ਦੋਹਰਾ:
ਉਸ ਇਸਤਰੀ ਨੂੰ ਵਰ ਦੇ ਕੇ ਸ੍ਰੀ ਕ੍ਰਿਸ਼ਨ ਸਿਰ ਨੀਵਾਂ ਕਰ ਕੇ ਖੜੋ ਰਹੇ।
ਤਦ ਸੁਕਦੇਵ ਨੂੰ ਰਾਜੇ ਨੇ ਪੁਛਿਆ ਕਿ ਮੈਨੂੰ (ਸਿਰ ਨਿਵਾਉਣ) ਦਾ ਭਾਵ ਦਸੋ ॥੮੨੩॥
ਸੁਕਦੇਵ ਨੇ ਰਾਜੇ ਨੂੰ ਕਿਹਾ:
ਸਵੈਯਾ:
(ਸ੍ਰੀ ਕ੍ਰਿਸ਼ਨ ਨੇ) ਉਸ (ਧੋਬਣ) ਨੂੰ ਇਸ ਤਰ੍ਹਾਂ ਕਿਹਾ ਕਿ (ਤੂੰ) ਚਤੁਰਭੁਜ ਨੂੰ ਵਰ ਲੈ ਅਤੇ ਵਰ ਪ੍ਰਾਪਤ ਕਰ ਕੇ ਸੁਖੀ ਰਹਿ।
ਸ੍ਰੀ ਕ੍ਰਿਸ਼ਨ ਦਾ ਬਚਨ ਹੁੰਦਿਆਂ ਹੀ ਉਸ ਨੇ ਅਮਰਾਪੁਰ ਦੇ ਜੋ ਫਲ ਹਨ, ਉਹ ਪ੍ਰਾਪਤ ਕਰ ਲਏ।
ਵੱਡੇ ਆਦਮੀ ਬਹੁਤ ਕੁਝ ਦੇ ਕੇ ਵੀ ਲਜਿਤ ਹੁੰਦੇ ਹਨ, ਜਗਤ ਦੀ ਮਰਯਾਦਾ ਵਿਚ ਇਸ ਤਰ੍ਹਾਂ ਕਿਹਾ ਗਿਆ ਹੈ।
ਸ੍ਰੀ ਕ੍ਰਿਸ਼ਨ ਨੇ ਇਹ ਜਾਣ ਕੇ ਕਿ ਮੈਂ ਇਸ ਨੂੰ ਥੋੜਾ ਜਿੰਨਾ ਹੀ ਦਿੱਤਾ ਹੈ, ਉਸੇ ਕਰ ਕੇ ਸਿਰ ਨੂੰ ਨਿਵਾ ਰਹੇ ਹਨ ॥੮੨੪॥
ਹੁਣ ਬਾਗ਼ਬਾਨ ਦਾ ਉੱਧਾਰ:
ਦੋਹਰਾ:
ਧੋਬੀ ਨੂੰ ਮਾਰ ਕੇ ਅਤੇ ਉਸ ਦੀ ਇਸਤਰੀ ਨੂੰ (ਮੁਕਤੀ ਦੇਣ ਦੇ) ਕੰਮ ਨੂੰ ਮੁਕਾ ਕੇ
ਸ੍ਰੀ ਕ੍ਰਿਸ਼ਨ (ਫਿਰ) ਰਥ ਨੂੰ ਭਜਾ ਕੇ ਉਸੇ ਵੇਲੇ ਰਾਜੇ (ਕੰਸ) ਦੇ ਘਰ ਦੇ ਸਾਹਮਣੇ ਵਲ ਨੂੰ ਚਲ ਪਏ ॥੮੨੫॥
ਸਵੈਯਾ:
ਅਗੇ ਤੋਂ ਸ੍ਰੀ ਕ੍ਰਿਸ਼ਨ ਨੂੰ ਮਾਲੀ ਮਿਲਿਆ, ਉਸ ਨੇ ਸ੍ਰੀ ਕ੍ਰਿਸ਼ਨ ਦੇ ਗਲੇ ਵਿਚ ਫੁਲਾਂ ਦਾ ਹਾਰ ਪਾ ਦਿੱਤਾ।
(ਉਹ) ਸ੍ਰੀ ਕ੍ਰਿਸ਼ਨ ਦੇ ਬਹੁਤ ਵਾਰ ਪੈਰੀ ਪਿਆ ਅਤੇ ਘਰ ਲੈ ਜਾ ਕੇ ਭੋਜਨ ਕਰਾਇਆ।
ਪ੍ਰਸੰਨ ਹੋ ਕੇ (ਕ੍ਰਿਸ਼ਨ ਨੇ) ਉਸ ਨੂੰ (ਵਰ ਮੰਗਣ ਲਈ ਕਿਹਾ)। ਉਸ ਨੇ ਮਨ ਵਿਚ ਹੀ ਸਾਧ-ਸੰਗਤਿ ਨੂੰ ਧਾਰਨ ਦਾ ਵਰ ਮੰਗਿਆ।
ਸ੍ਰੀ ਕ੍ਰਿਸ਼ਨ ਨੇ ਉਸ ਦੇ ਮਨ ਦੀ ਗੱਲ ਜਾਣ ਲਈ ਅਤੇ ਉਸੇ ਵੇਲੇ ਉਸੇ ਤਰ੍ਹਾਂ ਦਾ ਵਰ ਕਹਿ ਦਿੱਤਾ ॥੮੨੬॥
ਦੋਹਰਾ:
ਜਦ ਸ੍ਰੀ ਕ੍ਰਿਸ਼ਨ ਨੇ ਪ੍ਰਸੰਨ ਹੋ ਕੇ ਮਾਲੀ ਨੂੰ ਵਰ ਦੇ ਦਿੱਤਾ
ਤਾਂ ਫਿਰ ਕੁਬਜਾ ਦਾ ਕੰਮ ਕਰਨ ਲਈ ਨਗਰ ਦੀਆਂ ਹੱਟੀਆਂ ਵਲ ਚਲੇ ਗਏ ॥੮੨੭॥
ਇਥੇ ਬਾਗ਼ਬਾਨ ਦਾ ਉੱਧਾਰ ਕੀਤਾ ਪ੍ਰਸੰਗ ਸਮਾਪਤ।
ਹੁਣ ਕੁਬਜਾ ਦੇ ਉੱਧਾਰ ਦਾ ਕਥਨ:
ਸਵੈਯਾ: