ਉਥੇ ਲਹੂ ਦੀ ਨਦੀ ਖ਼ੂਬ ਸ਼ੋਰ ਮਚਾ ਕੇ ਵਗ ਰਹੀ ਹੈ
ਜਿਸ ਵਿਚ ਵੈਤਰਨੀ ਨਦੀ ਵਾਂਗ ਚਰਬੀ, ਮਾਸ, ਮਿਝ ਆਦਿ ਬਹੁਤ ਹੈ ॥੧੬੦੭॥
ਕਬਿੱਤ:
ਬਹੁਤ ਭਿਆਨਕ ਯੁੱਧ ਹੋਇਆ ਹੈ; ਦਿਲਾਵਰ ਖ਼ਾਨ ਅਤੇ ਦਲੇਲ ਖ਼ਾਨ ਨੇ ਬਾਜ਼ਾਂ ਵਾਂਗ ਰਣ-ਭੂਮੀ ਵਿਚ ਝਪਟੇ ਮਾਰੇ ਹਨ।
ਸੂਰਮਿਆਂ ਦੀ ਖ਼ਾਰਬਾਜ਼ੀ ਜ਼ਰਾ ਜਿੰਨੀ ਵੀ ਘਟੀ ਨਹੀਂ ਹੈ ਅਤੇ ਉਨ੍ਹਾਂ ਦੇ ਮੁਖਾਂ ਦੀ ਚਮਕ ਕੁਝ ਕੁ ਘਟੀ ਹੋਈ ਲਗਦੀ ਹੈ।
ਰਾਜਾ (ਖੜਗ ਸਿੰਘ) ਨੇ ਕ੍ਰਿਪਾਨ ਨੂੰ ਸੰਭਾਲ ਕੇ ਅਤੇ ਹੱਥ ਵਿਚ ਸੂਤ ਕੇ ਅਤੇ ਅਭਿਮਾਨ ਵਸ ਹੋ ਕੇ ਬਚੀ ਖੁਚੀ ਸੈਨਾ ਨੂੰ ਵੀ ਨਸ਼ਟ ਕਰ ਦਿੱਤਾ ਹੈ।
ਕਿਤੇ ਘੋੜੇ ਮਰੇ ਪਏ ਹਨ, ਕਿਤੇ ਵੱਡੇ ਵੱਡੇ ਹਾਥੀ ਡਿਗੇ ਪਏ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਾਜੇ ਨੇ ਬਨ ਦੀ ਕਟਾਈ ਵਾਂਗ ਯੋਧਿਆਂ ਦੀ ਕਟਾਈ ਕੀਤੀ ਹੋਵੇ ॥੧੬੦੮॥
ਦੋਹਰਾ:
ਖੜਗ ਸਿੰਘ ਨੇ ਉਸ ਵੇਲੇ ਤਲਵਾਰ ਪਕੜ ਕੇ ਅਤੇ ਚਿਤ ਵਿਚ ਕ੍ਰੋਧ ਵਧਾ ਕੇ
ਮਲੇਛਾਂ ਦੀ ਸੈਨਾ ਨੂੰ ਮਾਰ ਕੇ ਯਮ ਲੋਕ ਵਿਚ ਭੇਜ ਦਿੱਤਾ ਹੈ ॥੧੬੦੯॥
ਸੋਰਠਾ:
ਜਦੋਂ ਰਾਜਾ (ਖੜਗ ਸਿੰਘ) ਨੇ ਦੋ ਅਛੋਹਣੀ ਮਲੇਛ ਸੈਨਾ ਮਾਰ ਦਿੱਤੀ
ਅਤੇ ਜੋ ਹੋਰ ਸੂਰਮੇ ਸਨ, (ਉਹ) ਘਰਾਂ ਨੂੰ ਚਲ ਪਏ। ਕਵੀ ਨੇ (ਉਨ੍ਹਾਂ ਦੇ) ਨਾਂ ਕਹੇ ਹਨ ॥੧੬੧੦॥
ਸਵੈਯਾ:
ਭੀਮ ਸੈਨ ਹੱਥ ਵਿਚ ਵੱਡੀ ਗਦਾ ਲੈ ਕੇ ਅਤੇ ਅਰਜਨ ਲਕ ਨਾਲ ਭੱਥਾ ('ਇਖੁਧੀ') ਬੰਨ੍ਹ ਕੇ ਧਾ ਕੇ ਆ ਪਏ ਹਨ।
ਰਾਜਾ ਯੁਧਿਸ਼ਟਰ ਹੱਥ ਵਿਚ ਧਨੁਸ਼ ਬਾਣ ਲੈ ਕੇ ਅਤੇ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ ਚਲਿਆ ਹੈ।
ਦੋਹਾਂ ਬਲਵਾਨ ਭਰਾਵਾਂ ਨੂੰ ਨਾਲ ਲਿਆ ਹੋਇਆ ਹੈ ਅਤੇ ਹੋਰ ਵੀ ਜਿਤਨੀ ਸੈਨਾ ਸੀ, (ਉਸ ਨੂੰ ਵੀ) ਨਾਲ ਬੁਲਾ ਲਿਆ ਹੈ।
ਇਸ ਤਰ੍ਹਾਂ ਨਾਲ (ਉਨ੍ਹਾਂ ਨੇ) ਲੜਾਈ ਕੀਤੀ ਹੈ ਜਿਉਂ ਬ੍ਰਿਤਰਾਸੁਰ ਨਾਲ ਇੰਦਰ ਨੇ ਕ੍ਰੋਧਿਤ ਹੋ ਕੇ ਯੁੱਧ ਮਚਾਇਆ ਸੀ ॥੧੬੧੧॥
ਸੋਰਠਾ:
ਮਨ ਵਿਚ ਕ੍ਰੋਧ ਵਧਾ ਕੇ ਅਤੇ ਸਾਰਿਆਂ ਯੋਧਿਆਂ ਨੂੰ ਸੁਣਾ ਕੇ
ਖੜਗ ਸਿੰਘ ਸਾਹਮਣੇ ਆ ਕੇ ਕ੍ਰਿਸ਼ਨ ਨੂੰ ਕਹਿਣ ਲਗਾ ॥੧੬੧੨॥
ਖੜਗ ਸਿੰਘ ਸਾਰਿਆਂ ਸੂਰਮਿਆਂ ਨੂੰ ਕਹਿਣ ਲਗਾ:
ਸਵੈਯਾ:
ਪੱਛਮ ਵਲੋਂ ਜੇ ਕਦੇ ਸੂਰਜ ਚੜ੍ਹ ਪਵੇ ਅਤੇ ਗੰਗਾ ਉਲਟੀ ਵਹਿ ਤੁਰੇ (ਇਹ ਵਿਚਾਰ) ਮਨ ਵਿਚ ਆ ਜਾਵੇ;
ਜੇਠ ਦੇ ਮਹੀਨੇ ਵਿਚ ਬਰਫ ਪੈ ਜਾਵੇ ਅਤੇ ਬਸੰਤ ਦੀ ਹਵਾ ਬਨ ਨੂੰ ਫੂਕ ਸੁਟੇ;
ਧ੍ਰੂਹ ਲੋਕ ਹਿਲ ਜਾਵੇ, ਜਲ ਦੀ ਥਾਂ ਥਲ ਹੋ ਜਾਵੇ, ਥਲ ਦੀ ਥਾਂ ਜਲ ਹੋ ਜਾਵੇ;
ਸੁਮੇਰ ਪਰਬਤ ਖੰਭ ਲਾ ਕੇ ਉਡ ਜਾਵੇ (ਅਜਿਹੀਆਂ ਅਸੰਭਵ ਗੱਲਾਂ ਦੇ ਸੰਭਵ ਹੋ ਜਾਣ ਤੇ ਵੀ) ਖੜਗ ਸਿੰਘ (ਯੁੱਧ-ਭੂਮੀ ਵਿਚ) ਪਿਠ ਨਹੀਂ ਵਿਖਾਵੇਗਾ ॥੧੬੧੩॥
ਇਸ ਤਰ੍ਹਾਂ ਕਹਿ ਕੇ (ਰਾਜੇ ਨੇ) ਧਨੁਸ਼ ਨੂੰ ਫੜ ਕੇ, ਵੇਖ ਵੇਖ ਕੇ ਅਤੇ ਚਾਹ ਨਾਲ ਭਰ ਕੇ ਬਹੁਤ ਸਾਰੇ ਵੀਰ ਯੋਧੇ ਮਾਰ ਸੁਟੇ ਹਨ।
ਇਕ ਭਜ ਕੇ, ਫਿਰ ਸਾਹਮਣੇ ਆਉਂਦੇ ਹਨ। ਇਕ ਸੂਰਮੇ ਭਜ ਗਏ ਹਨ ਅਤੇ ਇਕ ਟਲ ਗਏ ਹਨ।
ਬਹੁਤ ਬਲਵਾਨਾਂ ਨੂੰ ਧਰਤੀ ਉਤੇ ਪਟਕਿਆ ਹੈ। ਅਜਿਹੀ ਸਥਿਤੀ ਨੂੰ ਵੇਖ ਕੇ ਬਹੁਤ ਸਾਰੇ ਸੂਰਮੇ ਪਿਛੇ ਹਟ ਗਏ ਹਨ।
ਕਵੀ ਸ਼ਿਆਮ ਕਹਿੰਦੇ ਹਨ, ਉਸ ਯੁੱਧ ਵਿਚ ਕੋਈ ਟੁਟੇ ਭਜੇ ਯੋਧੇ ਹੀ (ਬਾਕੀ) ਰਹਿ ਗਏ ਹਨ ॥੧੬੧੪॥
ਉਸ (ਖੜਗ ਸਿੰਘ) ਨੇ ਅਰਜਨ ਦਾ ਧਨੁਸ਼ ਤੋੜ ਸੁਟਿਆ ਹੈ ਅਤੇ ਫਿਰ ਭੀਮ ਸੈਨ ਦੀ ਗਦਾ ਨੂੰ ਵੀ ਕਟ ਕੇ ਸੁਟ ਦਿੱਤਾ ਹੈ।
ਰਾਜੇ ਯੁਧਿਸ਼ਠਰ ਦੀ ਤਲਵਾਰ ਕਟੀ ਗਈ ਹੈ ਅਤੇ ਪਤਾ ਨਹੀਂ ਲਗਦਾ ਕਿਥੇ (ਟੁਟ ਕੇ) ਜਾ ਪਈ ਹੈ।
ਰਾਜੇ ਯੁਧਿਸ਼ਠਰ ਦੇ ਦੋਵੇਂ ਭਰਾ ਅਤੇ ਬਹੁਤ ਸਾਰੀ ਸੈਨਾ ਕ੍ਰੋਧਿਤ ਹੋ ਕੇ ਖੜਗ ਸਿੰਘ ਉਤੇ ਚੜ੍ਹ ਆਈ ਹੈ।
ਰਾਜਾ (ਖੜਗ ਸਿੰਘ) ਨੇ ਉਨ੍ਹਾਂ ਨੂੰ ਬਹੁਤ ਸਾਰੇ ਬਾਣ ਮਾਰੇ ਹਨ ਜੋ ਸ਼ਰੀਰਾਂ ਨੂੰ ਚੀਰ ਕੇ ਦੂਜੇ ਪਾਸੇ ਦਿਖਦੇ ਹਨ ॥੧੬੧੫॥
ਦੋਹਰਾ:
ਉਸ ਨੇ ਤੁਰਤ ਹੀ (ਇਕ) ਅਛੋਹਣੀ ਸੈਨਾ ਮਾਰ ਦਿੱਤੀ ਹੈ
ਅਤੇ ਫਿਰ ਕ੍ਰੋਧ ਕਰ ਕੇ ਅਤੇ ਆਪਣੇ ਸ਼ਸਤ੍ਰ ਸੰਭਾਲ ਕੇ (ਰਣ-ਖੇਤਰ ਵਿਚ) ਧਸ ਗਿਆ ਹੈ ॥੧੬੧੬॥
ਸਵੈਯਾ:
ਇਕਨਾਂ ਨੂੰ ਚਪੇੜਾਂ ਦੇ ਚਟਾਕਿਆਂ ਨਾਲ ਮਾਰ ਦਿੱਤਾ ਹੈ ਅਤੇ ਇਕਨਾਂ ਨੂੰ ਹੱਥ ਵਿਚ ਤਲਵਾਰ ਲੈ ਕੇ ਮਾਰ ਮੁਕਾਇਆ ਹੈ।
ਇਕਨਾਂ ਦੇ ਕਟਾਰਾਂ ਨਾਲ ਸੀਨੇ ਚੀਰ ਦਿੱਤੇ ਹਨ ਅਤੇ ਇਕਨਾਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ ਹੈ।
ਇਕਨਾਂ ਨੂੰ ਦਸਾਂ ਦਿਸ਼ਾਵਾਂ ਵਲ ਸੁਟ ਦਿੱਤਾ ਹੈ ਅਤੇ ਇਕ ਡਰ ਕੇ ਬਿਨਾ ਮਾਰਿਆਂ ਹੀ ਮਰ ਗਏ ਹਨ।
ਪੈਦਲ ਦਲ ਮਾਰ ਸੁਟੇ ਹਨ ਅਤੇ ਦੋਹਾਂ ਹੱਥਾਂ ਨਾਲ ਹਾਥੀਆਂ ਦੇ ਦੰਦ ਉਖਾੜ ਸੁਟੇ ਹਨ ॥੧੬੧੭॥
ਅਰਜਨ ਨੇ ਆ ਕੇ ਧਨੁਸ਼ ਪਕੜ ਲਿਆ ਹੈ ਅਤੇ ਉਸ ਨੇ ਰਾਜੇ ਨੂੰ ਇਕ ਬਾਣ ਮਾਰਿਆ ਹੈ।
(ਬਾਣ ਦੇ) ਲਗਦਿਆਂ ਹੀ ਖੜਗ ਸਿੰਘ ਦੇ ਹੋਸ਼-ਹਵਾਸ ਅਤੇ ਗੁਮਾਨ ਖ਼ਤਮ ਹੋ ਗਿਆ ਅਤੇ ਉਸ ਨੇ ਬਹੁਤ ਦੁਖ ਪਾਇਆ ਹੈ।
(ਅਰਜਨ ਦੀ) ਬਹਾਦਰੀ ਵੇਖ ਕੇ (ਖੜਗ ਸਿੰਘ) ਮਨ ਵਿਚ ਪ੍ਰਸੰਨ ਹੋਇਆ ਹੈ ਅਤੇ ਉੱਚੀ ਆਵਾਜ਼ ਵਿਚ ਰਾਜੇ ਨੇ ਇਸ ਤਰ੍ਹਾਂ ਕਿਹਾ ਹੈ
ਕਿ ਧੰਨ ਉਹ ਪਿਤਾ ਹੈ ਅਤੇ ਧੰਨ ਉਹ ਮਾਤਾ ਹੈ ਜਿਨ੍ਹਾਂ ਨੇ ਅਰਜਨ ('ਧਨੰਜੈ') ਨਾਂ ਵਾਲਾ ਪੁੱਤਰ ਜੰਮਿਆ ਹੈ ॥੧੬੧੮॥
ਖੜਗ ਸਿੰਘ ਨੇ ਅਰਜਨ ਨੂੰ ਕਿਹਾ: