ਮਧੁਭਾਰ ਛੰਦ:
(ਕਾਲਕਾ) ਦੇ ਮੂੰਹ ਵਿਚੋਂ ਅਗਨੀ ਨਿਕਲ ਰਹੀ ਸੀ।
(ਦੇਵੀ ਦੁਰਗਾ ਦੇ) ਮੱਥੇ ਤੋਂ ਨਿਕਲੀ
(ਉਸ ਨੇ) ਹਾਥੀਆਂ ਦੇ ਸਵਾਰਾਂ ਨੂੰ ਮਾਰ ਦਿੱਤਾ
ਅਤੇ ਘੋੜਿਆਂ ਦੇ ਸੁਆਮੀਆਂ ਨੂੰ (ਘੋੜਿਆਂ ਤੋਂ) ਵਿਛੋੜ ਦਿੱਤਾ (ਅਰਥਾਤ ਮਾਰ ਦਿੱਤਾ) ॥੨੮॥
(ਯੁੱਧ ਵਿਚ) ਬਾਣ ਚਲ ਰਹੇ ਸਨ,
ਤਲਵਾਰਾਂ ਚਮਕ ਰਹੀਆਂ ਹਨ।
ਬਰਛਿਆਂ ਦੇ ਵਾਰ ਹੋ ਰਹੇ ਸਨ,
(ਮਾਨੋ ਸੂਰਮੇ) ਧਮਾਲ (ਨਾਚ) ਪਾ ਰਹੇ ਹੋਣ ॥੨੯॥
(ਦੈਂਤ) ਨਿਸੰਗ ਹੋ ਕੇ (ਸ਼ਸਤ੍ਰ) ਚਲਾ ਰਹੇ ਸਨ।
(ਉਨ੍ਹਾਂ ਦੇ ਵਜਣ ਨਾਲ) ਫੁਲਝੜੀਆਂ ਪ੍ਰਗਟ ਹੁੰਦੀਆਂ ਸਨ।
ਬੰਦੂਕਾਂ ਤੋਂ ਤੜ-ਤੜ ਦੀ (ਆਵਾਜ਼) ਲਿਕਲ ਰਹੀ ਸੀ
ਅਤੇ (ਗੋਲੀਆਂ ਵਰ੍ਹਨ ਨਾਲ) ਕਾੜ-ਕਾੜ (ਦੀ ਧੁਨ) ਉਠ ਰਹੀ ਹੈ ॥੩੦॥
ਦੇਵੀ ਮਾਤਾ ਲਲਕਾਰਦੀ ਸੀ,
ਜ਼ਖਮਾਂ (ਵਿਚੋਂ ਲਹੂ) ਬਘ-ਬਘ ਕਰ ਕੇ ਨਿਕਲ ਰਿਹਾ ਸੀ।
ਸੂਰਮੇ ਲੜ ਰਹੇ ਸਨ,
ਘੋੜੇ ਨਚ ਰਹੇ ਸਨ ॥੩੧॥
ਰੂਆਮਲ ਛੰਦ:
ਤਦੋਂ ਦੈਂਤ ਰਾਜਾ ਕ੍ਰੋਧਿਤ ਹੋ ਕੇ ਆਪਣੀ ਸ਼ਕਤੀ ਨੂੰ ਵਧਾਉਂਦਾ ਹੋਇਆ
ਚਤੁਰੰਗਣੀ ਸੈਨਾ ਨੂੰ ਨਾਲ ਲੈ ਕੇ (ਅਗੇ ਵਧਿਆ ਜਿਸ ਦੇ ਸੈਨਿਕ) ਹਥਿਆਰਾਂ ਨੂੰ ਘੁੰਮਾ ਰਹੇ ਸਨ।
(ਉਹ ਸੈਨਿਕ) ਦੇਵੀ ਦੇ ਸ਼ਸਤ੍ਰ ਲਗਣ ਨਾਲ ਰਣ ਵਿਚ ਜੂਝਦੇ ਹੋਏ ਡਿਗ ਪਏ ਸਨ।
ਰਣ ਵਿਚ ਕਿਤੇ ਗਜ-ਰਾਜ ਅਤੇ ਕਿਤੇ ਸੁੰਦਰ ਘੋੜੇ (ਸਵਾਰਾਂ ਤੋਂ) ਵਿਛੁੰਨੇ (ਛੂਛ) ਫਿਰ ਰਹੇ ਸਨ ॥੩੨॥
(ਯੁੱਧ-ਭੂਮੀ ਵਿਚ ਕਿਤੇ) ਬਸਤ੍ਰ, ਚੌਰਾਂ ਅਤੇ ਹਾਥੀਆਂ ਦੇ ਝੁੰਡ ਅਤੇ ਅਨੇਕ ਸ੍ਰੇਸ਼ਠ ਘੋੜੇ
ਅਤੇ ਕਿਤੇ ਅਸਤ੍ਰ-ਸ਼ਸਤ੍ਰਾਂ ਨਾਲ ਸਜੇ ਸਰਦਾਰ ਅਤੇ ਸਵਾਰ (ਡਿਗੇ ਪਏ ਸਨ)
(ਕਿਤੇ) ਤਲਵਾਰਾਂ, ਤੀਰ, ਬੰਦੂਕਾਂ, ਕੁਹਾੜੇ, (ਸੀਟੀ ਦੀ ਆਵਾਜ਼ ਕਢਣ ਵਾਲੇ) ਕੁਹੁਕ ਬਾਣ (ਖਿੰਡੇ) ਪਏ ਸਨ
ਅਤੇ ਕਿਤੇ ਬਰਛਿਆਂ ਨਾਲ ਵਿੰਨ੍ਹੇ ਹੋਏ ਸੂਰਬੀਰ ਡਿਗੇ ਹੋਏ ਸ਼ੋਭਾ ਪਾ ਰਹੇ ਸਨ ॥੩੩॥
ਉਥੇ (ਯੁੱਧ-ਭੂਮੀ ਵਿਚ) ਵਡੀਆਂ ਵਡੀਆਂ ਗਿਧਾਂ ਉਡ ਰਹੀਆਂ ਸਨ ਅਤੇ ਕੁੱਤੇ ਤੇ ਗਿਦੜ ਬੋਲ ('ਫਿਕਰੰਤ') ਰਹੇ ਸਨ।
(ਡਿਗੇ ਹੋਏ) ਮਸਤ ਹਾਥੀ ਪੱਖਾਂ ਵਾਲੇ ਪਰਬਤਾਂ (ਵਰਗੇ ਲਗਦੇ ਸਨ ਅਤੇ ਉਨ੍ਹਾਂ ਉਤੇ ਬੈਠੇ) ਕਾਂ ਨੋਕੀਲੀ ਦਭ ('ਰਸਾਲ') (ਜਿਹੇ ਪ੍ਰਤੀਤ ਹੁੰਦੇ ਸਨ)।
ਛੋਟੀਆਂ ਛੁਰੀਆਂ ਨਿੱਕੀਆਂ ਮੱਛੀਆਂ ਜਿਹੀਆਂ ਸਨ ਅਤੇ ਅਨੰਤ ਢਾਲਾਂ ਕੱਛੂਆਂ ਵਾਂਗ ਸਨ।
ਕਵਚ ('ਬਰਮ') ਭਿਆਨਕ ਮਗਰਮੱਛ ਵਰਗੇ ਸੋਭ ਰਹੇ ਸਨ ਅਤੇ ਲਹੂ ਅਥਾਹ ਪਾਣੀ ਦੀ ਨਦੀ ਦੇ ਸਮਾਨ ਸੀ ॥੩੪॥
ਨਵੇਂ (ਨੌਜਵਾਨ) ਸੂਰਮੇ ਬੇੜੀਆਂ ਜਿਹੇ ਸਨ ਅਤੇ ਰਥੀ-ਮਹਾਰਥੀ ਜਹਾਜ਼ ਸਨ,
ਮਾਨੋ ਸੂਰਮੇ ਲਾਜ ਰਖਦੇ ਹੋਏ ਧੀਰਜ ਦੇ ਧਨ ਨੂੰ ਲਦ ਲਦ ਕੇ ਜਾ ਰਹੇ ਹੋਣ।
ਯੁੱਧਭੂਮੀ ਵਿਚ ਤੀਰ ਦਲਾਲਾਂ ਵਾਂਗ ਮੁਲ ਚੁਕਾਉਣ ਲਈ ਘੁੰਮ ਰਹੇ ਸਨ।
ਫ਼ੌਜਾਂ (ਯੁੱਧ-ਭੂਮੀ ਵਿਚ) ਤਰਕਸ਼ਾਂ ਤੋਂ (ਤੀਰਾਂ-ਰੂਪੀ) ਧਨ ਨੂੰ ਚੁਕਾ ਕੇ ਇਧਰ ਉਧਰ ਦੌੜੀਆਂ ਫਿਰ ਰਹੀਆਂ ਸ ਨਾ ॥੩੫॥
ਕਿਤੇ (ਸ਼ਰੀਰਾਂ ਨਾਲੋਂ) ਕਟੇ ਹੋਏ ਅੰਗ ਡਿਗੇ ਪਏ ਸਨ, ਕਿਤੇ ਬਹੁਰੰਗੀ ਬਸਤ੍ਰ (ਪਏ ਸਨ)।
ਰਣ-ਭੂਮੀ ਵਿਚ ਕਿਤੇ ਢਾਲ, ਕਵਚ ਅਤੇ ਕਿਤੇ ਅਸਤ੍ਰ-ਸ਼ਸਤ੍ਰ ਪਏ ਸ਼ੋਭ ਰਹੇ ਸਨ।
ਕਿਤੇ ਸਿਰ ਮੂੰਹ ਅਤੇ ਕਿਤੇ ਝੰਡੇ-ਝੰਡੀਆਂ ਟੁਟ-ਫੁਟੇ ਵਖ ਵਖ ਹੋਏ (ਡਿਗੇ ਹੋਏ ਸਨ)।
ਸਾਰੇ ਵੈਰੀ ਲੜ ਲੜ ਕੇ ਡਿਗੇ ਪਏ ਸਨ ਅਤੇ ਕੋਈ ਇਕ ਵੀ ਬਚਿਆ ਨਹੀਂ ਸੀ ॥੩੬॥
ਉਸ ਵੇਲੇ ਕ੍ਰੋਧਵਾਨ ਹੋ ਕੇ ਮਹਿਖਾਸੁਰ ਦੈਂਤ ਨੇ ਧਾਵਾ ਕੀਤਾ।
ਉਸ ਨੇ ਅਸਤ੍ਰ ਸ਼ਸਤ੍ਰ ਧਾਰਨ ਕਰ ਕੇ ਭਿਆਨਕ ਰੂਪ ਬਣਾ ਲਿਆ।
ਕਾਲੀ ਦੇਵੀ ਨੇ ਹੱਥ ਵਿਚ ਕ੍ਰਿਪਾਨ ਲੈ ਕੇ ਉਸ ਨੂੰ ਤੁਰੰਤ ਮਾਰ ਦਿੱਤਾ।
(ਦੈਂਤ ਦੀ) ਜੋਤਿ ਉਸ ਦੇ ਦਸਮ-ਦੁਆਰ ('ਬ੍ਰਹਮਰੰਧ੍ਰਿ') ਛੱਡ ਕੇ ਛੇਤੀ ਨਾਲ ਪਰਮ ਜੋਤਿ ਵਿਚ ਵਿਲੀਨ ਹੋ ਗਈ ॥੩੭॥
ਦੋਹਰਾ:
ਮਹਿਖਾਸੁਰ ਨੂੰ ਮਾਰ ਕੇ ਦੇਵੀ ਬਹੁਤ ਪ੍ਰਸੰਨ ਹੋਈ।
ਉਸ ਦਿਨ ਤੋਂ ਸੁਖ ਪ੍ਰਾਪਤੀ ਲਈ ਜਗਤ ਵਿਚ ਝੋਟੇ ਦੀ ਬਲੀ ਦਿੱਤੀ ਜਾਣ ਲਗੀ ॥੩੮॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਚੰਡੀ ਚਰਿਤ੍ਰ ਪ੍ਰਸੰਗ ਦੇ 'ਮਹਿਖਾਸੁਰ-ਬਧ' ਨਾਂ ਦੇ ਪਹਿਲੇ ਅਧਿਆਇ ਦੀ ਸੁਭ ਸਮਾਪਤੀ ॥੧॥
ਹੁਣ ਧੂਮ੍ਰ ਨੈਨ ਦੇ ਯੁੱਧ ਦਾ ਕਥਨ
ਕੁਲਕ ਛੰਦ:
ਤਦੋਂ ਦੇਵੀ ਗਜਣ ਲਗੀ।
ਲਗਾਤਾਰ ਵਾਜੇ ਵਜਣ ਲਗੇ।
ਸਭ ਨੂੰ ਖੁਸ਼ੀ ਦੇਣ ਵਾਲੀ
ਵਧਾਈ ਹੋਣ ਲਗੀ ॥੧॥੩੯॥
ਧੌਂਸੇ ਵਜਣ ਲਗੇ
ਅਤੇ ਸਾਰੇ ਦੇਵਤੇ ਗਜਣ ਲਗੇ।
(ਸਭ ਦੇਵੀ ਦੀ) ਵਡਿਆਈ ਕਰਨ ਲਗੇ
(ਅਤੇ ਦੇਵੀ ਉਤੇ) ਫੁਲਾਂ ਦੀ ਬਰਖਾ ਕਰਨ ਲੱਗੇ ॥੨॥੪੦॥
(ਉਨ੍ਹਾਂ ਨੇ ਦੇਵੀ ਦੀ) ਬਹੁਤ ਪੂਜਾ ਕੀਤੀ
ਅਤੇ ਯਸ਼-ਗਾਨ ਕੀਤਾ।
(ਦੇਵੀ ਦੇ) ਪੈਰੀਂ ਲਗੇ;
(ਫਲਸਰੂਪ ਉਨ੍ਹਾਂ ਦੇ) ਸਾਰੇ ਦੁਖ ਦੂਰ ਹੋ ਗਏ ॥੩॥੪੧॥
ਜਿਤ ਦੇ ਛੰਦ (ਕਰਖਾ) ਗਾਉਣ ਲਗੇ
ਅਤੇ ਫੁਲਾਂ ਦੀ ਬਰਖਾ ਕਰਨ ਲਗੇ।
(ਉਨ੍ਹਾਂ ਨੇ ਦੇਵੀ ਅਗੇ) ਸੀਸ ਝੁਕਾਏ
(ਅਤੇ ਅਜਿਹਾ ਕਰਕੇ) ਸਭ ਤਰ੍ਹਾਂ ਦੇ ਸੁਖ ਪ੍ਰਾਪਤ ਕੀਤੇ ॥੪॥੪੨॥
ਦੋਹਰਾ:
ਦੇਵਤਿਆਂ ਨੂੰ ਰਾਜ ਦੇ ਕੇ ਚੰਡਿਕਾ ਜੀ ਲੋਪ ਹੋ ਗਈ।
ਫਿਰ ਸ਼ੁੰਭ-ਨਿਸ਼ੁੰਭ ਨਾਂ ਦੇ ਦੋ ਦੈਂਤ ਸ਼ਿਰੋਮਣੀ (ਬਣ ਕੇ) ਜ਼ੋਰ ਪਕੜ ਗਏ ॥੫॥੪੩॥
ਚੌਪਈ:
ਸ਼ੁੰਭ ਅਤੇ ਨਿਸ਼ੁੰਭ ਫ਼ੌਜ ਲੈ ਕੇ ਚੜ੍ਹ ਪਏ
ਜਿਨ੍ਹਾਂ ਨੇ ਜਲ ਅਤੇ ਥਲ ਦੇ ਅਨੇਕਾਂ ਵੈਰੀਆਂ ਨੂੰ ਜਿਤ ਲਿਆ।
ਜਿਨ੍ਹਾਂ ਨੇ ਇੰਦਰ ਦਾ ਰਾਜ ਖੋਹ ਲਿਆ
(ਅਤੇ ਜਿਨ੍ਹਾਂ ਨੂੰ) ਸ਼ੇਸ਼ਨਾਗ ਨੇ ਸਿਰ ਦੀ ਮਣੀ ਭੇਟਾ ਵਜੋਂ ਭੇਜੀ ॥੬॥੪੪॥