ਇਥੇ ਮਨ ਨੂੰ ਦੂਜਾ ਗੁਰੂ ਧਾਰਨ ਕਰਨ ਦਾ ਪ੍ਰਸੰਗ ਸਮਾਪਤ ॥੨॥
ਹੁਣ ਤੀਜੇ ਗੁਰੂ ਮਕਰਕਾ ਦਾ ਕਥਨ
ਚੌਪਈ:
ਜਿਸ ਤਰ੍ਹਾਂ ਨਾਲ (ਦੱਤ ਨੇ) ਚੌਬੀਸ ਗੁਰੂ ਧਾਰਨ ਕੀਤੇ,
ਹੁਣ ਇਹ ਗੱਲ ਦਸਦਾ ਹਾਂ, ਸੁਣ ਲਵੋ।
ਦੱਤ ਨੇ ਇਕ ਮਕੜੀ ('ਮਕਰਕਾ') ਵੇਖੀ
ਅਤੇ ਆਪਣੇ ਮਨ ਵਿਚ ਇਸ ਤਰ੍ਹਾਂ ਦਾ ਵਿਚਾਰ ਕੀਤਾ ॥੧੭੬॥
ਆਪਣੇ ਮਨ ਵਿਚ ਅਜਿਹੇ ਵਿਚਾਰ ਨੂੰ ਬਣਾ ਲਿਆ
ਕਿ ਮੈਂ ਇਸ ਨੂੰ ਤੀਜਾ ਗੁਰੂ ਮੰਨਆ।
(ਇਸ ਮਕੜੀ ਵਾਂਗ ਜਦ) ਪ੍ਰੇਮ ਦੇ ਸੂਤਰ ਦੀ ਡੋਰ ਵਧਾਈ ਜਾਏ
ਤਦ ਹੀ ਨਿਰੰਜਨ ਸੁਆਮੀ ਨੂੰ ਪਾਇਆ ਜਾ ਸਕੇਗਾ ॥੧੭੭॥
(ਜੋ ਮਕੜੀ ਆਪਣੇ ਆਪ ਨੂੰ ਜਾਲ ਵਿਚ ਵੇਖਦੀ ਹੈ) ਉਸੇ ਤਰ੍ਹਾਂ ਜਦ (ਜਿਗਿਆਸੂ) ਆਪਣੇ (ਅੰਦਰ) ਆਪਣੇ ਆਪ ਨੂੰ ਵੇਖਦਾ ਹੈ
ਤਾਂ ਅੰਦਰੋਂ ਹੀ ਆਤਮਾ ਰੂਪ ਗੁਰੂ ਦੇ ਦਰਸ਼ਨ ਹੋ ਜਾਂਦੇ ਹਨ।
(ਜਦ ਉਸ) ਇਕ ਨੂੰ ਛਡ ਕੇ (ਮਨ) ਹੋਰ ਕਿਤੇ ਵਲ ਨਹੀਂ ਭਜੇਗਾ,
ਤਦ ਹੀ ਪਰਮ-ਤੱਤ੍ਵ ਨੂੰ ਪ੍ਰਾਪਤ ਕਰ ਸਕੇਗਾ ॥੧੭੮॥
ਇਕ ਸਰੂਪ ਨੂੰ ਇਕੋ ਕਰ ਕੇ ਮੰਨੇ
ਅਤੇ ਦ੍ਵੈਤ ਭਾਵ ਦਾ ਪ੍ਰੇਮ ਨਾ ਵੇਖੇ।
ਇਕ ਦੀ ਇੱਛਾ ਨੂੰ ਛਡ ਕੇ ਕਿਸੇ ਹੋਰ ਵਲ ਨਾ ਭਜੇ,
ਤਦ ਹੀ ਉਹ ਨਾਥ ਨਿਰੰਜਨ ਨੂੰ ਪ੍ਰਾਪਤ ਕਰ ਸਕੇਗਾ ॥੧੭੯॥
ਕੇਵਲ ਉਸ ਦੇ ਸਰੂਪ (ਅੰਗ) ਵਿਚ ਆਪਣੇ ਸਰੂਪ ਨੂੰ ਲੀਨ ਕਰੇ।
ਇਕ ਰਸ ਨੂੰ ਛਡ ਕੇ ਹੋਰਨਾਂ (ਰਸਾਂ) ਵਿਚ ਮਗਨ ਨਾ ਹੋਵੇ।
(ਉਹ) ਪਰਮ ਤੱਤ੍ਵ ਵਿਚ (ਆਪਣਾ) ਧਿਆਨ ਲਗਾਵੇ,
ਤਦ ਹੀ ਨਿਰੰਜਨ ਸੁਆਮੀ ਨੂੰ ਪ੍ਰਾਪਤ ਕਰ ਸਕੇਗਾ ॥੧੮੦॥
(ਇਸ ਪ੍ਰਕਾਰ) ਤੀਜਾ ਗੁਰੂ ਮਕਰਕਾ ਨੂੰ ਮੰਨ ਲਿਆ
ਅਤੇ ਅਭਿਮਾਨੀ ਦੱਤ ਅਗੇ ਨੂੰ ਚਲ ਪਿਆ।
ਉਸ (ਮਕੜੀ) ਦਾ ਭਾਵ (ਜਦ) ਇਸ ਤਰ੍ਹਾਂ ਹਿਰਦੇ ਵਿਚ ਧਾਰਨ ਕਰ ਲਿਆ,
ਤਦ ਪ੍ਰਸੰਨ ਚਿਤ ਹੋ ਕੇ ਪ੍ਰਬੀਨ (ਦੱਤ) ਅਗੇ ਚਲ ਪਿਆ ॥੧੮੧॥
ਇਥੇ ਤੀਜੇ ਗੁਰੂ ਮਕਰਕਾ ਦਾ ਪ੍ਰਸੰਗ ਸਮਾਪਤ ॥੩॥
ਹੁਣ ਬਕ (ਬਗੁਲਾ ਪੰਛੀ) ਚੌਥੇ ਗੁਰੂ ਦਾ ਕਥਨ
ਚੌਪਈ:
ਜਦੋਂ ਦੱਤ ਗੁਰੂ ਅਗੇ ਨੂੰ ਤੁਰ ਪਿਆ,
(ਤਦੋਂ) ਮੱਛੀਆਂ ਖਾਣ ਵਾਲਾ ('ਰਾਸਕਰ') ਬੈਠਿਆ ਹੋਇਆ ਵੇਖਿਆ।
ਉਸ ਦਾ ਸਫ਼ੈਦ ਰੰਗ ਹੈ ਅਤੇ ਬਹੁਤ ਹੀ ਧਿਆਨ ਲਗਾਉਂਦਾ ਹੈ,
ਜਿਸ ਨੂੰ ਵੇਖ ਕੇ ਸਾਰੇ ਮੋਨੀ ਸ਼ਰਮਸਾਰ ਹੋ ਜਾਂਦੇ ਹਨ ॥੧੮੨॥
ਜਿਸ ਤਰ੍ਹਾਂ ਮੱਛੀ ਨੂੰ (ਪਕੜਨ ਲਈ ਬਗੁਲਾ) ਧਿਆਨ ਲਗਾਉਂਦਾ ਹੈ,
(ਇਸ ਤਰ੍ਹਾਂ ਮਾੜਾ ਕਰਮ ਕਰਨ ਕਰ ਕੇ ਉਹ) ਬਗੁਲਾ ਆਪਣੇ ਨਾਮ ਨੂੰ ਲਾਜ ਲਗਾਉਂਦਾ ਹੈ।
ਜਿਵੇਂ ਉਹ ਚੰਗੀ ਤਰ੍ਹਾਂ ਨਾਲ ਧਿਆਨ ਲਗਾਉਂਦਾ ਹੈ,
ਉਸ ਦਾ ਭਾਵ ਮੁਨੀ (ਦੱਤ) ਦੇ ਮਨ ਨੂੰ ਚੰਗਾ ਲਗਾ ਹੈ ॥੧੮੩॥
(ਜੇ) ਇਸ ਤਰ੍ਹਾਂ ਦਾ ਧਿਆਨ ਪਰਮਾਤਮਾ (ਨੂੰ ਪ੍ਰਾਪਤ ਕਰਨ) ਲਈ ਲਗਾਈਏ,
ਤਦ ਹੀ ਪਰਮ ਪੁਰਖ ਨੂੰ ਪਾ ਸਕੀਦਾ ਹੈ।
ਮੱਛੀਆਂ ਨੂੰ ਪਕੜਨ ਵਾਲੇ (ਬਗੁਲੇ) ਨੂੰ ਵੇਖ ਕੇ ਦੱਤ ਦਾ ਮਨ ਲੋਭਾਇਮਾਨ ਹੋ ਗਿਆ
ਅਤੇ ਉਸ ਨੂੰ ਚੌਥਾ ਗੁਰੂ ਮੰਨ ਲਿਆ ॥੧੮੪॥
ਇਥੇ 'ਮਛਾਂਤਕ' ਚੌਥੇ ਗੁਰੂ ਦਾ ਪ੍ਰਸੰਗ ਸਮਾਪਤ ॥੪॥
ਹੁਣ ਬਿੜਾਲ ਨਾਂ ਦੇ ਪੰਜਵੇਂ ਗੁਰੂ (ਦਾ ਕਥਨ)
ਚੌਪਈ:
ਸ੍ਰੇਸ਼ਠ ਮੁਨੀ ਦੱਤ ਅਗੇ ਚਲ ਪਿਆ
ਜਿਸ ਦੇ ਸਿਰ ਉਤੇ ਜਟਾਵਾਂ ਦਾ ਜੂੜਾ ਸ਼ੋਭਦਾ ਸੀ।
ਅਗੇ ਜਾ ਕੇ ਜੋ ਇਕ ਬਿਲਾ ਵੇਖਿਆ,