ਸ਼੍ਰੀ ਦਸਮ ਗ੍ਰੰਥ

ਅੰਗ - 856


ਅਬ ਆਛੋ ਤਿਹ ਕਫਨ ਬਨੈਯੈ ॥

ਹੁਣ ਉਸ ਲਈ ਸੋਹਣਾ ਜਿਹਾ ਕਫ਼ਨ ਬਣਾਇਆ ਜਾਏ

ਭਲੀ ਭਾਤਿ ਭੂਅ ਖੋਦ ਗਡੈਯੈ ॥

ਅਤੇ ਧਰਤੀ ਪੁਟ ਕੇ ਉਸ ਨੂੰ ਚੰਗੀ ਤਰ੍ਹਾਂ ਦਫ਼ਨਾਈਏ।

ਹੌਹੂੰ ਬ੍ਯਾਹ ਅਵਰ ਨਹਿ ਕਰਿਹੌ ॥

ਮੈਂ ਵੀ ਹੁਣ ਹੋਰ ਵਿਆਹ ਨਹੀਂ ਕਰਾਂਗਾ;

ਯਾ ਕੇ ਬਿਰਹਿ ਲਾਗਿ ਕੈ ਬਰਿਹੌ ॥੭॥

ਇਸ ਦੇ ਵਿਛੋੜੇ (ਦੀ ਅੱਗ) ਵਿਚ ਹੀ ਸੜ ਜਾਵਾਂਗਾ ॥੭॥

ਦੋਹਰਾ ॥

ਦੋਹਰਾ:

ਲੋਗਨ ਸਭਨ ਬੁਲਾਇ ਕੈ ਆਛੋ ਕਫਨ ਬਨਾਇ ॥

ਸਾਰਿਆਂ ਲੋਕਾਂ ਨੂੰ ਬੁਲਾ ਕੇ ਅਤੇ ਚੰਗਾ ਜਿਹਾ ਕਫ਼ਨ ਬਣਾ ਕੇ

ਦੁਰਾਚਾਰਨੀ ਨਾਰਿ ਕਹ ਇਹ ਬਿਧਿ ਦਿਯਾ ਦਬਾਇ ॥੮॥

(ਉਸ) ਦੁਰਾਚਾਰੀ ਇਸਤਰੀ ਨੂੰ ਇਸ ਤਰ੍ਹਾਂ ਨਾਲ ਦਫ਼ਨਾ ਦਿੱਤਾ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭॥੭੦੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸੈਤੀਵੇਂ ਚਰਿਤ੍ਰ ਦੀ ਸਮਾਪਤੀ ਹੋਈ, ਸਭ ਸ਼ੁਭ ਹੈ ॥੩੭॥੭੦੩॥ ਚਲਦਾ॥

ਚੌਪਈ ॥

ਚੌਪਈ:

ਬਹੁਰ ਸੁ ਮੰਤ੍ਰੀ ਕਥਾ ਉਚਾਰੀ ॥

ਉਸ ਮੰਤ੍ਰੀ ਨੇ ਫਿਰ ਇਕ ਕਥਾ ਦਾ ਉਚਾਰਨ ਕੀਤਾ

ਏਕ ਤਰੁਨਿ ਜੋਬਨ ਕੀ ਭਰੀ ॥

ਕਿ ਇਕ ਇਸਤਰੀ ਬਹੁਤ ਅਧਿਕ ਜਵਾਨ ਸੀ।

ਏਕ ਚੋਰ ਤਾ ਕਹ ਠਗ ਬਰਿਯੋ ॥

ਉਸ ਨੇ ਇਕ ਚੋਰ ਅਤੇ ਇਕ ਠਗ ਨਾਲ ਵਿਆਹ ਕਰ ਲਿਆ।

ਅਧਿਕ ਅਨੰਦ ਦੁਹੂੰ ਚਿਤ ਕਰਿਯੋ ॥੧॥

ਦੋਹਾਂ ਦੇ ਮਨ ਨੂੰ ਬਹੁਤ ਆਨੰਦ ਪ੍ਰਦਾਨ ਕੀਤਾ ॥੧॥

ਰੈਨਿ ਭਏ ਤਸਕਰ ਉਠਿ ਜਾਵੈ ॥

ਰਾਤ ਪੈਣ ਤੇ ਚੋਰ (ਚੋਰੀ ਕਰਨ ਲਈ) ਚਲਾ ਜਾਂਦਾ ਸੀ

ਦਿਨ ਦੇਖਤ ਠਗ ਦਰਬੁ ਕਮਾਵੈ ॥

ਅਤੇ ਦਿਨ ਵੇਲੇ ਠਗ ਪੈਸੇ ਕਮਾ ਲਿਆਂਦਾ ਸੀ।

ਤਾ ਤ੍ਰਿਯ ਸੌ ਦੋਊ ਭੋਗ ਕਮਾਈ ॥

ਉਸ ਇਸਤਰੀ ਨਾਲ ਦੋਵੇਂ ਭੋਗ ਵਿਲਾਸ ਕਰਦੇ ਸਨ,

ਮੂਰਖ ਭੇਦ ਪਛਾਨਤ ਨਾਹੀ ॥੨॥

(ਪਰ ਉਹ) ਮੂਰਖ ਭੇਦ ਨੂੰ ਨਹੀਂ ਪਛਾਣਦੇ ਸਨ ॥੨॥

ਠਗ ਜਾਨੈ ਮੋਰੀ ਹੈ ਨਾਰੀ ॥

ਠਗ ਇਹ ਸਮਝਦਾ ਸੀ ਕਿ ਇਹ ਮੇਰੀ ਇਸਤਰੀ ਹੈ

ਚੋਰ ਕਹੈ ਮੋਰੀ ਹਿਤਕਾਰੀ ॥

ਅਤੇ ਚੋਰ ਇਹ ਸਮਝਦਾ ਕਿ ਇਹ ਮੇਰੀ ਹਿਤਕਾਰੀ ਹੈ।

ਤ੍ਰਿਯ ਕੈ ਤਾਹਿ ਦੋਊ ਪਹਿਚਾਨੈ ॥

(ਉਸ) ਇਸਤਰੀ ਨੂੰ ਦੋਵੇਂ (ਆਪਣਾ) ਸਮਝਦੇ ਸਨ

ਮੂਰਖ ਭੇਦ ਨ ਕੋਊ ਜਾਨੈ ॥੩॥

ਅਤੇ ਕੋਈ ਵੀ ਮੂਰਖ (ਇਸ) ਭੇਦ ਨੂੰ ਨਹੀਂ ਸਮਝਦਾ ਸੀ ॥੩॥

ਚੌਪਈ ॥

ਚੌਪਈ:

ਏਕ ਰੁਮਾਲ ਬਾਲ ਹਿਤ ਕਾਢਾ ॥

ਉਸ ਇਸਤਰੀ ਨੇ ਪ੍ਰੇਮ ਨਾਲ ਇਕ ਰੁਮਾਲ ਕਢਿਆ।

ਦੁਹੂੰਅਨ ਕੇ ਜਿਯ ਆਨੰਦ ਬਾਢਾ ॥

(ਉਸ ਰੁਮਾਲ ਨੂੰ ਵੇਖ ਕੇ) ਦੋਹਾਂ ਦੇ ਮਨ ਵਿਚ ਬਹੁਤ ਖ਼ੁਸ਼ੀ ਹੋਈ।

ਵਹ ਜਾਨੈ ਮੋਰੇ ਹਿਤ ਕੈ ਹੈ ॥

ਉਹ (ਠਗ) ਸਮਝਦਾ ਕਿ ਇਹ ਮੇਰੇ ਲਈ ਹੈ

ਚੋਰ ਲਖੈ ਮੋਹੀ ਕਹ ਦੈ ਹੈ ॥੪॥

ਅਤੇ ਚੋਰ ਸਮਝਦਾ ਕਿ ਮੈਨੂੰ ਦੇਵੇਗੀ ॥੪॥

ਦੋਹਰਾ ॥

ਦੋਹਰਾ:

ਚੋਰ ਤ੍ਰਿਯਹਿ ਪ੍ਯਾਰਾ ਹੁਤੋ ਤਾ ਕਹੁ ਦਿਯਾ ਰੁਮਾਲ ॥

ਚੋਰ ਇਸਤਰੀ ਨੂੰ ਪਿਆਰਾ ਸੀ, (ਇਸ ਲਈ) ਉਸ ਨੂੰ ਰੁਮਾਲ ਦੇ ਦਿੱਤਾ।

ਤਾ ਕਹੁ ਨੈਨ ਨਿਹਾਰਿ ਠਗ ਮਨ ਮੈ ਭਯਾ ਬਿਹਾਲ ॥੫॥

ਉਸ ਨੂੰ ਅੱਖਾਂ ਨਾਲ ਵੇਖ ਕੇ ਠਗ ਮਨ ਵਿਚ ਬਹੁਤ ਦੁਖੀ ਹੋਇਆ ॥੫॥

ਚੌਪਈ ॥

ਚੌਪਈ:

ਮੁਸਟ ਜੁਧ ਤਸਕਰ ਸੋ ਕਿਯੋ ॥

(ਉਹ) ਚੋਰ ਨਾਲ ਘੁੰਨ ਮੁਕੀ ਹੋਇਆ

ਛੀਨ ਰੁਮਾਲ ਹਾਥ ਤੇ ਲਿਯੋ ॥

ਅਤੇ (ਉਸ ਦੇ) ਹੱਥ ਤੋਂ ਰੁਮਾਲ ਖੋਹ ਲਿਆ।

ਚੋਰ ਕਹਾ ਮੋ ਤ੍ਰਿਯ ਇਹ ਕਾਢਾ ॥

ਚੋਰ ਨੇ ਕਿਹਾ ਕਿ ਇਹ ਮੇਰੀ ਇਸਤਰੀ ਨੇ ਕਢਿਆ ਹੈ।

ਯੌ ਸੁਨਿ ਅਧਿਕ ਰੋਸ ਜਿਯ ਬਾਢਾ ॥੬॥

ਇਹ ਸੁਣ ਕੇ (ਠਗ ਦੇ ਮਨ ਵਿਚ) ਹੋਰ ਗੁੱਸਾ ਵਧਿਆ ॥੬॥

ਆਪੁ ਬੀਚ ਗਾਰੀ ਦੋਊ ਦੇਹੀ ॥

ਦੋਵੇਂ ਆਪਸ ਵਿਚ ਗਾਲ੍ਹਾਂ ਦੇਣ ਲਗੇ

ਦਾਤਿ ਨਿਕਾਰ ਕੇਸ ਗਹਿ ਲੇਹੀ ॥

ਅਤੇ ਦੰਦ ਪੀਂਹਦੇ ਹੋਇਆਂ (ਇਕ ਦੂਜੇ ਦੇ) ਵਾਲ ਫੜ ਲਏ।

ਲਾਤ ਮੁਸਟ ਕੇ ਕਰੈ ਪ੍ਰਹਾਰਾ ॥

ਲੱਤਾਂ ਅਤੇ ਮੁਕਿਆਂ ਦੇ ਵਾਰ ਕਰਨ ਲਗੇ,

ਜਾਨੁਕ ਚੋਟ ਪਰੈ ਘਰਿਯਾਰਾ ॥੭॥

ਮਾਨੋ ਘੜਿਆਲ ਉਤੇ ਸੱਟਾਂ ਪੈਂਦੀਆਂ ਹੋਣ ॥੭॥

ਦੋਊ ਲਰਿ ਇਸਤ੍ਰੀ ਪਹਿ ਆਏ ॥

ਦੋਵੇਂ ਲੜਦੇ ਹੋਏ (ਉਸ) ਇਸਤਰੀ ਕੋਲ ਆਏ

ਅਧਿਕ ਕੋਪ ਹ੍ਵੈ ਬਚਨ ਸੁਨਾਏ ॥

ਅਤੇ ਬਹੁਤ ਕ੍ਰੋਧਿਤ ਹੋ ਕੇ ਕਹਿਣ ਲਗੇ।

ਠਗ ਤਸਕਰ ਦੁਹੂੰ ਬਚਨ ਉਚਾਰੀ ॥

ਠਗ ਅਤੇ ਚੋਰ ਦੋਵੇਂ ਬੋਲਣ ਲਗੇ

ਤੈ ਇਹ ਨਾਰਿ ਕਿ ਮੋਰੀ ਨਾਰੀ ॥੮॥

ਕਿ ਤੂੰ ਇਸ ਦੀ ਇਸਤਰੀ ਹੈਂ ਜਾਂ ਮੇਰੀ ॥੮॥

ਦੋਹਰਾ ॥

ਦੋਹਰਾ:

ਸੁਨ ਤਸਕਰ ਠਗ ਮੈ ਕਹੋ ਹੌ ਤਾਹੀ ਕੀ ਨਾਰਿ ॥

ਹੇ ਚੋਰ ਅਤੇ ਠਗ! ਸੁਣੋ, ਮੈਂ ਕਹਿੰਦੀ ਹਾਂ ਕਿ ਮੈਂ ਉਸ ਦੀ ਨਾਰੀ ਹਾਂ

ਜੋ ਛਲ ਬਲ ਜਾਨੈ ਘਨੋ ਜਾ ਮੈ ਬੀਰਜ ਅਪਾਰ ॥੯॥

ਜੋ ਬਹੁਤ ਅਧਿਕ ਛਲ ਬਲ ਜਾਣਦਾ ਹੈ ਅਤੇ ਜਿਸ ਵਿਚ ਅਪਾਰ ਸ਼ਕਤੀ ਹੈ ॥੯॥

ਬਹੁਰਿ ਬਾਲ ਐਸੇ ਕਹਾ ਸੁਨਹੁ ਬਚਨ ਮੁਰ ਏਕ ॥

ਫਿਰ ਇਸਤਰੀ ਨੇ ਇਸ ਤਰ੍ਹਾਂ ਕਿਹਾ ਕਿ ਮੇਰੀ ਇਕ ਗੱਲ ਸੁਣੋ।

ਸੋ ਮੋ ਕੋ ਇਸਤ੍ਰੀ ਕਰੈ ਜਿਹ ਮਹਿ ਹੁਨਰ ਅਨੇਕ ॥੧੦॥

ਮੈਨੂੰ ਉਹੀ ਆਪਣੀ ਇਸਤਰੀ ਸਮਝੇ ਜਿਸ ਵਿਚ ਅਨੇਕ ਹੁਨਰ ਹੋਣ ॥੧੦॥

ਚੌਪਈ ॥

ਚੌਪਈ: