ਸ਼੍ਰੀ ਦਸਮ ਗ੍ਰੰਥ

ਅੰਗ - 1305


ਸੰਗ ਸੁਤਾ ਕਾਜੀ ਕੀ ਆਨੀ ॥

ਨਾਲ ਹੀ ਕਾਜ਼ੀ ਦੀ ਪੁੱਤਰੀ ਨੂੰ ਲੈ ਆਇਆ

ਸਾਹ ਸੁਨਤ ਇਹ ਭਾਤਿ ਬਖਾਨੀ ॥੧੩॥

ਅਤੇ ਬਾਦਸ਼ਾਹ ਦੇ ਸੁਣਦੇ ਹੋਇਆਂ ਇਸ ਤਰ੍ਹਾਂ ਕਿਹਾ ॥੧੩॥

ਨਿਰਖਹੁ ਕਾਜਿ ਸੁਤਾ ਮੁਹਿ ਬਰਾ ॥

ਵੇਖੋ ਜੀ, ਕਾਜ਼ੀ ਦੀ ਧੀ ਨੇ ਮੇਰੇ ਨਾਲ ਵਿਆਹ ਕੀਤਾ ਹੈ

ਆਪਹਿ ਰੀਝਿ ਮਦਨਪਤਿ ਕਰਾ ॥

ਅਤੇ ਆਪ ਹੀ ਰੀਝ ਕੇ ਕਾਮ ਦੇਵ ਵਰਗਾ ਪਤੀ ਪ੍ਰਾਪਤ ਕੀਤਾ ਹੈ।

ਵਹੈ ਮੁਹਰ ਹਜਰਤਿਹਿ ਦਿਖਾਈ ॥

ਉਹੀ ਮੋਹਰ ਬਾਦਸ਼ਾਹ ਨੂੰ ਵਿਖਾ ਦਿੱਤੀ

ਜੋ ਇਸਤ੍ਰੀ ਹ੍ਵੈ ਆਪੁ ਕਰਾਈ ॥੧੪॥

ਜੋ ਇਸਤਰੀ ਹੋ ਕੇ ਆਪ ਲਗਵਾਈ ਸੀ ॥੧੪॥

ਨਿਰਖਤ ਮੁਹਰ ਸਭਾ ਸਭ ਹਸੀ ॥

ਮੋਹਰ ਨੂੰ ਵੇਖ ਕੇ ਸਾਰੀ ਸਭਾ ਹਸਣ ਲਗੀ

ਕਾਜਿ ਸੁਤਾ ਮਿਤਵਾ ਗ੍ਰਿਹ ਬਸੀ ॥

ਕਿ ਕਾਜ਼ੀ ਦੀ ਪੁੱਤਰੀ ਮਿਤਰ ਦੇ ਘਰ ਜਾ ਵਸੀ ਹੈ।

ਕਾਜੀ ਹੂੰ ਚੁਪ ਹ੍ਵੈ ਕਰਿ ਰਹਾ ॥

ਕਾਜ਼ੀ ਵੀ ਚੁਪ ਹੋ ਕੇ ਰਹਿ ਗਿਆ।

ਨ੍ਯਾਇ ਕਿਯਾ ਤੈਸਾ ਫਲ ਲਹਾ ॥੧੫॥

(ਉਸ ਨੇ ਜਿਹੋ ਜਿਹਾ) ਨਿਆਂ ਕੀਤਾ ਸੀ, ਉਸੇ ਤਰ੍ਹਾਂ ਦਾ ਫਲ ਪ੍ਰਾਪਤ ਕਰ ਲਿਆ ॥੧੫॥

ਦੋਹਰਾ ॥

ਦੋਹਰਾ:

ਇਹ ਛਲ ਸੌ ਕਾਜੀ ਛਲਾ ਬਸੀ ਮਿਤ੍ਰ ਕੇ ਧਾਮ ॥

ਇਸ ਤਰ੍ਹਾਂ ਨਾਲ ਕਾਜ਼ੀ ਨੂੰ ਛਲ ਕੇ ਮਿਤਰ ਦੇ ਘਰ ਜਾ ਵਸੀ।

ਲਖਨ ਚਰਿਤ ਚਤੁਰਾਨ ਕੋ ਹੈ ਨ ਕਿਸੀ ਕੋ ਕਾਮ ॥੧੬॥

ਇਸਤਰੀਆਂ ਦੇ ਚਰਿਤ੍ਰ ਨੂੰ ਵੇਖਣਾ (ਸਮਝਣਾ) ਕਿਸੇ ਦੇ ਵਸ ਦੀ ਗੱਲ ਨਹੀਂ ਹੈ ॥੧੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੨॥੬੪੯੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੨॥੬੪੯੨॥ ਚਲਦਾ॥

ਚੌਪਈ ॥

ਚੌਪਈ:

ਸੁਨਹੁ ਰਾਜ ਇਕ ਕਥਾ ਉਚਾਰੋ ॥

ਹੇ ਰਾਜਨ! ਸੁਣੋ, ਇਕ ਕਥਾ ਦਾ ਵਰਣਨ ਕਰਦਾ ਹਾਂ।

ਜਿਯ ਤੁਮਰੇ ਕੋ ਭਰਮ ਨਿਵਾਰੋ ॥

(ਜਿਸ ਨਾਲ) ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।

ਬਿਸਨਾਵਤੀ ਨਗਰ ਇਕ ਦਛਿਨ ॥

ਦੱਖਣ ਦਿਸ਼ਾ ਵਿਚ ਇਕ ਬਿਸਨਾਵਤੀ ਨਾਂ ਦਾ ਨਗਰ ਹੈ।

ਬਿਸਨ ਚੰਦ ਤਹ ਭੂਪ ਬਿਚਛਨ ॥੧॥

ਉਥੋਂ ਦਾ ਬਿਸਨ ਚੰਦ ਨਾਂ ਦਾ ਬੁੱਧੀਮਾਨ ਰਾਜਾ ਸੀ ॥੧॥

ਉਗ੍ਰ ਸਿੰਘ ਤਹ ਸਾਹੁ ਭਨਿਜੈ ॥

ਉਥੋਂ ਦੇ ਸ਼ਾਹ ਦਾ ਨਾਂ ਉਗ੍ਰ ਸਿੰਘ ਸੀ।

ਕਵਨ ਭੂਪ ਪਟਤਰ ਤਿਹ ਦਿਜੈ ॥

ਉਸ ਦੀ ਸੁੰਦਰਤਾ ਦੀ ਤੁਲਨਾ ਕਿਸ ਨਾਲ ਦੇਈਏ (ਭਾਵ ਕਿਸੇ ਨਾਲ ਨਹੀਂ ਦਿੱਤੀ ਜਾ ਸਕਦੀ)।

ਸ੍ਰੀ ਰਨਝੂਮਕ ਦੇ ਤਿਹਾ ਬਾਲਾ ॥

ਉਸ ਦੇ ਘਰ ਰਨਝੂਮਕ ਦੇ (ਦੇਈ) ਨਾਂ ਦੀ ਪੁੱਤਰੀ ਸੀ,

ਚੰਦ੍ਰ ਲਯੋ ਜਾ ਤੇ ਉਜਿਯਾਲਾ ॥੨॥

ਜਿਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ ॥੨॥

ਸੁੰਭ ਕਰਨ ਕਹ ਹੁਤੀ ਬਿਵਾਹੀ ॥

ਉਹ ਸੁੰਭ ਕਰਨ ਨਾਲ ਵਿਆਹੀ ਹੋਈ ਸੀ।

ਸੋ ਦਿਨ ਏਕ ਨਿਰਖ ਨ੍ਰਿਪ ਚਾਹੀ ॥

ਉਸ ਨੂੰ ਇਕ ਦਿਨ ਰਾਜੇ ਨੇ ਵੇਖਣਾ ਚਾਹਿਆ।

ਜਤਨ ਥਕਿਯੋ ਕਰਿ ਹਾਥ ਨ ਆਈ ॥

(ਰਾਜਾ) ਯਤਨ ਕਰ ਕੇ ਥਕ ਗਿਆ, ਪਰ ਉਹ ਹੱਥ ਵਿਚ ਨਾ ਆਈ।

ਕੋਪ ਬਢਾ ਅਤਿ ਹੀ ਨਰ ਰਾਈ ॥੩॥

(ਫਲਸਰੂਪ) ਰਾਜੇ ਦਾ ਕ੍ਰੋਧ ਬਹੁਤ ਵੱਧ ਗਿਆ ॥੩॥

ਦੇਖਹੁ ਇਹੁ ਅਬਲਾ ਕਾ ਹੀਯਾ ॥

(ਕਹਿਣ ਲਗਾ) ਇਸ ਅਬਲਾ ਦਾ ਜਿਗਰਾ ਵੇਖੋ।

ਜਿਹ ਕਾਰਨ ਹਮ ਅਸ ਛਲ ਕੀਯਾ ॥

ਜਿਸ ਵਾਸਤੇ ਮੈਂ ਇਤਨਾ ਛਲ (ਯਤਨ) ਕੀਤਾ,

ਰੰਕ ਛੋਰਿ ਕਰਿ ਰਾਵ ਨ ਭਾਯੋ ॥

ਪਰ (ਉਸ ਨੂੰ) ਰੰਕ ਛਡ ਕੇ ਰਾਜਾ ਚੰਗਾ ਨਹੀਂ ਲਗਿਆ।

ਬਹੁ ਭ੍ਰਿਤਨ ਕਹ ਤਹਾ ਪਠਾਯੋ ॥੪॥

(ਰਾਜੇ ਨੇ) ਉਸ ਪਾਸ ਕਈ ਸੇਵਕਾਂ ਨੂੰ ਭੇਜਿਆ ॥੪॥

ਸੁਨਤ ਬਚਨ ਚਾਕਰ ਤਹ ਗਏ ॥

(ਰਾਜੇ ਦੀ) ਗੱਲ ਸੁਣ ਕੇ ਸੇਵਕ ਉਸ ਕੋਲ ਗਏ।

ਘੇਰ ਲੇਤ ਤਾ ਕੋ ਘਰ ਭਏ ॥

(ਉਨ੍ਹਾਂ ਨੇ) ਉਸ ਦਾ ਘਰ ਘੇਰ ਲਿਆ।

ਤਾ ਕੇ ਪਤਿ ਕਹ ਹਨਾ ਰਿਸਾਈ ॥

ਉਸ ਦੇ ਪਤੀ ਨੂੰ ਗੁੱਸੇ ਵਿਚ ਆ ਕੇ ਮਾਰ ਦਿੱਤਾ।

ਭਾਜਿ ਗਈ ਤ੍ਰਿਯ ਹਾਥ ਨ ਆਈ ॥੫॥

(ਪਰ) ਇਸਤਰੀ ਭਜ ਗਈ, (ਉਨ੍ਹਾਂ ਦੇ) ਹੱਥ ਨਾ ਆਈ ॥੫॥

ਮ੍ਰਿਤਕ ਨਾਥ ਜਬ ਨਾਰਿ ਨਿਹਾਰਿਯੋ ॥

ਜਦ ਉਸ ਇਸਤਰੀ ਨੇ ਪਤੀ ਨੂੰ ਮਰਿਆ ਹੋਇਆ ਵੇਖਿਆ,

ਇਹੈ ਚੰਚਲਾ ਚਰਿਤ ਬਿਚਾਰਿਯੋ ॥

(ਤਾਂ ਉਸ) ਇਸਤਰੀ ਨੇ ਇਹ ਚਰਿਤ੍ਰ ਵਿਚਾਰਿਆ।

ਕਵਨ ਜਤਨ ਰਾਜਾ ਕਹ ਮਰਿਯੈ ॥

ਕਿਸ ਯਤਨ ਨਾਲ ਰਾਜੇ ਨੂੰ ਮਾਰਿਆ ਜਾਏ

ਅਪਨੇ ਪਤਿ ਕੋ ਬੈਰ ਉਤਰਿਯੈ ॥੬॥

ਅਤੇ ਆਪਣੇ ਪਤੀ ਦਾ ਵੈਰ ਉਤਾਰਿਆ ਜਾਏ ॥੬॥

ਲਿਖ ਪਤਿਯਾ ਪਠਈ ਇਕ ਤਹਾ ॥

(ਉਸ ਨੇ) ਇਕ ਚਿੱਠੀ ਲਿਖ ਕੇ ਉਥੇ ਭੇਜੀ

ਬੈਠੋ ਹੁਤੋ ਨਰਾਧਿਪ ਜਹਾ ॥

ਜਿਥੇ ਰਾਜਾ ਬੈਠਿਆ ਹੋਇਆ ਸੀ।

ਜੋ ਮੋ ਕਹ ਰਾਨੀ ਤੁਮ ਕਰਹੁ ॥

ਹੇ ਰਾਜਨ! ਜੇ ਤੁਸੀਂ ਮੈਨੂੰ ਆਪਣੀ ਰਾਣੀ ਬਣਾਉਣਾ ਚਾਹੋ,

ਤੋ ਮੁਹਿ ਭੂਪ ਆਜੁ ਹੀ ਬਰਹੁ ॥੭॥

ਤਾਂ ਮੈਨੂੰ ਅਜ ਹੀ ਆ ਕੇ ਵਰ ਲਵੋ ॥੭॥

ਸੁਨਤ ਬਚਨ ਨ੍ਰਿਪ ਬੋਲਿ ਪਠਾਈ ॥

ਇਹ ਗੱਲ ਸੁਣ ਕੇ ਰਾਜੇ ਨੇ ਬੁਲਵਾ ਲਈ।

ਪਰ ਕੀ ਤ੍ਰਿਯ ਰਾਨੀ ਠਹਰਾਈ ॥

ਪਰਾਈ ਇਸਤਰੀ ਨੂੰ ਰਾਣੀ ਬਣਾ ਲਿਆ।

ਜਿਹ ਤਿਹ ਬਿਧਿ ਤਾ ਕੋ ਗ੍ਰਿਹਿ ਆਨੋ ॥

ਜਿਵੇਂ ਕਿਵੇਂ ਉਸ ਨੂੰ ਘਰ ਲੈ ਆਇਆ।

ਭੇਦ ਅਭੇਦ ਜੜ ਕਛੁ ਨ ਪਛਾਨੋ ॥੮॥

ਉਸ ਮੂਰਖ ਨੇ ਭੇਦ ਅਭੇਦ ਕੁਝ ਵੀ ਨਾ ਸਮਝਿਆ ॥੮॥

ਸੰਗ ਅਪਨੇ ਤਾ ਕੌ ਲੈ ਸੋਯੋ ॥

ਉਸ ਨੂੰ ਆਪਣੇ ਨਾਲ ਲੈ ਕੇ ਸੁੱਤਾ


Flag Counter