ਕਿ ਉਨ੍ਹਾਂ ਨੇ ਧਰਤੀ ਅਤੇ ਆਕਾਸ਼ ਦੋਹਾਂ ਨੂੰ ਢਕ ਲਿਆ ਸੀ ॥੧੭॥
ਉਥੇ ਟੋਪਾਂ ਦੇ ਬਹੁਤ ਸਾਰੇ ਟੁਕੜੇ ਡਿਗੇ ਪਏ ਸਨ
(ਜੋ) ਲਹੂ ਨਾਲ ਭਿਜੇ (ਇਉਂ ਮਲੂਮ ਹੁੰਦੇ ਸਨ) ਮਾਨੋ ਕੇਸੂ ਝੜੇ ਪਏ ਹੋਣ।
ਇਸ ਤਰ੍ਹਾਂ ਦੇ ਅਦੁੱਤੀ ਅਤੇ ਅਗੰਮੀ ਯੁੱਧ ਨੂੰ ਵੇਖ ਕੇ,
ਸ਼ਿਵ ਨੇ ਦਿਲ ਵਿਚ ਇਸ ਤਰ੍ਹਾਂ ਵਿਚਾਰ ਕੀਤਾ ॥੧੮॥
ਸ਼ਿਵ ਯੁੱਧ ਨੂੰ ਵੇਖ ਕੇ ਦਿਲ ਵਿਚ ਹੈਰਾਨ ਹੋ ਗਿਆ
ਅਤੇ ਲਲਕਾਰਾ ਮਾਰ ਕੇ ਦੈਂਤਾਂ ਦੇ ਦਲ ਵਿਚ ਜਾ ਪਿਆ।
ਤ੍ਰਿਸ਼ੂਲ ਨੂੰ ਸੰਭਾਲ ਕੇ (ਉਹ) ਰਣ ਵਿਚ ਵਾਰ ਕਰ ਰਿਹਾ ਸੀ।
ਸ਼ਿਵ ਦੇ (ਲਲਕਾਰੇ ਦੀ) ਆਵਾਜ਼ ਨੂੰ ਸੁਣ ਕੇ, ਦੇਵਤੇ ਅਤੇ ਦੈਂਤ ਡਰ ਗਏ ਸਨ ॥੧੯॥
ਸ਼ਿਵ ਨੇ ਜਦੋਂ ਮਨ ਵਿਚ 'ਕਾਲ' ਦਾ ਧਿਆਨ ਧਰਿਆ,
ਤਦੋਂ ਹੀ 'ਕਾਲ-ਪੁਰਖ' ਪ੍ਰਸੰਨ ਹੋ ਗਏ।
(ਉਨ੍ਹਾਂ ਨੇ) ਵਿਸ਼ਣੂ ਨੂੰ ਕਿਹਾ, "(ਜਾ ਕੇ) ਜਲੰਧਰ ਦਾ ਰੂਪ ਧਾਰਨ ਕਰੋ
ਅਤੇ ਫਿਰ ਜਾ ਕੇ ਵੱਡੇ ਵੈਰੀ ਦਾ ਨਾਸ਼ ਕਰੋ ॥੨੦॥
ਭੁਜੰਗ ਪ੍ਰਯਾਤ ਛੰਦ:
ਕਾਲ ਨੇ ਆਗਿਆ ਦਿੱਤੀ ਤਾਂ ਵਿਸ਼ਣੂ ਨੇ ਜਲੰਧਰ ਦਾ ਰੂਪ ਧਾਰਨ ਕੀਤਾ।
ਜੰਗ ਦੇ ਸਾਰੇ ਸਾਜ ਬਣਾ ਕੇ (ਵਿਸ਼ਣੂ) ਰਾਜਾ ਜਲੰਧਰ ਵਰਗਾ ਲਗਣ ਲਗਿਆ।
(ਵਿਸ਼ਣੂ) ਸੁਆਮੀ ਨੇ ਇਸ ਤਰ੍ਹਾਂ ਨਾਲ ਆਪਣੀ ਇਸਤਰੀ ਦਾ ਉਧਾਰ ਕੀਤਾ।
ਇਸ ਕਰ ਕੇ (ਉਨ੍ਹਾਂ ਨੇ) ਸ਼ਿਰੋਮਣੀ ਇਸਤਰੀ ਰੂਪ ਸਤੀ 'ਬ੍ਰਿੰਦਾ' ਇਸਤਰੀ ਦਾ ਸਤ ਭੰਗ ਕੀਤਾ ਸੀ ॥੨੧॥
'ਬ੍ਰਿੰਦਾ' ਨੇ ਦੈਂਤ ਦੇਹ ਉਸੇ ਵੇਲੇ ਹੀ ਛੱਡ ਦਿੱਤੀ ਅਤੇ ਲੱਛਮੀ ਰੂਪ ਹੋ ਗਈ।
ਇਸ ਤਰ੍ਹਾਂ ਵਿਸ਼ਣੂ ਨੇ ਬਾਰ੍ਹਵਾਂ (ਜਲੰਧਰ) ਦੈਂਤ ਦਾ ਅਵਤਾਰ ਧਾਰਨ ਕੀਤਾ ਸੀ।
ਮੁੜ ਕੇ ਜੰਗ ਹੋਣ ਲਗਾ ਅਤੇ ਵੀਰਾਂ ਨੇ ਹੱਥ ਵਿਚ ਸ਼ਸਤ੍ਰ ਫੜ ਲਏ।
ਜੋ ਸੂਰਮੇ ਧਰਤੀ ਤੇ ਡਿਗ ਪਏ ਸਨ, ਉਹ ਬਿਮਾਨਾਂ ਵਿਚ ਬੈਠੇ ਸ਼ੋਭਾ ਪਾ ਰਹੇ ਸਨ ॥੨੨॥
(ਇਧਰ) ਇਸਤਰੀ ਦਾ ਸੱਤ ਨਸ਼ਟ ਹੋ ਗਿਆ, (ਉਧਰ) ਸਾਰੀ ਸੈਨਾ ਕਟੀ ਗਈ
ਅਤੇ ਜਲੰਧਰ ਰਾਜੇ ਦੀ ਦੇਹ ਦਾ ਸਾਰਾ ਹੰਕਾਰ ਮਿਟ ਗਿਆ।