ਸਹਸ੍ਰਬਾਹੁ ਦੀਆਂ (ਜੋ ਤੁਸੀਂ) ਬਾਂਹਵਾਂ ਕਟੀਆਂ ਹਨ, ਉਹ ਤਾਂ ਠੀਕ ਹੈ, (ਪਰ) ਹੁਣ ਉਸ ਨੂੰ ਨਸ਼ਟ ਨਾ ਕਰੋ ॥੨੨੩੯॥
ਕ੍ਰਿਸ਼ਨ ਜੀ ਨੇ ਸ਼ਿਵ ਪ੍ਰਤਿ ਕਿਹਾ:
ਸਵੈਯਾ:
ਹੇ ਰੁਦ੍ਰ ਜੀ! ਸੁਣੋ, ਜੋ ਹੁਣ ਮੈਂ ਕਹਾਂਗਾ, (ਉਹ) ਬੋਲ ਤੁਹਾਡੇ ਨਾਲ ਸਾਂਝੇ ਕਰਦਾ ਹਾਂ।
ਉਸ ਦੀ ਭੁਲ ਵੇਖ ਕੇ ਬਾਂਹਵਾਂ ਕਟੀਆਂ ਹਨ, ਹੁਣ ਮੈਂ (ਆਪਣਾ) ਕ੍ਰੋਧ ਨਿਵਾਰਦਾ ਹਾਂ।
(ਇਹ ਆਪਣੇ ਆਪ ਨੂੰ) ਪ੍ਰਹਲਾਦ ਦਾ ਪੋਤਰਾ ਅਖਵਾਉਂਦਾ ਹੈ, ਸੋ ਇਹੀ ਗੱਲ ਮੈਂ ਮਨ ਵਿਚ ਵਿਚਾਰਦਾ ਹਾਂ।
ਇਸੇ ਲਈ ਇਸ ਨੂੰ ਦੰਡ ਦੇ ਕੇ ਹੀ ਛੱਡ ਦਿੱਤਾ ਹੈ, ਇਸ ਕਰ ਕੇ ਇਸ ਨੂੰ ਸੰਘਾਰਦਾ ਨਹੀਂ ਹਾਂ ॥੨੨੪੦॥
(ਸ਼ਿਵ ਨੇ) ਇਸ ਤਰ੍ਹਾਂ ਕ੍ਰਿਸ਼ਨ ਜੀ ਤੋਂ ਬਖ਼ਸ਼ਵਾ ਕੇ, ਉਸ ਰਾਜੇ ਨੂੰ ਸ੍ਰੀ ਕ੍ਰਿਸ਼ਨ ਦੇ ਪੈਰੀਂ ਪਾ ਦਿੱਤਾ।
ਹੇ ਪ੍ਰਭੂ! ਭੁਲ ਕੇ ਰਾਜੇ ਨੇ (ਇਹ) ਕੰਮ ਕੀਤਾ ਹੈ, ਹੁਣ ਤੁਸੀਂ ਆਪਣੇ ਕ੍ਰੋਧ ਨੂੰ ਦੂਰ ਕਰ ਦਿਓ।
(ਆਪਣੇ) ਪੋਤਰੇ ਦਾ ਵਿਆਹ ਇਸ ਦੀ ਪੁੱਤਰੀ ਨਾਲ ਕਰੋ, ਹੋਰ ਮਨ ਵਿਚ ਕੁਝ ਨਾ ਵਿਚਾਰੋ।
ਹੇ ਕ੍ਰਿਸ਼ਨ ਜੀ! ਇਸ ਤਰ੍ਹਾਂ ਊਖਾ ਨਾਲ ਵਿਆਹ ਕਰ ਕੇ, ਅਨੁਰੁੱਧ ਨੂੰ ਲੈ ਕੇ ਘਰ ਜਾਓ ॥੨੨੪੧॥
ਜੋ ਕ੍ਰਿਸ਼ਨ ਜੀ ਦੇ ਗੁਣ ਹੋਰਾਂ ਤੋਂ ਸੁਣਦਾ ਹੈ ਅਤੇ ਫਿਰ ਆਪ ਗਾਉਂਦਾ ਹੈ।
ਜੋ ਆਪ ਪੜ੍ਹਦਾ ਹੈ, (ਦੂਜਿਆਂ ਨੂੰ) ਪੜ੍ਹਵਾਉਂਦਾ ਹੈ ਅਤੇ ਕਬਿੱਤਾਂ (ਕਵਿਤਾਵਾਂ) ਵਿਚ ਰਚਦਾ ਹੈ।
ਸੌਂਦਿਆਂ, ਜਾਗਦਿਆਂ, ਘਰ ਵਿਚ ਤੁਰਦਿਆਂ ਫਿਰਦਿਆਂ ਸ੍ਰੀ ਕ੍ਰਿਸ਼ਨ ਦਾ ਸਿਮਰਨ ਕਰਦਾ ਹੈ।
ਕਵੀ ਸ਼ਿਆਮ ਕਹਿੰਦੇ ਹਨ, ਉਹੀ ਹਮੇਸ਼ਾ ਲਈ ਫਿਰ ਇਸ ਭਵ-ਸਾਗਰ ਵਿਚ ਨਹੀਂ ਆਵੇਗਾ ॥੨੨੪੨॥
ਇਥੇ ਸ੍ਰੀ ਦਸਮ ਸਿਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਾਣਾਸੁਰ ਨੂੰ ਜਿਤ ਕੇ ਅਨਰੁੱਧ ਊਖਾ ਨੂੰ ਵਿਆਹ ਲਿਆਏ ਪ੍ਰਸੰਗ ਸਮਾਪਤ।
ਹੁਣ ਡਿਗ ਰਾਜੇ ਦੇ ਉੱਧਾਰ ਦਾ ਕਥਨ:
ਚੌਪਈ:
'ਡਿਗ' ਨਾਂ ਦਾ ਇਕ ਛਤ੍ਰੀ ਰਾਜਾ ਸੀ।
ਉਸ ਨੇ ਕਿਰਲੇ ਦੀ ਦੇਹ ਧਾਰਨ ਕਰ ਲਈ।
ਸਾਰੇ ਯਾਦਵ (ਬਾਲਕ) ਖੇਡਣ ਲਈ ਆ ਗਏ।
(ਜਦੋਂ) ਪਿਆਸੇ ਹੋਏ, ਤਾਂ ਖੂਹ ਨੂੰ ਵੇਖ ਕੇ (ਉਧਰ ਵਲ) ਗਏ ॥੨੨੪੩॥
(ਉਨ੍ਹਾਂ ਨੇ) ਉਸ ਵਿਚ ਕਿਰਲਾ ਵੇਖਿਆ।
(ਫਿਰ) ਇਹ ਵਿਚਾਰ ਕੀਤਾ ਕਿ ਇਸ ਨੂੰ (ਬਾਹਰ) ਕਢਿਆ ਜਾਏ।
(ਉਹ) ਕਢਣ ਲਗੇ, (ਪਰ ਉਨ੍ਹਾਂ ਤੋਂ) ਕਢਿਆ ਨਾ ਗਿਆ।
(ਤਾਂ) ਸਭ ਦੇ ਮਨ ਵਿਚ ਅਸਚਰਜ ਹੋਇਆ ॥੨੨੪੪॥
ਯਾਦਵਾਂ ਨੇ ਕ੍ਰਿਸ਼ਨ ਨੂੰ ਕਿਹਾ:
ਦੋਹਰਾ:
ਸਾਰੇ ਯਾਦਵ ਚਿੰਤਿਤ ਹੋ ਗਏ ਅਤੇ ਕ੍ਰਿਸ਼ਨ ਪਾਸ ਭਜ ਕੇ ਗਏ।
(ਉਨ੍ਹਾਂ ਨੇ) ਕਿਹਾ ਕਿ ਖੂਹ ਵਿਚ ਇਕ ਕਿਰਲਾ ਹੈ, ਉਸ ਨੂੰ (ਕਢਣ ਦਾ) ਉਪਾ ਕਰੋ ॥੨੨੪੫॥
ਕਬਿੱਤ:
ਸਾਰਿਆਂ ਯਾਦਵਾਂ ਦੀਆਂ ਗੱਲਾਂ ਸੁਣਦਿਆਂ ਹੀ, ਸ੍ਰੀ ਕ੍ਰਿਸ਼ਨ ਨੇ ਸਾਰਾ ਭੇਦ ਜਾਣ ਲਿਆ ਅਤੇ ਹਸ ਕੇ ਗੱਲ ਕਹੀ।
ਕਿਥੇ ਹੈ ਉਹ ਖੂਹ, ਅਤੇ ਕਿਰਲਾ ਉਸ ਵਿਚ ਕਿਥੇ ਪਿਆ ਹੈ, (ਫਿਰ) ਇਸ ਤਰ੍ਹਾਂ ਕਹਿਣ ਲਗੇ ਕਿ ਮੈਨੂੰ ਵਿਖਾ ਦਿਓ।
ਅਗੇ ਅਗੇ ਉਹ ਸਾਰੇ (ਯਾਦਵ) ਸਨ, ਅਤੇ ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਪਿਛੇ ਪਿਛੇ ਸਨ। ਉਨ੍ਹਾਂ ਨੇ ਚਲਦਿਆਂ ਚਲਦਿਆਂ ਜਾ ਕੇ ਉਸ (ਕਿਰਲੇ) ਨੂੰ ਵੇਖਿਆ।
(ਸ੍ਰੀ ਕ੍ਰਿਸ਼ਨ ਦੇ ਵੇਖਦਿਆਂ ਸਾਰ) ਉਸ ਦੇ ਸਾਰੇ ਪਾਪ ਮਿਟ ਗਏ, ਇਕ ਵੀ ਨਾ ਰਿਹਾ। ਜਦੋਂ ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਚੁਕਿਆ, (ਤਾਂ) ਉਹ ਪੁਰਸ਼ ਬਣ ਗਿਆ ॥੨੨੪੬॥
ਸਵੈਯਾ:
ਉਸ ਦੀ ਛਿਣ ਵਿਚ ਖਲਾਸੀ ਹੋ ਗਈ ਜਿਸ ਨੇ ਇਕ ਘੜੀ ਲਈ ਕ੍ਰਿਸ਼ਨ ਜੀ ਦੀ ਆਰਾਧਨਾ ਕੀਤੀ।
ਹੋਰ, ਗਣਿਕਾ ਉਸੇ ਵੇਲੇ ਤਰ ਗਈ ਜਿਸ ਨੇ ਹੱਥ ਉਤੇ ਤੋਤੇ ਨੂੰ ਲੈ ਕੇ ਸ਼ਿਆਮ (ਦੇ ਨਾਮ) ਨੂੰ ਪੜ੍ਹਾਇਆ ਸੀ।
ਉਹ ਪੁਰਸ਼ ਭਵ-ਸਾਗਰ ਵਿਚੋਂ ਕਿਉਂ ਨਹੀਂ ਤਰੇਗਾ ਜਿਸ ਨੇ ਨਾਰਾਇਨ ਦਾ ਨਾਮ ਚਿਤ ਵਿਚ ਵਸਾਇਆ ਹੈ।
ਇਸ ਤੇ ਭਲਾ (ਉਹ) ਕਿਰਲਾ ਕਿਉਂ ਮੁਕਤ ਨਹੀਂ ਹੋਵੇਗਾ ਜਿਸ ਨੂੰ ਸ੍ਰੀ ਕ੍ਰਿਸ਼ਨ ਨੇ ਆਪਣਾ ਹੱਥ ਲਗਾਇਆ ਹੈ ॥੨੨੪੭॥
ਤੋਟਕ:
ਜਦ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਉਠਾ ਲਿਆ,
ਤਦ ਹੀ ਉਸ ਦਾ ਮਨੁੱਖ ਰੂਪ ਹੋ ਗਿਆ।
ਤਦ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਇਸ ਤਰ੍ਹਾਂ ਬਚਨ ਕਹੇ
ਕਿ ਤੇਰਾ ਦੇਸ ਕਿਹੜਾ ਹੈ ਅਤੇ ਤੇਰਾ ਨਾਂ ਕੀ ਹੈ ॥੨੨੪੮॥
ਕਿਰਲੇ ਨੇ ਕ੍ਰਿਸ਼ਨ ਨੂੰ ਕਿਹਾ:
ਸੋਰਠਾ:
'ਡਿਗ' ਮੇਰਾ ਨਾਂ ਸੀ ਅਤੇ (ਮੈਂ) ਇਕ ਦੇਸ ਦਾ ਰਾਜਾ ਸਾਂ।