ਕਿਤੇ ਆ ਕੇ ਗਜਦੇ ਹਨ ਅਤੇ ਕਿਤੇ ਭਜੀ ਜਾ ਰਹੇ ਹਨ ॥੭੩॥
ਜਦ ਸਿਧ ਪਾਲ ਨੇ ਸਾਰੇ ਪਠਾਣ ਮਾਰ ਦਿੱਤੇ
ਅਤੇ ਉਨ੍ਹਾਂ ਦੇ ਤਾਜ, ਘੋੜੇ ਅਤੇ ਨਗਾਰੇ ਖੋਹ ਲਏ।
(ਫਿਰ) ਦੂਰ ਰਹਿਣ ਵਾਲੇ ਕਿਤਨੇ ਹੀ ਪਠਾਣ ਉਥੇ ਆ ਗਏ।
ਸਿਧ ਪਾਲ ਮਸਤ ਹਾਥੀ ਵਾਂਗ (ਚੌਹਾਂ ਪਾਸਿਆਂ ਤੋਂ) ਘਿਰ ਗਿਆ ॥੭੪॥
ਜਿਤਨੇ ਪਠਾਣ ਭਜੇ ਸਨ, ਇਤਨੇ ਹੋਰ ਆ ਢੁਕੇ
ਅਤੇ ਹਠੀ ਸਿਧ ਪਾਲ ਦੇ ਚੌਹੀਂ ਪਾਸੀਂ ਗਜਣ ਲਗੇ (ਅਤੇ ਕਹਿਣ ਲਗੇ)
ਹੇ ਛਤ੍ਰੀ! ਕਿਥੇ ਜਾਓਗੇ, (ਤੁਹਾਨੂੰ) ਜਾਣ ਨਹੀਂ ਦਿਆਂਗੇ।
ਇਸੇ ਰਣ-ਖੇਤਰ ਵਿਚ ਜਲਦੀ ('ਛਿਪ੍ਰ') ਹੀ ਤੈਨੂੰ ਖ਼ਤਮ ਕਰਾਂਗੇ ॥੭੫॥
ਇਸ ਪ੍ਰਕਾਰ ਦੇ ਬੋਲ ਸੁਣ ਕੇ ਸੂਰਮਾ ਕ੍ਰੋਧ ਨਾਲ ਭਰ ਗਿਆ।
ਉਹ ਸਾਰਿਆਂ ਸ਼ਸਤ੍ਰਾਂ ਨਾਲ ਸੁਸਜਿਤ ਸੀ ਅਤੇ ਹਥਿਆਰ ਚਲਾਉਣ ਵਿਚ ਨਿਪੁਨ ਸੀ।
ਉਸ ਨੇ ਆਪ ਸਾਰੀ ਸੈਨਾ ਨੂੰ ਇਸ ਤਰ੍ਹਾਂ ਆਗਿਆ ਦਿੱਤੀ,
ਜਿਸ ਤਰ੍ਹਾਂ ਬਾਂਦਰਾਂ ਦੀ ਸੈਨਾ ਨੂੰ ਰਾਮ ਜੀ ਨੇ ਦਿੱਤੀ ਸੀ ॥੭੬॥
(ਸਿਧ ਪਾਲ ਦੇ) ਬੋਲ ਸੁਣ ਕੇ ਸਾਰੀ ਸੈਨਾ ਕ੍ਰੋਧਿਤ ਹੋ ਕੇ
ਅਤੇ ਸਾਰੇ ਸ਼ਸਤ੍ਰ ਅਸਤ੍ਰਾਂ ਨੂੰ ਹੱਥ ਵਿਚ ਲੈ ਕੇ ਚਲ ਪਈ।
ਜੋ ਵੀ ਪਠਾਣ ਆਏ, ਉਨ੍ਹਾਂ ਨੂੰ ਰਣ-ਖੇਤਰ ਵਿਚ ਮਾਰ ਦਿੱਤਾ।
ਕਿਤਨਿਆਂ ਨੂੰ ਖਦੇੜ ਕੇ ਕਿਲ੍ਹੇ ਦੀ ਓਟ ਵਿਚ ਸੁਟ ਦਿੱਤਾ ॥੭੭॥
ਕਿਤੇ ਬਾਣ ਚਲਾਉਣ ਵਾਲੇ ਸੂਰਮੇ ਘੋੜਿਆਂ ਸਮੇਤ ਉਲਟੇ ਪਏ ਸਨ।
ਕਿਤੇ ਸੂਰਮੇ ਬਾਣਾਂ ਨਾਲ ਆ ਕੇ ਜੁਟ ਗਏ ਸਨ।
ਕਿਤੇ ਤਲਵਾਰਾਂ ਲੈ ਕੇ ਛਤ੍ਰੀ ਘੋੜਿਆਂ ਨੂੰ ਨਚਾਂਦੇ ਹੋਏ (ਉਥੇ ਆ ਜਾਂਦੇ ਸਨ)
ਜਿੱਥੇ ਵੱਡੇ ਯੋਧੇ ਯੁੱਧ ਕਰ ਰਹੇ ਸਨ ॥੭੮॥
(ਕਿਤੇ) ਵੱਡੇ ਮਾਰੂ ਨਗਾਰੇ ਘੋਰ ਧੁਨੀ ਨਾਲ ਵਜ ਰਹੇ ਸਨ
(ਅਤੇ ਕਿਤੇ) ਵੱਡੇ ਰਾਜੇ ਆ ਕੇ ਯੁੱਧ ਕਰ ਰਹੇ ਸਨ।
ਛਤ੍ਰੀਆਂ ਦੀਆਂ ਨੰਗੀਆਂ ਤਲਵਾਰਾਂ ਇਸ ਤਰ੍ਹਾਂ ਉਲ੍ਹਰ ਰਹੀਆਂ ਸਨ,
ਮਾਨੋ ਪਰਲੋ ਸਮੇਂ ਦੀ ਜਵਾਲਾ ਵਗ ਰਹੀ ਹੋਵੇ ॥੭੯॥
ਕਿਤੇ (ਮੱਥੇ ਉਤੇ ਧਾਰਨ ਕੀਤੇ ਜਾਣ ਵਾਲੇ ਲੋਹੇ ਦੇ) ਟਿਕੇ ਕਟੇ ਪਏ ਸਨ ਅਤੇ ਕਿਤੇ ਟੁਟੇ ਹੋਏ ਟੋਪ ਡਿਗੇ ਪਏ ਸਨ।
ਕਿਤੇ ਤਾਜਧਾਰੀਆਂ ਦੇ ਕਵਚ ਖੁਲ੍ਹੇ ਪਏ ਸਨ।
ਕਿਤੇ ਕਟੀਆਂ ਹੋਈਆਂ ਢਾਲਾਂ ਰਣ-ਭੂਮੀ ਵਿਚ ਇਸ ਤਰ੍ਹਾਂ ਪਈਆਂ ਸਨ
ਅਤੇ ਕਿਤੇ ਚੌਰਾਂ (ਡਿਗੀਆਂ ਪਈਆਂ ਸਨ) ਮਾਨੋ ਹੰਸ ਸ਼ੋਭ ਰਹੇ ਹੋਣ ॥੮੦॥
ਕਿਤੇ ਕਟੇ ਹੋਏ ਝੰਡੇ ਇਸ ਤਰ੍ਹਾਂ ਧਰਤੀ ਉਤੇ ਚਮਕ ਰਹੇ ਸਨ,
ਮਾਨੋ ਹਨੇਰੀ ਨੇ ਵੱਡੇ ਵੱਡੇ ਬ੍ਰਿਛ ਤੋੜ ਕੇ ਧਰਤੀ ਉਤੇ ਸੁਟ ਦਿੱਤੇ ਹੋਣ।
ਕਿਤੇ ਅੱਧੇ ਕਟੇ ਹੋਏ ਘੋੜੇ ਪਏ ਸਨ
ਅਤੇ ਕਿਤੇ ਟੋਟੇ ਟੋਟੇ ਹੋਏ ਹਾਥੀ ਪਏ ਸਨ ॥੮੧॥
ਕਿਤਨੇ ਹੀ (ਲਹੂ ਦੇ) ਛਪੜਾਂ ਵਿਚ ਡੁਬੇ ਪਏ ਸਨ ਅਤੇ ਕਿਤਨੇ ਹੀ ਘੁੰਮੇਰੀਆਂ ਖਾ ਖਾ ਕੇ ਡਿਗੇ ਪਏ ਸਨ।
(ਕਿਤੇ) ਹਾਥੀ ਅਤੇ ਰਾਜ-ਘੋੜੇ ਭੁਆਟਣੀਆਂ ਖਾ ਕੇ ਧਰਤੀ ਉਤੇ ਮਰੇ ਪਏ ਸਨ।
ਕਿਤਨੇ ਉਠ ਕੇ ਭਜ ਗਏ ਸਨ ਅਤੇ ਬੂਟਿਆਂ ਵਿਚ ਜਾ ਲੁਕੇ ਸਨ।
(ਉਨ੍ਹਾਂ ਦੀਆਂ) ਪਿਠਾਂ ਉਤੇ ਜ਼ਖ਼ਮ ਲਗੇ ਸਨ ਅਤੇ ਸਿਰ ਬਾਹਰ ਨਹੀਂ ਕਢਦੇ ਸਨ ॥੮੨॥
ਕਈਆਂ ਦੇ ਵਾਲ ਜ਼ੋਰ ਨਾਲ ਭਜਦੇ ਹੋਇਆਂ ਬ੍ਰਿਛਾਂ ਨਾਲ ਉਲਝ ਗਏ ਸਨ
ਅਤੇ ਵੈਰੀ (ਦੁਆਰਾ ਪਕੜੇ ਜਾਣ ਦੇ) ਭੁਲੇਖੇ ਵਿਚ ਛਡ ਦਿੱਤੇ ਜਾਣ ਲਈ ਤਰਲੇ ਕਢਦੇ ਸਨ।
ਕ੍ਰਿਪਾਨਾਂ ਕਢ ਕੇ ਵੀ ਪਿਛੇ ਵਲ ਨਹੀਂ ਵੇਖਦੇ ਸਨ
ਅਤੇ ਕਾਜ਼ੀ ਲੋਗ ਭਜੀ ਜਾ ਰਹੇ ਸਨ ਅਤੇ ਆਪਣੇ ਘੋੜਿਆਂ ਨੂੰ ਸੰਭਾਲਦੇ ਤਕ ਨਹੀਂ ਸਨ ॥੮੩॥
ਕਿਤੇ ਪਠਾਣਾਂ ਨੂੰ ਤੋੜ ਮਰੋੜ ਸੁਟਿਆ ਸੀ ਅਤੇ (ਉਹ) ਘੋੜੇ ਵੀ ਸੰਭਾਲ ਨਹੀਂ ਰਹੇ ਸਨ।
ਕਿਤਨੇ ਆਪਣੇ ਬਸਤ੍ਰਾਂ ('ਜੋਰੇ') ਨੂੰ ਛਡ ਕੇ ਇਸਤਰੀ ਦਾ ਭੇਸ ਧਾਰ ਰਹੇ ਸਨ।
ਕਈ ਉਸ ਨੂੰ ਭੇਟਾ ('ਅਕੋਰੈ') ਦੇ ਕੇ ਤਰਲੇ ਕਰਦੇ ਸਨ,
ਜਿਸ ਕਿਸੇ ਦੇ ਹੱਥ ਵਿਚ ਤਲਵਾਰ ਵੇਖ ਲੈਂਦੇ ਸਨ ॥੮੪॥
ਕਿਤਨੇ ਸਿਪਾਹੀ ਜਾਨ ਬਚਾ ਕੇ ਭਜ ਰਹੇ ਸਨ
ਅਤੇ ਕਿਤਨੇ ਟੋਲੇ ਬੰਨ੍ਹ ਕੇ ਰਣ-ਭੂਮੀ ਵਿਚ ਆ ਗਏ ਸਨ।
ਕਿਤਨਿਆਂ ਨੇ ਰਣ-ਭੂਮੀ ਦੀ ਅਗਨੀ ਵਿਚ (ਆਪਣੇ) ਪ੍ਰਾਣ ਹੋਮ ਦਿੱਤੇ ਸਨ
(ਅਤੇ ਕਿਤਨੇ ਹੀ) ਭਜਣ ਨੂੰ ਗੁਨਾਹ ਸਮਝਦੇ ਹੋਏ ਟੋਟੇ ਟੋਟੇ ਹੋ ਕੇ ਜੂਝ ਮਰੇ ਸਨ ॥੮੫॥
ਜਿਹੜੇ ਯੁੱਧ ਵਿਚ ਸਾਹਮਣੇ ਹੋ ਕੇ ਮਰੇ ਸਨ,
ਉਨ੍ਹਾਂ ਨੂੰ ਉਥੇ ਅਪੱਛਰਾਵਾਂ ਨੇ ਵਰ ਲਿਆ।
ਕਿਤਨੇ ਹੀ ਉਸੇ ਵੇਲੇ ਨਰਕਾਂ ਦੇ ਵਾਸੀ ਬਣੇ
ਅਤੇ ਜਿਤਨੇ ਸ਼ੂਮ ਸੋਫ਼ੀ (ਨਸ਼ਾ ਨਾ ਕਰਨ ਵਾਲੇ) ਸਨ, (ਉਹ) ਭਜਦੇ ਹੋਏ ਹੀ ਮਾਰੇ ਗਏ ॥੮੬॥
ਕਈ ਡਰਪੋਕ ਯੋਧੇ ਬਿਨਾ ਮਾਰਿਆਂ ਹੀ ਮਾਰੇ ਗਏ
ਅਤੇ ਬਿਨਾ ਤੀਰ ਚਲਾਇਆਂ ਡਰ ਦੇ ਮਾਰੇ ਡਿਗ ਪਏ।
ਕਿਤਨਿਆਂ ਨੇ ਅਗੇ ਵਧ ਕੇ ਪ੍ਰਾਣ ਦਿੱਤੇ
ਅਤੇ ਕਿਤਨਿਆਂ ਨੇ ਦੇਵ ਲੋਕ ਦਾ ਰਾਹ ਪਕੜਿਆ ॥੮੭॥
ਜਿਤਨੇ ਸ਼ੂਮ ਸੋਫ਼ੀ ਭਜੇ ਜਾਂਦੇ ਸਨ, (ਉਹ) ਮਾਰੇ ਗਏ।
ਉਨ੍ਹਾਂ ਨੂੰ ਭੂਮੀ ਨੇ ਹੀ ਖਾਇਆ (ਭਾਵ ਕਾਵਾਂ-ਗਿੱਧਾਂ ਨੇ ਖਾ ਲਿਆ) (ਉਨ੍ਹਾਂ ਨੂੰ) ਬੰਨ੍ਹ ਕੇ ਜਲਾਇਆ ਨਹੀਂ ਗਿਆ।
ਬਹੁਤ ਵੱਡੀ ਭੀੜ ਬਣ ਗਈ ਸੀ ਅਤੇ ਭਾਰੀ ਯੁੱਧ ਮਚਿਆ ਸੀ
ਅਤੇ ਸੂਰਮਿਆਂ ਨੂੰ ਖੜੋਤਿਆਂ ਵੇਖ ਕੇ (ਡਰਪੋਕਾਂ ਦੀ) ਸਾਰੀ ਦੇਹ ਕੰਬਦੀ ਸੀ ॥੮੮॥
ਜਿਥੇ ਸਿਧ ਪਾਲ ਨੇ ਬਹੁਤ ਸਾਰੇ ਵੈਰੀ ਵੱਢੇ ਸਨ,
ਉਥੇ ਯੋਧਿਆਂ ਨੂੰ ਕਿਲ੍ਹਾ ਛਡਦੇ ਹੋਇਆਂ ਵੇਖਿਆ ਗਿਆ।
(ਉਹ) ਭਜਦੇ ਜਾ ਰਹੇ ਸਨ ਅਤੇ ਹਥਿਆਰ ਸੰਭਾਲ ਨਹੀਂ ਰਹੇ ਸਨ,
(ਜਦ ਉਨ੍ਹਾਂ ਨੇ) ਧਰਤੀ ਉਤੇ ਸ਼ਮਸਦੀਨ ਨੂੰ ਮਰਿਆ ਹੋਇਆ ਡਿਗਿਆ ਵੇਖਿਆ ॥੮੯॥
ਉਥੇ ਭਾਟ ਅਤੇ ਢਾਢੀ ਖੜੋ ਕੇ ਗੀਤ ਗਾ ਰਹੇ ਸਨ।
ਉਹ ਆਪਣੇ ਸੁਆਮੀ ਨੂੰ ਸੁਣਾਉਂਦੇ ਸਨ ਅਤੇ ਵੈਰੀ ਦੇ ਝੁੰਡਾਂ ਨੂੰ ਡਰਾਉਂਦੇ ਸਨ।
ਕਿਤੇ ਰਣਸਿੰਘੇ, ਨਫ਼ੀਰੀਆਂ ਅਤੇ ਨਗਾਰੇ ਵਜਦੇ ਸਨ
ਅਤੇ ਵੱਡੇ ਵੱਡੇ ਰਾਜੇ ਭੁਜਾਵਾਂ ਠੋਕ ਕੇ ਗਜਦੇ ਅਤੇ ਹਸਦੇ ਸਨ ॥੯੦॥
ਜਦੋਂ ਸਾਰੇ ਪਠਾਣ ਯੁੱਧ ਵਿਚ ਮਾਰੇ ਗਏ
ਅਤੇ ਵੱਡੇ ਹੈਂਕੜਬਾਜ਼ਾਂ ਵਿਚੋਂ ਇਕ ਵੀ ਨਾ ਬਚਿਆ।
ਦਿੱਲੀ ਦੇ ਬਾਦਸ਼ਾਹ ਨੂੰ ਮਾਰ ਕੇ (ਉਸ ਤੋਂ) ਦਿੱਲੀ (ਦੀ ਹਕੂਮਤ) ਖੋਹ ਲਈ।