ਸ਼੍ਰੀ ਦਸਮ ਗ੍ਰੰਥ

ਅੰਗ - 700


ਅਤਿ ਪਵਿਤ੍ਰ ਅਬਿਕਾਰ ਅਚਲ ਅਨਖੰਡ ਅਕਟ ਭਟ ॥

ਅਤਿ ਪਵਿਤ੍ਰ 'ਅਬਿਕਾਰ' (ਨਾਂ ਦਾ) ਨਾ ਕਟੇ ਜਾ ਸਕਣ ਵਾਲਾ ਅਖੰਡ ਅਤੇ ਅਚਲ ਯੋਧਾ ਹੈ।

ਅਮਿਤ ਓਜ ਅਨਮਿਟ ਅਨੰਤ ਅਛਲਿ ਰਣਾਕਟ ॥

(ਜਿਸ ਦਾ) ਅਮਿਤ ਤੇਜ ਹੈ, ਜੋ ਨਾ ਮਿਟਣ ਵਾਲਾ, ਅਨੰਤ, ਅਛਲ ਅਤੇ ਰਣ ਵਿਚ ਅਕਟ ਹੈ।

ਧਰ ਅਸਤ੍ਰ ਸਸਤ੍ਰ ਸਾਮੁਹ ਸਮਰ ਜਿਦਿਨ ਨ੍ਰਿਪੋਤਮ ਗਰਜਿ ਹੈ ॥

ਅਸਤ੍ਰ ਅਤੇ ਸ਼ਸਤ੍ਰ ਧਾਰਨ ਕਰ ਕੇ ਹੇ ਉਤਮ ਰਾਜੇ! (ਜਦੋਂ) ਯੁੱਧ ਵਿਚ ਸਾਹਮਣੇ ਹੋ ਕੇ ਗਰਜੇਗਾ,

ਟਿਕਿ ਹੈ ਇਕ ਭਟ ਨਹਿ ਸਮਰਿ ਅਉਰ ਕਵਣ ਤਬ ਬਰਜਿ ਹੈ ॥੨੪੨॥

ਤਦੋਂ ਯੁੱਧ-ਭੂਮੀ ਵਿਚ ਇਕ ਯੋਧਾ ਵੀ ਨਹੀਂ ਟਿਕ ਸਕੇਗਾ ਅਤੇ ਉਸ ਨੂੰ ਹੋਰ ਕਿਹੜਾ ਯੋਧਾ ਰੋਕ ਸਕੇਗਾ ॥੨੪੨॥

ਇਕਿ ਬਿਦਿਆ ਅਰੁ ਲਾਜ ਅਮਿਟ ਅਤਿ ਹੀ ਪ੍ਰਤਾਪ ਰਣਿ ॥

ਇਕ (ਦਾ ਨਾਂ) 'ਬਿਦਿਆ' ਅਤੇ (ਦੂਜੇ ਦਾ) 'ਲਾਜ' ਹੈ, (ਇਹ ਦੋਵੇਂ) ਅਮਿਟ ਅਤੇ ਰਣ ਵਿਚ ਅਤਿ ਅਧਿਕ ਪ੍ਰਤਾਪ ਵਾਲੇ ਹਨ।

ਭੀਮ ਰੂਪ ਭੈਰੋ ਪ੍ਰਚੰਡ ਅਮਿਟ ਅਦਾਹਣ ॥

ਭੈਰੋਂ ਵਾਂਗ ਭਿਆਨਕ ਰੂਪ ਵਾਲੇ ਪ੍ਰਚੰਡ, ਅਮਿਟ ਅਤੇ ਨਾ ਸੜਨ ਵਾਲੇ ਹਨ।

ਅਤਿ ਅਖੰਡ ਅਡੰਡ ਚੰਡ ਪਰਤਾਪ ਰਣਾਚਲ ॥

ਅਤਿ ਅਖੰਡ, ਅਦੰਡ, ਪ੍ਰਚੰਡ ਪ੍ਰਤਾਪ ਵਾਲੇ ਅਤੇ ਯੁੱਧ ਵਿਚ ਸਥਿਰ ਰਹਿਣ ਵਾਲੇ ਹਨ।

ਬ੍ਰਿਖਭ ਕੰਧ ਆਜਾਨ ਬਾਹ ਬਾਨੈਤ ਮਹਾਬਲਿ ॥

ਸਾਨ੍ਹ (ਵਰਗੇ ਉੱਚੇ) ਮੋਢਿਆਂ ਵਾਲੇ ਅਤੇ ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲੇ, ਬਾਂਕੇ ਅਤੇ ਮਹਾ ਬਲਵਾਨ ਹਨ।

ਇਹ ਛਬਿ ਅਪਾਰ ਜੋਧਾ ਜੁਗਲ ਜਿਦਿਨ ਨਿਸਾਨ ਬਜਾਇ ਹੈ ॥

ਇਸ ਤਰ੍ਹਾਂ ਦੋਹਾਂ ਯੋਧਿਆਂ ਦੀ ਅਪਾਰ ਛਬੀ ਹੈ, ਜਿਸ ਦਿਨ (ਯੁੱਧ-ਭੂਮੀ ਵਿਚ) ਧੌਂਸਾ ਵਜਾਉਣਗੇ,

ਭਜਿ ਹੈ ਭੂਪ ਤਜਿ ਲਾਜ ਸਭ ਏਕ ਨ ਸਾਮੁਹਿ ਆਇ ਹੈ ॥੨੪੩॥

(ਤਦ) ਲਾਜ ਮਰਯਾਦਾ ਛਡ ਕੇ ਸਭ ਭਜ ਜਾਣਗੇ, ਇਕ ਵੀ ਸਾਹਮਣੇ ਨਹੀਂ ਆਵੇਗਾ ॥੨੪੩॥

ਨਰਾਜ ਛੰਦ ॥

ਨਰਾਜ ਛੰਦ:

ਸੰਜੋਗ ਨਾਮ ਸੂਰਮਾ ਅਖੰਡ ਏਕ ਜਾਨੀਐ ॥

ਇਕ 'ਸੰਜੋਗ' ਨਾਂ ਦਾ ਅਖੰਡ ਸੂਰਮਾ ਜਾਣਿਆ ਜਾਂਦਾ ਹੈ,

ਸੁ ਧਾਮਿ ਧਾਮਿ ਜਾਸ ਕੋ ਪ੍ਰਤਾਪ ਆਜ ਮਾਨੀਐ ॥

ਜਿਸ ਦਾ ਅਜ ਘਰ ਘਰ ਪ੍ਰਤਾਪ ਮੰਨਿਆ ਜਾਂਦਾ ਹੈ।

ਅਡੰਡ ਔ ਅਛੇਦ ਹੈ ਅਭੰਗ ਤਾਸੁ ਭਾਖੀਐ ॥

(ਜੋ) ਅਦੰਡ, ਅਛੇਦ ਹੈ ਅਤੇ ਜਿਸ ਨੂੰ ਅਭੰਗ ਕਿਹਾ ਜਾਂਦਾ ਹੈ।

ਬਿਚਾਰ ਆਜ ਤਉਨ ਸੋ ਜੁਝਾਰ ਕਉਨ ਰਾਖੀਐ ॥੨੪੪॥

ਵਿਚਾਰ ਪੂਰਵਕ ਅਜ ਕਿਹੜਾ ਯੋਧਾ ਉਸ ਦੇ ਬਰਾਬਰ ਰਖਿਆ ਜਾ ਸਕਦਾ ਹੈ ॥੨੪੪॥

ਅਖੰਡ ਮੰਡਲੀਕ ਸੋ ਪ੍ਰਚੰਡ ਬੀਰ ਦੇਖੀਐ ॥

(ਇਕ) ਅਖੰਡ ਰਾਜ ('ਮੰਡਲੀਕ') ਵਾਲਾ ਪ੍ਰਚੰਡ ਸੂਰਮਾ ਵੇਖਿਆ ਜਾਂਦਾ ਹੈ।

ਸੁਕ੍ਰਿਤ ਨਾਮ ਸੂਰਮਾ ਅਜਿਤ ਤਾਸੁ ਲੇਖੀਐ ॥

(ਉਸ) 'ਸੁਕ੍ਰਿਤ' ਨਾਂ ਵਾਲੇ ਸੂਰਮੇ ਨੂੰ ਅਜਿਤ ਜਾਣਨਾ ਚਾਹੀਦਾ ਹੈ।

ਗਰਜਿ ਸਸਤ੍ਰ ਸਜਿ ਕੈ ਸਲਜਿ ਰਥ ਧਾਇ ਹੈ ॥

(ਜਦੋਂ) ਸ਼ਸਤ੍ਰ ਸਜਾ ਕੇ ਅਤੇ ਗਜਵਜ ਕੇ ਲੱਜਾ ਸਹਿਤ ਰਥ ਨਾਲ ਧਾਵਾ ਕਰੇਗਾ,

ਅਮੰਡ ਮਾਰਤੰਡ ਜ੍ਯੋਂ ਪ੍ਰਚੰਡ ਸੋਭ ਪਾਇ ਹੈ ॥੨੪੫॥

(ਤਾਂ) ਅਮੰਡ ਸੂਰਜ ਵਾਂਗ ਪ੍ਰਚੰਡ ਸੋਭਾ ਪ੍ਰਾਪਤ ਕਰੇਗਾ ॥੨੪੫॥

ਬਿਸੇਖ ਬਾਣ ਸੈਹਥੀ ਕ੍ਰਿਪਾਨ ਪਾਣਿ ਸਜਿ ਹੈ ॥

ਵਿਸ਼ੇਸ਼ ਕਰ ਕੇ (ਜਿਸ ਨੇ) ਬਾਣ, ਬਰਛੀ, ਤਲਵਾਰ ਹੱਥ ਵਿਚ ਪਕੜੀ ਹੋਈ ਹੈ।

ਅਮੋਹ ਨਾਮ ਸੂਰਮਾ ਸਰੋਹ ਆਨਿ ਗਜ ਹੈ ॥

(ਉਹ) 'ਅਮੋਹ' ਨਾਮ ਵਾਲਾ ਸੂਰਮਾ (ਜਦੋਂ) ਕ੍ਰੋਧ ਨਾਲ ਆ ਕੇ ਗਜਦਾ ਹੈ।

ਅਲੋਭ ਨਾਮ ਸੂਰਮਾ ਦੁਤੀਅ ਜੋ ਗਰਜਿ ਹੈ ॥

'ਅਲੋਭ' ਨਾਮ ਵਾਲਾ ਜੋ ਦੂਜਾ ਸੂਰਮਾ ਹੈ, (ਉਹ ਵੀ) ਗਜਦਾ ਹੈ।

ਰਥੀ ਗਜੀ ਹਈ ਪਤੀ ਅਪਾਰ ਸੈਣ ਭਜਿ ਹੈ ॥੨੪੬॥

(ਉਦੋਂ) ਰਥਾਂ ਵਾਲੇ, ਹਾਥੀਆਂ ਵਾਲੇ, ਘੋੜਿਆਂ ਦੇ ਸੁਆਮੀ ਅਤੇ ਅਪਾਰ ਸੈਨਾ ਵਾਲੇ (ਰਣ ਵਿਚੋਂ) ਭਜ ਜਾਂਦੇ ਹਨ ॥੨੪੬॥

ਹਠੀ ਜਪੀ ਤਪੀ ਸਤੀ ਅਖੰਡ ਬੀਰ ਦੇਖੀਐ ॥

(ਜੋ) ਹਠੀ, ਜਪੀ, ਤਪੀ, ਸਤੀ ਅਤੇ ਅਖੰਡ ਸੂਰਮੇ ਵੇਖੇ ਜਾਂਦੇ ਹਨ।

ਪ੍ਰਚੰਡ ਮਾਰਤੰਡ ਜ੍ਯੋਂ ਅਡੰਡ ਤਾਸੁ ਲੇਖੀਐ ॥

ਸੂਰਜ ਵਾਂਗ ਪ੍ਰਚੰਡ ਤੇਜ ਵਾਲੇ ਅਤੇ ਦੰਡ ਤੋਂ ਬਿਨਾ, ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।

ਅਜਿਤਿ ਜਉਨ ਜਗਤ ਤੇ ਪਵਿਤ੍ਰ ਅੰਗ ਜਾਨੀਐ ॥

ਜਗਤ ਵਿਚ ਜੋ ਅਜਿਤ ਹਨ, (ਉਨ੍ਹਾਂ ਨੂੰ) ਪਵਿਤ੍ਰ ਅੰਗ (ਸ਼ਰੀਰ) ਵਾਲਾ ਸਮਝਿਆ ਜਾਂਦਾ ਹੈ।

ਅਕਾਮ ਨਾਮ ਸੂਰਮਾ ਭਿਰਾਮ ਤਾਸੁ ਮਾਨੀਐ ॥੨੪੭॥

'ਅਕਾਮ' ਨਾਮ ਵਾਲਾ (ਜੋ) ਯੋਧਾ ਹੈ, ਉਸ ਨੂੰ ਬਹੁਤ ਸੁੰਦਰ ਮੰਨਿਆ ਜਾਂਦਾ ਹੈ ॥੨੪੭॥

ਅਕ੍ਰੋਧ ਜੋਧ ਕ੍ਰੋਧ ਕੈ ਬਿਰੋਧ ਸਜਿ ਹੈ ਜਬੈ ॥

'ਅਕ੍ਰੋਧ' (ਨਾਂ ਵਾਲਾ) ਯੋਧਾ ਜਦੋਂ ਕ੍ਰੋਧਿਤ ਹੋ ਕੇ 'ਬਿਰੋਧ' (ਯੁੱਧ) ਨੂੰ ਜਾਏਗਾ

ਬਿਸਾਰਿ ਲਾਜ ਸੂਰਮਾ ਅਪਾਰ ਭਾਜਿ ਹੈ ਸਭੈ ॥

(ਤਦੋਂ) ਬੇਅੰਤ ਸੂਰਮੇ, ਸਾਰੀ ਲਾਜ ਮਰਯਾਦਾ ਨੂੰ ਭੁਲਾ ਕੇ ਭਜ ਜਾਣਗੇ।

ਅਖੰਡ ਦੇਹਿ ਜਾਸ ਕੀ ਪ੍ਰਚੰਡ ਰੂਪ ਜਾਨੀਐ ॥

ਜਿਸ ਦੀ ਦੇਹ ਅਖੰਡ ਹੈ ਅਤੇ ਪ੍ਰਚੰਡ ਰੂਪ ਵਾਲਾ ਜਾਣਿਆ ਜਾਂਦਾ ਹੈ,

ਸੁ ਲਜ ਨਾਮ ਸੂਰਮਾ ਸੁ ਮੰਤ੍ਰਿ ਤਾਸੁ ਮਾਨੀਐ ॥੨੪੮॥

ਉਹ 'ਲਜ' (ਲਜਾ) ਨਾਮ ਵਾਲਾ ਸੂਰਮਾ, ਉਸ ਦਾ ਮੰਤਰੀ ਮੰਨਿਆ ਜਾਂਦਾ ਹੈ ॥੨੪੮॥

ਸੁ ਪਰਮ ਤਤ ਆਦਿ ਦੈ ਨਿਰਾਹੰਕਾਰ ਗਰਜਿ ਹੈ ॥

'ਪਰਮ ਤੱਤ' ਆਦਿ (ਯੋਧੇ) ਤੋਂ ਲੈ ਕੇ 'ਨਿਰਹੰਕਾਰ' (ਸਮੇਤ) ਗਜਣਗੇ,

ਬਿਸੇਖ ਤੋਰ ਸੈਨ ਤੇ ਅਸੇਖ ਬੀਰ ਬਰਜਿ ਹੈ ॥

ਵਿਸ਼ੇਸ਼ ਸੈਨਾ ਨੂੰ ਚਲਾ ਕੇ, ਬੇਅੰਤ ਸੂਰਮਿਆਂ ਨੂੰ ਰੋਕ ਦੇਣਗੇ।

ਸਰੋਖ ਸੈਹਥੀਨ ਲੈ ਅਮੋਘ ਜੋਧ ਜੁਟਿ ਹੈ ॥

ਯੋਧੇ ਕ੍ਰੋਧਿਤ ਹੋ ਕੇ ਅਮੋਘ ਬਰਛੀਆਂ (ਹੱਥ ਵਿਚ ਲੈ ਕੇ ਯੁੱਧ ਵਿਚ) ਜੁਟ ਜਾਣਗੇ।

ਅਸੇਖ ਬੀਰ ਕਾਰਮਾਦਿ ਕ੍ਰੂਰ ਕਉਚ ਤੁਟ ਹੈ ॥੨੪੯॥

ਬੇਅੰਤ ਯੋਧਿਆਂ ਦੇ ਸਖਤ ਧਨੁਸ਼ ਆਦਿ ਅਤੇ ਕਵਚ ਟੁਟ ਜਾਣਗੇ ॥੨੪੯॥

ਨਰਾਜ ਛੰਦ ॥

ਨਰਾਜ ਛੰਦ:

ਸਭਗਤਿ ਏਕ ਭਾਵਨਾ ਸੁ ਕ੍ਰੋਧ ਸੂਰ ਧਾਇ ਹੈ ॥

ਇਕ ਭਾਵਨਾ ਸਹਿਤ 'ਭਗਤਿ' (ਨਾਮ ਵਾਲਾ) ਸੂਰਮਾ ਕ੍ਰੋਧਿਤ ਹੋ ਕੇ ਧਾਵਾ ਕਰਦਾ ਹੈ।

ਅਸੇਖ ਮਾਰਤੰਡ ਜ੍ਯੋਂ ਬਿਸੇਖ ਸੋਭ ਪਾਇ ਹੈ ॥

ਬੇਅੰਤ ਸੂਰਜਾਂ ਵਾਂਗ ਵਿਸ਼ੇਸ਼ ਸ਼ੋਭਾ ਪਾਉਂਦਾ ਹੈ।

ਸੰਘਾਰਿ ਸੈਣ ਸਤ੍ਰੁਵੀ ਜੁਝਾਰ ਜੋਧ ਜੁਟਿ ਹੈ ॥

ਵੈਰੀ ਦੀ ਸੈਨਾ ਨੂੰ ਨਸ਼ਟ ਕਰਨ ਲਈ ਸੂਰਮੇ ਯੁੱਧ ਵਿਚ ਜੁਟ ਜਾਂਦੇ ਹਨ।

ਕਰੂਰ ਕੂਰ ਸੂਰਮਾ ਤਰਕ ਤੰਗ ਤੁਟਿ ਹੈ ॥੨੫੦॥

(ਉਸ ਵੇਲੇ) 'ਕਰੂਰ' ਅਤੇ 'ਕੂੜ' (ਨਾਂ ਵਾਲੇ) ਸੂਰਮਿਆਂ ਦੇ ਤੰਗ ਤੜਕ ਕੇ ਟੁਟ ਜਾਂਦੇ ਹਨ ॥੨੫੦॥

ਸਿਮਟਿ ਸੂਰ ਸੈਹਥੀ ਸਰਕਿ ਸਾਗ ਸੇਲ ਹੈ ॥

(ਉਹ) ਸੂਰਮੇ ਸਿਮਟ ਕੇ ਅਤੇ (ਅਗੇ ਵਲ) ਸਰਕ ਕੇ ਸੈਹਥੀਆਂ ਅਤੇ ਬਰਛੀਆਂ ਚਲਾਂਦੇ ਹਨ।

ਦੁਰੰਤ ਘਾਇ ਝਾਲਿ ਕੈ ਅਨੰਤ ਸੈਣ ਪੇਲਿ ਹੈ ॥

ਬਹੁਤ ਵੱਡੇ ਘਾਓ ਸਹਿ ਕੇ ਬੇਅੰਤ ਸੈਨਾ ਨੂੰ ਅਗੇ ਧਕ ਦਿੰਦੇ ਹਨ।

ਤਮਕਿ ਤੇਗ ਦਾਮਿਣੀ ਸੜਕਿ ਸੂਰ ਮਟਿ ਹੈ ॥

ਬਿਜਲੀ ਵਰਗੀ ਚਮਕ ਵਾਲੀ ਤਲਵਾਰ ਸੜਕ ਕਰ ਕੇ ਸੂਰਮੇ ਤੁਰਤ ('ਮਟਿ') (ਚਲਾਂਦੇ ਹਨ)।

ਨਿਪਟਿ ਕਟਿ ਕੁਟਿ ਕੈ ਅਕਟ ਅੰਗ ਸਟਿ ਹੈ ॥੨੫੧॥

(ਜਿਸ ਨਾਲ) ਨਾ ਕਟੇ ਜਾ ਸਕਣ ਵਾਲੇ ਅੰਗਾਂ ਨੂੰ ਬਿਲਕੁਲ ਕਟ ਕੁਟ ਕੇ ਸੁਟ ਦਿੰਦੇ ਹਨ ॥੨੫੧॥

ਨਿਪਟਿ ਸਿੰਘ ਜ੍ਯੋਂ ਪਲਟਿ ਸੂਰ ਸੇਲ ਬਾਹਿ ਹੈ ॥

ਬਿਲਕੁਲ ਸ਼ੇਰ ਵਾਂਗ ਪਲਟ ਕੇ ਸੂਰਮੇ ਬਰਛੇ ਚਲਾਂਦੇ ਹਨ।

ਬਿਸੇਖ ਬੂਥਨੀਸ ਕੀ ਅਸੇਖ ਸੈਣ ਗਾਹਿ ਹੈ ॥

ਵਿਸ਼ੇਸ਼ ਸੈਨਾਪਤੀਆਂ ('ਬੂਥਨੀਸ') ਦੀ ਬੇਅੰਤ ਸੈਨਾ ਨੂੰ ਦਲ ਦਿੰਦੇ ਹਨ।

ਅਰੁਝਿ ਬੀਰ ਅਪ ਮਝਿ ਗਝਿ ਆਨਿ ਜੁਝਿ ਹੈ ॥

ਆਪਸ ਵਿਚ ਗੁਥਮ ਗੁੱਥਾ ਹੋ ਕੇ ਹਿੰਮਤ ('ਗਝਿ') ਵਾਲੇ ਸੂਰਮੇ ਆ ਕੇ ਲੜਦੇ ਹਨ।

ਬਿਸੇਖ ਦੇਵ ਦਈਤ ਜਛ ਕਿੰਨਰ ਕ੍ਰਿਤ ਬੁਝਿ ਹੈ ॥੨੫੨॥

ਵਿਸ਼ੇਸ਼ ਤੌਰ ਤੇ ਦੇਵਤੇ, ਦੈਂਤ, ਯਕਸ਼ ਅਤੇ ਕਿੰਨਰ (ਉਨ੍ਹਾਂ ਦੀ) ਕੀਰਤੀ ਨੂੰ ਸਮਝ ਲੈਂਦੇ ਹਨ ॥੨੫੨॥


Flag Counter