ਸ਼੍ਰੀ ਦਸਮ ਗ੍ਰੰਥ

ਅੰਗ - 13


ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈਂ ਹਯਰਾਜ ਹਜਾਰੇ ॥

ਸੁੰਦਰ ਹਾਥੀਆਂ ਦੇ ਸਮੂਹ ਚਿੰਘਾੜਦੇ ਹੋਣ ਅਤੇ ਹਜ਼ਾਰਾਂ ਹੀ ਸ੍ਰੇਸ਼ਠ ਘੋੜੇ ਹਿਣਕਦੇ ਹੋਣ;

ਭੂਤ ਭਵਿਖ ਭਵਾਨ ਕੇ ਭੂਪਤ ਕਉਨੁ ਗਨੈ ਨਹੀਂ ਜਾਤ ਬਿਚਾਰੇ ॥

(ਅਜਿਹੇ ਮਹੱਤਵ ਵਾਲੇ) ਭੂਤ, ਭਵਿਖ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਜਾ ਸਕਦਾ (ਅਰਥਾਤ ਅਣਗਿਣਤ ਹਨ);

ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕਉ ਅੰਤ ਕੇ ਧਾਮ ਸਿਧਾਰੇ ॥੩॥੨੩॥

ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ॥੩॥੨੩॥

ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥

(ਜੇ ਕੋਈ) ਤੀਰਥ ਇਸ਼ਨਾਨ, ਦਇਆ, ਦਾਨ, (ਵਿਕਾਰਾਂ ਤੋਂ ਬਚਣ ਦੇ) ਸੰਜਮ, ਨੇਮ ਅਤੇ ਹੋਰ ਅਨੇਕਾਂ ਵਿਸ਼ੇਸ਼ ਕਰਮ ਕਰਨ ਵਾਲੇ;

ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ॥

ਵੇਦਾਂ, ਪੁਰਾਣਾਂ, ਕਤੇਬਾਂ ਅਤੇ ਕੁਰਾਨ ਆਦਿ ਧਰਤੀ ਉਤੇ ਉਪਲਬਧ ਸਾਰਿਆਂ ਸਮਿਆਂ ਦੇ (ਧਰਮ ਗ੍ਰੰਥਾਂ ਨੂੰ) ਘੋਖਣ ਵਾਲੇ;

ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰ ਕ ਦੇਖੈ ॥

ਪੌਣ ਦਾ ਆਹਾਰ ਕਰਨ ਅਤੇ ਜਤ-ਸਤ ਧਾਰ ਕੇ ਜਤੀ ਬਣਨ ਵਾਲੇ ਹਜ਼ਾਰਾਂ ਹੀ ਵਿਚਾਰ ਪੂਰਵਕ ਵੇਖੇ ਹਨ;

ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪॥੨੪॥

ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ('ਰਤੀ') ਤੋਂ ਬਿਨਾ ਰਾਜੇ ਵੀ (ਪਰਮਾਤਮਾ ਦੇ ਦੁਆਰ ਤੇ) ਪ੍ਰਵਾਨ ਨਹੀਂ ਹਨ ॥੪॥੨੪॥

ਸੁਧ ਸਿਪਾਹ ਦੁਰੰਤ ਦੁਬਾਹ ਸੁ ਸਾਜ ਸਨਾਹ ਦੁਰਜਾਨ ਦਲੈਂਗੇ ॥

ਚੰਗੀ ਸਿਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀਆਂ (ਦੀ ਸ਼ਕਤੀ) ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਵਚ ਸਜਾ ਕੇ ਵੈਰੀਆਂ ਨੂੰ ਦਲਣ ਵਾਲੇ ਹੋਣ;

ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ॥

ਉਹ (ਸ਼ੂਰਵੀਰ) ਆਪਣੇ ਮਨ ਵਿਚ ਭਾਰੀ ਗੁਮਾਨ ਭਰਨ ਵਾਲੇ ਹੋਣ ਕਿ ਪਰਬਤ ਭਾਵੇਂ ਖੰਭ ਲਾ ਕੇ (ਆਪਣੇ ਸਥਾਨ ਤੋਂ) ਹਿਲ ਜਾਣ, (ਪਰ ਉਹ ਯੋਧੇ ਰਣ ਵਿਚੋਂ) ਹਿਲਣ ਵਾਲੇ ਨਾ ਹੋਣ;

ਤੋਰਿ ਅਰੀਨ ਮਰੋਰਿ ਮਵਾਸਨ ਮਾਤੇ ਮਤੰਗਨਿ ਮਾਨ ਮਲੈਂਗੇ ॥

ਉਹ ਵੈਰੀਆਂ ਨੂੰ ਤੋੜਨ ਵਾਲੇ, ਬਾਗ਼ੀਆਂ ਨੂੰ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮਲ ਸੁਟਣ ਵਾਲੇ ਹੋਣ;

ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗਿ ਜਹਾਨ ਨਿਦਾਨ ਚਲੈਂਗੇ ॥੫॥੨੫॥

ਪਰ ਮਾਇਆ ਦੇ ਸੁਆਮੀ ਪਰਮਾਤਮਾ ਦੀ ਕ੍ਰਿਪਾ ਤੋਂ ਬਿਨਾ (ਅਜਿਹੇ ਬਲਵਾਨ ਸੂਰਮੇ ਵੀ) ਅੰਤ ਵਿਚ ਸੰਸਾਰ ਨੂੰ ਤਿਆਗ ਕੇ ਚਲੇ ਜਾਣਗੇ ॥੫॥੨੫॥

ਬੀਰ ਅਪਾਰ ਬਡੇ ਬਰਿਆਰ ਅਬਿਚਾਰਹਿ ਸਾਰ ਕੀ ਧਾਰ ਭਛਯਾ ॥

ਅਪਾਰ ਸ਼ਕਤੀ ਵਾਲੇ ਸ਼ੂਰਵੀਰ ਅਤੇ ਬਹੁਤ ਬਲਵਾਨ ਜੋ ਬਿਨਾ ਵਿਚਾਰੇ (ਸੰਕੋਚ ਕੀਤੇ) ਸ਼ਸਤ੍ਰਾਂ ਦੀ ਧਾਰ ਨੂੰ ਸਹਾਰਦੇ ਹਨ;

ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਯਾ ॥

ਕਈ ਦੇਸਾਂ ਨੂੰ ਤੋੜਦੇ ਹਨ, ਬਾਗ਼ੀਆਂ ਨੂੰ ਦਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਹੰਕਾਰ ਮਲ ਦਿੰਦੇ ਹਨ;

ਗਾੜ੍ਹੇ ਗੜ੍ਹਾਨ ਕੋ ਤੋੜਨਹਾਰ ਸੁ ਬਾਤਨ ਹੀਂ ਚਕ ਚਾਰ ਲਵਯਾ ॥

ਜੋ ਦ੍ਰਿੜ੍ਹ ਕਿਲਿਆਂ ਨੂੰ ਤੋੜਨ ਵਾਲੇ ਹਨ ਅਤੇ ਗੱਲਾਂ ਵਿਚ ਹੀ ਜੋ ਚੌਹਾਂ ਚੱਕਾਂ ਨੂੰ ਜਿਤ ਲੈਣ ਦੀ ਸਮਰਥਾ ਰਖਦੇ ਹਨ;

ਸਾਹਿਬੁ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵਯਾ ॥੬॥੨੬॥

ਪਰ ਮਾਇਆ ਦਾ ਸੁਆਮੀ ਪ੍ਰਭੂ ਉਨ੍ਹਾਂ ਸਭਨਾਂ ਦਾ ਮਾਲਕ ਹੈ, (ਉਸ ਦੇ ਦਰ ਤੇ) ਇਹ ਸਾਰੇ ਜਾਚਕ ਹਨ ਅਤੇ ਉਹ ਇਕ ਹੀ ਦੇਣ ਵਾਲਾ ਹੈ ॥੬॥੨੬॥

ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ॥

ਦੈਂਤ, ਦੇਵ ਤੇ ਨਾਗ ਅਤੇ ਰਾਖਸ਼ ਵੀ ਜਿਸ ਨੂੰ ਤਿੰਨਾਂ ਕਾਲਾਂ (ਭੂਤ, ਭਵਿਖ, ਵਰਤਮਾਨ) ਵਿਚ ਜਪਦੇ ਹਨ;

ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ ॥

ਜੋ ਪਲ ਹੀ ਪਲ ਵਿਚ ਜਲ-ਥਲ ਦੇ ਸਾਰੇ ਜੀਵਾਂ ਦੀ ਸਥਾਪਨਾ ਕਰ ਦਿੰਦਾ ਹੈ;

ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ॥

ਜਿਸ ਦੇ ਸਿਮਰਨ ਨਾਲ ਪੁੰਨਾਂ ਦੀ ਪ੍ਰਚੰਡਤਾ ਵਧ ਜਾਂਦੀ ਹੈ ਅਤੇ ਜਿਸ ਦੇ ਜੈਘੋਸ਼ ਨੂੰ ਸੁਣ ਕੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ;

ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਲੋਕ ਚਪੈਂਗੇ ॥੭॥੨੭॥

(ਉਸ ਦੇ ਪ੍ਰਤਾਪ ਨੂੰ) ਵੇਖ ਕੇ ਸਾਰੇ ਸੰਤ ਜਗਤ ਵਿਚ ਪ੍ਰਸੰਨਤਾ-ਪੂਰਵਕ ਫਿਰਦੇ ਹਨ ਅਤੇ ਉਨ੍ਹਾਂ ਨੂੰ ਵੇਖ ਕੇ ਵੈਰੀ ਲੋਕ ਨਸ਼ਟ ਹੋ ਜਾਂਦੇ ਹਨ ॥੭॥੨੭॥

ਮਾਨਵ ਇੰਦ੍ਰ ਗਜਿੰਦ੍ਰ ਨਰਾਧਪ ਜੌਨ ਤ੍ਰਿਲੋਕ ਕੋ ਰਾਜੁ ਕਰੈਂਗੇ ॥

ਜੋ ਮਨੁੱਖ, ਇੰਦਰ, ਗਜਿੰਦਰ, ਕੁਬੇਰ ਵਾਂਗ ਤਿੰਨ ਲੋਕਾਂ ਉਤੇ ਰਾਜ ਕਰਦੇ ਹਨ;

ਕੋਟਿ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜਿ ਬਰੈਂਗੇ ॥

ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਹਾਥੀ ਆਦਿ ਦਾਨ ਕਰਦੇ ਹਨ ਅਤੇ ਅਨੇਕ ਸੁਅੰਬਰਾਂ ਦੀ ਵਿਵਸਥਾ ਕਰ ਕੇ (ਇਸਤਰੀਆਂ ਨੂੰ) ਵਰਦੇ ਹਨ;

ਬ੍ਰਹਮ ਮਹੇਸਰ ਬਿਸਨ ਸਚੀਪਤਿ ਅੰਤ ਫਸੇ ਜਮ ਫਾਸ ਪਰੈਂਗੇ ॥

ਪਰ ਜੇ ਉਹ ਬ੍ਰਹਮਾ, ਮਹੇਸ਼ ਅਤੇ ਵਿਸ਼ਣੂ ਅਤੇ ਇੰਦਰ (ਸਚੀ-ਪਤੀ) (ਦਾ ਧਿਆਨ ਧਰਦੇ ਹਨ, ਤਾਂ) ਅੰਤ ਵਿਚ ਜਮਰਾਜ ਦੇ ਫੰਧੇ ਵਿਚ ਫਸਦੇ ਹਨ;

ਜੇ ਨਰ ਸ੍ਰੀ ਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ ਧਰੈਂਗੇ ॥੮॥੨੮॥

ਜਿਹੜੇ ਪੁਰਸ਼ ਮਾਇਆ ਦੇ ਸੁਆਮੀ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦੇ ਹਨ, ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ (ਭਾਵ ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਜਾਣਗੇ) ॥੮॥੨੮॥

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ ॥

ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰ ਕੇ ਬੈਠ ਗਿਆ ਅਤੇ ਬਗਲੇ ਵਾਂਗ ਧਿਆਨ ਲਗਾ ਲਿਆ;

ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ ॥

ਜੇ ਕੋਈ (ਉਮਰ ਭਰ) ਸੱਤ ਸਮੁੰਦਰਾਂ ਵਿਚ ਇਸ਼ਨਾਨ ਕਰਦਾ ਫਿਰਿਆ (ਤਾਂ ਇਹ ਸਮਝ ਲਿਆ ਜਾਵੇ ਕਿ) ਉਸ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ (ਉਸ ਨੇ) ਗੰਵਾਂ ਲਿਆ;

ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ॥

ਬਾਨ-ਪ੍ਰਸਤੀ (ਬਿਖਿਆਨ-ਵੈਖਾਨਸ) ਹੋ ਕੇ ਜੰਗਲਾਂ ਵਿਚ ਨਿਵਾਸ ਕੀਤਾ, ਉਨ੍ਹਾਂ ਨੇ ਵੀ ਇਸ ਤਰ੍ਹਾਂ ਆਪਣੀ ਸਾਰੀ ਉਮਰ (ਵਿਅਰਥ ਵਿਚ) ਬਿਤਾ ਦਿੱਤੀ;

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥

(ਮੈਂ) ਸਚ ਕਹਿੰਦਾ ਹਾਂ, ਸਾਰੇ (ਧਿਆਨ ਨਾਲ) ਸੁਣ ਲਵੋ ਕਿ ਜਿੰਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾਂ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ॥੯॥੨੯॥

ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ॥

ਕਿਸੇ ਨੇ ਸਾਲਗ੍ਰਾਮ ਨੂੰ ਪੂਜ ਕੇ ਸਿਰ ਉਤੇ ਧਾਰਨ ਕਰ ਲਿਆ ਹੈ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿਚ ਲਟਕਾ ਲਿਆ ਹੈ;

ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ ॥

ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵਲ ਸਿਰ ਨਿਵਾਇਆ ਹੈ;

ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ ॥

ਕੋਈ ਮੂਰਖ ਬੁਤਾਂ (ਮੂਰਤੀ) ਨੂੰ ਪੂਜ ਰਿਹਾ ਹੈ ਅਤੇ ਕੋਈ ਕਬਰਾਂ ਨੂੰ ਪੂਜਦਾ ਫਿਰਦਾ ਹੈ;

ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥੩੦॥

ਸਾਰਾ ਸੰਸਾਰ ਕੂੜੀ ਕ੍ਰਿਆ ਵਿਚ ਉਲਝਿਆ ਹੋਇਆ ਹੈ, ਪਰ ਮਾਇਆ ਦੇ ਸੁਆਮੀ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਹੈ ॥੧੦॥੩੦॥

ਤ੍ਵ ਪ੍ਰਸਾਦਿ ॥ ਤੋਮਰ ਛੰਦ ॥

ਤੇਰੀ ਕ੍ਰਿਪਾ ਨਾਲ: ਤੋਮਰ ਛੰਦ:

ਹਰਿ ਜਨਮ ਮਰਨ ਬਿਹੀਨ ॥

ਪਰਮਾਤਮਾ ਜਨਮ-ਮਰਨ ਤੋਂ ਰਹਿਤ ਹੈ,

ਦਸ ਚਾਰ ਚਾਰ ਪ੍ਰਬੀਨ ॥

ਅਠਾਰ੍ਹਾਂ ਵਿਦਿਆਵਾਂ (ਚਾਰ ਵੇਦ, ਛੇ ਵੇਦਾਂਗ, ਮੀਮਾਂਸਾ, ਨਿਆਇ, ਪੁਰਾਣ, ਸਮ੍ਰਿਤੀਆਂ, ਆਯੁਰਵੇਦ, ਧਨੁਰਵੇਦ, ਗੰਧਰਵ ਵੇਦ ਅਤੇ ਨੀਤੀ ਸ਼ਾਸਤ੍ਰ) ਵਿਚ ਪ੍ਰਬੀਨ ਹੈ,

ਅਕਲੰਕ ਰੂਪ ਅਪਾਰ ॥

ਨਿਸ਼ਕਲੰਕ ਰੂਪ ਵਾਲਾ ਅਪਰ ਅਪਾਰ ਹੈ,

ਅਨਛਿਜ ਤੇਜ ਉਦਾਰ ॥੧॥੩੧॥

ਉਸ ਉਦਾਰ ਸਰੂਪ ਵਾਲੇ ਦਾ ਤੇਜ ਕਦੇ ਨਸ਼ਟ ਨਹੀਂ ਹੁੰਦਾ ॥੧॥੩੧॥

ਅਨਭਿਜ ਰੂਪ ਦੁਰੰਤ ॥

(ਉਹ) ਅਭਿਜ ਰੂਪ ਵਾਲਾ ਸਭ ਵਿਚ ਲੁਕਿਆ ਹੋਇਆ (ਦੁਰੰਤ) ਹੈ,

ਸਭ ਜਗਤ ਭਗਤ ਮਹੰਤ ॥

ਸਾਰੇ ਜਗਤ ਦੇ ਭਗਤਾਂ ਦਾ ਸ਼ਿਰੋਮਣੀ ਹੈ,

ਜਸ ਤਿਲਕ ਭੂਭ੍ਰਿਤ ਭਾਨ ॥

ਜਸ ਦਾ ਟਿਕਾ ਹੈ, ਭੂਮੀ ਅਤੇ ਸੂਰਜ ਦਾ ਆਧਾਰ (ਭ੍ਰਿਤ) ਹੈ,

ਦਸ ਚਾਰ ਚਾਰ ਨਿਧਾਨ ॥੨॥੩੨॥

ਅਠਾਰ੍ਹਾਂ ਸਿੱਧੀਆਂ ਦਾ ਭੰਡਾਰ ਹੈ ॥੨॥੩੨॥

ਅਕਲੰਕ ਰੂਪ ਅਪਾਰ ॥

(ਉਹ) ਕਲੰਕ-ਰਹਿਤ ਅਪਰ ਅਪਾਰ ਹੈ,

ਸਭ ਲੋਕ ਸੋਕ ਬਿਦਾਰ ॥

ਸਾਰਿਆਂ ਲੋਕਾਂ ਦੇ ਸੋਗ ਨੂੰ ਨਸ਼ਟ ਕਰਨ ਵਾਲਾ ਹੈ,

ਕਲ ਕਾਲ ਕਰਮ ਬਿਹੀਨ ॥

ਕਲਿਯੁਗ ਦੇ ਕਰਮਕਾਂਡਾਂ ਤੋਂ ਪਰੇ ਹੈ

ਸਭ ਕਰਮ ਧਰਮ ਪ੍ਰਬੀਨ ॥੩॥੩੩॥

ਅਤੇ ਸਾਰੇ ਧਰਮ-ਕਰਮਾਂ ਵਿਚ ਪ੍ਰਬੀਨ ਹੈ ॥੩॥੩੩॥

ਅਨਖੰਡ ਅਤੁਲ ਪ੍ਰਤਾਪ ॥

(ਉਸ ਦਾ) ਪ੍ਰਤਾਪ ਅਖੰਡ ਅਤੇ ਅਤੁਲ (ਨ ਤੁਲਨਾਇਆ ਜਾ ਸਕਣ ਵਾਲਾ) ਹੈ,

ਸਭ ਥਾਪਿਓ ਜਿਹ ਥਾਪ ॥

(ਉਸ ਨੇ) ਸਭ ਸਥਾਪਨਾਵਾਂ ਨੂੰ ਸਥਾਪਿਤ ਕਰ ਰਖਿਆ ਹੈ,

ਅਨਖੇਦ ਭੇਦ ਅਛੇਦ ॥

(ਉਸ) ਖੇਦ ਤੋਂ ਰਹਿਤ ਦਾ ਭੇਦ ਖੋਲ੍ਹਿਆ ਨਹੀਂ ਜਾ ਸਕਦਾ;

ਮੁਖਚਾਰ ਗਾਵਤ ਬੇਦ ॥੪॥੩੪॥

ਚਾਰ ਮੁਖਾਂ ਵਾਲਾ ਬ੍ਰਹਮਾ (ਉਸ ਨੂੰ) ਵੇਦਾਂ ਦੁਆਰਾ ਗਾਉਂਦਾ ਹੈ ॥੪॥੩੪॥

ਜਿਹ ਨੇਤ ਨਿਗਮ ਕਹੰਤ ॥

ਜਿਸ ਨੂੰ ਵੇਦ ('ਨਿਗਮ') ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ,

ਮੁਖਚਾਰ ਬਕਤ ਬਿਅੰਤ ॥

ਚਾਰ ਮੁਖਾਂ ਵਾਲਾ ਬ੍ਰਹਮਾ ਜਿਸ ਨੂੰ ਬੇਅੰਤ ਬੇਅੰਤ ਦਸਦਾ ਹੈ,

ਅਨਭਿਜ ਅਤੁਲ ਪ੍ਰਤਾਪ ॥

ਜੋ ਅਭਿਜ (ਨਿਰਲਿਪਤ) ਅਤੇ ਅਤੁਲ ਪ੍ਰਤਾਪ ਵਾਲਾ ਹੈ,

ਅਨਖੰਡ ਅਮਿਤ ਅਥਾਪ ॥੫॥੩੫॥

ਉਹ ਨਾ ਖੰਡਿਆ ਜਾ ਸਕਣ ਵਾਲਾ, ਸੀਮਾ ਵਿਚ ਨਾ ਬੰਨ੍ਹਿਆ ਜਾ ਸਕਣ ਵਾਲਾ ਅਤੇ ਸਥਾਪਿਤ ਨਾ ਕੀਤਾ ਜਾ ਸਕਣ ਵਾਲਾ ਹੈ ॥੫॥੩੫॥

ਜਿਹ ਕੀਨ ਜਗਤ ਪਸਾਰ ॥

ਜਿਸ ਨੇ ਜਗਤ ਦਾ ਪਸਾਰ ਕੀਤਾ ਹੈ,

ਰਚਿਓ ਬਿਚਾਰ ਬਿਚਾਰ ॥

(ਜਿਸ ਨੇ ਹਰ ਇਕ) ਵਿਚਾਰ ਨੂੰ ਵਿਚਾਰਪੂ ਰਵਕ ਰਚਿਆ ਹੈ,

ਅਨੰਤ ਰੂਪ ਅਖੰਡ ॥

ਜੋ ਅਨੰਤ ਅਤੇ ਅਖੰਡ ਰੂਪ ਵਾਲਾ ਹੈ

ਅਤੁਲ ਪ੍ਰਤਾਪ ਪ੍ਰਚੰਡ ॥੬॥੩੬॥

ਅਤੇ ਜਿਸ ਦਾ ਪ੍ਰਤਾਪ ਅਤੁਲ ਅਤੇ ਪ੍ਰਚੰਡ ਹੈ ॥੬॥੩੬॥

ਜਿਹ ਅੰਡ ਤੇ ਬ੍ਰਹਮੰਡ ॥

ਜਿਸ ਨੇ ਅੰਡੇ ਤੋਂ ਬ੍ਰਹਿਮੰਡ (ਦੀ ਰਚਨਾ ਕੀਤੀ ਹੈ)

ਕੀਨੇ ਸੁ ਚੌਦਹ ਖੰਡ ॥

ਫਿਰ ਚੌਦਾਂ ਖੰਡਾਂ ਨੂੰ ਸਿਰਜਿਆ ਹੈ

ਸਭ ਕੀਨ ਜਗਤ ਪਸਾਰ ॥

ਅਤੇ ਸਾਰੇ ਜਗਤ ਦਾ ਪਸਾਰ ਪਸਾਰਿਆ ਹੈ,

ਅਬਿਯਕਤ ਰੂਪ ਉਦਾਰ ॥੭॥੩੭॥

(ਉਹ) ਅਵਿਅਕਤ (ਅਕਥਨੀ) ਰੂਪ ਵਾਲਾ (ਪ੍ਰਭੂ) ਉਦਾਰ ਹੈ ॥੭॥੩੭॥

ਜਿਹ ਕੋਟਿ ਇੰਦ੍ਰ ਨ੍ਰਿਪਾਰ ॥

ਜਿਸ ਨੇ ਕਰੋੜਾਂ ਇੰਦਰ ਵਰਗੇ ਰਾਜੇ ਬਣਾਏ ਹਨ

ਕਈ ਬ੍ਰਹਮ ਬਿਸਨ ਬਿਚਾਰ ॥

ਅਤੇ ਕਈ ਬ੍ਰਹਮਾ, ਵਿਸ਼ਣੂ ਦੀ ਵਿਚਾਰ ਪੂਰਵਕ (ਰਚਨਾ ਕੀਤੀ ਹੈ)

ਕਈ ਰਾਮ ਕ੍ਰਿਸਨ ਰਸੂਲ ॥

ਕਈ ਰਾਮ, ਕ੍ਰਿਸ਼ਣ, ਰਸੂਲ ਆਦਿ (ਪੈਦਾ ਕੀਤੇ ਹਨ)

ਬਿਨੁ ਭਗਤ ਕੋ ਨ ਕਬੂਲ ॥੮॥੩੮॥

ਪਰ ਬਿਨਾ ਭਗਤੀ ਉਸ ਦੇ ਦੁਆਰ ਤੇ ਕੋਈ ਪ੍ਰਵਾਨ ਨਹੀਂ ਹੁੰਦਾ ॥੮॥੩੮॥

ਕਈ ਸਿੰਧ ਬਿੰਧ ਨਗਿੰਦ੍ਰ ॥

ਜਿਸ ਨੇ ਕਈ ਸਮੁੰਦਰ, ਸੁਮੇਰ ਵਰਗੇ ਪਰਬਤ (ਬਣਾਏ ਹਨ)

ਕਈ ਮਛ ਕਛ ਫਨਿੰਦ੍ਰ ॥

ਕਈ ਮੱਛ, ਕੱਛ ਅਤੇ ਸ਼ੇਸ਼ਨਾਗ (ਰਚੇ ਹਨ)

ਕਈ ਦੇਵ ਆਦਿ ਕੁਮਾਰ ॥

ਕਈ ਦੇਵਤੇ ਅਤੇ ਸਨਕਾਦਿਕ (ਸਿਰਜੇ ਹਨ)

ਕਈ ਕ੍ਰਿਸਨ ਬਿਸਨ ਅਵਤਾਰ ॥੯॥੩੯॥

ਕਈ ਕ੍ਰਿਸ਼ਣ, ਵਿਸ਼ਣੂ ਆਦਿ ਅਵਤਾਰਾਂ ਨੂੰ ਅਵਤਰਿਤ ਕੀਤਾ ਹੈ ॥੯॥੩੯॥

ਕਈ ਇੰਦ੍ਰ ਬਾਰ ਬੁਹਾਰ ॥

ਉਸ ਦੇ ਦੁਆਰ ਉਤੇ ਕਈ ਇੰਦਰ ਝਾੜੂ ਦਿੰਦੇ ਹਨ,

ਕਈ ਬੇਦ ਅਉ ਮੁਖਚਾਰ ॥

ਕਈ ਵੇਦ ਅਤੇ ਬ੍ਰਹਮਾ ਹਨ,

ਕਈ ਰੁਦ੍ਰ ਛੁਦ੍ਰ ਸਰੂਪ ॥

ਕਈ ਤੁੱਛ ਰੂਪ ਵਾਲੇ ਰੁਦ੍ਰ ਹਨ,

ਕਈ ਰਾਮ ਕ੍ਰਿਸਨ ਅਨੂਪ ॥੧੦॥੪੦॥

ਕਈ ਅਨੂਪਮ ਰੂਪ ਵਾਲੇ ਕ੍ਰਿਸ਼ਣ ਅਤੇ ਰਾਮ ਹਨ ॥੧੦॥੪੦॥

ਕਈ ਕੋਕ ਕਾਬ ਭਣੰਤ ॥

ਕਈ ਕੋਕ-ਸ਼ਾਸਤ੍ਰ ਅਤੇ ਕਾਵਿ ਨੂੰ ਪੜ੍ਹਦੇ ਹਨ,

ਕਈ ਬੇਦ ਭੇਦ ਕਹੰਤ ॥

ਕਈ ਵੇਦਾਂ ਦੇ ਰਹੱਸ ਨੂੰ ਪ੍ਰਗਟ ਕਰਦੇ ਹਨ (ਵਿਆਖਿਆ ਕਰਦੇ ਹਨ)

ਕਈ ਸਾਸਤ੍ਰ ਸਿੰਮ੍ਰਿਤਿ ਬਖਾਨ ॥

ਕਿਤਨੇ ਹੀ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਬਖਾਨ ਕਰਦੇ ਹਨ,

ਕਹੂੰ ਕਥਤ ਹੀ ਸੁ ਪੁਰਾਨ ॥੧੧॥੪੧॥

ਅਤੇ ਕਿਤਨੇ ਹੀ ਪੁਰਾਣਾਂ ਦੀ ਕਥਾ ਕਰਦੇ ਹਨ ॥੧੧॥੪੧॥

ਕਈ ਅਗਨ ਹੋਤ੍ਰ ਕਰੰਤ ॥

ਕਿਤਨੇ ਹੀ ਹੋਮ ਕਰਦੇ ਹਨ,

ਕਈ ਉਰਧ ਤਾਪ ਦੁਰੰਤ ॥

ਕਿਤਨੇ ਹੀ ਪੁਠੇ ਲਟਕ ਕੇ ਕਠਿਨ ਤਪ ਕਰਦੇ ਹਨ,

ਕਈ ਉਰਧ ਬਾਹੁ ਸੰਨਿਆਸ ॥

ਕਈ ਬਾਂਹਵਾਂ ਨੂੰ ਉੱਚਾ ਉਠਾ ਕੇ (ਤਪਸਿਆ ਕਰਨ ਵਾਲੇ) ਸੰਨਿਆਸੀ ਹਨ,

ਕਹੂੰ ਜੋਗ ਭੇਸ ਉਦਾਸ ॥੧੨॥੪੨॥

ਕਈ ਜੋਗੀਆਂ ਦੇ ਭੇਸ ਵਿਚ ਨਿਰਲਿਪਤ ਫਿਰਦੇ ਹਨ ॥੧੨॥੪੨॥

ਕਹੂੰ ਨਿਵਲੀ ਕਰਮ ਕਰੰਤ ॥

ਕਿਤੇ ਕੋਈ ਨੌਲੀ-ਕਰਮ ਕਰਦੇ ਹਨ,

ਕਹੂੰ ਪਉਨ ਅਹਾਰ ਦੁਰੰਤ ॥

ਕਿਤੇ ਕੋਈ ਕਠਿਨ ਪੌਣ-ਆਹਾਰ ਕਰਦੇ ਹਨ,

ਕਹੂੰ ਤੀਰਥ ਦਾਨ ਅਪਾਰ ॥

ਕਈ ਤੀਰਥਾਂ ਉਤੇ ਅਪਾਰ ਦਾਨ ਕਰਦੇ ਹਨ

ਕਹੂੰ ਜਗ ਕਰਮ ਉਦਾਰ ॥੧੩॥੪੩॥

ਅਤੇ ਕਈ ਉਦਾਰਤਾ ਪੂਰਵਕ ਯੱਗ-ਕਰਮ ਕਰਦੇ ਹਨ ॥੧੩॥੪੩॥

ਕਹੂੰ ਅਗਨ ਹੋਤ੍ਰ ਅਨੂਪ ॥

ਕਿਤੇ ਅਨੂਪ ਹਵਨ ('ਅਗਨੀ-ਹੋਤ੍ਰ') ਹੁੰਦੇ ਹਨ,

ਕਹੂੰ ਨਿਆਇ ਰਾਜ ਬਿਭੂਤ ॥

ਕਿਤੇ ਰਾਜ-ਸੰਪਦਾ ਕਾਰਨ ਨਿਆਂ ਹੁੰਦਾ ਹੈ,

ਕਹੂੰ ਸਾਸਤ੍ਰ ਸਿੰਮ੍ਰਿਤਿ ਰੀਤ ॥

ਕਿਤੇ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦੀ ਵਿਧੀ ਹੁੰਦੀ ਹੈ

ਕਹੂੰ ਬੇਦ ਸਿਉ ਬਿਪ੍ਰੀਤ ॥੧੪॥੪੪॥

ਅਤੇ ਕਿਤੇ ਵੇਦਾਂ ਦੇ ਉਲਟ ਰੀਤਾਂ ਹੁੰਦੀਆਂ ਹਨ ॥੧੪॥੪੪॥

ਕਈ ਦੇਸ ਦੇਸ ਫਿਰੰਤ ॥

ਕਈ ਦੇਸ-ਦੇਸਾਂਤਰਾਂ ਵਿਚ ਫਿਰਦੇ ਹਨ,

ਕਈ ਏਕ ਠੌਰ ਇਸਥੰਤ ॥

ਕਈ ਇਕੋ ਸਥਾਨ ਉਤੇ ਸਥਿਤ ਹਨ,

ਕਹੂੰ ਕਰਤ ਜਲ ਮਹਿ ਜਾਪ ॥

ਕਈ ਪਾਣੀ ਵਿਚ (ਖੜੇ ਹੋ ਕੇ) ਜਾਪ ਕਰਦੇ ਹਨ,

ਕਹੂੰ ਸਹਤ ਤਨ ਪਰ ਤਾਪ ॥੧੫॥੪੫॥

ਕਈ ਸ਼ਰੀਰ ਉਤੇ ਧੁਪ ('ਤਾਪ') ਸਹਿਨ ਕਰਦੇ ਹਨ ॥੧੫॥੪੫॥

ਕਹੂੰ ਬਾਸ ਬਨਹਿ ਕਰੰਤ ॥

ਕਿਤੇ (ਕਈ) ਬਨਾਂ ਵਿਚ ਵਾਸ ਕਰਦੇ ਹਨ,

ਕਹੂੰ ਤਾਪ ਤਨਹਿ ਸਹੰਤ ॥

ਕਿਤੇ (ਕਈ) ਸ਼ਰੀਰ ਉਤੇ ਗਰਮੀ ਸਹਿੰਦੇ ਹਨ,

ਕਹੂੰ ਗ੍ਰਿਹਸਤ ਧਰਮ ਅਪਾਰ ॥

ਕਿਤੇ (ਕਈ) ਗ੍ਰਿਹਸਥ ਧਰਮ ਦੀ ਪਾਲਨਾ ਕਰਦੇ ਹਨ

ਕਹੂੰ ਰਾਜ ਰੀਤ ਉਦਾਰ ॥੧੬॥੪੬॥

ਅਤੇ ਕਈ ਰਾਜਨੀਤੀ ਦਾ ਉਦਾਰਤਾ ਪੂਰਵਕ ਨਿਰਵਾਹ ਕਰਦੇ ਰਹੇ ਹਨ ॥੧੬॥੪੬॥

ਕਹੂੰ ਰੋਗ ਰਹਤ ਅਭਰਮ ॥

ਕਿਤੇ (ਕਈ) ਰੋਗ ਅਤੇ ਭਰਮ ਤੋਂ ਰਹਿਤ ਹਨ,

ਕਹੂੰ ਕਰਮ ਕਰਤ ਅਕਰਮ ॥

ਕਿਤੇ (ਕਈ) ਨਾ ਕੀਤੇ ਜਾਣ ਵਾਲੇ ਕਰਮ ਕਰਦੇ ਹਨ,

ਕਹੂੰ ਸੇਖ ਬ੍ਰਹਮ ਸਰੂਪ ॥

ਕਿਤੇ (ਕਈ) ਸ਼ੇਸ਼ਨਾਗ ਬ੍ਰਹਮ-ਸਰੂਪ ਹਨ,

ਕਹੂੰ ਨੀਤ ਰਾਜ ਅਨੂਪ ॥੧੭॥੪੭॥

ਕਿਤੇ ਅਨੂਪਮ ਨੀਤੀਵਾਨ ਹਨ ॥੧੭॥੪੭॥

ਕਹੂੰ ਰੋਗ ਸੋਗ ਬਿਹੀਨ ॥

ਕਿਤੇ ਰੋਗ ਅਤੇ ਸੋਗ ਤੋਂ ਰਹਿਤ ਹਨ,

ਕਹੂੰ ਏਕ ਭਗਤ ਅਧੀਨ ॥

ਕਿਤੇ (ਕਈ) ਇਕ-ਮਾਤਰ ਭਗਤੀ ਦੇ ਵਸ ਵਿਚ ਹਨ,

ਕਹੂੰ ਰੰਕ ਰਾਜ ਕੁਮਾਰ ॥

ਕਿਤੇ (ਕਈ) ਨਿਰਧਨ (ਅਤੇ ਕਿਤੇ) ਰਾਜ ਕੁਮਾਰ ਹਨ,

ਕਹੂੰ ਬੇਦ ਬਿਆਸ ਅਵਤਾਰ ॥੧੮॥੪੮॥

ਕਿਤੇ (ਕਈ) ਵੇਦ ਵਿਆਸ ਦਾ ਅਵਤਾਰ ਹਨ ॥੧੮॥੪੮॥

ਕਈ ਬ੍ਰਹਮ ਬੇਦ ਰਟੰਤ ॥

ਕਈ ਬ੍ਰਹਮੇ ਵੇਦਾਂ ਨੂੰ ਪੜ੍ਹ ਰਹੇ ਹਨ,

ਕਈ ਸੇਖ ਨਾਮ ਉਚਰੰਤ ॥

ਕਈ ਸ਼ੇਸ਼ਨਾਗ ਨਾਮ ਦਾ ਉੱਚਾਰਨ ਕਰ ਰਹੇ ਹਨ;

ਬੈਰਾਗ ਕਹੂੰ ਸੰਨਿਆਸ ॥

ਕਿਤੇ (ਕੋਈ) ਵੈਰਾਗੀ ਹੈ ਅਤੇ ਕਿਤੇ ਸੰਨਿਆਸੀ,

ਕਹੂੰ ਫਿਰਤ ਰੂਪ ਉਦਾਸ ॥੧੯॥੪੯॥

ਕਿਤੇ ਕੋਈ (ਤਪਸਵੀ) ਸੰਸਾਰ ਤੋਂ ਉਪਰਾਮ ਹੋ ਕੇ ਫਿਰ ਰਿਹਾ ਹੈ ॥੧੯॥੪੯॥

ਸਭ ਕਰਮ ਫੋਕਟ ਜਾਨ ॥

(ਪਿਛੇ ਦਸੇ) ਸਾਰੇ ਕਰਮ ਵਿਅਰਥ ਸਮਝੋ,

ਸਭ ਧਰਮ ਨਿਹਫਲ ਮਾਨ ॥

ਸਾਰੇ ਧਰਮ ਨਿਸਫਲ ਮਨੋ,

ਬਿਨ ਏਕ ਨਾਮ ਅਧਾਰ ॥

ਇਕ ਨਾਮ ਦੇ ਆਧਾਰ ਤੋਂ ਬਿਨਾ

ਸਭ ਕਰਮ ਭਰਮ ਬਿਚਾਰ ॥੨੦॥੫੦॥

ਸਾਰੇ ਕਰਮਾਂ ਨੂੰ ਭਰਮ ਮਾਤਰ ਸਮਝਣਾ ਚਾਹੀਦਾ ਹੈ ॥੨੦॥੫੦॥

ਤ੍ਵ ਪ੍ਰਸਾਦਿ ॥ ਲਘੁ ਨਿਰਾਜ ਛੰਦ ॥

ਲਘੁ ਨਰਾਜ ਛੰਦ: ਤੇਰੀ ਕ੍ਰਿਪਾ ਨਾਲ:

ਜਲੇ ਹਰੀ ॥

ਜਲ ਵਿਚ ਹਰੀ ਹੈ,

ਥਲੇ ਹਰੀ ॥

ਥਲ ਵਿਚ ਹਰੀ ਹੈ,

ਉਰੇ ਹਰੀ ॥

ਹਿਰਦੇ ਵਿਚ ਹਰੀ ਹੈ

ਬਨੇ ਹਰੀ ॥੧॥੫੧॥

ਅਤੇ ਜੰਗਲਾਂ ਵਿਚ ਵੀ ਹਰੀ ਹੀ ਹੈ ॥੧॥੫੧॥

ਗਿਰੇ ਹਰੀ ॥

ਪਰਬਤਾਂ ਵਿਚ ਹਰੀ ਹੈ,

ਗੁਫੇ ਹਰੀ ॥

ਗੁਫਾਵਾਂ ਵਿਚ ਹਰੀ ਹੈ,

ਛਿਤੇ ਹਰੀ ॥

ਧਰਤੀ ('ਛਿਤ') ਵਿਚ ਹਰੀ ਹੈ,

ਨਭੇ ਹਰੀ ॥੨॥੫੨॥

ਆਕਾਸ਼ ਵਿਚ ਹਰੀ ਹੈ ॥੨॥੫੨॥

ਈਹਾਂ ਹਰੀ ॥

ਇਸ ਲੋਕ ਵਿਚ ਹਰੀ ਹੈ,

ਊਹਾਂ ਹਰੀ ॥

ਪਰਲੋਕ ਵਿਚ ਹਰੀ ਹੈ,

ਜਿਮੀ ਹਰੀ ॥

ਜ਼ਮੀਨ ਉਤੇ ਹਰੀ ਹੈ,

ਜਮਾ ਹਰੀ ॥੩॥੫੩॥

ਆਕਾਸ਼ ਵਿਚ ਵੀ ਹਰੀ ਹੈ ॥੩॥੫੩॥

ਅਲੇਖ ਹਰੀ ॥

ਹਰੀ ਲੇਖ ਤੋਂ ਬਿਨਾ ਹੈ,

ਅਭੇਖ ਹਰੀ ॥

ਹਰੀ ਭੇਖ ਤੋਂ ਬਿਨਾ ਹੈ,

ਅਦੋਖ ਹਰੀ ॥

ਹਰੀ ਦੋਖ ਤੋਂ ਬਿਨਾ ਹੈ,

ਅਦ੍ਵੈਖ ਹਰੀ ॥੪॥੫੪॥

ਹਰੀ ਦ੍ਵੈਤਭਾਵ ਤੋਂ ਬਿਨਾ ਹੈ ॥੪॥੫੪॥

ਅਕਾਲ ਹਰੀ ॥

ਹਰੀ ਕਾਲ-ਰਹਿਤ ਹੈ,

ਅਪਾਲ ਹਰੀ ॥

ਹਰੀ ਪਾਲਣ-ਪੋਸ਼ਣ ਤੋਂ ਰਹਿਤ ਹੈ,

ਅਛੇਦ ਹਰੀ ॥

ਹਰੀ ਛੇਦਿਆਂ ਨਹੀਂ ਜਾ ਸਕਦਾ,

ਅਭੇਦ ਹਰੀ ॥੫॥੫੫॥

ਹਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ ॥੫॥੫੫॥

ਅਜੰਤ੍ਰ ਹਰੀ ॥

ਹਰੀ ਜੰਤ੍ਰਾਂ ਤੋਂ ਰਹਿਤ ਹੈ,

ਅਮੰਤ੍ਰ ਹਰੀ ॥

ਹਰੀ ਮੰਤ੍ਰਾਂ ਤੋਂ ਰਹਿਤ ਹੈ,

ਸੁ ਤੇਜ ਹਰੀ ॥

ਹਰੀ ਵੱਡੇ ਤੇਜ ਵਾਲਾ ਹੈ,

ਅਤੰਤ੍ਰ ਹਰੀ ॥੬॥੫੬॥

ਹਰੀ ਤੰਤ੍ਰਾਂ ਤੋਂ ਰਹਿਤ ਹੈ ॥੬॥੫੬॥

ਅਜਾਤ ਹਰੀ ॥

ਹਰੀ ਜਨਮ ਤੋਂ ਰਹਿਤ ਹੈ,

ਅਪਾਤ ਹਰੀ ॥

ਹਰੀ ਬਰਾਦਰੀ ਤੋਂ ਰਹਿਤ (ਅਪਾਤਿ) ਹੈ,

ਅਮਿਤ੍ਰ ਹਰੀ ॥

ਹਰੀ ਮਿਤਰ ਤੋਂ ਬਿਨਾ ਹੈ,

ਅਮਾਤ ਹਰੀ ॥੭॥੫੭॥

ਹਰੀ ਮਾਤਾ ਤੋਂ ਬਿਨਾ ਹੈ ॥੭॥੫੭॥

ਅਰੋਗ ਹਰੀ ॥

ਹਰੀ ਰੋਗ ਤੋਂ ਰਹਿਤ ਹੈ,

ਅਸੋਗ ਹਰੀ ॥

ਹਰੀ ਸੋਗ ਤੋਂ ਰਹਿਤ ਹੈ,

ਅਭਰਮ ਹਰੀ ॥

ਹਰੀ ਭਰਮ ਤੋਂ ਰਹਿਤ ਹੈ,

ਅਕਰਮ ਹਰੀ ॥੮॥੫੮॥

ਹਰੀ ਕਰਮਾਂ ਤੋਂ ਵੀ ਪਰੇ ਹੈ ॥੮॥੫੮॥

ਅਜੈ ਹਰੀ ॥

ਹਰੀ ਅਜਿਤ ਹੈ,

ਅਭੈ ਹਰੀ ॥

ਹਰੀ ਭੈ-ਰਹਿਤ ਹੈ,

ਅਭੇਦ ਹਰੀ ॥

ਹਰੀ ਭੇਦ (ਖੰਡ ਖੰਡ ਕਰਨ ਦੀ ਕ੍ਰਿਆ) ਤੋਂ ਰਹਿਤ ਹੈ,

ਅਛੇਦ ਹਰੀ ॥੯॥੫੯॥

ਹਰੀ ਨਾਸ਼ ਤੋਂ ਰਹਿਤ ਹੈ ॥੯॥੫੯॥

ਅਖੰਡ ਹਰੀ ॥

ਹਰੀ ਖੰਡਿਆ ਨਹੀਂ ਜਾ ਸਕਦਾ,

ਅਭੰਡ ਹਰੀ ॥

ਹਰੀ ਭੰਡਿਆ ਨਹੀਂ ਜਾ ਸਕਦਾ,

ਅਡੰਡ ਹਰੀ ॥

ਹਰੀ ਨੂੰ ਦੰਡਿਤ ਨਹੀਂ ਕੀਤਾ ਜਾ ਸਕਦਾ,

ਪ੍ਰਚੰਡ ਹਰੀ ॥੧੦॥੬੦॥

ਹਰੀ ਪ੍ਰਚੰਡ ਤੇਜ ਵਾਲਾ ਹੈ ॥੧੦॥੬੦॥

ਅਤੇਵ ਹਰੀ ॥

ਹਰੀ ਬਹੁਤ ਮਹਾਨ ਹੈ,

ਅਭੇਵ ਹਰੀ ॥

ਹਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ,

ਅਜੇਵ ਹਰੀ ॥

ਹਰੀ ਅਜਿਤ ਹੈ,

ਅਛੇਵ ਹਰੀ ॥੧੧॥੬੧॥

ਹਰੀ ਛੇਦਿਆ ਨਹੀਂ ਜਾ ਸਕਦਾ ॥੧੧॥੬੧॥

ਭਜੋ ਹਰੀ ॥

ਹਰੀ ਦਾ ਭਜਨ ਕਰੋ,

ਥਪੋ ਹਰੀ ॥

ਹਰੀ ਨੂੰ (ਹਿਰਦੇ ਵਿਚ) ਟਿਕਾਓ,

ਤਪੋ ਹਰੀ ॥

ਹਰੀ ਦੀ ਤਪਸਿਆ ਕਰੋ,

ਜਪੋ ਹਰੀ ॥੧੨॥੬੨॥

ਹਰੀ ਦਾ ਜਾਪ ਕਰੋ ॥੧੨॥੬੨॥

ਜਲਸ ਤੁਹੀਂ ॥

(ਹੇ ਹਰੀ!) ਤੂੰ ਹੀ ਜਲ ਹੈਂ,

ਥਲਸ ਤੁਹੀਂ ॥

ਤੂੰ ਹੀ ਥਲ ਹੈਂ,

ਨਦਿਸ ਤੁਹੀਂ ॥

ਤੂੰ ਹੀ ਨਦੀ ਹੈਂ,

ਨਦਸ ਤੁਹੀਂ ॥੧੩॥੬੩॥

ਤੂੰ ਹੀ ਸਮੁੰਦਰ ਹੈਂ ॥੧੩॥੬੩॥

ਬ੍ਰਿਛਸ ਤੁਹੀਂ ॥

ਤੂੰ ਹੀ ਬ੍ਰਿਛ ਹੈਂ,

ਪਤਸ ਤੁਹੀਂ ॥

ਤੂੰ ਹੀ ਪੱਤਰ ਹੈਂ,

ਛਿਤਸ ਤੁਹੀਂ ॥

ਤੂੰ ਹੀ ਧਰਤੀ ਹੈ

ਉਰਧਸ ਤੁਹੀਂ ॥੧੪॥੬੪॥

ਅਤੇ ਤੂੰ ਹੀ ਆਕਾਸ਼ ਹੈਂ ॥੧੪॥੬੪॥

ਭਜਸ ਤੁਅੰ ॥

(ਮੈਂ) ਤੈਨੂੰ ਭਜਦਾ ਹਾਂ,

ਭਜਸ ਤੁਅੰ ॥

ਤੈਨੂੰ ਭਜਦਾ ਹਾਂ,

ਰਟਸ ਤੁਅੰ ॥

ਤੈਨੂੰ ਜਪਦਾ ਹਾਂ,

ਠਟਸ ਤੁਅੰ ॥੧੫॥੬੫॥

ਤੈਨੂੰ ਹੀ ਸੁਰਤਿ ਵਿਚ ਟਿਕਾਉਂਦਾ ਹਾਂ ॥੧੫॥੬੫॥

ਜਿਮੀ ਤੁਹੀਂ ॥

ਤੂੰ ਹੀ ਜ਼ਮੀਨ ਹੈਂ,

ਜਮਾ ਤੁਹੀਂ ॥

ਤੂੰ ਹੀ ਆਕਾਸ਼ ਹੈਂ,

ਮਕੀ ਤੁਹੀਂ ॥

ਤੂੰ ਹੀ ਮਕਾਨ ਵਾਲਾ ਹੈ

ਮਕਾ ਤੁਹੀਂ ॥੧੬॥੬੬॥

ਅਤੇ ਖ਼ੁਦ ਹੀ ਮਕਾਨ ਹੈਂ ॥੧੬॥੬੬॥

ਅਭੂ ਤੁਹੀਂ ॥

ਤੂੰ ਹੀ ਜਨਮ ਤੋਂ ਬਿਨਾ ਹੈਂ,

ਅਭੈ ਤੁਹੀਂ ॥

ਤੂੰ ਹੀ ਡਰ ਤੋਂ ਰਹਿਤ ਹੈਂ,

ਅਛੂ ਤੁਹੀਂ ॥

ਤੂੰ ਹੀ ਛੋਹ ਤੋਂ ਪਰੇ ਹੈਂ,

ਅਛੈ ਤੁਹੀਂ ॥੧੭॥੬੭॥

ਤੂੰ ਹੀ ਨਾਸ਼ ਤੋਂ ਮੁਕਤ ਹੈਂ ॥੧੭॥੬੭॥

ਜਤਸ ਤੁਹੀਂ ॥

ਤੂੰ ਹੀ ਜਤ ਹੈਂ,

ਬ੍ਰਤਸ ਤੁਹੀਂ ॥

ਤੂੰ ਹੀ ਬ੍ਰਤ ਹੈਂ,

ਗਤਸ ਤੁਹੀਂ ॥

ਤੂੰ ਹੀ ਗਤੀ ਹੈਂ

ਮਤਸ ਤੁਹੀਂ ॥੧੮॥੬੮॥

ਅਤੇ ਤੂੰ ਹੀ ਗਿਆਨ ਹੈ ॥੧੮॥੬੮॥

ਤੁਹੀਂ ਤੁਹੀਂ ॥

ਤੂੰ ਹੀ, ਤੂੰ ਹੀ,


Flag Counter