੈ ॥੩੦॥

ਜੋ ਦ੍ਰੋਣਾਚਾਰਯ ਅਤੇ ਉਸ ਦੇ ਪੁੱਤਰ (ਅਸ਼੍ਵਸਥਾਮਾ) ਦੇ ਘੋੜਿਆਂ ਨੂੰ ਸੰਘਾਰ ਗਿਆ ॥੩੦॥

ਭੂਰਸ੍ਰਵਾ ਕੌ ਬਹੁਰਿ ਬਾਣ ਸੋ ਬਸਿ ਕਿਯੋ ॥

ਫਿਰ ਭੂਰਸ਼੍ਰਵਾ ਨੂੰ ਬਾਣ (ਮਾਰ ਕੇ) ਵਸ ਵਿਚ ਕਰ ਲਿਆ।

ਕ੍ਰਿਪਾਚਾਰਜਹਿ ਬਹੁਰਿ ਮੂਰਛਨਾ ਕਰਿ ਲਿਯੋ ॥

ਮਗਰੋਂ ਕ੍ਰਿਪਾਚਾਰਯ ਨੂੰ ਬੇਹੋਸ਼ ਕਰ ਦਿੱਤਾ।

ਹਠੀ ਕਰਣ ਤਬ ਧਾਯੋ ਕੋਪ ਬਢਾਇ ਕੈ ॥

ਤਦ ਹਠੀ ਕਰਨ ਗੁੱਸੇ ਵਿਚ ਆ ਕੇ ਅਗੇ ਵਧਿਆ

ਹੋ ਤੁਮਲ ਜੁਧ ਰਣ ਕਿਯੋ ਸਨੰਮੁਖ ਆਇ ਕੈ ॥੩੧॥

ਅਤੇ ਸਾਹਮਣੇ ਆ ਕੇ ਘਮਸਾਨ ਯੁੱਧ ਕੀਤਾ ॥੩੧॥

ਏਕ ਬਿਸਿਖ ਅਰਜੁਨ ਕੇ ਉਰ ਮੈ ਮਾਰਿਯੋ ॥

(ਉਸ ਨੇ) ਇਕ ਤੀਰ ਅਰਜਨ ਦੀ ਛਾਤੀ ਵਿਚ ਮਾਰਿਆ।

ਗਿਰਿਯੋ ਮੂਰਛਨਾ ਧਰਨਿ ਨ ਨੈਕ ਸੰਭਾਰਿਯੋ ॥

ਉਹ ਜ਼ਰਾ ਵੀ ਸੰਭਲ ਨਾ ਸਕਿਆ ਅਤੇ ਮੂਰਛਿਤ ਹੋ ਕੇ ਧਰਤੀ ਤੇ ਡਿਗ ਪਿਆ।

ਤਬੈ ਦ੍ਰੋਪਤੀ ਸਾਇਕ ਧਨੁਖ ਸੰਭਾਰਿ ਕੈ ॥

ਤਦੋਂ ਦ੍ਰੋਪਤੀ ਨੇ ਧਨੁਸ਼ ਬਾਣ ਸੰਭਾਲਿ ਲਿਆ

ਹੋ ਬਹੁ ਬੀਰਨ ਕੌ ਦਿਯੋ ਛਿਨਿਕ ਮੌ ਮਾਰਿ ਕੈ ॥੩੨॥

ਅਤੇ ਛਿਣ ਭਰ ਵਿਚ ਬਹੁਤ ਸੂਰਮਿਆਂ ਨੂੰ ਮਾਰ ਦਿੱਤਾ ॥੩੨॥

ਏਕ ਬਿਸਿਖ ਭਾਨੁਜ ਕੇ ਉਰ ਮੈ ਮਾਰਿਯੋ ॥

(ਉਸ ਨੇ) ਇਕ ਤੀਰ ਕਰਨ ਦੀ ਛਾਤੀ ਵਿਚ ਮਾਰਿਆ।

ਦੁਤਿਯ ਬਾਨ ਸੋ ਦੁਰਜੋਧਨਹਿ ਪ੍ਰਹਾਰਿਯੋ ॥

ਦੂਜਾ ਬਾਣ ਦੁਰਯੋਧਨ ਨੂੰ ਮਾਰਿਆ।

ਭੀਖਮ ਭੂਰਸ੍ਰਵਾਹਿ ਦ੍ਰੋਣ ਘਾਇਲ ਕਰਿਯੋ ॥

(ਫਿਰ) ਭੀਸ਼ਮ, ਭੂਰਸ਼੍ਰਵਾ ਅਤੇ ਦ੍ਰੋਣਾਚਾਰਯ ਨੂੰ ਘਾਇਲ ਕੀਤਾ।

ਹੋ ਦ੍ਰੋਣਜ ਕ੍ਰਿਪਾ ਦੁਸਾਸਨ ਕੋ ਸ੍ਯੰਦਨ ਹਰਿਯੋ ॥੩੩॥

(ਇਸ ਤੋਂ ਬਾਦ) ਅਸ਼੍ਵਸਥਾਮਾ, ਕ੍ਰਿਪਾਚਾਰਯ, ਦੁਸ਼ਾਸਨ ਦੇ ਰਥਾਂ ਨੂੰ ਨਸ਼ਟ ਕਰ ਦਿੱਤਾ ॥੩੩॥

ਦੋਹਰਾ ॥

ਦੋਹਰਾ:

ਸਭੈ ਸੂਰ ਹਰਖਤ ਭਏ ਕਾਯਰ ਭਯੋ ਨ ਏਕ ॥

(ਯੁੱਧ ਕਰ ਕੇ) ਸਾਰੇ ਸੂਰਮੇ ਖ਼ੁਸ਼ ਹੋਏ ਅਤੇ ਕੋਈ ਵੀ ਕਾਇਰ ਨਾ ਬਣਿਆ।

ਮਾਚਿਯੋ ਪ੍ਰਬਲ ਪ੍ਰਚੰਡ ਰਣ ਨਾਚੇ ਸੁਭਟ ਅਨੇਕ ॥੩੪॥

ਬਹੁਤ ਪ੍ਰਚੰਡ ਯੁੱਧ ਮਚਿਆ ਅਤੇ ਅਨੇਕ ਸੂਰਮੇ ਯੁੱਧ-ਕ੍ਰੀੜਾ ਵਿਚ ਮਗਨ ਹੋ ਗਏ ॥੩੪॥

ਅੜਿਲ ॥

ਅੜਿਲ:

ਰਾਜ ਬਾਜ ਤਾਜਿਯਨ ਸੁ ਦਯੋ ਗਿਰਾਇ ਕੈ ॥

ਸ਼ਾਹੀ ਘੋੜੇ ਅਤੇ ਤਾਜ਼ੀ ਘੋੜੇ ਮਾਰ ਕੇ ਡਿਗਾ ਦਿੱਤੇ।

ਸਾਜ ਬਾਜ ਸਾਜਿਯਨ ਸੁ ਗੈਨ ਫਿਰਾਇ ਕੈ ॥

ਘੋੜਿਆਂ ਨੂੰ ਸਾਜ਼-ਸਮਾਨ ਸਹਿਤ ਆਕਾਸ਼ ਵਿਚ ਫਿਰਾ ਦਿੱਤਾ (ਅਰਥਾਤ ਮਾਰ ਕੇ ਧਰਤੀ ਤੋਂ ਉਪਰ ਚੁਕ ਦਿੱਤਾ ਹੈ)।

ਹੈ ਪਾਖਰੇ ਸੰਘਾਰੇ ਸਸਤ੍ਰ ਸੰਭਾਰਿ ਕੈ ॥

ਸ਼ਸਤ੍ਰ ਸੰਭਾਲ ਕੇ ਕਾਠੀਆਂ ਵਾਲਿਆਂ ਘੋੜਿਆਂ ਨੂੰ ਖ਼ਤਮ ਕਰ ਦਿੱਤਾ।

ਹੋ ਪੈਦਲ ਰਥੀ ਬਿਦਾਰੇ ਬਾਨ ਪ੍ਰਹਾਰਿ ਕੈ ॥੩੫॥

ਬਾਣ ਮਾਰ ਕੇ ਪੈਦਲ ਅਤੇ ਰਥਾਂ ਵਾਲਿਆਂ ਨੂੰ ਨਸ਼ਟ ਕਰ ਦਿੱਤਾ ॥੩੫॥

ਚੌਪਈ ॥

ਚੌਪਈ:

ਪਹਰ ਏਕ ਰਾਖੇ ਅਟਕਾਈ ॥

ਇਕ ਪਹਿਰ ਤਕ ਉਨ੍ਹਾਂ ਨੂੰ ਅਟਕਾਈ ਰਖਿਆ

ਭਾਤਿ ਭਾਤਿ ਸੋ ਕਰੀ ਲਰਾਈ ॥

ਅਤੇ ਭਾਂਤ ਭਾਂਤ ਨਾਲ ਲੜਾਈ ਕੀਤੀ।

ਗਹਿ ਧਨੁ ਪਾਨ ਧਨੰਜੈ ਗਾਜਿਯੋ ॥

ਹੱਥ ਵਿਚ ਧਨੁਸ਼ ਫੜ ਕੇ ਅਰਜਨ ਗਜਿਆ,


Flag Counter