ਸ਼੍ਰੀ ਦਸਮ ਗ੍ਰੰਥ

ਅੰਗ - 816


ਜਾਨੁਕ ਸੋਕ ਦੂਰਿ ਕਰਿ ਡਾਰੇ ॥੨॥

ਮਾਨੋ (ਉਸ ਦੇ) ਗ਼ਮ ਨੂੰ ਦੂਰ ਕਰ ਦਿੱਤਾ ਹੋਵੇ ॥੨॥

ਦੋਹਰਾ ॥

ਦੋਹਰਾ:

ਇਕ ਜੋਗੀ ਬਨ ਮੈ ਹੁਤੋ ਦ੍ਰੁਮ ਮੈ ਕੁਟੀ ਬਨਾਇ ॥

ਇਕ ਜੋਗੀ ਜੰਗਲ ਵਿਚ ਬ੍ਰਿਛ ਵਿਚ ਕੁਟੀਆ ਬਣਾ ਕੇ ਰਹਿੰਦਾ ਸੀ।

ਏਕ ਸਾਹ ਕੀ ਸੁਤਾ ਕੋ ਲੈ ਗ੍ਯੋ ਮੰਤ੍ਰ ਚਲਾਇ ॥੩॥

(ਉਹ) ਇਕ ਸ਼ਾਹ ਦੀ ਕੁੜੀ ਨੂੰ ਮੰਤ੍ਰ ਦੇ ਵਸ ਕਰ ਕੇ ਲੈ ਗਿਆ ॥੩॥

ਚੌਪਈ ॥

ਚੌਪਈ:

ਕਾਸਿਕਾਰ ਕੋ ਸਾਹਿਕ ਜਨਿਯਤ ॥

ਇਕ ਸ਼ਾਹ ਕਾਸਿਕਾਰ (ਦਾ ਨਿਵਾਸੀ) ਸੀ

ਸਹਜ ਕਲਾ ਤਿਹ ਸੁਤਾ ਬਖਨਿਯਤ ॥

ਅਤੇ ਉਸ ਦੀ ਪੁੱਤਰੀ ਦਾ ਨਾਂ ਸਹਿਜ ਕਲਾ ਸੀ।

ਤਾ ਕੋ ਹਰਿ ਜੋਗੀ ਲੈ ਗਯੋ ॥

ਉਸ ਨੂੰ ਜੋਗੀ ਹਰ ਕੇ ਲੈ ਗਿਆ

ਰਾਖਤ ਏਕ ਬਿਰਛ ਮੈ ਭਯੋ ॥੪॥

ਅਤੇ ਇਕ ਬ੍ਰਿਛ ਵਿਚ ਟਿਕਾ ਦਿੱਤਾ ॥੪॥

ਦੋਹਰਾ ॥

ਦੋਹਰਾ:

ਕਰੀ ਕਿਵਾਰੀ ਬਿਰਛ ਕੀ ਖੋਦਿ ਕਿਯੋ ਤਿਹ ਗ੍ਰੇਹ ॥

(ਇਕ) ਬ੍ਰਿਛ ਨੂੰ ਖੋਦ ਕੇ ਉਸ ਵਿਚ ਇਕ ਤਾਕੀ ਵਾਲਾ ਘਰ ਬਣਾਇਆ।

ਰਾਤਿ ਦਿਵਸ ਤਾ ਕੌ ਭਜੈ ਅਧਿਕ ਬਢਾਇ ਸਨੇਹ ॥੫॥

ਰਾਤ ਦਿਨ (ਜੋਗੀ) ਅਧਿਕ ਪ੍ਰੇਮ ਵਧਾ ਕੇ ਸ਼ਾਹ ਦੀ ਪੁੱਤਰੀ ਨਾਲ ਭੋਗ-ਵਿਲਾਸ ਕਰਦਾ ਸੀ ॥੫॥

ਮਾਰਿ ਕਿਵਰਿਯਾ ਬਿਰਛ ਕੀ ਆਪਿ ਨਗਰ ਮੈ ਆਇ ॥

ਬ੍ਰਿਛ ਦੀ ਤਾਕੀ ਨੂੰ ਬੰਦ ਕਰ ਕੇ ਉਹ ਆਪ ਨਗਰ ਵਿਚ ਆ ਜਾਂਦਾ ਸੀ

ਮਾਗਿ ਭਿਛਾ ਨਿਸਿ ਕੇ ਸਮੈ ਰਹਤ ਤਿਸੀ ਦ੍ਰੁਮ ਜਾਇ ॥੬॥

ਅਤੇ ਭਿਖਿਆ ਮੰਗ ਕੇ ਰਾਤ ਵੇਲੇ ਉਸ ਬ੍ਰਿਛ ਵਿਚ ਜਾ ਰਹਿੰਦਾ ਸੀ ॥੬॥

ਜਾਇ ਤਹਾ ਆਪਨ ਕਰੈ ਹਾਥਨ ਕੋ ਤਤਕਾਰ ॥

ਉਥੇ ਜਾ ਕੇ ਆਪਣੇ ਹੱਥਾਂ ਨਾਲ ਤਾੜੀ ਵਜਾਂਦਾ ਸੀ।

ਸੁਨਤ ਸਬਦ ਤਾਕੀ ਤਰੁਨਿ ਛੋਰਤ ਕਰਨ ਕਿਵਾਰ ॥੭॥

ਉਸ ਦੀ ਆਵਾਜ਼ ਸੁਣ ਕੇ ਇਸਤਰੀ ਹੱਥ ਨਾਲ ਕਿਵਾੜ ਖੋਲ੍ਹ ਦਿੰਦੀ ਸੀ ॥੭॥

ਚੌਪਈ ॥

ਚੌਪਈ:

ਐਸੀ ਭਾਤਿ ਨਿਤ੍ਯ ਜਡ ਕਰੈ ॥

(ਉਹ) ਮੂਰਖ ਨਿੱਤ ਇਸ ਤਰ੍ਹਾਂ ਕਰਦਾ ਸੀ

ਮਧੁਰ ਮਧੁਰ ਧੁਨਿ ਬੈਨੁ ਉਚਰੈ ॥

ਅਤੇ ਮਿਠੀ ਮਿਠੀ ਧੁਨ ਨਾਲ ਬੀਨ (ਵਜਾਉਂਦਾ ਹੋਇਆ ਬੋਲ) ਉਚਾਰਦਾ ਸੀ।

ਰਾਜ ਕਲਾ ਬਿਨਸੀ ਸਭ ਗਾਵੈ ॥

(ਉਹ) ਗਾਉਂਦਾ ਸੀ ਕਿ ਸਾਰੀ ਰਾਜ-ਕਲਾ ਖ਼ਤਮ ਹੋ ਗਈ ਹੈ

ਸਹਜ ਕਲਾ ਬਿਨਸੀ ਨ ਸੁਨਾਵੈ ॥੮॥

ਪਰ 'ਸਹਿਜ ਕਲਾ' ਨਸ਼ਟ ਨਹੀਂ ਹੋਈ, (ਇਹ ਗੱਲ) ਸੁਣਾਉਂਦਾ ਸੀ ॥੮॥

ਦੋਹਰਾ ॥

ਦੋਹਰਾ:

ਤਿਹੀ ਨਗਰ ਮੈ ਅਤਿ ਚਤੁਰ ਹੁਤੋ ਪੁਤ੍ਰ ਇਕ ਭੂਪ ॥

ਉਸ ਨਗਰ ਵਿਚ ਰਾਜੇ ਦਾ ਇਕ ਅਤਿ ਚਤੁਰ ਪੁੱਤਰ ਰਹਿੰਦਾ ਸੀ।

ਬਲ ਗੁਨ ਬਿਕ੍ਰਮ ਇੰਦ੍ਰ ਸਮ ਸੁੰਦਰ ਕਾਮ ਸਰੂਪ ॥੯॥

ਉਹ ਬਲ, ਗੁਣ ਅਤੇ ਸ਼ਕਤੀ ਵਜੋਂ ਇੰਦਰ ਦੇ ਸਮਾਨ ਸੀ ਅਤੇ ਸੁੰਦਰਤਾ ਵਜੋਂ ਕਾਮ ਦਾ ਸਰੂਪ ਸੀ ॥੯॥

ਸੁਰੀ ਆਸੁਰੀ ਕਿੰਨ੍ਰਨੀ ਗੰਧਰਬੀ ਕਿਨ ਮਾਹਿ ॥

ਦੇਵ-ਇਸਤਰੀਆਂ, ਦੈਂਤ-ਇਸਤਰੀਆਂ, ਕਿੰਨਰਾਂ ਅਤੇ ਗੰਧਰਬਾਂ ਦੀਆਂ ਇਸਤਰੀਆਂ

ਹਿੰਦੁਨੀ ਤੁਰਕਾਨੀ ਸਭੈ ਹੇਰਿ ਰੂਪ ਬਲਿ ਜਾਹਿ ॥੧੦॥

ਅਤੇ ਹਿੰਦੂਆਣੀਆਂ ਤੇ ਮੁਸਲਮਾਣੀਆਂ, ਸਭ ਉਸ ਦੇ ਰੂਪ ਨੂੰ ਵੇਖ ਕੇ ਕੁਰਬਾਨ ਜਾਂਦੀਆਂ ਸਨ ॥੧੦॥

ਚੌਪਈ ॥

ਚੌਪਈ:

ਨ੍ਰਿਪ ਸੁਤ ਤਾ ਕੇ ਪਾਛੇ ਧਾਯੋ ॥

(ਇਕ ਦਿਨ) ਰਾਜੇ ਦਾ ਪੁੱਤਰ ਉਸ (ਜੋਗੀ) ਦੇ ਪਿਛੇ ਗਿਆ,

ਤਿਨ ਜੁਗਯਹਿ ਕਛੁ ਭੇਦ ਨ ਪਾਯੋ ॥

ਪਰ ਜੋਗੀ ਨੂੰ ਉਸ ਦਾ ਕੁਝ ਵੀ ਪਤਾ ਨਾ ਲਗਿਆ।

ਜਬ ਵਹ ਜਾਇ ਬਿਰਛ ਮੈ ਬਰਿਯੋ ॥

ਜਦ ਉਹ (ਜੋਗੀ) ਬ੍ਰਿਛ ਵਿਚ ਜਾ ਕੇ ਵੜਿਆ,

ਤਬ ਛਿਤ ਪਤਿ ਸੁਤ ਦ੍ਰੁਮ ਪਰ ਚਰਿਯੋ ॥੧੧॥

ਤਦ ਰਾਜੇ ਦਾ ਲੜਕਾ ਬ੍ਰਿਛ ਉਤੇ ਚੜ੍ਹ ਗਿਆ ॥੧੧॥

ਭਯੋ ਪ੍ਰਾਤ ਜੋਗੀ ਪੁਰ ਆਯੋ ॥

ਸਵੇਰ ਹੋਣ ਤੇ ਜੋਗੀ ਨਗਰ ਨੂੰ ਚਲਿਆ ਗਿਆ।

ਉਤਰਿ ਭੂਪ ਸੁਤ ਤਾਲ ਬਜਾਯੋ ॥

(ਤਦ) ਰਾਜੇ ਦੇ ਪੁੱਤਰ ਨੇ (ਬ੍ਰਿਛ ਤੋਂ) ਉਤਰ ਕੇ ਤਾੜੀ ਵਜਾਈ।

ਛੋਰਿ ਕਿਵਾਰ ਕੁਅਰਿ ਤਿਨ ਦੀਨੋ ॥

ਉਸ ਇਸਤਰੀ ਨੇ ਕਿਵਾੜ ਖੋਲ੍ਹ ਦਿੱਤਾ।

ਤਾ ਸੌ ਕੁਅਰ ਭੋਗ ਦ੍ਰਿੜ ਕੀਨੋ ॥੧੨॥

ਉਸ ਨਾਲ ਰਾਜ ਕੁਮਾਰ ਨੇ ਚੰਗੀ ਤਰ੍ਹਾਂ ਭੋਗ-ਵਿਲਾਸ ਕੀਤਾ ॥੧੨॥

ਦੋਹਰਾ ॥

ਦੋਹਰਾ:

ਲੇਹਜ ਪੇਹਜ ਭਛ ਸੁਭ ਭੋਜਨ ਭਲੋ ਖਵਾਇ ॥

(ਰਾਜ ਕੁਮਾਰ ਨੇ) ਦੁੱਧ ('ਪੇਹਜ') ਚਟਣੀ ਅਤੇ ਚੰਗੇ ਭੋਜਨ (ਉਸ ਇਸਤਰੀ ਨੂੰ) ਖਵਾਏ

ਤਾ ਸੌ ਰਤਿ ਮਾਨਤ ਭਯੋ ਹ੍ਰਿਦੈ ਹਰਖ ਉਪਜਾਇ ॥੧੩॥

ਅਤੇ ਮਨ ਵਿਚ ਖ਼ੁਸ਼ੀ ਵਧਾ ਕੇ ਉਸ ਨਾਲ ਖ਼ੂਬ ਕਾਮ-ਕ੍ਰੀੜਾ ਕੀਤੀ ॥੧੩॥

ਤਾ ਤ੍ਰਿਯ ਕੋ ਜੋ ਚਿਤ ਹੁਤੋ ਨ੍ਰਿਪ ਸੁਤ ਲਿਯੋ ਚੁਰਾਇ ॥

ਉਸ ਇਸਤਰੀ ਦੇ ਚਿਤ ਨੂੰ ਰਾਜ ਕੁਮਾਰ ਨੇ ਚੁਰਾ ਲਿਆ।

ਤਾ ਦਿਨ ਤੇ ਤਿਹ ਜੋਗਿਯਹਿ ਚਿਤ ਤੇ ਦਿਯੋ ਭੁਲਾਇ ॥੧੪॥

ਉਸ ਦਿਨ ਤੋਂ ਉਸ (ਇਸਤਰੀ) ਨੇ ਜੋਗੀ ਨੂੰ ਚਿਤ ਤੋਂ ਭੁਲਾ ਦਿੱਤਾ ॥੧੪॥

ਅੜਿਲ ॥

ਅੜਿਲ:

ਭਲੋ ਹੇਰਿ ਕਰਿ ਬੁਰੌ ਨ ਕਬਹੁ ਨਿਹਾਰਿਯੈ ॥

ਚੰਗੀ (ਚੀਜ਼) ਵੇਖ ਕੇ ਫਿਰ ਮਾੜੀ (ਚੀਜ਼) ਨੂੰ ਕਦੇ ਵੀ ਵੇਖਣਾ ਨਹੀਂ ਚਾਹੀਦਾ।

ਚਤੁਰ ਪੁਰਖੁ ਕੋ ਪਾਇ ਨ ਮੂਰਖ ਚਿਤਾਰਿਯੈ ॥

ਸਿਆਣੇ ਪੁਰਸ਼ ਨੂੰ ਪ੍ਰਾਪਤ ਕਰ ਕੇ (ਫਿਰ) ਮੂਰਖ ਨੂੰ (ਕਦੇ ਵੀ) ਯਾਦ ਨਹੀਂ ਕਰਨਾ ਚਾਹੀਦਾ।

ਧਨੀ ਚਤੁਰ ਅਰੁ ਤਰੁਨਿ ਤਰੁਨਿ ਜੋ ਪਾਇ ਹੈ ॥

ਧਨਵਾਨ, ਚਤੁਰ ਅਤੇ ਜਵਾਨ (ਪੁਰਸ਼) ਨੂੰ ਪ੍ਰਾਪਤ ਕਰ ਕੇ

ਹੋ ਬਿਰਧ ਕੁਰੂਪ ਨਿਧਨ ਜੜ ਪੈ ਕਿਯੋ ਜਾਇ ਹੈ ॥੧੫॥

(ਫਿਰ ਇਸਤਰੀ) ਬਿਰਧ, ਕੁਰੂਪ, ਨਿਰਧਨ ਅਤੇ ਮੂਰਖ (ਪੁਰਸ਼) ਕੋਲ ਕਿਉਂ ਜਾਏਗੀ ॥੧੫॥

ਦੋਹਰਾ ॥

ਦੋਹਰਾ:

ਸਾਹ ਸੁਤਾ ਤਾ ਸੌ ਕਹਿਯੋ ਸੰਗ ਚਲਹੁ ਲੈ ਮੋਹਿ ॥

ਸ਼ਾਹ ਦੀ ਪੁੱਤਰੀ ਨੇ ਉਸ (ਰਾਜ ਕੁਮਾਰ) ਨੂੰ ਕਿਹਾ ਕਿ ਮੈਨੂੰ ਨਾਲ ਲੈ ਚਲ।

ਭੋਗ ਕਰੋਗੀ ਜੋਗ ਤਜਿ ਅਧਿਕ ਰਿਝੈਹੋ ਤੋਹਿ ॥੧੬॥

ਮੈਂ ਜੋਗੀ ਨੂੰ ਤਿਆਗ ਕੇ (ਤੇਰੇ ਨਾਲ) ਭੋਗ-ਵਿਲਾਸ ਕਰਾਂਗੀ ਅਤੇ ਤੈਨੂੰ ਬਹੁਤ ਰਿਝਾਵਾਂਗੀ ॥੧੬॥

ਚੌਪਈ ॥

ਚੌਪਈ:

ਤਬ ਮੈ ਚਲੌ ਸੰਗ ਲੈ ਤੋ ਕੌ ॥

(ਰਾਜ ਕੁਮਾਰ ਨੇ ਕਿਹਾ ਕਿ) ਮੈਂ ਤਦ ਤੈਨੂੰ ਨਾਲ ਲੈ ਕੇ ਚਲਾਂਗਾ,

ਜੁਗਯਹਿ ਬੋਲਿ ਮਾਨੁ ਹਿਤ ਮੋ ਕੌ ॥

ਜੇ ਮੇਰੇ ਲਈ (ਤੂੰ) ਜੋਗੀ ਨੂੰ ਬੁਲਾਵੇਂਗੀ।

ਆਖਿ ਮੂੰਦਿ ਦੋਊ ਬੀਨ ਬਜੈਯੈ ॥

(ਉਹ) ਦੋਵੇਂ ਅੱਖਾਂ ਬੰਦ ਕਰ ਕੇ ਬੀਨ ਵਜਾਵੇਗਾ

ਮੋਰੇ ਕਰ ਕੇ ਤਾਲਿ ਦਿਵੈਯੈ ॥੧੭॥

ਅਤੇ ਮੇਰੇ ਹੱਥੋਂ ਤਾਲ ਦਿਵਾਵੇਂਗੀ ॥੧੭॥

ਆਖਿ ਮੂੰਦਿ ਦੋਊ ਬੀਨ ਬਜਾਈ ॥

(ਇਸਤਰੀ ਨੇ ਰਾਜ ਕੁਮਾਰ ਅਨੁਸਾਰ ਹੀ ਕੰਮ ਕੀਤਾ) ਦੋਵੇਂ ਅੱਖਾਂ ਬੰਦ ਕਰ ਕੇ (ਜੋਗੀ ਨੇ) ਬੀਨ ਵਜਾਈ।

ਤਿਹ ਤ੍ਰਿਯ ਘਾਤ ਭਲੀ ਲਖਿ ਪਾਈ ॥

ਉਸ ਇਸਤਰੀ ਨੂੰ ਚੰਗਾ ਮੌਕਾ ਮਿਲ ਗਿਆ।

ਨ੍ਰਿਪ ਸੁਤ ਕੇ ਸੰਗ ਭੋਗ ਕਮਾਯੋ ॥

(ਉਸ ਨੇ) ਰਾਜ ਕੁਮਾਰ ਨਾਲ ਭੋਗ-ਵਿਲਾਸ ਕੀਤਾ।

ਚੋਟ ਚਟਾਕਨ ਤਾਲ ਦਿਵਾਯੋ ॥੧੮॥

(ਅਤੇ ਸ਼ਰੀਰ ਦੇ ਅੰਗਾਂ ਦੇ ਪਰਸਪਰ) ਚਟਕਣ ਦੀ ਧੁਨ ਨੂੰ ਤਾਲ ਵਜੋਂ ਵਰਤਿਆ ॥੧੮॥

ਦੋਹਰਾ ॥

ਦੋਹਰਾ:

ਅਤਿ ਰਤਿ ਕਰਿ ਤਾ ਕੋ ਲਿਯੋ ਅਪਨੇ ਹੈ ਕਰਿ ਸ੍ਵਾਰ ॥

(ਉਸ ਨਾਲ) ਬਹੁਤ ਕਾਮ-ਕ੍ਰੀੜਾ ਕਰ ਕੇ ਉਸ ਨੂੰ ਆਪਣੇ ਘੋੜੇ ਉਤੇ ਸਵਾਰ ਕਰ ਲਿਆ

ਨਗਰ ਸਾਲ ਪੁਰ ਕੋ ਗਯੋ ਬਿਰਛ ਕਿਵਰਿਯਹਿ ਮਾਰਿ ॥੧੯॥

ਅਤੇ ਬ੍ਰਿਛ ਦਾ ਕਿਵਾੜ ਬੰਦ ਕਰ ਕੇ ਸਾਲਪੁਰ ਨਗਰ ਵਲ ਚਲਾ ਗਿਆ ॥੧੯॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੰਚਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫॥੧੨੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਪੰਜਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫॥੧੨੦॥ ਚਲਦਾ॥

ਦੋਹਰਾ ॥

ਦੋਹਰਾ:

ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਿਯੋ ਪਠਾਇ ॥

ਤਦ ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।

ਭੋਰ ਹੋਤ ਮੰਤ੍ਰੀ ਸਹਿਤ ਬਹੁਰੋ ਲਿਯੌ ਬੁਲਾਇ ॥੧॥

ਸਵੇਰ ਹੋਣ ਤੇ ਮੰਤ੍ਰੀ ਸਹਿਤ ਫਿਰ ਬੁਲਾ ਲਿਆ ॥੧॥

ਪੁਨਿ ਮੰਤ੍ਰੀ ਐਸੇ ਕਹੀ ਏਕ ਤ੍ਰਿਯਾ ਕੀ ਬਾਤ ॥

ਫਿਰ ਮੰਤ੍ਰੀ ਨੇ ਇਕ ਤ੍ਰਿਆ ਦੀ ਕਥਾ ਇਸ ਤਰ੍ਹਾਂ ਕਹੀ।

ਸੋ ਸੁਨਿ ਨ੍ਰਿਪ ਰੀਝਤ ਭਯੋ ਕਹੋ ਕਹੋ ਮੁਹਿ ਤਾਤ ॥੨॥

ਉਸ ਨੂੰ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ (ਅਤੇ ਕਹਿਣ ਲਗਾ) ਹੇ ਪਿਆਰੇ! ਮੈਨੂੰ ਬਾਰ ਬਾਰ ਕਹਿ ਕੇ ਸੁਣਾਓ ॥੨॥

ਏਕ ਬਧੂ ਥੀ ਜਾਟ ਕੀ ਦੂਜੇ ਬਰੀ ਗਵਾਰ ॥

(ਮੰਤ੍ਰੀ ਨੇ ਕਹਿਣਾ ਸ਼ੁਰੂ ਕੀਤਾ) ਇਕ ਜਟ ਦੀ ਇਸਤਰੀ ਸੀ ਅਤੇ ਦੂਜੇ (ਉਹ) ਮੂਰਖ ਨੂੰ ਵਿਆਹੀ ਹੋਈ ਸੀ।

ਖੇਲਿ ਅਖੇਟਕ ਨ੍ਰਿਪਤਿ ਇਕ ਆਨਿ ਭਯੋ ਤਿਹ ਯਾਰ ॥੩॥

ਇਕ ਰਾਜਾ ਸ਼ਿਕਾਰ ਖੇਡਦਿਆਂ ਉਸ ਦਾ ਯਾਰ ਆ ਬਣਿਆ ॥੩॥

ਅੜਿਲ ॥

ਅੜਿਲ:

ਲੰਗ ਚਲਾਲਾ ਕੋ ਇਕ ਰਾਇ ਬਖਾਨਿਯੈ ॥

ਲੰਗ ਚਲਾਲਾ (ਨਾਂ ਦੇ ਨਗਰ) ਦਾ

ਮਧੁਕਰ ਸਾਹ ਸੁ ਬੀਰ ਜਗਤ ਮੈ ਜਾਨਿਯੈ ॥

ਇਕ ਮਧੁਕਰ ਸ਼ਾਹ ਨਾਂ ਦਾ ਬਹਾਦਰ ਰਾਜਾ ਜਾਣਿਆਂ ਜਾਂਦਾ ਸੀ।

ਮਾਲ ਮਤੀ ਜਟਿਯਾ ਸੌ ਨੇਹੁ ਲਗਾਇਯੋ ॥

(ਉਸ ਨੇ) ਮਾਲ ਮਤੀ (ਨਾਂ ਦੀ) ਜਟੀ ਨਾਲ ਪ੍ਰੇਮ ਲਗਾ ਲਿਆ


Flag Counter