ਚੌਪਈ:
ਇਸ ਦੇ ਮਾਰਨ ਦਾ ਇਕੋ ਉਪਾ ਹੈ।
ਹੇ ਪ੍ਰਭੂ! ਉਹ (ਮੈਂ) ਤੁਹਾਨੂੰ ਕਹਿ ਕੇ ਸੁਣਾਉਂਦਾ ਹਾਂ।
ਜੇ ਵਿਸ਼ਣੂ ਵੀ ਇਸ ਨਾਲ ਆ ਕੇ ਯੁੱਧ ਕਰੇਗਾ
ਤਾਂ ਉਸ ਨੂੰ ਵੀ ਭਜਾ ਦੇਣ ਵਿਚ (ਇਹ) ਦੇਰ ਨਹੀਂ ਕਰੇਗਾ ॥੧੫੩੮॥
ਇੰਦਰ ਅਤੇ ਬਾਰ੍ਹਾਂ ਸੂਰਜਾਂ ਨੂੰ ਬੁਲਾ ਲਵੋ
ਅਤੇ ਗਿਆਰਾਂ ਰੁਦਰਾਂ ਨੂੰ ਨਾਲ ਮਿਲਾ ਕੇ ਧਾਵਾ ਕਰੋ।
ਚੰਦ੍ਰਮਾ, ਯਮ ਅਤੇ ਅੱਠ ਬਸੂ (ਵੀ ਨਾਲ ਲੈ ਲਵੋ)।
ਇਸ ਪ੍ਰਕਾਰ ਦੀ ਵਿਧੀ ਬ੍ਰਹਮਾ ਨੇ ਸ੍ਰੀ ਕ੍ਰਿਸ਼ਨ ਨੂੰ ਸਮਝਾ ਦਿੱਤੀ ॥੧੫੩੯॥
ਸੋਰਠਾ:
ਇਹ ਸਾਰੇ ਯੋਧੇ ਯੁੱਧ ਕਰਨ ਲਈ ਪ੍ਰਤੱਖ ਤੌਰ ਤੇ ਯੁੱਧ-ਭੂਮੀ ਵਿਚ ਬੁਲਾ ਲਓ।
ਆਪਣੀ ਸੈਨਾ ਨੂੰ ਸਚੇਤ ਕਰ ਕੇ ਕਹੋ ਕਿ ਇਹ ਵੀ ਯੁੱਧ ਕਰਨ ॥੧੫੪੦॥
ਚੌਪਈ:
ਫਿਰ ਸਾਰੀਆਂ ਅਪੱਛਰਾਵਾਂ ਨੂੰ ਬੁਲਾਓ
ਅਤੇ ਇਸ (ਖੜਗ ਸਿੰਘ) ਦੀ ਨਜ਼ਰ ਦੇ ਸਾਹਮਣੇ ਨਚਾਓ।
ਕਾਮਦੇਵ ਨੂੰ ਆਗਿਆ ਦਿਓ
ਕਿ ਇਸ ਦੇ ਚਿੱਤ ਨੂੰ ਮੋਹਿਤ ਕਰ ਲਵੇ ॥੧੫੪੧॥
ਦੋਹਰਾ:
ਉਸ ਸਮੇਂ ਸ੍ਰੀ ਕ੍ਰਿਸ਼ਨ ਨੇ ਓਹੀ ਕੀਤਾ ਜੋ ਬ੍ਰਹਮਾ ਨੇ ਸਿਖਿਆ ਦਿੱਤੀ ਸੀ।
ਇੰਦਰ, ਸੂਰਜ, ਰੁਦਰ, ਬਸੂ, ਯਮ ਆਦਿਕ ਸਭ ਨੂੰ ਬੁਲਾ ਕੇ (ਇਕੱਠਾ ਕਰ) ਲਿਆ ॥੧੫੪੨॥
ਚੌਪਈ:
ਤਦ ਸਾਰੇ ਸ੍ਰੀ ਕ੍ਰਿਸ਼ਨ ਦੇ ਨੇੜੇ ਆ ਗਏ
ਅਤੇ ਮਨ ਵਿਚ ਕ੍ਰੋਧਿਤ ਹੋ ਕੇ ਯੁੱਧ ਲਈ ਟੁਟ ਕੇ ਪੈ ਗਏ।
ਇਧਰ ਸਭ ਨੇ ਮਿਲ ਕੇ ਯੁੱਧ ਮਚਾਇਆ ਹੋਇਆ ਹੈ
ਅਤੇ ਉਧਰ ਅਪੱਛਰਾਵਾਂ ਨੇ ਆਕਾਸ਼ ਵਿਚ (ਨਾਚ ਗਾਣੇ ਦਾ) ਰੰਗ ਬੰਨ੍ਹ ਦਿੱਤਾ ਹੈ ॥੧੫੪੩॥
ਸਵੈਯਾ:
ਅੱਖਾਂ ਦੇ ਸੰਕੇਤ ਕਰਦੀਆਂ ਉਹ ਇਸਤਰੀਆਂ (ਅਪੱਛਰਾਵਾਂ) ਨਚਦੀਆਂ ਹਨ ਅਤੇ ਸਾਰੇ ਦੇਵਤੇ ਮਿਲ ਕੇ ਗੀਤ ਗਾਉਂਦੇ ਹਨ।
ਬੀਨ, ਪਖਾਵਜ, ਛੈਣੇ, ਡਫ (ਆਦਿਕ ਸਾਜ਼) ਵਜ ਰਹੇ ਹਨ ਅਤੇ (ਅਪੱਛਰਾਵਾਂ) ਅਨੇਕ ਤਰ੍ਹਾਂ ਦੇ ਹਾਵ-ਭਾਵ ਵਿਖਾਉਂਦੀਆਂ ਹਨ।
ਸਾਰੰਗ, ਸੋਰਠ, ਮਾਲਸਿਰੀ, ਰਾਮਕਲੀ, ਨਟ ਆਦਿਕ ਰਾਗਾਂ ਨੂੰ ਵੀ ਨਾਲ ਮਿਲਾਉਂਦੀਆਂ ਹਨ।
ਭੋਗੀਆਂ (ਵਿਲਾਸੀਆਂ) ਨੂੰ ਮੋਹਣ ਦੀ ਤਾਂ ਗੱਲ ਹੀ ਕੀ, (ਉਸ ਨਾਚ-ਗਾਣੇ ਨੂੰ) ਸੁਣ ਕੇ ਜੋਗੀਆਂ ਦੇ ਮਨ ਵੀ ਪੰਘਰ ਜਾਂਦੇ ਹਨ ॥੧੫੪੪॥
ਉਧਰ ਆਕਾਸ਼ ਵਿਚ ਸੁੰਦਰੀਆਂ ਨਾਚ ਕਰਦੀਆਂ ਹਨ ਅਤੇ ਇਧਰ ਸਾਰੇ ਸੂਰਵੀਰ ਮਿਲ ਕੇ ਯੁੱਧ ਕਰਦੇ ਹਨ।
ਬਰਛੀਆਂ, ਤਲਵਾਰਾਂ, ਕਟਾਰਾਂ ਆਦਿ ਨੂੰ (ਪਕੜ ਕੇ) ਜਦੋਂ ਸਾਰੇ ਮਨ ਵਿਚ ਕ੍ਰੋਧ ਨੂੰ ਭਰ ਲੈਂਦੇ ਹਨ,
ਕਵੀ ਸ਼ਿਆਮ (ਕਹਿੰਦੇ ਹਨ) ਯੁੱਧ-ਭੂਮੀ ਵਿਚ ਦੰਦਾਂ ਨਾਲ ਹੋਠਾਂ ਨੂੰ ਪੀਂਹਦੇ ਹੋਇਆਂ ਆ ਪੈਂਦੇ ਹਨ ਅਤੇ ਡਰਦੇ ਨਹੀਂ ਹਨ।
ਲੜ ਕੇ ਅਤੇ ਮਰ ਕੇ ਜੋ ਕਬੰਧ (ਧੜ) ਉਠ ਕੇ (ਫਿਰ) ਵੈਰੀ ਨਾਲ (ਯੁੱਧ ਕਰਦੇ ਹਨ) ਉਨ੍ਹਾਂ ਨੂੰ ਅਪੱਛਰਾਵਾਂ ਵਰ ਲੈਂਦੀਆਂ ਹਨ ॥੧੫੪੫॥
ਦੋਹਰਾ:
ਮਨ ਵਿਚ ਕ੍ਰੋਧ ਨੂੰ ਵਧਾ ਕੇ ਰਾਜੇ ਨੇ ਬਹੁਤ ਤਕੜਾ ਯੁੱਧ ਕੀਤਾ।
ਸਾਰਿਆਂ ਦੇਵਤਿਆਂ ਉਤੇ (ਜੋ) ਮਾੜੇ ਦਿਨ ਆ ਬਣੇ ਹਨ, ਉਨ੍ਹਾਂ ਬਾਰੇ ਕਵੀ ਕਹਿ ਕੇ ਸੁਣਾਉਂਦਾ ਹੈ ॥੧੫੪੬॥
ਸਵੈਯਾ:
(ਰਾਜੇ ਨੇ) ਗਿਆਰਾਂ ਰੁਦਰਾਂ ਨੂੰ ਬਾਈ ਬਾਣ ਅਤੇ ਬਾਰ੍ਹਾਂ ਸੂਰਜਾਂ ਨੂੰ ਚੌਵੀ ਬਾਣ ਮਾਰੇ ਹਨ
ਅਤੇ ਇੰਦਰ ਨੂੰ ਇਕ ਹਜ਼ਾਰ, ਛੇ ਮੂੰਹਾਂ ਵਾਲੇ (ਸੁਆਮੀ ਕਾਰਤਿਕੇ) ਨੂੰ ਛੇ ਅਤੇ ਕ੍ਰਿਸ਼ਨ ਨੂੰ ਪੰਝੀ ਬਾਣ ਕ੍ਰੋਧ ਕਰ ਕੇ ਮਾਰੇ ਹਨ।
ਚੰਦ੍ਰਮਾ ਨੂੰ ਸੱਠ, ਗਣੇਸ਼ ਨੂੰ ਸੱਤਰ, ਅਤੇ ਅੱਠ ਬਸੂਆ ਨੂੰ ਚੌਂਹਠ ਬਾਣ ਮਾਰੇ ਹਨ।
ਕੁਬੇਰ ਨੂੰ ਸੱਤ, ਯਮਰਾਜ ਨੂੰ ਨੌਂ ਅਤੇ ਹੋਰ ਸਾਰਿਆਂ ਨੂੰ ਇਕ ਇਕ ਹੀ ਤੀਰ ਮਾਰੇ ਹਨ ॥੧੫੪੭॥
ਬਾਣਾਂ ਨਾਲ ਵਰਨ ਦੇਵਤੇ ਨੂੰ ਵਿੰਨ੍ਹ ਦਿੱਤਾ ਹੈ ਅਤੇ ਨਲ, ਕੂਬਰ ਅਤੇ ਯਮ ਦੀ ਛਾਤੀ ਵਿਚ ਵੀ (ਬਾਣ) ਮਾਰੇ ਹਨ।
ਹੋਰ ਕਿਥੋਂ ਤਕ (ਕਵੀ) ਸ਼ਿਆਮ ਗਿਣਤੀ ਕਰੇ, ਜੋ ਵੀ ਰਣ ਖੇਤਰ ਵਿਚ ਸੀ, ਸਭ ਨੂੰ ਮਾਰ ਮੁਕਾਇਆ ਹੈ।
ਸਾਰੇ ਹੀ (ਆਪਣੀ ਜਾਨ ਬਾਰੇ) ਸ਼ੰਕਾਵਾਨ ਹੋ ਗਏ ਹਨ, ਕਿਸੇ ਨੇ ਵੀ ਰਾਜਾ (ਖੜਗ ਸਿੰਘ) ਵਲ ਵੇਖਿਆ ਤਕ ਨਹੀਂ ਹੈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਯੁਗਾਂ ਦੇ ਅੰਤ ਸਮੇਂ 'ਕਲਿ ਕਾਲ' ਪ੍ਰਗਟ ਹੋ ਗਿਆ ਹੋਵੇ, ਇਹੀ ਉਨ੍ਹਾਂ ਨੇ ਵਿਚਾਰਿਆ ਹੈ ॥੧੫੪੮॥
ਚੌਪਈ:
(ਸਭ ਨੇ) ਡਰ ਵਧਾ ਕੇ ਰਣ-ਭੂਮੀ ਨੂੰ ਛਡ ਦਿੱਤਾ ਹੈ।