ਸ਼੍ਰੀ ਦਸਮ ਗ੍ਰੰਥ

ਅੰਗ - 183


ਕੇਤਕ ਬ੍ਯਾਹ ਚੰਦ੍ਰਮਾ ਲੀਨੀ ॥

ਅਤੇ ਕਈ ਚੰਦ੍ਰਮਾ ਨੇ ਵਿਆਹ ਲਈਆਂ।

ਕੇਤਕ ਗਈ ਅਉਰ ਦੇਸਨ ਮਹਿ ॥

ਕਈ (ਪੁੱਤਰੀਆਂ) ਦੂਜੇ ਦੇਸ਼ਾਂ ਵਿਚ ਗਈਆਂ।

ਬਰਿਯੋ ਗਉਰਜਾ ਏਕ ਰੁਦ੍ਰ ਕਹਿ ॥੧੧॥

ਗੌਰਜਾਂ (ਨਾਂ ਦੀ ਇਕ ਪੁੱਤਰੀ) ਨੇ ਰੁਦਰ ਨਾਲ ਵਿਆਹ ਕੀਤਾ ॥੧੧॥

ਜਬ ਹੀ ਬ੍ਯਾਹ ਰੁਦ੍ਰ ਗ੍ਰਿਹਿ ਆਨੀ ॥

ਜਦੋਂ ਸ਼ਿਵ ਨੇ (ਗੌਰੀ ਨੂੰ) ਵਿਆਹ ਕੇ ਘਰ ਲੈ ਆਉਂਦਾ

ਚਲੀ ਜਗ ਕੀ ਬਹੁਰਿ ਕਹਾਨੀ ॥

ਤਾਂ ਫਿਰ (ਉਸ ਤੋਂ ਕਾਫੀ ਦੇਰ ਬਾਦ) ਪ੍ਰਜਾਪਤੀ ਦੇ ਘਰ ਯੱਗ ਦੀ ਗੱਲ ਚਲ ਪਈ।

ਸਬ ਦੁਹਿਤਾ ਤਿਹ ਬੋਲਿ ਪਠਾਈ ॥

ਉਸਨੇ ਸਾਰੀਆਂ ਧੀਆਂ ਨੂੰ ਬੁਲਾ ਭੇਜਿਆ।

ਲੀਨੋ ਸੰਗਿ ਭਤਾਰਨ ਆਈ ॥੧੨॥

ਸਾਰੀਆਂ ਆਪਣੇ ਪਤੀਆਂ ਸਹਿਤ (ਪਿਤਾ ਦੇ ਘਰ) ਆਈਆਂ ॥੧੨॥

ਜੇ ਜੇ ਹੁਤੇ ਦੇਸ ਪਰਦੇਸਾ ॥

ਜਿਹੜੇ ਜਿਹੜੇ ਦੇਸ਼ਾਂ ਪ੍ਰਦੇਸ਼ਾਂ (ਵਿਚ ਰਾਜੇ ਦੇ ਜੁਆਈ ਸਨ)

ਜਾਤ ਭਏ ਸਸੁਰਾਰਿ ਨਰੇਸਾ ॥

ਉਹ ਸਾਰੇ ਸਹੁਰੇ ਘਰ ਨੂੰ ਚਲੇ ਗਏ।

ਨਿਰਖਿ ਰੁਦ੍ਰ ਕੋ ਅਉਰ ਪ੍ਰਕਾਰਾ ॥

ਸ਼ਿਵ ਨੂੰ ਹੋਰ ਜਿਹੇ ਰੂਪ ਵਾਲਾ ਵੇਖ ਕੇ,

ਕਿਨਹੂੰ ਨ ਭੂਪਤਿ ਤਾਹਿ ਚਿਤਾਰਾ ॥੧੩॥

ਪ੍ਰਜਾਪਤੀ ਅਤੇ ਹੋਰ ਕਿਸੇ ਨੇ ਵੀ ਉਸ ਨੂੰ ਰਾਜਾ ਨਾ ਸਮਝਿਆ ॥੧੩॥

ਨਹਨ ਗਉਰਜਾ ਦਛ ਬੁਲਾਈ ॥

(ਆਪਣੀ ਪੁੱਤਰੀ) ਗੌਰਜਾਂ ਨੂੰ ਵੀ ਦਕਸ਼ ਨੇ ਨਹੀਂ ਬੁਲਾਇਆ।

ਸੁਨਿ ਨਾਰਦ ਤੇ ਹ੍ਰਿਦੈ ਰਿਸਾਈ ॥

ਨਾਰਦ ਪਾਸੋਂ (ਪਿਤਾ ਦੇ ਘਰ ਯੱਗ ਦੀ ਗੱਲ) ਸੁਣ ਕੇ (ਗੌਰਜਾਂ) ਹਿਰਦੇ ਵਿਚ ਬਹੁਤ ਕ੍ਰੋਧਵਾਨ ਹੋਈ

ਬਿਨ ਬੋਲੇ ਪਿਤ ਕੇ ਗ੍ਰਿਹ ਗਈ ॥

ਅਤੇ ਬਿਨਾ ਬੁਲਾਏ ਪਿਤਾ ਦੇ ਘਰ ਚਲੀ ਗਈ।

ਅਨਿਕ ਪ੍ਰਕਾਰ ਤੇਜ ਤਨ ਤਈ ॥੧੪॥

(ਪਰ ਉਥੇ ਸਾਰਿਆਂ ਦਾ ਰੁਖਾ ਵਿਵਹਾਰ ਵੇਖ ਕੇ) ਅਨੇਕ ਤਰ੍ਹਾਂ ਨਾਲ ਤਨੋ ਮਨੋ ਸੜ ਗਈ ॥੧੪॥

ਜਗ ਕੁੰਡ ਮਹਿ ਪਰੀ ਉਛਰ ਕਰਿ ॥

(ਆਪਣਾ ਅਤੇ ਪਤੀ ਦਾ ਨਿਰਾਦਰ ਵੇਖ ਕੇ ਗੌਰਜਾਂ) ਉਛਲ ਕੇ ਯੱਗ ਕੁੰਡ ਵਿਚ ਜਾ ਪਈ।

ਸਤ ਪ੍ਰਤਾਪਿ ਪਾਵਕ ਭਈ ਸੀਤਰਿ ॥

(ਗੌਰਜਾਂ ਦੇ) ਸੱਤ ਅਤੇ ਪ੍ਰਤਾਪ ਨਾਲ ਯੱਗ ਅਗਨੀ ਸੀਤਲ ਹੋ ਗਈ।

ਜੋਗ ਅਗਨਿ ਕਹੁ ਬਹੁਰਿ ਪ੍ਰਕਾਸਾ ॥

ਫਿਰ (ਗੌਰਜਾਂ ਨੇ) ਯੋਗ ਅਗਨੀ ਨੂੰ ਪ੍ਰਗਟ ਕੀਤਾ

ਤਾ ਤਨ ਕੀਯੋ ਪ੍ਰਾਨ ਕੋ ਨਾਸਾ ॥੧੫॥

ਅਤੇ ਉਸ ਵਿਚ (ਕੁਦ ਕੇ) ਆਪਣੇ ਸ਼ਰੀਰ ਅਤੇ ਪ੍ਰਾਣਾਂ ਦਾ ਨਾਸ਼ ਕਰ ਦਿੱਤਾ ॥੧੫॥

ਆਇ ਨਾਰਦ ਇਮ ਸਿਵਹਿ ਜਤਾਈ ॥

ਨਾਰਦ ਨੇ ਆ ਕੇ ਸ਼ਿਵ ਨੂੰ ਸਾਰੀ ਗੱਲ ਇਸ ਤਰ੍ਹਾਂ ਸੁਣਾਈ '

ਕਹਾ ਬੈਠਿ ਹੋ ਭਾਗ ਚੜਾਈ ॥

ਤੂੰ ਭੰਗ ਪੀ ਕੇ ਇਥੇ ਬੈਠਾ ਹੈਂ, (ਉਧਰ ਗੌਰਜਾਂ ਯੱਗ ਦੇ ਕੁੰਡ ਵਿਚ ਸੜ ਗਈ ਹੈ।

ਛੂਟਿਯੋ ਧਿਆਨ ਕੋਪੁ ਜੀਯ ਜਾਗਾ ॥

(ਇਹ ਸੁਣਦਿਆਂ ਹੀ ਸ਼ਿਵ ਦਾ) ਧਿਆਨ ਛੁਟ ਗਿਆ ਅਤੇ ਮਨ ਵਿਚ ਕ੍ਰੋਧ ਪੈਦਾ ਹੋ ਗਿਆ।

ਗਹਿ ਤ੍ਰਿਸੂਲ ਤਹ ਕੋ ਉਠ ਭਾਗਾ ॥੧੬॥

(ਉਸੇ ਵੇਲੇ) ਤ੍ਰਿਸ਼ੂਲ ਫੜ ਕੇ ਉਧਰ ਵਲ ਦੌੜ ਪਿਆ ॥੧੬॥

ਜਬ ਹੀ ਜਾਤ ਭਯੋ ਤਿਹ ਥਲੈ ॥

ਜਦੋਂ ਹੀ (ਸ਼ਿਵ) ਉਸ ਥਾਂ ਤੇ ਗਿਆ,