ਸ਼੍ਰੀ ਦਸਮ ਗ੍ਰੰਥ

ਅੰਗ - 382


ਜਸੁਧਾ ਬਾਚ ॥

ਜਸੋਧਾ ਨੇ ਕਿਹਾ-

ਸਵੈਯਾ ॥

ਸਵੈਯਾ:

ਬਚਿਯੋ ਜਿਨਿ ਤਾਤ ਬਡੇ ਅਹਿ ਤੇ ਜਿਨ ਹੂੰ ਬਕ ਬੀਰ ਬਲੀ ਹਨਿ ਦਈਯਾ ॥

ਜਿਸ ਨੇ (ਆਪਣੇ) ਪਿਤਾ ਨੂੰ ਵਡੇ ਸੱਪ ਤੋਂ ਬਚਾਇਆ ਸੀ ਅਤੇ ਜਿਸ ਨੇ ਬਲਵਾਨ ਸੂਰਵੀਰ ਬਕਾਸੁਰ ਨੂੰ ਮਾਰ ਦਿੱਤਾ ਸੀ।

ਜਾਹਿ ਮਰਿਯੋ ਅਘ ਨਾਮ ਮਹਾ ਰਿਪੁ ਪੈ ਪਿਅਰਵਾ ਮੁਸਲੀਧਰ ਭਈਆ ॥

ਜਿਸ ਨੇ ਅਘਾਸੁਰ ਨਾਂ ਦੇ ਵੱਡੇ ਵੈਰੀ ਨੂੰ ਮਾਰਿਆ ਸੀ ਅਤੇ ਜੋ ਬਲਰਾਮ ਦਾ ਪਿਆਰਾ ਭਰਾ ਹੈ।

ਜੋ ਤਪਸ੍ਯਾ ਕਰਿ ਕੈ ਪ੍ਰਭ ਤੇ ਕਬਿ ਸ੍ਯਾਮ ਕਹੈ ਪਰਿ ਪਾਇਨ ਲਈਯਾ ॥

ਕਵੀ ਸ਼ਿਆਮ ਕਹਿੰਦੇ ਹਨ, ਜੋ ਤਪਸਿਆ ਕਰ ਕੇ ਅਤੇ ਪੈਰੀਂ ਪੈ ਕੇ ਪ੍ਰਭੂ ਤੋਂ ਲਿਆ ਹੈ।

ਸੋ ਪੁਰ ਬਾਸਨ ਛੀਨ ਲਯੋ ਹਮ ਤੇ ਸੁਨੀਯੇ ਸਖੀ ਪੂਤ ਕਨ੍ਰਹਈਆ ॥੮੬੦॥

ਹੇ ਸਖੀ! ਸੁਣ, ਉਹ ਕਨ੍ਹਈਆ ਪੁੱਤਰ (ਸਾਡੇ ਕੋਲੋਂ) ਨਗਰ ਦੇ ਵਾਸੀਆਂ ਨੇ ਖੋਹ ਲਿਆ ਹੈ ॥੮੬੦॥

ਸਭ ਗ੍ਵਾਰਨੀਆ ਬਿਰਲਾਪੁ ॥

ਸਾਰੀਆਂ ਗੋਪੀਆਂ ਦਾ ਵਿਰਲਾਪ

ਸਵੈਯਾ ॥

ਸਵੈਯਾ:

ਸੁਨਿ ਕੈ ਇਹ ਬਾਤ ਸਭੈ ਮਿਲਿ ਗ੍ਵਾਰਨਿ ਪੈ ਮਿਲਿ ਕੈ ਤਿਨ ਸੋਕ ਸੁ ਕੀਨੋ ॥

(ਜਸੋਧਾ ਦੀ) ਇਹ ਗੱਲ ਸੁਣ ਕੇ ਸਾਰੀਆਂ ਗੋਪੀਆਂ ਇਕੱਠੀਆਂ ਹੋ ਗਈਆਂ ਅਤੇ ਮਿਲ ਕੇ (ਸਾਰੀਆਂ ਨੇ) ਸ਼ੋਕ ਕੀਤਾ।

ਆਨੰਦ ਦੂਰਿ ਕਰਿਯੋ ਮਨ ਤੇ ਹਰਿ ਧ੍ਯਾਨ ਬਿਖੈ ਤਿਨਹੂੰ ਮਨ ਦੀਨੋ ॥

ਮਨ ਵਿਚੋਂ ਆਨੰਦ ਦੂਰ ਕਰ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਮਨ ਨੂੰ ਲਗਾ ਦਿੱਤਾ।

ਧਰਨੀ ਪਰ ਸੋ ਮੁਰਝਾਇ ਗਿਰੀ ਸੁ ਪਰਿਯੋ ਤਿਨ ਕੇ ਤਨ ਤੇ ਸੁ ਪਸੀਨੋ ॥

ਉਹ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਈਆਂ ਅਤੇ ਉਨ੍ਹਾਂ ਦੇ ਸ਼ਰੀਰਾਂ ਵਿਚੋਂ ਪਸੀਨਾ ਆਉਣ ਲਗ ਗਿਆ।

ਹਾਹੁਕ ਲੈਨ ਲਗੀ ਸਭਿ ਹੀ ਸੁ ਭਯੋ ਸੁਖ ਤੇ ਤਿਨ ਕੋ ਤਨ ਹੀਨੋ ॥੮੬੧॥

ਸਾਰੀਆਂ ਹੌਕੇ ਲੈਣ ਲਗੀਆਂ ਅਤੇ ਉਨ੍ਹਾਂ ਦੇ ਸ਼ਰੀਰ ਸੁਖ ਤੋਂ ਸਖਣੇ ਹੋ ਗਏ ॥੮੬੧॥

ਅਤਿ ਆਤੁਰ ਹ੍ਵੈ ਹਰਿ ਪ੍ਰੀਤਹਿ ਸੋ ਕਬਿ ਸ੍ਯਾਮ ਕਹੈ ਹਰਿ ਕੇ ਗੁਨ ਗਾਵੈ ॥

ਕਵੀ ਸ਼ਿਆਮ ਕਹਿੰਦੇ ਹਲ, ਸ੍ਰੀ ਕ੍ਰਿਸ਼ਨ ਦੀ ਪ੍ਰੀਤ ਕਰ ਕੇ ਅਤਿ ਆਤੁਰ ਹੋਈਆਂ (ਗੋਪੀਆਂ) ਕ੍ਰਿਸ਼ਨ ਦੇ ਗੁਣ ਗਾਉਂਦੀਆਂ ਹਨ।

ਸੋਰਠਿ ਸੁਧ ਮਲਾਰ ਬਿਲਾਵਲ ਸਾਰੰਗ ਭੀਤਰ ਤਾਨ ਬਸਾਵੈ ॥

ਸੋਰਠ, ਸ਼ੁੱਧ ਮਲ੍ਹਾਰ, ਬਿਲਾਵਲ, ਸਾਰੰਗ (ਆਦਿਕ ਰਾਗਾਂ) ਵਿਚ ਤਾਨ ਮਿਲਾਉਂਦੀਆਂ ਹਨ।

ਧਿਆਨ ਧਰੈ ਤਿਹ ਤੇ ਜੀਯ ਮੈ ਤਿਹ ਧ੍ਯਾਨਹਿ ਤੇ ਅਤਿ ਹੀ ਦੁਖੁ ਪਾਵੈ ॥

ਉਸ (ਸ੍ਰੀ ਕ੍ਰਿਸ਼ਨ) ਦੇ ਧਿਆਨ ਨੂੰ ਹਿਰਦੇ ਵਿਚ ਧਾਰਨ ਕਰਦੀਆਂ ਹਨ (ਪਰ) ਉਸ ਧਿਆਨ ਤੋਂ ਵੀ ਬਹੁਤ ਦੁਖ ਪ੍ਰਾਪਤ ਕਰਦੀਆਂ ਹਨ।

ਯੌ ਮੁਰਝਾਵਤ ਹੈ ਮੁਖ ਤਾ ਸਸਿ ਜਿਉ ਪਿਖਿ ਕੰਜ ਮਨੋ ਮੁਰਝਾਵੈ ॥੮੬੨॥

ਉਸ ਦੇ ਮੁਖ ਨੂੰ (ਧਿਆਨ ਵਿਚ ਵੇਖ ਕੇ) ਇਸ ਤਰ੍ਹਾਂ ਮੁਰਝਾ ਜਾਂਦੀਆਂ ਹਨ ਜਿਵੇਂ ਚੰਦ੍ਰਮਾ ਨੂੰ ਵੇਖ ਕੇ ਮਾਨੋ ਕਮਲ ਮੁਰਝਾ ਜਾਂਦਾ ਹੋਵੇ ॥੮੬੨॥

ਪੁਰ ਬਾਸਨਿ ਸੰਗਿ ਰਚੇ ਹਰਿ ਜੂ ਹਮਹੂੰ ਮਨ ਤੇ ਜਦੁਰਾਇ ਬਿਸਾਰੀ ॥

ਪੁਰ ਵਾਸੀਆਂ ਨਾਲ ਸ੍ਰੀ ਕ੍ਰਿਸ਼ਨ ਰਚ-ਮਿਚ ਗਏ ਹਨ ਅਤੇ ਅਸਾਨੂੰ ਯਾਦਵ-ਪਤੀ ਨੇ ਮਨ ਤੋਂ ਵਿਸਾਰ ਦਿੱਤਾ ਹੈ।

ਤ੍ਯਾਗਿ ਗਏ ਹਮ ਕੋ ਇਹ ਠਉਰ ਹਮ ਊਪਰ ਤੇ ਅਤਿ ਪ੍ਰੀਤਿ ਸੁ ਟਾਰੀ ॥

ਸਾਨੂੰ ਇਸ ਜਗ੍ਹਾ ਉਤੇ ਛਡ ਗਏ ਹਨ ਅਤੇ ਸਾਡੇ ਉਤੋਂ ਅਤਿ ਪ੍ਰੀਤ ਨੂੰ ਹਟਾ ਲਿਆ ਹੈ।

ਪੈ ਕਹਿ ਕੈ ਨ ਕਛੁ ਪਠਿਯੋ ਤਿਹ ਤ੍ਰੀਯਨ ਕੇ ਬਸਿ ਭੈ ਗਿਰਧਾਰੀ ॥

(ਉਸ) ਗਿਰਧਾਰੀ ਨੇ (ਸਾਨੂੰ) ਕੁਝ ਕਹਿ ਕੇ ਨਹੀਂ ਭੇਜਿਆ (ਕਿਉਂਕਿ) ਉਥੇ (ਨਗਰ ਦੀਆਂ) ਇਸਤਰੀਆਂ ਦੇ ਵਸ ਵਿਚ ਹੋ ਗਿਆ ਹੈ।

ਏਕ ਗਿਰੀ ਕਹੂੰ ਐਸੇ ਧਰਾ ਇਕ ਕੂਕਤ ਹੈ ਸੁ ਹਹਾ ਰੀ ਹਹਾ ਰੀ ॥੮੬੩॥

ਇਕ (ਗੋਪੀ) ਇਸ ਤਰ੍ਹਾਂ ਕਹਿ ਕੇ ਧਰਤੀ ਉਤੇ ਡਿਗ ਪਈ ਅਤੇ ਇਕ ਹਾਇ-ਹਾਇ ਕਰਦੀ ਬੇਸੁਧ ਹੋ ਗਈ ॥੮੬੩॥

ਇਹ ਭਾਤਿ ਸੋ ਗ੍ਵਾਰਨਿ ਬੋਲਤ ਹੈ ਜੀਯ ਮੈ ਅਤਿ ਮਾਨਿ ਉਦਾਸੀ ॥

ਆਪਣੇ ਮਨ ਵਿਚ ਬਹੁਤ ਉਦਾਸੀ ਮੰਨ ਕੇ ਗੋਪੀਆਂ ਇਸ ਤਰ੍ਹਾਂ ਬੋਲਦੀਆਂ ਹਨ।

ਸੋਕ ਬਢਿਯੋ ਤਿਨ ਕੇ ਜੀਯ ਮੈ ਹਰਿ ਡਾਰਿ ਗਏ ਹਿਤ ਕੀ ਤਿਨ ਫਾਸੀ ॥

ਉਨ੍ਹਾਂ ਦੇ ਮਨ ਵਿਚ ਬਹੁਤ ਸ਼ੋਕ ਪਸਰਿਆ ਹੋਇਆ ਹੈ (ਕਿਉਂਕਿ) ਸ੍ਰੀ ਕ੍ਰਿਸ਼ਨ ਉਨ੍ਹਾਂ ਨੂੰ ਪ੍ਰੀਤ ਦੀ ਫਾਹੀ ਪਾ ਗਏ ਹਨ।

ਅਉ ਰਿਸ ਮਾਨਿ ਕਹੈ ਮੁਖ ਤੇ ਜਦੁਰਾਇ ਨ ਮਾਨਤ ਲੋਗਨ ਹਾਸੀ ॥

ਅਤੇ ਕ੍ਰੋਧਿਤ ਹੋ ਕੇ ਮੁਖ ਤੋਂ ਕਹਿੰਦੀਆਂ ਹਨ ਕਿ ਕ੍ਰਿਸ਼ਨ ਤਾਂ ਲੋਕਾਂ ਦੀ ਹਾਸੀ ਦੀ ਵੀ ਪਰਵਾਹ ਨਹੀਂ ਕਰਦਾ।

ਤ੍ਯਾਗਿ ਹਮੈ ਸੁ ਗਏ ਬ੍ਰਿਜ ਮੈ ਪੁਰ ਬਾਸਿਨ ਸੰਗਿ ਫਸੇ ਬ੍ਰਿਜ ਬਾਸੀ ॥੮੬੪॥

(ਇਸੇ ਲਈ) ਉਹ ਅਸਾਨੂੰ ਬ੍ਰਜ ਵਿਚ ਛਡ ਗਿਆ ਹੈ ਅਤੇ ਬ੍ਰਜਵਾਸੀ ਪੁਰ-ਵਾਸੀਆਂ ਦੇ ਸੰਗ ਵਿਚ ਫਸ ਗਏ ਹਨ ॥੮੬੪॥


Flag Counter