ਸ਼੍ਰੀ ਦਸਮ ਗ੍ਰੰਥ

ਅੰਗ - 490


ਕੈ ਇਹ ਕੋ ਸਭ ਜਾਇ ਮਿਲੈ ਪੁਰਿ ਛਾਡਿ ਨਹੀ ਅਨਤੈ ਕਉ ਸਿਧਈਯੈ ॥

ਜਾਂ ਤਾਂ ਇਸ ਨੂੰ ਜਾ ਕੇ ਮਿਲ ਪਈਏ, ਨਹੀਂ ਤਾਂ (ਮਥੁਰਾ) ਨਗਰੀ ਛਡ ਕੇ ਕਿਸੇ ਹੋਰ ਥਾਂ ਨੂੰ ਚਲੇ ਜਾਈਏ।

ਬਾਤ ਕੁਪੇਚ ਬਨੀ ਸਭ ਹੀ ਇਨ ਬਾਤਨ ਤੇ ਧੌ ਕਹਾ ਅਬ ਕਈਯੈ ॥੧੯੨੮॥

ਸਾਰੀਆਂ ਗੱਲਾਂ ਕੁਸੂਤੀਆਂ ਹੋ ਗਈਆਂ ਹਨ, ਹੁਣ ਇਨ੍ਹਾਂ ਗੱਲਾਂ ਦਾ ਕੀ ਕਰੀਏ ॥੧੯੨੮॥

ਸੋਰਠਾ ॥

ਸੋਰਠਾ:

ਕੀਨੋ ਇਹੈ ਬਿਚਾਰ ਪੁਰਿ ਤਜਿ ਕੈ ਅਨਤੈ ਬਸਹਿ ॥

ਸਭ ਨੇ ਇਹੀ ਵਿਚਾਰ ਕੀਤਾ ਕਿ ਨਗਰ ਨੂੰ ਛਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਵਸਣਾ ਚਾਹੀਦਾ ਹੈ।

ਨਾਤਰ ਡਾਰੈ ਮਾਰਿ ਜਰਾਸੰਧਿ ਭੂਪਤਿ ਪ੍ਰਬਲ ॥੧੯੨੯॥

ਨਹੀਂ ਤਾਂ (ਉਹ) ਮਾਰ ਸੁਟੇਗਾ, (ਕਿਉਂਕਿ) ਰਾਜਾ ਜਰਾਸੰਧ ਬਹੁਤ ਬਲਵਾਨ ਹੈ ॥੧੯੨੯॥

ਕੀਜੋ ਸੋਊ ਬਿਚਾਰ ਜੋ ਭਾਵੈ ਸਭ ਜਨਨ ਮਨਿ ॥

ਉਹੀ ਵਿਚਾਰ ਕਰੋ ਜੋ ਸਾਰਿਆਂ ਵਿਅਕਤੀਆਂ ਦੇ ਮਨ ਨੂੰ ਚੰਗਾ ਲਗੇ।

ਅਪੁਨੇ ਚਿਤਹ ਬਿਚਾਰਿ ਬਾਤ ਨ ਕੀਜੈ ਠਾਨਿ ਹਠ ॥੧੯੩੦॥

ਆਪਣੇ ਚਿਤ ਵਿਚ (ਠੀਕ ਗੱਲ) ਵਿਚਾਰੋ, ਹਠ ਧਾਰ ਕੇ ਕੋਈ ਗੱਲ ਨਾ ਕਰੋ ॥੧੯੩੦॥

ਸਵੈਯਾ ॥

ਸਵੈਯਾ:

ਤਜਿ ਕੈ ਮਥੁਰਾ ਸੁਨਿ ਕੈ ਇਹ ਸਤ੍ਰ ਸੁ ਲੈ ਕੇ ਕੁਟੰਬਨ ਜਾਦੋ ਪਰਾਏ ॥

ਇਸ ਵੈਰੀ ਦਾ (ਆਉਣਾ) ਸੁਣ ਕੇ, ਮਥੁਰਾ ਨੂੰ ਤਿਆਗ ਕੇ ਅਤੇ ਆਪਣੇ ਟਬਰਾਂ ਨੂੰ ਲੈ ਕੇ ਯਾਦਵ ਭਜ ਗਏ ਹਨ।

ਏਕ ਬਡੋ ਗਿਰਿ ਥੋ ਤਿਹ ਭੀਤਰ ਨੈਕੁ ਟਿਕੇ ਚਿਤ ਮੈ ਸੁਖੁ ਪਾਏ ॥

ਉਥੇ ਇਕ ਵੱਡਾ ਪਹਾੜ ਸੀ, ਉਸ ਵਿਚ ਕੁਝ ਸਮੇਂ ਲਈ ਟਿਕੇ ਹਨ ਅਤੇ ਚਿਤ ਵਿਚ ਬਹੁਤ ਸੁਖ ਪਾਇਆ ਹੈ।

ਘੇਰਤ ਭਯੋ ਨਗ ਸੰਧਿ ਜਰਾ ਤਿਹ ਕੀ ਉਪਮਾ ਕਬਿ ਸ੍ਯਾਮ ਸੁਨਾਏ ॥

ਜਰਾਸੰਧ ਨੇ ਉਸ ਪਹਾੜ ਨੂੰ ਘੇਰ ਲਿਆ ਹੈ। ਉਸ ਦੀ ਉਪਮਾ ਕਵੀ ਸ਼ਿਆਮ ਸੁਣਾਉਂਦੇ ਹਨ। (ਇੰਜ ਪ੍ਰਤੀਤ ਹੁੰਦਾ ਹੈ)

ਪਾਤਨ ਕੇ ਜਨ ਭਛਨ ਕਉ ਭਟਵਾ ਨਹਿ ਬਾਦਰ ਹੀ ਮਿਲਿ ਆਏ ॥੧੯੩੧॥

ਮਾਨੋ ਪੱਤਰਾਂ ਨੂੰ ਖਾਣ ਲਈ ਸੂਰਮੇ ਨਹੀਂ, ਬਾਂਦਰ ਇਕੱਠੇ ਹੋ ਕੇ ਆ ਗਏ ਹੋਣ। (ਅਰਥਾਂਤਰ ਪਤਣ ਦੇ ਲੋਕਾਂ ਨੂੰ ਖਾਣ ਲਈ ਸੂਰਮੇ ਨਹੀਂ ਬਦਲ ਘਿਰ ਕੇ ਆ ਗਏ ਹੋਣ) ॥੧੯੩੧॥

ਦੋਹਰਾ ॥

ਦੋਹਰਾ:

ਜਰਾਸੰਧਿ ਤਬ ਮੰਤ੍ਰੀਅਨ ਸੰਗਿ ਯੌ ਕਹਿਯੋ ਸੁਨਾਇ ॥

ਤਦ ਜਰਾਸੰਧ ਨੇ ਮੰਤਰੀਆਂ ਨੂੰ ਸੁਣਾ ਕੇ ਇਸ ਤਰ੍ਹਾਂ ਕਿਹਾ,

ਨਗ ਭਾਰੀ ਇਹ ਸੈਨ ਤੇ ਨੈਕੁ ਨ ਸੋਧਿਯੋ ਜਾਇ ॥੧੯੩੨॥

ਪਹਾੜ ਬਹੁਤ ਵੱਡਾ ਹੈ। ਇਹ ਸੈਨਾ ਤੋਂ ਬਿਲਕੁਲ ਸੋਧਿਆ ਨਹੀਂ ਜਾ ਸਕਦਾ ॥੧੯੩੨॥

ਸੋਰਠਾ ॥

ਸੋਰਠਾ:

ਦੀਜੈ ਆਗਿ ਲਗਾਇ ਦਸੋ ਦਿਸਾ ਤੇ ਘੇਰਿ ਗਿਰਿ ॥

ਪਹਾੜ ਨੂੰ ਦਸਾਂ ਦਿਸ਼ਾਵਾਂ ਤੋਂ ਘੇਰ ਕੇ ਅੱਗ ਲਾ ਦਿਓ।

ਆਪਨ ਹੀ ਜਰਿ ਜਾਇ ਸ੍ਰੀ ਜਦੁਬੀਰ ਕੁਟੰਬ ਸਨਿ ॥੧੯੩੩॥

ਸ੍ਰੀ ਕ੍ਰਿਸ਼ਨ ਕੁਟੰਬੀਆਂ ਸਮੇਤ ਆਪ ਹੀ ਸੜ ਜਾਵੇਗਾ ॥੧੯੩੩॥

ਸਵੈਯਾ ॥

ਸਵੈਯਾ:

ਘੇਰਿ ਦਸੋ ਦਿਸ ਤੇ ਗਿਰਿ ਕਉ ਕਬਿ ਸ੍ਯਾਮ ਕਹੈ ਦਈ ਆਗਿ ਲਗਾਈ ॥

ਕਵੀ ਸ਼ਿਆਮ ਕਹਿੰਦੇ ਹਨ, ਪਹਾੜ ਨੂੰ ਦਸਾਂ ਦਿਸ਼ਾਵਾਂ ਤੋਂ ਘੇਰ ਕੇ ਅੱਗ ਲਗਾ ਦਿੱਤੀ ਹੈ।

ਤੈਸੇ ਹੀ ਪਉਨ ਪ੍ਰਚੰਡ ਬਹਿਯੋ ਤਿਹ ਪਉਨ ਸੋ ਆਗਿ ਘਨੀ ਹਹਰਾਈ ॥

ਉਸ ਵੇਲੇ ਤੇਜ਼ ਹਵਾ ਚਲ ਪਈ ਹੈ। ਉਸ ਹਵਾ ਨਾਲ ਅੱਗ ਬਹੁਤ ਅਧਿਕ ਮਚ ਗਈ ਹੈ।

ਜੀਵ ਬਡੋ ਤ੍ਰਿਨ ਰੂਖ ਘਨੇ ਛਿਨ ਬੀਚ ਦਏ ਫੁਨਿ ਤਾਹਿ ਜਰਾਈ ॥

ਬਹੁਤ ਵੱਡੇ ਵੱਡੇ ਬ੍ਰਿਛ, ਜੀਵ ਅਤੇ ਘਾਹ ਛਿਣ ਭਰ ਵਿਚ ਉਸ ਨੇ ਫੂਕ ਦਿੱਤੇ ਹਨ।

ਤਉਨ ਘਰੀ ਤਿਨ ਲੋਗਨ ਪੈ ਫੁਨਿ ਹੋਤ ਭਈ ਅਤਿ ਹੀ ਦੁਖਦਾਈ ॥੧੯੩੪॥

ਫਿਰ ਉਹ ਘੜੀ ਉਨ੍ਹਾਂ ਲੋਕਾਂ ਉਤੇ ਬਹੁਤ ਦੁਖਦਾਇਕ ਹੋ ਗਈ ਹੈ ॥੧੯੩੪॥

ਚੌਪਈ ॥

ਚੌਪਈ:


Flag Counter