ਦੇਵਕੀ ਦਾ ਪਹਿਲਾ ਪੁੱਤਰ ਹੋਇਆ, ਉਸ ਦਾ ਨਾਮ 'ਕੀਰਤਿਮਤ' ਰਖਿਆ ਗਿਆ।
ਬਸੁਦੇਵ ਉਸ ਨੂੰ ਲੈ ਕੇ ਕੰਸ ਦੇ ਘਰ ਚਲਾ ਗਿਆ ॥੪੫॥
ਸਵੈਯਾ:
ਜਦੋਂ ਪੁੱਤਰ ਨੂੰ ਲੈ ਕੇ ਪਿਉ ('ਤਾਤ') ਚਲਿਆ ਅਤੇ ਰਾਜਾ ਕੰਸ ਦੇ ਦੁਆਰ ਉਤੇ ਆਇਆ,
(ਤਦੋਂ) ਜਾ ਕੇ ਦਰਬਾਨ ਨੂੰ (ਸਾਰੀ ਗੱਲ) ਦਸ ਦਿੱਤੀ, ਉਸ ਨੇ ਅੰਦਰ ਜਾ ਕੇ (ਕੰਸ ਨੂੰ) ਸੂਚਿਤ ਕਰ ਦਿੱਤਾ।
(ਕੰਸ ਨੇ) ਬਾਲਕ ਨੂੰ ਵੇਖ ਕੇ ਤਰਸ ਖਾਧਾ ਅਤੇ ਕਿਹਾ, ਅਸਾਂ ਤੈਨੂੰ (ਇਹ ਬੱਚਾ) ਬਖਸ਼ ਦਿੱਤਾ।
(ਇਹ ਗੱਲ ਸੁਣ ਕੇ) ਬਸੁਦੇਵ ਘਰ ਨੂੰ ਮੁੜ ਆਇਆ। ਪਰ ਤਾਂ ਵੀ ਉਸ ਨੇ ਮਨ ਵਿਚ ਰਤਾ ਜਿੰਨਾ ਸੁਖ ਨਹੀਂ ਪਾਇਆ ॥੪੬॥
ਬਸੁਦੇਵ ਨੇ ਮਨ ਵਿਚ ਕਿਹਾ:
ਦੋਹਰਾ:
ਬਸੁਦੇਵ ਨੇ ਮਨ ਵਿਚ ਇਹ ਵਿਚਾਰ ਕੀਤਾ
(ਕਿ) ਮੂਰਖ ਕੰਸ ਵੱਡੀ ਖੋਟੀ ਬੁੱਧੀ ਵਾਲਾ ਹੈ, ਇਸ ਨੂੰ ਜ਼ਰੂਰ ਮਾਰ ਸੁਟੇਗਾ ॥੪੭॥
ਨਾਰਦ ਰਿਸ਼ੀ ਨੇ ਕੰਸ ਪ੍ਰਤਿ ਕਿਹਾ:
ਦੋਹਰਾ:
(ਬਸੁਦੇਵ ਦੇ ਘਰ ਪਰਤਣ ਤੇ) ਤਦੋਂ (ਨਾਰਦ) ਮੁਨੀ ਕੰਸ ਦੇ ਘਰ ਆਇਆ (ਅਤੇ ਇਹ) ਗੱਲ ਕਹੀ, ਹੇ ਰਾਜਨ! ਸੁਣੋ
(ਤੈਨੂੰ ਕਿਵੇਂ ਨਿਸਚਾ ਆ ਸਕਦਾ ਹੈ ਕਿ ਦੇਵਕੀ ਦਾ ਅੱਠਵਾਂ ਬੱਚਾ ਹੀ ਤੇਰਾ ਵੈਰੀ ਹੈ? ਫਿਰ ਉਸ ਨੇ) ਅੱਠ ਲੀਕਾਂ ਵਾਹ ਕੇ (ਇਸ ਤਰ੍ਹਾਂ) ਗਿਣੀਆਂ (ਕਿ ਹਰ ਲੀਕ ਅੱਠਵੀਂ ਬਣ ਜਾਵੇ, ਇਹ) ਭੇਦ ਦਸ ਦਿੱਤਾ ॥੪੮॥
ਕੰਸ ਨੇ ਸੇਵਕਾਂ ਪ੍ਰਤਿ ਕਿਹਾ:
ਸਵੈਯਾ:
ਕੰਸ ਨੇ ਜਦੋਂ ਨਾਰਦ ਦੀ ਗੱਲ ਸੁਣੀ ਤਾਂ ਰਾਜੇ ਦੇ ਮਨ ਨੂੰ ਭਾ ਗਈ।
ਉਸ ਨੇ ਸੇਵਕਾਂ ਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ ਕਿ ਹੁਣੇ ਜਾ ਕੇ ਇਸ ਨੂੰ ਮਾਰ ਦੇਵੋ।
ਉਸ ਦੀ ਆਗਿਆ ਮੰਨ ਕੇ ਸੇਵਕ ਦੌੜ ਕੇ (ਬਸੁਦੇਵ ਕੋਲ) ਗਏ ਅਤੇ ਇਹ ਗੱਲ (ਸਾਰੇ) ਲੋਕਾਂ (ਵਿਚ ਨਸ਼ਰ) ਹੋ ਗਈ।
(ਸੇਵਕਾਂ ਨੇ ਬਾਲਕ ਨੂੰ) ਪੱਥਰ ਉਥੇ ਹਥੌੜੇ ਵਾਂਗੂ ਮਾਰ ਕੇ, (ਉਸ ਦੀ ਦੇਹ) ਪ੍ਰਾਣਾਂ ਤੋਂ ਵਖਰੀ ਕਰ ਦਿੱਤੀ ॥੪੯॥
ਪਹਿਲੇ ਪੁੱਤਰ ਦਾ ਕਤਲ
ਸਵੈਯਾ:
(ਜਦੋਂ) ਉਨ੍ਹਾਂ ਦੇ ਘਰ ਹੋਰ ਪੁੱਤਰ ਹੋਇਆ ਤਾਂ ਵੱਡੀ ਹੀਣ ਮਤ ਵਾਲੇ ਕੰਸ ਨੇ (ਆਪਣੇ) ਸੇਵਕ (ਉਨ੍ਹਾਂ ਦੇ ਘਰ) ਭੇਜ ਦਿੱਤੇ।
ਉਨ੍ਹਾਂ ਨੇ ਬਾਲਕ ਨੂੰ ਲਿਆ ਕੇ ਫਿਰ ਪੱਥਰ ਉਤੇ ਪਟਕਾ ਕੇ ਮਾਰ ਦਿੱਤਾ।
(ਦੂਜੇ ਪੁੱਤਰ ਦੇ ਮਰਨ ਨਾਲ) ਸਾਰੀ ਮਥੁਰਾ ਪੁਰੀ ਵਿਚ ਰੌਲਾ ਪੈ ਗਿਆ। ਜਿਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਦੀ ਜਾਣ ਲਈ ਹੈ
(ਮਾਨੋ) ਇੰਦਰ ਨੂੰ ਯੁੱਧ ਵਿਚ ਮੋਇਆ ਸੁਣ ਕਰ ਕੇ, ਸਾਰਿਆਂ ਦੇਵਤਿਆਂ ਨੇ ਰੋਣਾ (ਸ਼ੁਰੂ) ਕਰ ਦਿੱਤਾ ਹੋਵੇ ॥੫੦॥
ਉਨ੍ਹਾਂ ਦੇ ਘਰ ਹੋਰ ਜੋ ਪੁੱਤਰ ਹੋਇਆ, ਉਸ ਦਾ ਨਾਮ ਉਨ੍ਹਾਂ ਨੇ 'ਜੈ' ਰਖ ਦਿੱਤਾ।
ਰਾਜੇ ਕੰਸ ਨੇ ਸੁਣ ਕੇ ਉਸ ਨੂੰ ਵੀ ਪੱਥਰ ਉਤੇ ਪਟਕਵਾ ਕੇ ਮਰਵਾ ਦਿੱਤਾ ਅਤੇ ਖੂੰਜੇ ਵਿਚ ਸੁਟਵਾ ਦਿੱਤਾ।
ਦੇਵਕੀ ਸਿਰ ਦੇ ਵਾਲ ਪੁੱਟਦੀ ਹੈ, ਉਸ ਦੇ ਰੋਣ ਅਤੇ ਚਿਲਾਉਣ ('ਚੋਰਨ') ਨਾਲ ਘਰ (ਇਉਂ) ਗੂੰਜ ਰਿਹਾ ਹੈ,
ਜਿਵੇਂ ਬਸੰਤ ਰੁਤ ਦੇ ਅੰਤ ਵਿਚ ਕੂੰਜਾਂ ਕੁਰਲਾਉਂਦੀਆਂ ਹੋਈਆਂ ਵਾਪਸ ਜਾਂਦੀਆਂ ਹਨ ॥੫੧॥
ਕਬਿੱਤ:
ਜੋ ਚੌਥਾ ਪੁੱਤਰ ਹੋਇਆ, ਉਹ ਵੀ ਕੰਸ ਨੇ ਮਾਰ ਦਿੱਤਾ। ਉਸ ਦੇ ਸੋਗ ਦੀ ਅਗਨੀ ਦੀਆਂ ਲਾਟਾਂ ਦੇਵਕੀ ਦੇ ਮਨ ਵਿਚ ਬਲ ਰਹੀਆਂ ਹਨ।
(ਕਹਿਣ ਲਗੀ, ਹੇ ਭਗਵਾਨ! ਮੈਂ) ਤੇਰੀ ਦਾਸੀ ਮਹਾ ਮੋਹ ਦੀ ਫਾਂਸੀ ਵਿਚ ਫਸੀ ਪਈ ਹਾਂ, (ਇਸ ਲਈ ਸਭ) ਸ਼ੋਭਾ ਮਿਟ ਗਈ ਹੈ ਅਤੇ ਉਦਾਸੀ ਛਾਈ ਹੋਈ ਹੈ।
ਜਾਂ ਤਾਂ ਤੁਸੀਂ ਨਾਥ ਹੋ ਕੇ ਸਾਨੂੰ ਸਨਾਥ ਕਰੋ (ਕਿਉਂਕਿ) ਨਾ ਕੋਈ ਪਤੀ ਦੀ ਗਤਿ ਹੈ ਅਤੇ ਨਾ (ਕੋਈ ਮੇਰੇ) ਤਨ ਦੀ ਗਤਿ ਹੈ।
(ਸਾਰੇ ਜਗਤ ਵਿਚ) ਪੁੱਤਰਾਂ ਦੀਆਂ ਦੇਹਾਂ ਦੇ ਨਸ਼ਟ ਹੋਣ ਤੇ ਹਾਸੀ ਹੋ ਰਹੀ ਹੈ, ਹੇ ਅਬਿਨਾਸ਼ੀ! ਤੇਰੀ (ਇਹ) ਹਾਸੀ ਸਾਨੂੰ ਤੀਰ ਦੇ ਮੁਖੀ ਵਾਂਗ ਲਗਦੀ ਹੈ ॥੫੨॥
ਸਵੈਯਾ:
ਜਦੋਂ ਪੰਜਵਾਂ ਪੁੱਤਰ ਹੋਇਆ (ਤਦੋਂ) ਕੰਸ ਨੇ ਉਸ ਨੂੰ ਵੀ ਪੱਥਰ ਨਾਲ ਪਟਕਵਾ ਕੇ ਮਰਵਾ ਦਿੱਤਾ।
(ਉਸ ਦੇ) ਪ੍ਰਾਣ ਆਕਾਸ ਦੇ ਰਸਤੇ ਚਲੇ ਗਏ ਹਨ ਅਤੇ ਉਸ ਦਾ ਸ਼ਰੀਰ ਕਿਤੇ ਜਮਨਾ ਵਿਚ (ਰੁੜ) ਗਿਆ ਹੈ।
(ਇਹ) ਖ਼ਬਰ ('ਸੋ') ਦੇਵਕੀ ਨੇ ਕੰਨੀ ਸੁਣ ਕੇ ਫਿਰ ਸੋਗ ਨਾਲ ਉਭੇ ਸਾਹ ਲਏ ਹਨ।
ਉਸ ਦਿਨ (ਦੇਵਕੀ ਨੂੰ) ਬਹੁਤ ਹੀ ਮੋਹ ਹੋਇਆ ਹੈ, ਮਾਨੋ ਉਥੋਂ ਹੀ 'ਮੋਹ' ਦਾ ਜਨਮ ਹੋਇਆ ਹੋਵੇ ॥੫੩॥
ਦੇਵਕੀ ਨੇ ਬੇਨਤੀ ਕੀਤੀ:
ਕਬਿੱਤ:
(ਬਸੁਦੇਵ ਦੇ) ਕੁਲ ਵਿਚ ਜੋ ਛੇਵਾਂ ਪੁੱਤਰ ਹੋਇਆ ਉਹ ਵੀ ਕੰਸ ਨੇ ਮਾਰ ਸੁਟਿਆ; ਤਾਂ ਦੇਵਕੀ ਨੇ ਪੁਕਾਰ ਕੀਤੀ, ਹੇ ਭਗਵਾਨ! (ਹੁਣ ਮੇਰੀ) ਗੱਲ ਸੁਣ ਲਵੋ।
ਹੇ ਮੇਰੇ ਦੀਨਾ ਨਾਥ! ਸਨਾਥ ਤੋਂ ਅਨਾਥ ਨਾ ਕਰੋ; ਸਾਨੂੰ ਮਾਰ ਦਿਓ ਜਾਂ ਇਸ (ਕੰਸ) ਨੂੰ ਮਾਰ ਦਿਓ।
ਕਿਉਂਕਿ ਕੰਸ ਵੱਡਾ ਪਾਪੀ ਹੈ, ਜਿਸ ਨੂੰ ਲੋਭ ਹੋਇਆ ਜਾਪਦਾ ਹੈ। (ਹੁਣ) ਸਾਡੀ ਉਹੀ ਦਸ਼ਾ ਕਰੋ ਜਿਸ ਨਾਲ (ਅਸੀਂ) ਸੁਖ ਪੂਰਵਕ ਜੀ ਸਕੀਏ।
(ਮੇਰੀ ਬੇਨਤੀ) ਕੰਨਾਂ ਵਿਚ ਸੁਣ ਕੇ ਇਸ ਵਾਰੀ ਹਾਥੀ (ਦੇ ਉੱਧਾਰ) ਵਾਲਾ ਕੌਤਕ ਕਰੋ। ਹੁਣ ਢਿਲ ਨਾ ਲਾਓ, ਦੋਹਾਂ ਵਿਚੋਂ ਇਕ (ਗੱਲ) ਕਰ ਦਿਓ ॥੫੪॥
ਇਥੇ ਛੇਵੇਂ ਪੁੱਤਰ ਦੇ ਕਤਲ ਦਾ ਪ੍ਰਸੰਗ ਸਮਾਪਤ।