ਸ਼੍ਰੀ ਦਸਮ ਗ੍ਰੰਥ

ਅੰਗ - 904


ਕਬਿਤੁ ॥

ਕਬਿੱਤ:

ਘੋਰਾ ਕਹੂੰ ਭਯੋ ਕਹੂੰ ਹਾਥੀ ਹ੍ਵੈ ਕੈ ਗਯੋ ਕਹੂੰ ਪੰਛੀ ਰੂਪ ਲਯੋ ਕਹੂੰ ਫਲ ਫੂਲ ਰਹਿਯੋ ਹੈ ॥

ਕਿਤੇ ਘੋੜਾ, ਕਿਤੇ ਹਾਥੀ, ਕਿਤੇ ਪੰਛੀ ਦਾ ਰੂਪ ਅਤੇ ਕਿਤੇ ਫਲ ਫੁਲ ਬਣਿਆ ਹੋਇਆ ਹੈ।

ਪਾਵਕ ਹ੍ਵੈ ਦਹਿਯੋ ਕਹੂੰ ਪੌਨ ਰੂਪ ਕਹਿਯੋ ਕਹੂੰ ਚੀਤ ਹ੍ਵੈ ਕੈ ਗਹਿਯੋ ਕਹੂੰ ਪਾਨੀ ਹ੍ਵੈ ਕੈ ਬਹਿਯੋ ਹੈ ॥

ਕਿਤੇ ਅੱਗ ਬਣ ਕੇ ਸਾੜਦਾ ਹੈ, ਕਿਤੇ ਪਵਨ ਰੂਪ ਅਖਵਾਂਦਾ ਹੈ, ਕਿਤੇ ਚਿਤਰਾ ਹੋ ਕੇ (ਹਿਰਨਾਂ ਨੂੰ) ਪਕੜਦਾ ਹੈ ਅਤੇ ਕਿਤੇ ਪਾਣੀ ਹੋ ਕੇ ਵਗਦਾ ਹੈ।

ਅੰਬਰ ਉਤਾਰੇ ਰਾਵਨਾਦਿਕ ਸੰਘਾਰੇ ਕਹੂੰ ਬਨ ਮੈ ਬਿਹਾਰੇ ਐਸੇ ਬੇਦਨ ਮੈ ਕਹਿਯੋ ਹੈ ॥

ਕਿਤੇ (ਰਾਮ ਵਾਂਗ) ਬਸਤ੍ਰ ਉਤਾਰ ਕੇ ਜੰਗਲ ਵਿਚ ਵਿਚਰਦਾ ਹੋਇਆ ਰਾਵਣ ਦਾ ਸੰਘਾਰ ਕਰਦਾ ਹੈ, ਅਜਿਹਾ ਵੇਦਾਂ ਵਿਚ ਲਿਖਿਆ ਹੈ।

ਪੁਰਖ ਹ੍ਵੈ ਆਪੁ ਕਹੂੰ ਇਸਤ੍ਰਿਨ ਕੋ ਰੂਪ ਧਰਿਯੋ ਮੂਰਖਨ ਭੇਦ ਤਾ ਕੋ ਨੈਕ ਹੂੰ ਨ ਲਹਿਯੋ ਹੈ ॥੧੮॥

ਕਿਤੇ ਉਹ ਆਪ ਪੁਰਸ਼ ਰੂਪ ਹੈ ਅਤੇ ਕਿਤੇ ਇਸਤਰੀਆਂ ਦਾ ਰੂਪ ਧਾਰਨ ਕੀਤਾ ਹੋਇਆ ਹੈ। ਪਰ ਮੂਰਖ ਲੋਕਾਂ ਨੇ ਉਸ ਦਾ ਜ਼ਰਾ ਜਿੰਨਾ ਵੀ ਭੇਦ ਨਹੀਂ ਪਾਇਆ ਹੈ ॥੧੮॥

ਚੌਪਈ ॥

ਚੌਪਈ:

ਕਵਨ ਮਰੈ ਕਾ ਕੋ ਕੋਊ ਮਾਰੈ ॥

ਕੌਣ ਮਰਦਾ ਹੈ, ਕਿਸ ਨੂੰ ਕੋਈ ਮਾਰਦਾ ਹੈ;

ਭੂਲਾ ਲੋਕ ਭਰਮ ਬੀਚਾਰੈ ॥

ਭੁਲੇ ਹੋਏ ਲੋਕ ਭਰਮਾਂ ਦਾ ਵਿਚਾਰ ਕਰੀ ਜਾਂਦੇ ਹਨ।

ਯਹ ਨ ਮਰਤ ਮਾਰਤ ਹੈ ਨਾਹੀ ॥

ਹੇ ਰਾਜਨ! ਇਹ ਗੱਲ ਮਨ ਵਿਚ ਸਮਝ ਲਵੋ

ਯੌ ਰਾਜਾ ਸਮਝਹੁ ਮਨ ਮਾਹੀ ॥੧੯॥

ਕਿ ਨਾ ਇਹ ਮਰਦਾ ਹੈ ਅਤੇ ਨਾ ਹੀ ਮਾਰਦਾ ਹੈ ॥੧੯॥

ਦੋਹਰਾ ॥

ਦੋਹਰਾ:

ਬਿਨਾ ਨਾਮ ਤਾ ਕੇ ਜਪੇ ਬਾਲ ਬ੍ਰਿਧ ਕੋਊ ਹੋਇ ॥

ਉਸ ਦੇ ਨਾਮ ਨੂੰ ਜਪੇ ਬਿਨਾ ਕੋਈ ਬਾਲ ਅਥਵਾ ਬਿਰਧ ਨਹੀਂ ਰਹਿ ਸਕਦਾ।

ਰਾਵ ਰੰਕ ਰਾਜਾ ਸਭੈ ਜਿਯਤ ਨ ਰਹਸੀ ਕੋਇ ॥੨੦॥

ਹੇ ਰਾਜਨ! ਸਾਰੇ ਰਾਓ ਅਤੇ ਰੰਕ ਜੀਉਂਦੇ ਨਹੀਂ ਰਹਿਣਗੇ ॥੨੦॥

ਚੌਪਈ ॥

ਚੌਪਈ:

ਸਤਿ ਨਾਮੁ ਜੋ ਜਿਯ ਲਖਿ ਪਾਵੈ ॥

ਜੋ (ਵਿਅਕਤੀ) ਹਿਰਦੇ ਵਿਚ ਸਤਿਨਾਮ ਨੂੰ ਸਮਝ ਲੈਂਦਾ ਹੈ,

ਤਾ ਕੇ ਕਾਲ ਨਿਕਟ ਨਹਿ ਆਵੈ ॥

ਉਸ ਦੇ ਨੇੜੇ ਕਾਲ ਨਹੀਂ ਆ ਸਕਦਾ।

ਬਿਨਾ ਨਾਮ ਤਾ ਕੇ ਜੋ ਰਹਿ ਹੈ ॥

ਜੋ ਉਸ ਦੇ ਨਾਮ ਤੋਂ ਬਿਨਾ ਰਹਿੰਦੇ ਹਨ (ਉਹ ਸਾਰੇ ਅਤੇ)

ਬਨ ਗਿਰ ਪੁਰ ਮੰਦਰ ਸਭ ਢਹਿ ਹੈ ॥੨੧॥

ਬਨ, ਪਰਬਤ, ਨਗਰ, ਮਹੱਲ (ਮੰਦਿਰ) ਸਭ ਢਹਿ ਜਾਣਗੇ ॥੨੧॥

ਦੋਹਰਾ ॥

ਦੋਹਰਾ:

ਚਕਿਯਾ ਕੈਸੇ ਪਟ ਬਨੇ ਗਗਨ ਭੂਮਿ ਪੁਨਿ ਦੋਇ ॥

ਆਕਾਸ਼ ਅਤੇ ਧਰਤੀ ਦੋਵੇਂ ਚੱਕੀ ਦੇ ਪੁੜਾਂ ਵਰਗੇ ਬਣੇ ਹੋਏ ਹਨ।

ਦੁਹੂੰ ਪੁਰਨ ਮੈ ਆਇ ਕੈ ਸਾਬਿਤ ਗਯਾ ਨ ਕੋਇ ॥੨੨॥

ਇਨ੍ਹਾਂ ਦੋਹਾਂ ਪੁੜਾਂ ਵਿਚ ਆਣ ਵਾਲਾ ਸਾਬਤ ਨਹੀਂ ਬਚਿਆ ਹੈ ॥੨੨॥

ਚੌਪਈ ॥

ਚੌਪਈ:

ਸਤਿ ਨਾਮ ਜੋ ਪੁਰਖ ਪਛਾਨੈ ॥

ਜੋ ਪੁਰਸ਼ ਸਤਿਨਾਮ ਨੂੰ ਪਛਾਣਦਾ ਹੈ

ਸਤਿ ਨਾਮ ਲੈ ਬਚਨ ਪ੍ਰਮਾਨੈ ॥

ਅਤੇ ਸਤਿਨਾਮ (ਨੂੰ ਗੁਰਾਂ) ਦੇ ਬਚਨਾਂ ਦੁਆਰਾ ਪ੍ਰਮਾਣਿਕ ਮੰਨਦਾ ਹੈ।

ਸਤਿ ਨਾਮੁ ਮਾਰਗ ਲੈ ਚਲਹੀ ॥

ਸਤਿਨਾਮ ਲੈ ਕੇ ਮਾਰਗ ਉਤੇ ਚਲਦਾ ਹੈ,

ਤਾ ਕੋ ਕਾਲ ਨ ਕਬਹੂੰ ਦਲਹੀ ॥੨੩॥

ਉਸ ਨੂੰ ਕਾਲ ਕਦੇ ਨਾਸ਼ ਨਹੀਂ ਕਰਦਾ ॥੨੩॥

ਦੋਹਰਾ ॥

ਦੋਹਰਾ:

ਐਸੇ ਬਚਨਨ ਸੁਨਤ ਹੀ ਰਾਜਾ ਭਯੋ ਉਦਾਸੁ ॥

ਇਹ ਬਚਨ ਸੁਣ ਕੇ ਰਾਜਾ ਉਦਾਸ ਹੋ ਗਿਆ

ਭੂਮਿ ਦਰਬੁ ਘਰ ਰਾਜ ਤੇ ਚਿਤ ਮੈ ਭਯੋ ਨਿਰਾਸੁ ॥੨੪॥

ਅਤੇ ਭੂਮੀ, ਧਨ, ਘਰ, ਰਾਜ ਆਦਿ ਪ੍ਰਤਿ ਚਿਤ ਵਿਚ ਨਿਰਾਸ ਹੋ ਗਿਆ ॥੨੪॥

ਜਬ ਰਾਨੀ ਐਸੇ ਸੁਨਿਯੋ ਦੁਖਤ ਭਈ ਮਨ ਮਾਹ ॥

ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ ਤਾਂ ਮਨ ਵਿਚ ਬਹੁਤ ਦੁਖੀ ਹੋਈ।

ਦੇਸ ਦਰਬੁ ਗ੍ਰਿਹ ਛਾਡਿ ਕੈ ਜਾਤ ਲਖਿਯੋ ਨਰ ਨਾਹ ॥੨੫॥

(ਉਸ ਨੇ) ਰਾਜੇ ਨੂੰ ਦੇਸ਼, ਧਨ, ਘਰ ਆਦਿ ਛਡ ਕੇ ਜਾਂਦਿਆਂ ਵੇਖਿਆ ॥੨੫॥

ਤਬ ਰਾਨੀ ਅਤਿ ਦੁਖਿਤ ਹ੍ਵੈ ਮੰਤ੍ਰੀ ਲਯੋ ਬੁਲਾਇ ॥

ਤਦ ਰਾਣੀ ਨੇ ਅਤਿ ਦੁਖੀ ਹੋ ਕੇ ਮੰਤਰੀ ਨੂੰ ਬੁਲਾ ਲਿਆ (ਅਤੇ ਉਸ ਨੂੰ ਕਿਹਾ)

ਕ੍ਯੋਹੂੰ ਨ੍ਰਿਪ ਗ੍ਰਿਹ ਰਾਖਿਯੈ ਕੀਜੈ ਕਛੂ ਉਪਾਇ ॥੨੬॥

ਜਿਵੇਂ ਕਿਵੇਂ ਹੋ ਸਕੇ ਰਾਜੇ ਨੂੰ ਘਰ ਰਖਣ ਦਾ ਕੁਝ ਉਪਾ ਕੀਤਾ ਜਾਵੇ ॥੨੬॥

ਚੌਪਈ ॥

ਚੌਪਈ:

ਤਬ ਮੰਤ੍ਰੀ ਇਮਿ ਬਚਨ ਉਚਾਰੇ ॥

ਤਦ ਮੰਤਰੀ ਨੇ ਇਸ ਤਰ੍ਹਾਂ ਬਚਨ ਕਹੇ,

ਸੁਨੁ ਰਾਨੀ ਤੈ ਮੰਤ੍ਰ ਹਮਾਰੇ ॥

ਹੇ ਰਾਣੀ! ਤੁਸੀਂ ਮੇਰੀ ਸਲਾਹ ਸੁਣੋ।

ਐਸੋ ਜਤਨ ਆਜੁ ਹਮ ਕਰਿ ਹੈ ॥

ਅਸੀਂ ਅਜ ਅਜਿਹਾ ਯਤਨ ਕਰਦੇ ਹਾਂ

ਨ੍ਰਿਪ ਗ੍ਰਿਹ ਰਾਖਿ ਜੋਗਿਯਹਿ ਮਰਿ ਹੈ ॥੨੭॥

ਕਿ ਰਾਜੇ ਨੂੰ ਘਰ ਰਖ ਲੈਂਦੇ ਹਾਂ ਅਤੇ ਜੋਗੀ ਨੂੰ ਮਾਰ ਦਿੰਦੇ ਹਾਂ ॥੨੭॥

ਰਾਨੀ ਜੋ ਹੌ ਕਹੌ ਸੁ ਕਰਿਯਹੁ ॥

ਹੇ ਰਾਣੀ! ਜੋ ਮੈਂ ਕਹਿੰਦਾ ਹਾਂ, ਉਹ ਕਰਨਾ ਹੈ

ਰਾਜਾ ਜੂ ਤੇ ਨੈਕ ਨ ਡਰਿਯਹੁ ॥

ਅਤੇ ਰਾਜਾ ਜੀ ਤੋਂ ਬਿਲਕੁਲ ਡਰਨਾ ਨਹੀਂ ਹੈ।

ਯਾ ਜੁਗਿਯਾ ਕਹ ਧਾਮ ਬੁਲੈਯਹੁ ॥

ਇਸ ਜੋਗੀ ਨੂੰ ਘਰ ਬੁਲਾਓ

ਲੌਨ ਡਾਰਿ ਭੂਅ ਮਾਝ ਗਡੈਯਹੁ ॥੨੮॥

ਅਤੇ ਲੂਣ ਪਾ ਕੇ ਧਰਤੀ ਵਿਚ ਦਬ ਦਿਓ ॥੨੮॥

ਦੋਹਰਾ ॥

ਦੋਹਰਾ:

ਤਬ ਰਾਨੀ ਤਯੋ ਹੀ ਕਿਯੋ ਜੁਗਿਯਹਿ ਲਯੋ ਬੁਲਾਇ ॥

ਤਦ ਰਾਣੀ ਨੇ ਇਸ ਤਰ੍ਹਾਂ ਹੀ ਕੀਤਾ ਅਤੇ ਜੋਗੀ ਨੂੰ ਬੁਲਾ ਲਿਆ।

ਲੌਨ ਡਾਰਿ ਭੂਅ ਖੋਦਿ ਕੈ ਗਹਿ ਤਿਹ ਦਯੋ ਦਬਾਇ ॥੨੯॥

ਧਰਤੀ ਪੁਟ ਕੇ, ਉਸ ਨੂੰ ਪਕੜ ਕੇ ਅਤੇ ਲੂਣ ਪਾ ਕੇ ਗਡ ਦਿੱਤਾ ॥੨੯॥

ਚੌਪਈ ॥

ਚੌਪਈ:

ਜਾਇ ਨ੍ਰਿਪਤਿ ਪਤਿ ਬਚਨ ਉਚਾਰੇ ॥

(ਰਾਣੀ ਨੇ) ਜਾ ਕੇ ਆਪਣੇ ਪਤੀ ਰਾਜੇ ਨੂੰ ਕਿਹਾ

ਜੁਗਿਯ ਮਾਟੀ ਲਈ ਤਿਹਾਰੇ ॥

ਕਿ ਤੇਰੇ ਜੋਗੀ ਨੇ (ਆਪਣੇ ਉਪਰ) ਮਿੱਟੀ ਲੈ ਲਈ ਹੈ (ਅਰਥਾਤ ਜੀਉਂਦੇ ਜੀ ਧਰਤੀ ਵਿਚ ਸਮਾਧੀ ਲੈ ਲਈ ਹੈ)।